Wednesday, 7 December 2011

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਮਚੰਦਰ ਦੀ ਦੀਨ-ਦਸ਼ਾ ਦਾ ਵਰਨਣ ਤਾਂ ਹੈ, ਪਰ ਬੰਦਗੀ ਨਹੀਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਮਚੰਦਰ ਦੀ ਦੀਨ-ਦਸ਼ਾ ਦਾ ਵਰਨਣ ਤਾਂ ਹੈ, ਪਰ ਬੰਦਗੀ ਨਹੀਂ

ਜੁਗੋ-ਜੁਗ ਅਟੱਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ-ਕਰਮਾਂ ਨੂੰ ਪ੍ਰਗਟਾਉਦੇ ਅਨੇਕਾਂ ਹੀ ਨਾਮ ਵਰਤੇ ਗਏ ਹਨ, ਜਿਨਾਂ ਵਿਚੋਂ ‘ਰਾਮ’ ਸ਼ਬਦ ਦੀ ਵਰਤੋਂ ਵਧੇਰੇ ਮਿਲਦੀ ਹੈ। ਇਸ ਗੁੜ੍ਹ-ਭੇਦ ਨੂੰ ਸਮਝਣਾ ਤੇ ਸਮਝਾਉਣਾ ਅਤਿ ਲੋੜੀਂਦਾ ਹੈ। ਕਿਉਂਕਿ ਚਲ ਰਹੇ ਅਜੋਕੇ ਦੌਰ ਵਿੱਚ ਦੇਸ਼ ਦੇ ਕੁੱਝ ਧਾਰਮਿਕ ਤੇ ਰਾਜਨੀਤਕ ਸੁਆਰਥੀ ਆਗੂ ਗੁਰਬਾਣੀ ਵਿਚਲੇ ‘ਰਾਮ’ ਸ਼ਬਦ ਦੀ ਵਰਤੋਂ ਨੂੰ ਹਿੰਦੂ-ਮੱਤ ਅਨੁਸਾਰ ਤਰੇਤੇ ਜੁਗ ਦੇ ਅਵਤਾਰ ਮੰਨੇ ਜਾਂਦੇ ਅਯੁਧਿਆ-ਪਤੀ ਸ੍ਰੀ ਰਾਮਚੰਦਰ ਦੀ ਉਪਾਸ਼ਨਾ ਤੇ ਪ੍ਰਸ਼ੰਸਾ ਦੱਸ ਕੇ ਜਨ-ਸਾਧਾਰਨ ਲੋਕਾਂ ਨੂੰ ਗੁਮਰਾਹ ਕਰਦਿਆਂ, ਆਪਣੇ ਆਪਣੇ ਸੁਆਰਥੀ ਲਾਭ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਹਨ।
ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਨਾਮ ਵਰਤੇ ਗਏ ਹਨ, ਜੋ ਅਨੇਕ ਅਰਥ ਰਖਦੇ ਹਨ। ਜਿਵੇਂ ‘ਗੋਰਖ’ ਪਦ ਦਾ ਅਰਥ ਹੇਠ ਲਿਖੀਆਂ ਪੰਕਤੀਆਂ ਵਿੱਚ ਤਰਤੀਬ-ਵਾਰ ਜੋਗੀ ਵਿਸ਼ੇਸ਼, ਵਿਸ਼ਨੂੰ ਅਤੇ ਪਰਮੇਸ਼ਰ ਹੈ।
੧- ਗੋਰਖ ਪੂਤੁ ਲੋਹਾਰੀਪਾ ਬੋਲੈ…॥ (ਪੰਨਾ ੯੩੯)
੨-
ਗੁਰੁ ਈਸਰੁ, ਗੁਰੁ ਗੋਰਖ ਬਰਮਾ…॥ (ਪੰਨਾ ੨)
੩-
ਗੋਰਖ ਸੋ, ਜਿਨਿ ਗਇ ਉਠਾਲੀ …॥ (ਪੰਨਾ ੮੭੭)
ਅਥਵਾ
- ਉਪਰਿ ਗਗਨੁ, ਗਗਨ ਪਰਿ ਗੋਰਖੁ, ਤਾ ਕਾ ਅਗਮੁ ਗੁਰੁ ਪੁਨਿ ਵਾਸੀ॥ (ਪੰਨਾ ੯੯੨)

ਗੁਰਬਾਣੀ ਵਿੱਚ ਹੀ ਐਸਾ ਨਹੀਂ, ਸਗੋਂ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਅਜਿਹਾ ਮਿਲਦਾ ਹੈ, ਜਿਥੇ ਇੱਕ ਸ਼ਬਦ ਦੀ ਕਈ ਅਰਥਾਂ ਵਿੱਚ ਵਰਤੋਂ ਮਿਲਦੀ ਹੈ। ਜਿਵੇਂ ਅਸੁਰ ਦਾ ਅਰਥ ਹੈ-ਸੂਰਜ ਅਤੇ ਰਾਖਸ਼ ਦਾ ਅਰਥ ਹੈ ਬ੍ਰਹਮਾ, ਬਿਸ਼ਨ, ਸ਼ਿਵ, ਬੱਕਰਾ ਤੇ ਬੱਦਲ। ਸ਼ਿਵਾ ਦਾ ਅਰਥ ਹੈ ਦੇਵੀ, ਪਰਮ-ਸ਼ਕਤੀ, ਗਿੱਦੜੀ। ਇਸ ਤਰ੍ਹਾ ਸੰਸਾਰ ਦੀਆਂ ਅਨੇਕ ਭਾਸ਼ਾਵਾਂ ਇੱਕ ਸ਼ਬਦ ਦੇ ਭਿੰਨ-ਭਿੰਨ ਅਰਥ ਰੱਖਦੀਆਂ ਹਨ, ਜਿਨਾਂ ਨੂੰ ਵਿਦਵਾਨ ਪੁਰਸ਼ ਪ੍ਰਕਰਣ ਅਨੁਸਾਰ ਯਥਾਰਥ ਅਰਥ ਵਿੱਚ ਵਰਤਦੇ ਹਨ।
ਜਿਸ ਮਨੁੱਖ ਨੇ ਆਪਣੇ ਇਸ਼ਟ ਦਾ ਜੋ ਨਾਮ ਕਲਪਿਆ ਹੈ, ਉਸ ਦਾ ਉਹੀ ਅਰਥ ਰਹੇ, ਇਹ ਕੋਈ ਨਿਯਮ ਨਹੀਂ ਹੈ। ਵਿਦਵਾਨਾਂ ਅਤੇ ਉਪਾਸ਼ਕਾਂ ਦੇ ਮਤ ਅਤੇ ਨਿਸ਼ਚੇ ਮੁਤਾਬਿਕ ਅਰਥਾਂ ਵਿੱਚ ਭੇਦ ਹੁੰਦਾ ਹੈ। ਜਿਵੇਂ ਮਨੂੰ ਦੁਆਰਾ ਰਚਿਤ ਸਿਮ੍ਰਤੀ ਦੇ ਪਹਿਲੇ ਅਧਿਆਂਇ ਦੇ ੧੦ਵੇਂ ਸਲੋਕ ਵਿੱਚ ਨਾਰਾਇਣ ਦਾ ਅਰਥ ਕੀਤਾ ਗਿਆ ਹੈ – (ਨਾਰ) ਜਿਸ ਦਾ ਜਲ ਵਿੱਚ ਨਿਵਾਸ ਹੋਵੇ, ਉਹ ਨਾਰਾਇਣ, ਪਰ ਗੁਰੁ ਸਾਹਿਬਾਂ ਨੇ ਲਿਖਿਆ ਹੈ:
ਨਾਰਾਇਣ (ਪ੍ਰਭੂ) ਸਭ ਮਾਹਿ ਨਿਵਾਸ॥ (ਪੰਨਾ-੮੬੮)
ਅਰਬੀ ਵਿੱਚ ਮੌਲਾ (ਮਉਲਾ) ਦਾ ਅਰਥ ਹੈ ਮੁਕਤੀ-ਦਾਤਾ ਅਤੇ ਆਜ਼ਾਦ ਕਰਨ ਵਾਲਾ। ਪਰ ਸਤਿਗੁਰਾਂ ਨੇ ਮੌਲਣਾ ਧਾਤੂ ਤੋਂ ਬਣਿਆ ਪੰਜਾਬੀ ਸ਼ਬਦ ਕਥਨ ਕੀਤਾ ਹੈ-
ਸੋਈ ਮਉਲਾ, ਜਿਨਿ ਜਗੁ ਮੳਲਿਆ, ਹਰਿਆ ਕੀਆ ਸੰਸਾਰੋ॥ (ਪੰਨਾ-੨੪)
ਸੋ, ਇਸ ਲਈ ਜਰੂਰੀ ਨਹੀਂ ਕਿ ਜਿਥੇ ਕਿਤੇ ‘ਰਾਮ’ ਪਦ ਵਰਤਿਆ ਜਾਵੇ ਉਸ ਦਾ ਅਰਥ ਸ੍ਰੀ ਰਾਮ ਚੰਦਰ ਹੋਵੇ। ‘ਰਾਮ’ ਸ਼ਬਦ ਧਾਰਮਿਕ ਦੁਨੀਆਂ ਵਿੱਚ ਆਦਿ ਕਾਲ ਤੋਂ ਹੀ ਪ੍ਰਚੱਲਤ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਉਪਦੇਸ਼ ਦਿੰਦਿਆਂ ਗੁਰੁ ਸਾਹਿਬਾਂ ਇਸ ਦੀ ਵਰਤੋਂ ਵਧੇਰੇ ਕੀਤੀ ਹੈ। ਕਈ ਵਾਰ ਪਦ ਅਰਥ ਛੱਡ ਕੇ ਸਾਧਾਰਨ ਰੀਤੀ ਨਾਲ ਆਮ ਲੋਕਾਂ ਦੇ ਮਨ ਚੜ੍ਹੇ ਹੋਏ ਨਾਮ ਆਪਣੇ ਇਸਟ ਲਈ ਕਹੇ ਅਤੇ ਲਿਖੇ ਜਾਂਦੇ ਹਨ। ਜਿਵੇਂ ਗੁਰੁ ਅਰਜਨ ਸਾਹਿਬ ਜੀ ਨੇ ਜਗਿਆਸੂ-ਜਨ ਦੀ ਗੁਰੂ ਪ੍ਰਤੀ ਮਿਲਾਪ ਦੀ ਤੜਪ ਨੂੰ ਪ੍ਰਗਟਾਉਦਿਆਂ ਸਤਿਗੁਰੂ ਨੂੰ ‘ਮੁਰਾਰੀ’ ਤੇ ‘ਸਾਰਿੰਗਪਾਣੀ’ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ। ਗੁਰਦੇਵ ਦੇ ਮੁਬਾਰਕ ਬਚਨ ਹਨ:
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ॥ ਚਿਰੁ ਹੋਵਾ ਦੇਖੇ ਸਾਰੰਗਪਾਣੀ॥ ਧੰਨੁ ਸੁ ਦੇਸ ਜਹਾਂ ਤੂੰ ਵਸਿਆ, ਮੇਰੇ ਸਜਣ ਮੀਤ ਮੁਰਾਰੇ ਜੀਉ॥ (ਪੰਨਾ-੯੬)
ਇਸੇ ਤਰਾਂ ‘ਰਾਮ’ ‘ਰਘੁਨਾਥ’ ਅਤੇ ‘ਗੋਪਾਲ’ ਸ਼ਬਦ ਅਕਾਲ-ਬੋਧਕ ਆਏ ਹਨ। ਪਾਵਨ ਪੰਕਤੀਆਂ ਹਨ-
(ੳ) ਪ੍ਰਹਲਾਦ ਕਹੈ ਸੁਨਹੁ ਮੇਰੀ ਮਾਇ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ (ਪੰਨਾ-੧੧੩੩)
(ਅ) ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥ (੧੧੩੩)
(ੲ) ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋਪਾਲ॥ (ਪੰਨਾ-੧੧੯੪)

ਹੁਣ ਜੇਕਰ ਉਪਰੋਕਤ ਪੰਕਤੀਆਂ ਵਿੱਚ ਪਰਕਰਣ ਨੂੰ ਪਾਸੇ ਰਖ ਕੇ ਪਦ ਅਰਥ ਦਸ਼ਰਥੀ ਰਾਮ ਅਤੇ ਯਸੁਧਾ-ਸੁਤ ਕ੍ਰਿਸ਼ਨ ਕੀਤੇ ਜਾਣ ਤਾਂ ਇਹ ਇਤਹਾਸ ਦੇ ਵਿਪਰੀਤ ਹੈ। ਕਿਉਂਕਿ ਪ੍ਰਹਲਾਦ ਦੀ ਰਖਿਆ ਵੇਲੇ ਤਾਂ ਸ਼੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਪੈਦਾ ਵੀ ਨਹੀਂ ਸਨ ਹੋਏ।
ਨੌਵੇਂ ਪਾਤਸ਼ਾਹ ਦੇ ਸਲੋਕਾਂ ਵਿੱਚ ‘ਟੇਕ ਏਕ ਰਘੁਨਾਥ’ ਦਾ ਅਰਥ ਵੀ ਵਾਹਿਗੁਰੂ ਹੈ, ਦਸ਼ਰਥ ਪੁਤਰ ‘ਰਾਮ’ ਨਹੀਂ। ਕਿਉਂਕਿ
ਰਾਮ ਗਇਓ ਰਾਵਨ ਗਇਓ” ਬਚਨਾਂ ਅਨੁਸਾਰ ਸਰੀਰ ਧਾਰੀ ਰਾਮ ਬਿਨਸਨਹਾਰ ਹੈ, ਜੋ ਸਤਿਗੁਰੂ ਦਾ ਇਸ਼ਟ ਨਹੀਂ ਹੋ ਸਕਦਾ।
ਗੁਰੁ ਸਾਹਿਬਾਂ ਅਵਿਨਾਸ਼ੀ-ਪ੍ਰਭੂ ਦਾ ਨਾਉਂ ‘ਰਾਮ’ ਲਿਖਿਆ ਹੈ:
ਸਾਧੋ ਇਹ ਤਨ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋਂ॥ (ਪੰਨਾ-੧੧੮੬)
ਗੁਰਬਾਣੀ ਵਿਖੇ ਜਦੋਂ ਵੀ ‘ਰਾਮ’ ਨਾਮ ਦਾ ਜਾਪ, ਚਿੰਤਨ ਤੇ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਹੈ ਜਾਂ ਪੂਜਾ ਕਰਨ ਲਈ ਕਿਹਾ ਹੈ, ਉਥੇ ਇਹ ਪਦ ਸਰਬ ਵਿਆਪੀ ਵਾਹਿਗੁਰੂ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਸ਼੍ਰੀ ਗੁਰੁ ਰਾਮਦਾਸ ਜੀ ਰਾਗ ਸਾਰੰਗ ਵਿੱਚ ਬੜੇ ਪਿਆਰ ਨਾਲ ਸਾਨੂੰ ਭਈਆ ਆਖ ਕੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ ‘ਰਾਮ’ ਨਾਮ ਦਾ ਅਰਥ ਵੀ ਸੱਪਸ਼ਟ ਕਰ ਦਿੰਦੇ ਹਨ। ਆਖਿਆ ਕਿ ਭਾਈ! ਅਸੀਂ ਉਸ ਰਾਮ ਦਾ ਨਾਮ ਜਪਣ ਲਈ ਕਹਿ ਰਹੇ ਹਾਂ ਜਿਹੜਾ ਸਾਰਿਆਂ ਵਿੱਚ ਰਮ ਰਿਹਾ ਹੈ। ਅਰਥਾਤ ਸਰਬ ਵਿਆਪਕ ਹੈ। ਗੁਰਵਾਕ ਹੈ:
ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਰਵਿ ਰਹਿਆ ਸਰਬਗੇ॥੧॥ ਰਹਾਉ॥ (ਪੰਨਾ-੧੨੦੨)
ਪੰਚਮ ਗੁਰਦੇਵ ਜੀ ਦੇ ਹੇਠ ਲਿਖੇ ਬਚਨ ਤਾਂ ਕੋਈ ਭੁਲੇਖਾ ਹੀ ਨਹੀਂ ਰਹਿਣ ਦਿੰਦੇ-
ਰਮਤ ਰਾਮੁ ਸਭ ਰਹਿਉ ਸਮਾਇ॥੧॥ (ਪੰਨਾ-੮੬੫)
ਅਥਵਾ
ਰਮਤ ਰਾਮੁ ਘਟ ਘਟ ਆਧਾਰ॥ ਪੰਨਾ-੮੯੭)

‘ਰਾਮ’ ਨਾਮ ਗੁਰੂ-ਸਾਹਿਬਾਂ ਜਾਂ ਭਗਤ-ਜਨਾਂ ਜਦੋਂ ਵੀ ਰਾਜਾ ਦਸਰਥ ਦੇ ਬੇਟੇ ਸ਼੍ਰੀ ਰਾਮਚੰਦਰ ਦੇ ਅਰਥਾਂ ਵਿੱਚ ਵਰਤਿਆ ਹੈ, ਉਥੇ ਉਨ੍ਹਾਂ ਦੀ ਦੀਨ-ਦਸ਼ਾ ਦਾ ਹੀ ਵਰਣਨ ਕੀਤਾ ਹੈ, ਕੋਈ ਪ੍ਰਸ਼ੰਸਾ ਜਾਂ ਪੂਜਾ ਕਰਨ ਦੀ ਪ੍ਰੇਰਨਾ ਨਹੀਂ ਕੀਤੀ। ਕਿਉਕਿ ਗੁਰਮਤਿ ਨਾਮ-ਸਿਮਰਣ ਤੇ ਉਪਾਸ਼ਨਾ ਇਸ ਸਿਧਾਂਤ ਵਿੱਚ ਵਿਸ਼ਵਾਸ਼ ਰਖਦੀ ਹੈ ਕਿ ਜੈਸੀ ਹਸਤੀ ਦਾ ਤੁਸੀਂ ਚਿੰਤਨ ਕਰਦੇ ਹੋ, ਤੁਸੀਂ ਵੀ ਸਹਜੇ ਸਹਜੇ ਉਹਦਾ ਹੀ ਰੂਪ ਹੋ ਜਾਂਦੇ ਹੋ। ਗੁਰਵਾਕ ਹੈ: ਜੈਸਾ ਸੇਵੈ ਤੈਸੋ ਹੋਇ॥ (ਪੰਨਾ-੨੨੩)
ਪਰ ਜੋ ਹਸਤੀ ਸੰਕਟ ਵਿੱਚ ਝੂਰਦੀ, ਅਸਮਰਥਾ ਪ੍ਰਗਟਾਉਦੀ, ਸਹਾਇਤਾ ਲਈ ਦੂਜੇ ਨੂੰ ਪੂਕਾਰਦੀ ਮੋਹਾਤੁਰ ਹੋਈ ਵਿਆਕੁਲ ਹੁੰਦੀ ਹੋਈ ਰੌਂਦੀ ਕਰਲਾਂਦੀ ਹੋਵੇ, ਉਸ ਦੀ ਉਪਾਸ਼ਨਾ; ਉਪਾਸ਼ਕ ਨੂੰ ਅਡੋਲਤਾ, ਨਿਰਭੈਤਾ ਤੇ ਸਦੀਵੀ-ਵਿਗਾਸ ਕਿਵੇਂ ਬਖਸ਼ ਸਕਦੀ ਹੈ? ਉਸ ਨੂੰ ਸੰਕਟ-ਰਹਿਤ ਅਵਸਥਾ ਅਥਵਾ ਪਰਮ-ਪਦ ਕਿਵੇਂ ਪ੍ਰਦਾਨ ਕਰ ਸਕਦੀ ਹੈ? ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਸ਼੍ਰੀ ਗੁਰੁ ਅਰਜਨ ਸਾਹਿਬ ਜੀ ਮਹਾਰਾਜ ਦੇ ਦੋ ਸਲੋਕ, ਜੋ ਅਗੇ ਲਿਖੇ ਜਾ ਰਹੇ ਹਨ, ਸ਼੍ਰੀ ਰਾਮਚੰਦਰ ਦੀ ਜਿੰਦਗੀ ਵਿੱਚ ਉਪਰੋਕਤ ਸਧਾਰਨ ਮਨੁੱਖੀ ਕਮਜ਼ੋਰੀਆਂ ਦਰਸ਼ਨ ਕਰਾਉਦੇ ਹੋਏ ਦਸਦੇ ਹਨ ਕਿ ਉਹ (ਰਾਮਚੰਦਰ) ਕਰਤਾਪੁਰਖ ਵਾਹਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ। ਕਿਉਂਕਿ, ਕਰਤਾਰ ਸਭ ਕੁੱਝ ਕਰਨ ਦੀ ਸਮਰੱਥਾ ਵਾਲਾ ਹੈ, ਉਸ ਨੂੰ ਝੂਰਨ ਦੀ ਲੋੜ ਨਹੀਂ:
ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ॥
ਸੀਤਾ ਲੈ ਗਇਆ ਦਹਸਿਰੋ, ਲਛਮਣ ਮੂਉ ਸਰਾਪਿ॥ ਨਾਨਕ, ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥੨੫॥ ਮਨ ਮਹਿ ਝੂਰੈ ਰਾਮਚੰਦ, ਸੀਤਾ ਲਛਮਣ ਜੋਗੁ॥ ਹਣਵੰਤਰ ਆਰਾਧਿਆ, ਆਇਆ ਕਰਿ ਸੰਜੋਗੁ॥ ਭੂਲਾ ਦੈਤ ਨ ਸਮਝਈ, ਤਿਨਿ ਪ੍ਰਭ ਕੀਏ ਕਾਮ॥ ਨਾਨਕ ਵੇਪਰਵਾਹੁ ਸੋ, ਕਿਰਤ ਨ ਮਿਟਈ ਰਾਮ॥੨੬॥ (੧੪੧੨)

ਦੂਜੇ ਸਲੋਕ ਦੇ ਅਰਥ ਅਖੀਰਲੀ ਪੰਗਤੀ ਤੋ ਆਰੰਭ ਹੁੰਦੇ ਹਨ ਕਿ ਉਹ ਪਰਮਾਤਮਾ ਤਾਂ ਬੇ-ਮੁਥਾਜ ਹੈ। ਸ਼੍ਰੀ ਰਾਮਚੰਦਰ ਉਸ ਪਰਮੇਸ਼ਰ ਦੀ ਬਰਾਬਰੀ ਨਹੀਂਂ ਕਰ ਸਕਦਾ। ਕਿਉਕਿ, ਉਸ ਪਾਸੋਂ ਕਿਰਤ ਨਹੀਂ ਮਿਟ ਸਕੀ। ਵੇਖੋ ਸ਼ੀ ਰਾਮਚੰਦਰ ਆਪਣੇ ਮਨ ਵਿੱਚ ਸੀਤਾ ਜੀ ਦੀ ਖਾਤਰ ਦੁਖੀ ਹੋਇਆ। ਜਦੋਂ ਰਣਭੂਮੀ ਵਿੱਚ ਲਛਮਣ ਬਰਛੀ ਨਾਲ ਮੂਰਛਿਤ ਹੋ ਗਿਆ ਤਦੋਂ ਸ਼੍ਰੀ ਰਾਮਚੰਦਰ ਨੇ ਹਨੂੰਮਾਨ ਨੂੰ ਯਾਦ ਕੀਤਾ, ਜੋ ਪਰਮਾਤਮਾ ਵੱਲੋਂ ਬਣੇ ਸੰਜੋਗ ਦੇ ਕਾਰਨ ਸ਼੍ਰੀ ਰਾਮਚੰਦਰ ਦੀ ਸ਼ਰਨ ਆਇਆ ਸੀ। ਮੂਰਖ ਰਾਵਣ ਵੀ, ਇਹ ਗੱਲ ਨਾ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ ਆਪ ਹੀ ਕੀਤੇ ਸਨ।
ਭਗਤ ਤ੍ਰਿਲੋਚਨ ਜੀ ਲਿਖਦੇ ਹਨ ਕਿ ਪਿਛਲਾ ਕੀਤਾ ਕੋਈ ਵੀ ਕਰਮ (ਅਵਤਾਰ-ਪੂਜਾ, ਤੀਰਥ, ਇਸ਼ਨਾਨ ਆਦਿਕ ਦੀ ਰਾਹੀ) ਮਿਟਦਾ ਨਹੀਂ ਹੈ, ਇਸ ਲਈ ਮੈ ਤਾਂ ਰਮਤ ਰਾਮ ਵਾਹਿਗੁਰੂ ਦਾ ਨਾਮ ਜਪਦਾ ਹਾਂ:
ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ, ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ॥ ਬਦਤਿ ਤ੍ਰਿਲੋਚਨ ਰਾਮ ਜੀ॥ (ਪੰ-੬੯੫)
ਕਿਉਕਿ, ਸਰੀਰਧਾਰੀ ਸ਼੍ਰੀ ਰਾਮਚੰਦਰ ਜੀ ਦਾ ਅਤਿ ਨਿਕਟਵਰਤੀ ਸੇਵਕ, ਜਿਸ ਨੂੰ ਪਿਛਲੇ ਕਰਮ ਦੇ ਕਾਰਨ ਇੱਕ ਨਿੱਕੀ ਜੇਹੀ ਕੱਛ ਹੀ ਪਹਿਨਣ ਨੂੰ ਸਾਰੀ ਉਮਰ ਪ੍ਰਾਪਤ ਰਹੀ, ਤਨ ਤੋਂ ਨਗਨ ਹੀ ਰਹੇ। ਜਿਨ੍ਹਾਂ ਰਾਮ ਚੰਦਰ ਦੀ ਖਾਤਰ ਲੰਕਾ ਦਾ ਕਿੱਲਾ ਸਾੜਿਆ, ਰਾਵਣ ਦਾ ਬਾਗ ਉਜਾੜਿਆ ਅਤੇ ਸੰਜੀਵਨੀ ਬੂਟੀ ਲਿਆ ਕੇ ਰਾਮਚੰਦਰ ਨੂੰ ਖੁਸ਼ ਕੀਤਾ। ਭਗਤ ਤ੍ਰਿਲੋਚਨ ਜੀ ਕਹਿੰਦੇ ਹਨ ਕਿ ਜੇ ਸ਼੍ਰੀ ਰਾਮਚੰਦਰ ਹਨੂੰਮਾਨ ਦੇ ਕਿਰਤ ਕਰਮ ਨੂੰ ਮਿਟਾ ਨਹੀਂ ਸਕੇ ਤਾਂ ਕਿਸੇ ਹੋਰ ਵਲੋਂ ਉਨ੍ਹਾਂ ਦੀ ਪੂਜਾ ਕਰਕੇ ਕੀ ਆਸ ਰੱਖੀ ਜਾ ਸਕਦੀ ਹੈ? ਕਿਉਂਕਿ, ਹਨੂੰਮਾਨ ਤੋਂ ਵੱਧ ਤਾਂ ਸ਼੍ਰੀ ਰਾਮਚੰਦਰ ਨੂੰ ਕੋਈ ਖੁਸ਼ ਨਹੀਂਂ ਸੀ ਕਰ ਸਕਿਆ। ਭਗਤ ਜੀ ਦੇ ਇਸ ਭਾਵ ਨੂੰ ਪ੍ਰਗਟਾਉਦੇ ਬਚਨ ਇਉਂ ਹਨ:
ਦਾਧੀਲੇ ਲੰਕਾ ਗੜੁ, ਉਪਾੜੀਲੇ ਰਾਵਣ ਬਣੁ, ਸਲਿ ਬਿਸਲਿ ਆਣਿ, ਤੋਖੀਲੇ ਹਰੀ॥ ਕਰਮ ਕਰਿ ਕਛਉਟੀ ਮਫੀਟਸਿ ਰੀ॥ (ਪੰਨਾ-੬੯੫)
ਭਗਤ ਨਾਮਦੇਵ ਜੀ ਇੱਕ ਪਾਂਡੇ ਨੂੰ ਸੰਬੋਧਨ ਕਰਦੇ, ਅਵਤਾਰ ਪੂਜਾ ਤੋ ਹੋੜਦੇ ਲਿਖਦੇ ਹਨ:
ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤੁ ਦੇਖਿਆ ਥਾ॥ ਰਾਵਣ ਸੇਤੀ ਸਰਬਰ (ਲੜਾਈ) ਹੋਈ, ਘਰ ਕੀ ਜੋਇ (ਇਸਤ੍ਰੀ) ਗਵਾਈ ਥੀ॥੩॥ (ਪੰਨਾ-੮੭੫)
ਸ਼੍ਰੀ ਗੁਰੁ ਨਾਨਕ ਸਾਹਿਬ ਜੀ ਨੇ ਲਿਖਿਆ ਹੈ:
ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਛਮਣ ਵਿਛੁੜਿ ਗਇਆ॥ (ਪੰਨਾ-੯੫੩)
ਇਸੇ ਲਈ ਕਬੀਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਲਿਖਿਆ ਕਿ ਬ੍ਰਾਹਮਣ ਜਨੇਊ ਦੀ ਰਸਮ ਕਰਨ ਉਪਰੰਤ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਦਿੰਦੇ ਹਨ, ਪਰ ਰਾਮ-ਰਾਮ ਆਖਣ ਵਿੱਚ ਫਰਕ ਪੈ ਜਾਂਦਾ ਹੈ। ਇਸ ਵਿੱਚ ਵੀ ਇੱਕ ਗੱਲ ਸਮਝਣ ਵਾਲੀ ਹੈ। ਇੱਕ ਰਾਮ ਤਾਂ ਉਹ ਹੈ ਜਿਸ ਨੂੰ ਸਤਿਸੰਗ-ਸਭਾ ਵਿੱਚ ਹਰੇਕ ਮਨੁਖ ਵਲੋਂ ਸਿਮਰਿਆ ਜਾਂਦਾ ਹੈ। ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਤਾਂ ਮਨੁੱਖ ਮਾਤਰ ਦਾ ਫਰਜ਼ ਹੈ। ਪਰ ਇਹੀ ਰਾਮ-ਨਾਮ ਰਾਸਧਾਰੀਏ ਵੀ ਰਾਸਾਂ (ਰਾਮ-ਲੀਲਾ ਆਦਿਕ) ਵਿੱਚ ਸਵਾਂਗ ਬਣਾ ਕੇ ਲੈਂਦੇ ਹਨ, ਜੋ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ। ਪਾਵਨ ਸਲੋਕ ਹੈ:
ਕਬੀਰ ਰਾਮ ਕਹਨ ਮਹਿ ਭੇਦ ਹੈ, ਤਾਂ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥ (ਪੰਨਾ-੧੩੭੪)
ਸੋ, ਸਪਸ਼ਟ ਹੈ ਕਿ ਸਤਿਗੁਰੂ ਜੀ ਉਸ ਰਾਮ ਦਾ ਨਾਮ ਜਪਣ ਲਈ ਪ੍ਰੇਰਦੇ ਹਨ ਜਿਹੜਾ ਸਾਰੇ ਜੀਵਾਂ ਵਿੱਚ ਵਿਆਪਕ ਹੈ। ਦਸ਼ਰਥ ਦੇ ਪੁੱਤਰ ਸਰੀਰਧਾਰੀ ‘ਰਾਮ’ ਦਾ ਨਾਮ ਨਹੀਂ। ਕਿਉਕਿ, ਉਸ ਦਾ ਜਾਪ ਤੇ ਪੂਜਾ ਮਨੁੱਖ ਨੂੰ ਪਰਮ-ਪਦ ਪ੍ਰਦਾਨ ਨਹੀਂ ਕਰ ਸਕਦੇ:
ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ॥ ਏਕੁ ਅਨੇਕਹਿ ਮਿਲਿ ਗਇਆ, ਏਕ ਸਮਾਨਾ ਏਕ॥ (ਪੰਨਾ-੧੩੭੪)
ਗਿਆਨੀ ਜਗਤਾਰ ਸਿੰਘ ਜਾਚਕ

Wednesday, 23 November 2011

ਗੁਰੂ ਲਾਧੋ ਰੇ! ਸੱਚ ਕੀ ਹੈ…?

ਲਿਖਾਰੀ ਇੰਦਰ ਸਿੱਘ ਘੱਗਾ

ਗੁਰੂ ਲਾਧੋ ਰੇ!  ਸੱਚ ਕੀ ਹੈ…?
ਗੁਰੂ ਤੇਗ ਬਹਾਦਰ ਜੀ ਜਿੰਨੀ ਮਹਾਨ ਹਸਤੀ ਸਨ, ਸਾਡੇ ਇਤਿਹਾਸਕਾਰਾਂ ਨੇ, ਉਤਨੀ ਹੀ ਲਾਪਰਵਾਹੀ ਗੁਰੂ ਜੀ ਦਾ ਜੀਵਨ ਵੇਰਵਾ ਲਿਖਣ ਲਈ ਵਰਤੀ ਹੈ। ਸਾਡੇ ਕਥਾਕਾਰ ਬਿਨਾਂ ਸੋਚੇ ਵਿਚਾਰੇ, ਉਹੀ ਕੁਫਰ-ਕਹਾਣੀਆਂ ਜੋ ਕਿ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਹਨ, ਲਗਾਤਾਰ ਸੁਣਾ ਰਹੇ ਹਨ। ਸਤਿਗੁਰੂ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਬਾਰ-ਬਾਰ ਕਲੰਕਤ ਕਰਨ ਵਰਗਾ ਬੱਜਰ ਪਾਪ ਕਰਦੇ ਆ ਰਹੇ ਹਨ। ਆਪਣੇ ਵੱਲੋਂ ਇਹ ਲੋਕ ਧਰਮ ਦੀ ਸੇਵਾ ਕਰ ਰਹੇ ਹਨ। ਇਸ ਤਰ•ਾਂ ਦੇ ਪ੍ਰਚਾਰ ਨਾਲ ਸਿੱਖ ਪੰਥ ਦਾ ਕੁੱਝ ਸੰਵਰ ਭੀ ਰਿਹਾ ਹੈ? ਵਿਚਾਰਯੋਗ ਗੱਲ ਹੈ। ਗੁਰੂ ਜੀ ਦੇ ਜੀਵਨ ਨੂੰ ਸਮਝਣ ਲਈ, ਅਸੀਂ ਤਿੰਨ ਭਾਗਾਂ ਵਿੱਚ ਵੰਡ ਕਰ ਲੈਂਦੇ ਹਾਂ। ਪਹਿਲਾ, ਪੰਜ ਭੂਤਕ ਸਰੀਰ ਦੇ ਪ੍ਰਗਟ ਹੋਣ ਤੋਂ ਲੈ ਕੇ ਗੁਰਗੱਦੀ ਤੱਕ। ਦੂਜਾ, ਗੁਰਗੱਦੀ ‘ਤੇ ਬਿਰਾਜ ਕੇ ਕੀਤੇ ਗਏ ਅਣਗਿਣਤ ਉਪਕਾਰੀ ਕਾਰਜ। ਤੀਜਾ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਲਾਸਾਨੀ ਸ਼ਹੀਦੀ। ਹੁਣ ਇਹਨਾਂ ਤਿੰਨਾ ਪੱਖਾਂ ਦੀ ਚਰਚਾ ਜ਼ਰਾ ਵਿਸਥਾਰ ਨਾਲ।
ਬਾਲਕ ਤੇਗ ਬਹਾਦਰ ਦਾ ਜਨਮ 1 ਅਪ੍ਰੈਲ, 1621 ਵਿੱਚ ਮਾਤਾ ਨਾਨਕੀ ਜੀ, ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਘਰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਛੇਵੇਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ‘ਤੇ ਬਿਰਾਜਮਾਨ ਹੋ ਕੇ, ਜਿੰਦਗੀ ਨਿਭਾਅ ਰਹੇ ਸਨ। ਸਵੈ ਰੱਖਿਆ ਹਿਤ ਉਨ•ਾਂ ਨੂੰ ਕਈ ਜੰਗ ਭੀ ਲੜਨੇ ਪਏ। ਅਜਿਹੇ ਹਾਲਾਤ ਵਿੱਚ ਬਾਲਕ ਤੇਗ ਬਹਾਦਰ ਜੀ ”ਸਮੇਂ ਦੀ ਲੋੜ ਮੁਤਾਬਕ” ਹਰ ਤਰ•ਾਂ ਦੀ ਸਿੱਖਿਆ ਪ੍ਰਾਪਤ ਕਰ ਰਹੇ ਸਨ। ਪਿਤਾ ਜੀ ਦੀ ਨਿਗਰਾਨੀ ਵਿੱਚ ਉਨ•ਾਂ ਦਾ ਜੀਵਨ ਸਿੱਖੀ ਸਾਂਚੇ ਵਿੱਚ ਢਲਦਾ ਤੇ ਪਰਪੱਕ ਹੁੰਦਾ ਗਿਆ। ਕਰਤਾਰਪੁਰ ਵਾਲੀ ਚੌਥੀ ਜੰਗ ਵਿੱਚ, ਅੱਲ•ੜ ਉਮਰ ਦੇ ਗਭਰੀਟ ਪਰ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਤੇਗ ਬਹਾਦਰ ਨੇ ਜੰਗ ਵਿੱਚ ਇੱਕ ਹੰਢੇ ਵਰਤੇ ਜੋਧੇ ਵਾਂਗ ਤੇਗ ਦੇ ਜੌਹਰ ਵਿਖਾਏ। ਜਦੋਂ ਕਿ ਪਿਤਾ ਗੁਰੂ ਜੀ ਸਾਰੇ ਸੂਰਮਿਆਂ ਵਿੱਚ ਖ਼ੁਦ ਲੜ ਰਹੇ ਸਨ। ਥੋੜੀ ਵਿੱਥ ‘ਤੇ ਕਰਤਾਰਪੁਰ ਨਿਵਾਸੀ ਬੀਬੀਆਂ-ਬੱਚੇ, ਇਸ ਜੰਗ ਵਿੱਚ ਬਹਾਦਰਾਂ ਦੇ ਹੌਸਲੇ ਨੂੰ ਵੇਖ ਰਹੇ ਸਨ। ਗੁਰੂ ਪ੍ਰਵਾਰ ਅਤੇ ਸਿੱਖਾਂ ਦੇ ਪ੍ਰਵਾਰ ਭੀ ਛੱਤਾਂ ‘ਤੇ ਖਲੋ ਕੇ ਸਾਹ ਰੋਕੀ ਇਸ ਜੰਗ ਦਾ ਦ੍ਰਿਸ਼ ਵੇਖ ਰਹੇ ਸਨ। ਸਾਰਿਆਂ ਨੇ ਵੇਖਿਆ ਕਿ ਹਰ ਇੱਕ ਸਿੱਖ ਨੇ ਉੱਤਮ ਦਰਜੇ ਦੀ ਦਲੇਰੀ ਵਿਖਾਈ ਤੇ ਇਹ ਜੰਗ ਗੁਰੂ ਹਰਿ ਗੋਬਿੰਦ ਸਾਹਿਬ ਜਿੱਤ ਗਏ ਤੇ ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ। ਤੇਗ ਬਹਾਦਰ ਜੀ ਨੂੰ ਪਿਤਾ ਗੁਰੂ ਜੀ ਨੇ ਵਿਸ਼ੇਸ਼ ਪਿਆਰ ਦਿੱਤਾ, ਛੋਟੀ ਉਮਰ ਵੱਡੀ ਦਲੇਰੀ ਕਾਰਨ।
ਜਦੋਂ ਜੰਗਾਂ-ਯੁੱਧਾਂ ਵੱਲੋਂ ਵਿਹਲ ਮਿਲੀ ਤਾਂ ਤੇਗ ਬਹਾਦਰ ਜੀ ਡੂੰਘਾ ਮੁਤਾਲਿਆ ਕਰਨ ਇਕਾਂਤ ਵਿੱਚ ਚਲੇ ਜਾਂਦੇ। ਇਸਲਾਮ ਧਰਮ ਬਾਰੇ ਚੰਗਾ ਅਧਿਐਨ ਕੀਤਾ। ਇਸਲਾਮੀ ਰਾਜ ਵੱਲੋਂ ਗ਼ੈਰ ਮੁਸਲਮਾਨਾਂ ਨਾਲ ਜੋ ਅਤੀ ਕਠੋਰ ਤੇ ਮਨੁੱਖਤਾ ਤੋਂ ਗਿਰਿਆ ਸਲੂਕ ਕੀਤਾ ਜਾਂਦਾ ਸੀ, ਉਸ ਨੂੰ ਸਮਝਿਆ। ਲੋਕਾਂ ਨੂੰ ਬ੍ਰਾਹਮਣਾਂ ਤੇ ਜੋਗੀਆਂ ਵੱਲੋਂ ਜਿਵੇਂ ਲੁੱਟਿਆ ਜਾ ਰਿਹਾ ਸੀ ਉਸ ਦੀ ਰੂਪ ਰੇਖਾ ਤਿਆਰ ਕੀਤੀ। ਇਹਨਾਂ ਅਣਪੜ• ਕਮਜ਼ੋਰ ਤੇ ਨੇਤਾ ਹੀਣ ਲੋਕਾਂ ਨੂੰ ਕਿਵੇਂ ਗਿਆਨ ਦਿੱਤਾ ਜਾਵੇ। ਕਿਵੇਂ ਇਹਨਾਂ ਨੂੰ ਵਿਕਾਰਾਂ ਤੋਂ ਬਚਾ ਕੇ ਏਕਤਾ ਦੇ ਸੂਤਰ ਵਿੱਚ ਪਰੋ ਕੇ, ਜਾਲਮ ਦੀ ਜੜ• ਪੁੱਟਣ ਲਈ ਤਿਆਰ ਕੀਤਾ ਜਾਵੇ। ਇਸ ਸਾਰੇ ਕਾਰਜ ਦੀ ਭਵਿੱਖ ਮੁਖੀ ਰੂਪ ਰੇਖਾ ਤਿਆਰ ਕੀਤੀ। ਉਨ•ਾਂ ਦੇ ਡੂੰਘੇ ਅਧਿਐਨ ਤੋਂ ਆਮ ਲੋਕਾਈ ਨੂੰ ਫਾਇਦਾ ਪੁਚਾਉਣ ਲਈ ਸੱਤਵੇਂ ਪਾਤਿਸ਼ਾਹ ਜੀ ਨੇ (ਗੁਰੂ) ਤੇਗ ਬਹਾਦਰ ਜੀ ਨੂੰ, ਦੂਰ ਦਰਾਜ ਦੇ ਲੰਮੇ ਧਰਮ ਪ੍ਰਚਾਰ ਦੌਰਿਆਂ ‘ਤੇ ਭੇਜਿਆ। ਢਾਕਾ, ਬੰਗਾਲ, ਆਸਾਮ ਆਦਿ ਦੇ ਲੰਮੇਂ ਪ੍ਰਚਾਰ ਦੌਰੇ ਗੁਰਗੱਦੀ ਮਿਲਣ ਤੋਂ ਪਹਿਲਾਂ ਕੀਤੇ ਗਏ ਸਨ। ”ਭੱਟ ਵਹੀਆਂ” ‘ਤੇ ਆਧਾਰਤ ਛਪੀ ਪੁਸਤਕ ਗੁਰੂ ਕੀਆਂ ਸਾਖੀਆਂ (ਸੰਪਾਦਕ ਪ੍ਰੋ. ਪਿਆਰਾ ਸਿੰਘ ਪਦਮ, 1995) ਵਿੱਚ ਤਰੀਕਵਾਰ ਵੇਰਵਾ ਦਰਜ ਹੈ ਕਿ ਬਾਬਾ ਤੇਗ ਬਹਾਦਰ ਜੀ ਕਿਸ ਦਿਨ ਗੰਗਾ ਤੀਰਥ ‘ਤੇ ਗਏ, ਕਦੋਂ ਇਲਾਹਬਾਦ, ਕਦੋਂ ਪਟਨੇ ਤੇ ਕਦੋਂ ਆਸਾਮ ਬੰਗਾਲ ਵਿੱਚ ਗਏ ਸਨ। ਉਨ•ਾਂ ਦੇ ਘਰ ਬਾਲਕ ਗੋਬਿੰਦ ਰਾਏ ਦਾ ਜਨਮ ਭੀ ਸੰਨ 1661 ਵਿੱਚ ਹੋਇਆ, ਲਿਖਤਾਂ ਮੌਜੂਦ ਹਨ। ਭਾਵੇਂ ਪ੍ਰਚਲਤ 1666  ਹੋ ਗਿਆ। ਖ਼ੈਰ! ਇਹ ਕੋਈ ਸਿਧਾਂਤਕ ਮਸਲਾ ਨਹੀਂ ਹੈ, ਉਮਰ ਦਾ ਪੰਜ ਸਾਲ ਵੱਧ ਜਾਂ ਘੱਟ ਹੋਣਾ।
(ਗੁਰੂ) ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰੇ ਅਤੇ ਉਨ•ਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨਾਂ ਦਾ ਜੇਕਰ ਗਹਿਰਾਈ ਨਾਲ ਲੇਖਾ-ਜੋਖਾ ਕੀਤਾ ਜਾਵੇ ਤਾਂ ਹੈਰਾਨੀ ਜਨਕ ਨਤੀਜੇ ਨਿਕਲਣਗੇ। ਇੰਨੀਆਂ ਲੰਮੀਆਂ ਯਾਤਰਾਵਾਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੀਆਂ ਸਨ। ਇਹ ਭੀ ਯਾਦ ਰਹੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਯਾਤਰਾ ਦਸ ਸਾਲ ਤੋਂ ਵੱਧ ਸਮੇਂ ਦੀ ਸੀ। ਸਿਰਫ ਲੰਕਾ ਦੇ ਸਫ਼ਰ ਨੂੰ ਕੱਟ ਦੇਈਏ, ਬਾਕੀ ਸਭਨਾਂ ਥਾਵਾਂ ‘ਤੇ ਬਾਬਾ ਤੇਗ ਬਹਾਦਰ ਜੀ ਗਏ ਸਨ। ਇੰਨੇ ਲੰਮੇ ਸਫਰ ਕੋਈ ”ਅੱਖਾਂ ਮੀਟ ਕੇ” ਨਹੀਂ ਹੋ ਜਾਇਆ ਕਰਦੇ। ਜਿਸ ਮਕਸਦ ਵਾਸਤੇ ਗੁਰੂ ਨਾਨਕ ਸਾਹਿਬ ਜੀ ਗਏ ਸਨ, ਉਸੇ ਵਿਚਾਰਧਾਰਾ ਨੂੰ ਹੋਰ ਪ੍ਰਚੰਡ ਕਰਨ, ਬਾਬਾ ਤੇਗ ਬਹਾਦਰ ਜੀ ਗਏ ਸਨ। ਪੰਜਾਬ ਤੋਂ ਬਾਹਰ ਦੇ ਲੰਮੇਂ ਪ੍ਰਚਾਰ ਦੌਰੇ ਉਨ•ਾਂ ਦਿਨਾਂ ਦੇ ਹਨ, ਜਦੋਂ ਉਹ ਹਾਲੀ ਇੱਕ ਸਿੱਖ ਪ੍ਰਚਾਰਕ ਜਾਂ ਗੁਰੂ ਵੱਲੋਂ ਯੋਗ ਜਾਣ ਕੇ ਭੇਜੇ ਗਏ ਸਾਹਿਬਜ਼ਾਦੇ ਸਨ। ਗੁਰਗੱਦੀ ਤਾਂ 1664 ਵਿੱਚ ਪ੍ਰਾਪਤ ਹੋਈ ਸੀ। ਇਹਨਾਂ ਧਰਮ ਅਸਥਾਨਾਂ ਦੀ ਸ਼ੋਭਾ ਇਸ ਕਰ ਕੇ ਵੱਧ ਗਈ ਕਿਉਂਕਿ ਬਾਬਾ ਤੇਗ ਬਹਾਦਰ ਜੀ ਸਮਾਂ ਆਉਣ ‘ਤੇ ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ। ਜਿਵੇਂ ਗੁਰੂ ਬਣਨ ਤੋਂ ਪਹਿਲਾਂ ਦੀਆਂ ਘਟਨਾਵਾਂ ਜਾਂ ਅਸਥਾਨ ਬਾਕੀ ਗੁਰ ਵਿਅਕਤੀਆਂ ਨਾਲ ਸਬੰਧਤ ਬਹੁਤ ਪ੍ਰਸਿੱਧ ਹੋ ਗਏ। ਜੋ ਕੋਈ ਗੁਰੂ ਪਦਵੀ ਤੱਕ ਨਹੀਂ ਪੁੱਜਿਆ, ਉਸ ਨਾਲ ਸਬੰਧਤ ਘਟਨਾਵਾਂ ਜਾ ਸਥਾਨ ਇਤਿਹਾਸ ਦੇ ਹਨ•ੇਰੇ ਵਿੱਚ ਗੁਆਚ ਚੁੱਕੇ ਹਨ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਪਟਨਾ ਵਿੱਚ (ਪੰਜ ਭੂਤਕ ਸਰੀਰ) ਪ੍ਰਗਟੇ। ਗੁਰਗੱਦੀ ਤਾਂ ਉਨ•ਾਂ ਨੂੰ 1675 ਈ: ਵਿੱਚ ਆਨੰਦਪੁਰ ਵਿਖੇ ਮਿਲੀ ਹੈ। ਉਸ ਤੋਂ ਪਹਿਲਾਂ ਬਾਲਕ ਰੂਪ ਵਾਲੇ ਸਾਰੇ ਗੁਰਦਵਾਰੇ ਵੱਡੀ ਮਹਾਨਤਾ ਹਾਸਲ ਕਰ ਗਏ। ਜਿਵੇਂ ਪਟਨੇ ਤੋਂ ਚੱਲ ਕੇ, ਉਹ ਪੰਜਾਬ ਵੱਲ ਗਏ। ਗੁਰਤਾ ਨੂੰ ਪ੍ਰਾਪਤ ਹੋਣ ਤੋਂ ਮਗਰੋਂ ਬੇਅੰਤ ਥਾਵਾਂ ‘ਤੇ ਗੁਰਦੁਆਰੇ ਬਣਾ ਲਏ, ਜਿਥੇ ਗੁਰੂ ਬਣਨ ਤੋਂ ਮਗਰੋਂ ਦਸਵੇਂ ਨਾਨਕ ਕਦੀ ਭੀ ਨਹੀਂ ਗਏ। ਇਹ ਖ਼ਾਸ ਖਿਆਲ ਰਹੇ ਕਿ ਗੁਰੂ ਨਾਨਕ ਸਾਹਿਬ ਜਨਮ ਤੋਂ ਹੀ ਸਿੱਖਾਂ ਦੇ ਗੁਰੂ ਸਨ। ਬਾਕੀ ਸਾਰੇ ਗੁਰੂ ਵਿਅਕਤੀ, ਜਨਮ ਤੋਂ ਗੁਰੂ ਨਹੀਂ ਸਨ। ਜਿਸ ਦਿਨ ਤੋਂ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਦਿਨ ਤੋਂ ਗੁਰੂ ਬਣੇ ਸਨ।
(ਗੁਰੂ) ਤੇਗ ਬਹਾਦਰ ਸਾਹਿਬ ਨਾਲ ਸਬੰਧਤ ਸਾਰੇ ਵਾਕਿਅਤ ਰਲਗੱਡ ਹੋ ਗਏ ਹਨ। ਗੁਰੂ ਬਣਨ ਤੋਂ ਪਹਿਲਾਂ ਦੀ ਘਟਨਾ ਕਿਹੜੀ ਹੈ ਤੇ ਗੁਰੂ ਥਾਪੇ ਜਾਣ ਤੋਂ ਮਗਰੋਂ ਦੀ ਘਟਨਾ ਕਿਹੜੀ ਹੈ, ਪਛਾਣ ਕਰਨੀ ਲਗਪਗ ਅਸੰਭਵ ਜਿਹੀ ਹੋ ਗਈ ਹੈ। ਜਿੰਨੇ ਕੰਮ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੇ ਕੀਤੇ ਹਨ, ਜੇਕਰ ਉਹ ”ਛੱਬੀ ਸਾਲ ਭੋਰੇ ਵਿੱਚ ਬੈਠ ਕੇ ਤਪ ਕਰਦੇ ਰਹੇ” ਤਾਂ ਇੰਨੇ ਵਡੇਰੇ ਕਾਰਜ ਤੇ ਏਨਾ ਲੰਮਾ ਸਫਰ ਸੰਭਵ ਹੀ ਨਹੀਂ ਹੈ। ਉਹ ਗੁਰਬਾਣੀ ਦੇ ਹੁਕਮਾਂ ਨੂੰ ਚੰਗੀ ਤਰ•ਾਂ ਸਮਝਦੇ ਸਨ ਕਿ ਜਪ, ਤਪ ਜਾਂ ਭੋਰਿਆਂ ਵਿੱਚ ਵੜ ਕੇ ਸਮਾਧੀਆਂ ਲਾਉਣੀਆਂ, ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹਨ। ਇਹ ਸਮਾਧੀਆਂ ਵਾਲੀ ਫਜ਼ੂਲ ਜਿਹੀ ਕਸਰਤ ਤਾਂ ਜੋਗੀ ਆਦਿ ਸਦੀਆਂ ਤੋਂ ਕਰਦੇ ਆ ਰਹੇ ਸਨ। ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਥਾਂ-ਥਾਂ ਬਾਣੀ ਵਿੱਚ ਰੱਦ ਕੀਤਾ ਹੈ। ਅਜਿਹੀ ਕੂੜ ਕਿਰਿਆ ਕਿਸੇ ਸਾਧਾਰਣ ਜਿਹੇ ਸਿੱਖ ਨੇ ਭੀ ਕਦੀ ਨਹੀਂ ਕੀਤੀ। ਹਿੱਕ ਦੇ ਤਾਣ ਬਿਨਾਂ ਸਬੂਤਾਂ ਤੋਂ (ਗੁਰੂ) ਤੇਗ ਬਹਾਦਰ ਸਾਹਿਬ ਨੂੰ ਗੁਰਬਾਣੀ ਉਪਦੇਸ਼ਾਂ ਤੋਂ ਉਲਟ ਭੋਰੇ ਵਿੱਚ ”ਛੱਬੀ ਸਾਲ ਤਪ ਕਰਦੇ” ਵਿਖਾ ਦਿੱਤਾ। ਜਿਨ•ਾਂ ਦਿਨਾਂ ਵਿੱਚ ਉਨ•ਾਂ ਵੱਲੋਂ ਪੰਜਾਬ ਵਿੱਚ ਕੋਈ ਸਰਗਰਮੀ ਨਜ਼ਰ ਨਹੀਂ ਆਈ, ਉਨ•ਾਂ ਦਿਨਾਂ ਵਿੱਚ ਉਹ ਪੰਜਾਬੋਂ ਬਾਹਰ, ਗਫਲਤ ਦੀ ਨੀਂਦ ਵਿੱਚ ਸੁੱਤੇ ਲੋਕਾਂ ਨੂੰ ਜਗਾ ਰਹੇ ਸਨ। ਹਕੂਮਤ ਵੱਲੋਂ ਕੀਤੇ ਜੋ ਜ਼ਬਰ ਦੇ ਵਿਰੋਧ ਵਿੱਚ ਜ਼ਬਰਦਸਤ ਲਾਮਬੰਦੀ ਕਰ ਰਹੇ ਸਨ। ਜੀਵਨ ਅਤੇ ਮੌਤ ਦੇ ਅਰਥ ਸਮਝਾ ਰਹੇ ਸਨ। ਬੇ-ਗ਼ੈਰਤ ਜੀਵਨ ਨਾਲੋਂ ਸ਼ਾਨ ਵਾਲੀ ਮੌਤ ਕਿਤੇ ਉÎੱਤਮ ਹੋਇਆ ਕਰਦੀ ਹੈ। ਜਿਸ ਨੂੰ ਇਹ ਲੋਕ ਜੀਵਨ ਮੰਨੀ ਬੈਠੇ ਸਨ, ਉਹ ਪਸ਼ੂਆਂ ਨਾਲੋਂ ਭੀ ਬਦਤਰ ਜੂਨ ਸੀ, ਅਖੌਤੀ ”ਚੌਰਾਸੀ ਲੱਖ ਵਿੱਚੋਂ ਇੱਕ ਜੂਨ” ਤੇ ਬਸ।
ਆਸਾਮ-ਬੰਗਾਲ ਦੇ ਇਨਕਲਾਬੀ ਦੌਰੇ ਸਮੇਂ ਹੀ (ਗੁਰੂ) ਤੇਗ ਬਹਾਦਰ ਜੀ ਨੂੰ ਖ਼ਬਰ ਮਿਲੀ ਕਿ ਸੱਤਵੇਂ ਪਾਤਿਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਅਚਨਚੇਤੀ ਭਰ-ਜੁਆਨੀ ਦੀ ਉਮਰ ਵਿੱਚ (31 ਸਾਲ) ਜੋਤੀ ਜੋਤਿ ਸਮਾ ਗਏ ਹਨ। ਗੁਰਗੱਦੀ ਦੀ ਸੇਵਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਗਏ ਹਨ। ਇਹ ਖ਼ਬਰ ਉਨ•ਾਂ ਤੱਕ ਬਹੁਤ ਦੇਰ ਮਗਰੋਂ ਪਹੁੰਚੀ ਕਿਉਂਕਿ ਉਨ•ਾਂ ਦਿਨਾਂ ਵਿੱਚ ਅੱਜ ਵਰਗਾ ਕੋਈ ਡਾਕ ਦਾ ਪ੍ਰਬੰਧ ਨਹੀਂ ਸੀ। ਨਾਲੇ ਪਿੱਛੇ ਪਰਵਾਰ ਵਾਲਿਆਂ ਨੂੰ ਇਹ ਖ਼ਬਰ ਭੀ ਨਹੀਂ ਹੁੰਦੀ ਸੀ ਕਿ ਸਬੰਧਤ ਵਿਅਕਤੀ ਕਿਸ ਥਾਂ, ਕਿਸ ਇਲਾਕੇ ਵਿੱਚ ਟਿਕਿਆ ਹੋਇਆ ਹੈ। ਜੋ ਚਿੱਠੀ ਲੈ ਕੇ ਕੋਈ ਸੇਵਕ (ਗੁਰੂ) ਤੇਗ ਬਹਾਦਰ ਵੱਲ ਭੇਜਿਆ ਗਿਆ ਸੀ, ਉਹ ਪਤਾ ਨਹੀਂ ਕਿੰਨੀਆਂ ਮੁਸ਼ਕਲਾਂ ਤੋਂ ਬਾਦ ਸੰਨ 1663 ਵਿੱਚ ਮਿਲ ਸਕਿਆ। ਸਾਰੀ ਖ਼ਬਰ ਮਿਲਣ ਤੋਂ ਬਾਅਦ, ਸਬੰਧਤ ਇਲਾਕਿਆਂ ਦਾ ਕੰਮ ਮੁਖੀ ਸਿੱਖਾਂ ਨੂੰ ਸੌਂਪ ਕੇ ਵਾਪਿਸ ਪੰਜਾਬ ਵੱਲ ਨੂੰ ਚੱਲ ਪਏ ਤਾਂ ਕਿ ਨਵੇਂ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ। ਪੰਜਾਬ ਤੋਂ ਬਾਹਰ ਵਰਤ ਰਹੇ ਵਰਤਾਰੇ ਤੋਂ ਸਤਿਗੁਰੂ ਜੀ ਨੂੰ ਜਾਣੂ ਕਰਵਾਇਆ ਜਾ ਸਕੇ। ਲੋੜ ਪੈਣ ‘ਤੇ ਨਵੀਂ ਰਣਨੀਤੀ ਘੜੀ ਜਾ ਸਕੇ।
(ਗੁਰੂ) ਤੇਗ ਬਹਾਦਰ ਜੀ ਮੰਜਿਲਾਂ ਤੈਹ ਕਰਦੇ ਅੱਧ ਮਾਰਚ 1664 ਵਿੱਚ, ਦਿੱਲੀ ਆਣ ਪੁੱਜੇ। ਇਥੇ ਆ ਕੇ ਉਨ•ਾਂ ਨੂੰ ਖ਼ਬਰ ਮਿਲੀ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਔਰੰਗਜ਼ੇਬ ਦੇ ਸੱਦੇ ‘ਤੇ ਦਿੱਲੀ ਆਏ ਹੋਏ ਹਨ। ਥੋੜ•ਾ ਆਰਾਮ ਕਰਨ ਤੋਂ ਬਾਅਦ (ਗੁਰੂ) ਤੇਗ ਬਹਾਦਰ ਜੀ, ਰਾਜਾ ਰਾਮ ਸਿੰਘ ਦੇ ਬੰਗਲੇ ‘ਚ ਸੰਨ 1664 ਮਾਰਚ ਮਹੀਨੇ ਦੀ ਇੱਕੀ ਤਰੀਕ ਨੂੰ ਮਿਲੇ। ਮੁਖੀ ਸਿੱਖਾਂ ਅਤੇ ਸਤਿਗੁਰੂ ਜੀ ਨੂੰ ਸਾਰੀ ਜਾਣਕਾਰੀ ਦਿੱਤੀ। ਇੱਧਰ ਔਰੰਗਜ਼ੇਬ ਦੇ ਵਤੀਰੇ ਬਾਰੇ ਜਾਣਕਾਰੀ ਲਈ। ਔਰੰਗਜ਼ੇਬ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਜਦੋਂ ਆਪਣੇ ਦਰਬਾਰ ਵਿੱਚ ਮਿਲਣ ਵਾਸਤੇ ਸੱਦਿਆ ਸੀ। ਉਸ ਵਕਤ ਭਾਵੇਂ ਵਿਖਾਵੇ ਲਈ ਉਸ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਸੀ ਪਰ ਉਸ ਦਰਬਾਰ ਵਿੱਚ ਜੋ ਫਲਾਂ ਦਾ ਰਸ, ਸਤਿਗੁਰੂ ਜੀ ਨੂੰ ਪਿਲਾਇਆ ਗਿਆ ਸੀ, ਉਸ ਵਿੱਚ ਕੋਈ ਮਾਰੂ ਜ਼ਹਿਰ ਮਿਲਾਇਆ ਗਿਆ ਸੀ। ਉਸੇ ਸਮੇਂ ਤੋਂ ਸਤਿਗੁਰੂ ਜੀ ਦੀ ਸਿਹਤ ਕਮਜ਼ੋਰ ਪੈਣੀ ਸ਼ੁਰੂ ਹੋ ਗਈ ਸੀ। ਇਸੇ ਅਵੱਸਥਾ ਵਿੱਚ (ਗੁਰੂ) ਤੇਗ ਬਹਾਦਰ ਜੀ ਉੁਨ•ਾਂ ਨੂੰ ਮਿਲੇ ਸਨ। ਪੰਥਕ ਹਾਲਾਤ ਬਾਰੇ ਜ਼ਰੂਰੀ ਵਿਚਾਰਾਂ ਕੀਤੀਆਂ। ਗੁਰਸਿੱਖਾਂ ਤੋਂ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਸੱਤਵੇਂ ਪਾਤਿਸ਼ਾਹ ਬਾਰੇ ਜੋ ਦੁੱਖ ਸਾਂਝਾ ਕਰਨ ਆਏ ਸੀ। ਅਗੋਂ ਹੋਰ ਭੀ ਗੰਭੀਰ ਮਸਲਾ ਸਨਮੁੱਖ ਆਣ ਖਲੋਤਾ ਸੀ। ਮਾਰਚ 24, ਸੰਨ 1664 ਨੂੰ ਆਪਣਾ ਸਰੀਰਕ ਸਮਾਂ ਪੁੱਗਿਆ ਜਾਣ ਕੇ ਅੱਠਵੇਂ ਗੁਰਾਂ ਨੇ (ਗੁਰੂ) ਤੇਗ ਬਹਾਦਰ ਨੂੰ ਆਪਣੇ ਮਨ ਦੀ ਗੱਲ ਕਹਿ ਦਿੱਤੀ, ”ਤੁਸੀਂ ਸਿੱਧੇ ਬਕਾਲੇ ਚਲੇ ਜਾਓ, ਮੇਰਾ ਅੰਤਮ ਸਮਾਂ ਬਹੁਤ ਨੇੜੇ ਆ ਗਿਆ ਹੈ। ਮੈਥੋਂ ਮਗਰੋਂ ਗੁਰੂ ਨਾਨਕ ਦੀ ਇਸ ਮਹਾਨ ਪਦਵੀ ਦੇ ਤੁਸੀਂ ਅਧਿਕਾਰੀ  ਹੋਵੋਗੇ। ਗੁਰਸਿੱਖ ਸੰਗਤਾਂ ਦਿੱਲੀ ਤੋਂ ਵਾਪਸ ਪਰਤ ਕੇ ਤੁਹਾਨੂੰ ਗੁਰਗੱਦੀ ‘ਤੇ ਬਿਰਾਜਮਾਨ ਕਰਵਾ ਦੇਣਗੀਆਂ। ਸ਼ਾਇਦ ਆਪਣੀ ਇਹ ਆਖਰੀ ਮੁਲਾਕਾਤ ਹੋਵੇਗੀ।”
ਹੁਕਮ ਮੰਨ ਕੇ (ਗੁਰੂ) ਤੇਗ ਬਹਾਦਰ ਕੁੱਝ ਸੰਗੀਆਂ ਸਮੇਤ, ਬਕਾਲੇ ਵੱਲ ਟੁਰ ਪਏ। ਇੱਧਰ 30 ਮਾਰਚ, 1664 ਨੂੰ ਗੁਰੂ ਹਰਿ ਕ੍ਰਿਸ਼ਨ ਜੀ ਨੇ ਸਰੀਰ ਤਿਆਗ ਦਿੱਤਾ। ਸਿੱਖਾਂ ਵਾਸਤੇ ਅਸਹਿ ਸਦਮਾ ਸੀ। ਅਕਾਲ ਪੁਰਖ ਦਾ ਭਾਣਾ ਜਾਣ ਕੇ ਸਵੀਕਾਰ ਕਰਨਾ ਹੀ ਪੈਣਾ ਸੀ। ਗੁਰੂ ਜੀ ਦੇ ਸਰੀਰ ਨੂੰ ਅੰਤਮ ਦਰਸ਼ਨਾਂ ਲਈ ਟਿਕਾਇਆ ਗਿਆ। ਜਿੱਥੋਂ ਕਿੱਥੋਂ ਪਤਾ ਲਗਦਾ ਗਿਆ, ਗੁਰੂ ਘਰ ਦੇ ਸ਼ਰਧਾਲੂ ਵਹੀਰਾਂ ਘੱਤ ਕੇ ਆਉਣ ਲੱਗੇ। ਇਸ ਤਰ•ਾਂ ਸਾਰੀਆਂ ਅੰਤਮ ਰਸਮਾਂ ਨਿਭਾÀੁਂਦਿਆਂ, ਦੁੱਖ-ਸੁੱਖ ਸਾਂਝੇ ਕਰਦਿਆਂ, ਕਈ ਦਿਨ ਬਤੀਤ ਹੋ ਗਏ। ਉਪ੍ਰੰੰਤ ਸਾਰਾ ਵਹੀਰ ਜਿਸ ਵਿੱਚ ਬੀਬੀਆਂ, ਬੱਚੇ ਤੇ ਬਜ਼ੁਰਗ ਭੀ ਸ਼ਾਮਲ ਸਨ, ਮੰਜ਼ਲਾਂ ਮਾਰਦਾ ਕਈ ਥਾਈਂ ਪੜਾਅ ਕਰਦਾ ਬਕਾਲੇ ਪੁੱਜ ਗਿਆ। ਸਾਰੇ ਮੁਖੀ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਵਿਚਾਰ ਕਰ ਕੇ, 11-08-1664 ਗੁਰਗੱਦੀ ਦੀ ਰਸਮ ਅਦਾ ਕਰਨ ਵਾਸਤੇ, ਦੂਰ-ਨੇੜੇ ਦੇ ਸੇਵਕਾਂ ਅਤੇ ਮਸੰਦਾਂ ਵੱਲ ਖਤ ਲਿਖ ਦਿੱਤੇ ਤਾਂ ਕਿ ਇਸ ਦਿਨ ਸਾਰੇ ਹੁੰਮ-ਹੁੰਮਾ ਕੇ ਪੁੱਜਣ, ਸਤਿਗੁਰੂ ਜੀ ਨੂੰ ਭੇਟਾਵਾਂ ਅਰਪਣ ਕਰਨ। ਸਰਬੱਤ ਖ਼ਾਲਸਾ ਰੂਪੀ ਵੱਡੇ ਇਕੱਠ ਵਿੱਚ ਦਰਪੇਸ਼ ਮਸਲਿਆਂ ‘ਤੇ ਵਿਚਾਰਾਂ ਕੀਤੀਆਂ ਜਾ ਸਕਣ, ਨਾਲ ਹੀ ਨਵੇਂ ਨਿਯੁਕਤ ਕੀਤੇ ਸਤਿਗੁਰੂ ਤੋਂ ਭਵਿੱਖ ਵਾਸਤੇ ਦਿਸ਼ਾ ਨਿਰਦੇਸ਼ ਪ੍ਰਾਪਤ ਕਰ ਸਕਣ।
ਪ੍ਰਚਲੱਤ ਸਾਖੀਆਂ ਮੁਤਾਬਕ ”ਬਕਾਲੇ ਵਿੱਚ ਬਾਈ ਮੰਜੀਦਾਰ ਗੱਦੀਆਂ ਲਾ ਕੇ ਬੈਠ ਗਏ ਤੇ ਗੁਰੂ ਹੋਣ ਦਾ ਝੂਠਾ ਦਾਅਵਾ ਕਰਨ ਲੱਗੇ।” ਅੱਜ ਤੱਕ ਕੋਈ ਭੀ ਇਤਿਹਾਸਕਾਰ ਇਨ•ਾਂ ਬਾਈ ਪਾਖੰਡੀਆਂ ਦੇ ਨਾਮ ਨਹੀਂ ਗਿਣਾ ਸਕਿਆ। ਹੋਰ ਤਾਂ ਹੋਰ ਭਾਈ ਸੰਤੋਖ ਸਿੰਘ (ਸੂਰਜ ਪ੍ਰਕਾਸ਼) ਭੀ ਸਾਰਿਆਂ ਦੇ ਨਾਮ ਨਹੀਂ ਲਿਖ ਸਕਿਆ। ਜਦੋਂ ਕਿ ਬਾਈ ਵਿਅਕਤੀ ਗੁਰੂ ਕੇ ਪ੍ਰਵਾਰ ਵਿੱਚ ਗੱਦੀ ਦੀ ਦਾਅਵੇਦਾਰੀ ਵਾਸਤੇ ਲਭਦੇ ਹੀ ਨਹੀਂ। ਹਾਂ ਕੁੱਝ ਕੁ ਖ਼ੁਦਗਰਜ਼ ਲੋਕ ਸਮੇਂ ਦੀ ਨਜ਼ਾਕਤ ਦਾ ਫ਼ਾਇਦਾ ਉਠਾਉਣ ਦੀ ਤਾਕ ਵਿੱਚ ਜ਼ਰੂਰ ਰਹਿੰਦੇ ਹਨ। ਇਸ ਮਨਸਾ ਨਾਲ ਕਿ ਚੰਗੀ-ਚੌਖੀ ਮਾਇਆ ਆ ਰਹੀ ਹੈ, ਨਾਲੇ ਲੋਕੀਂ ਝੁੱਕ-ਝੁੱਕ ਨਮਸਕਾਰਾਂ ਕਰਦੇ ਹਨ। ਫਿਰ ਕਿਉਂ ਨਾ ਗੁਰੂ ਹੋਣ ਦਾ ਢੋਲ ਉੱਚੀ-ਉੱਚੀ ਵਜਾ ਦੇਈਏ। ਭਾਵੇਂ ਕਿ ਅਜਿਹੇ ਕੱਚੇ-ਪਿੱਲੇ ਅਖੌਤੀ ਗੁਰੂ ਤੇ ਸਾਧ-ਸੰਤ, ਸਮਾਜ ਨੂੰ ਜੋਕਾਂ ਬਣ ਕੇ ਅੱਜ ਵੀ ਚਿੰਬੜੇ ਹੋਏ ਖੂਨ ਪੀ ਰਹੇ ਹਨ। ਪਹਿਲਾਂ ਭੀ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਸੀ। ਅੱਜ ਭੀ ਥੋਕ ਵਿੱਚ ਦੰਭੀ, ਪਾਖੰਡੀ, ਸੰਤ, ਬ੍ਰਹਮ ਗਿਆਨੀ ਤੇ ਅਖੌਤੀ ਗੁਰੂ, ਝੋਲੀਆਂ ਅੱਡ ਕੇ ਭੀਖ ਮੰਗਦੇ ਚੇਲਿਆਂ ਨੂੰ ਲੁੱਟ ਕੇ ਖਾਂਦੇ, ਆਮ ਹੀ ਵੇਖੇ ਜਾ ਸਕਦੇ ਹਨ। ਬਕਾਲੇ ਵਿੱਚ ਬਾਈ ਪਾਖੰਡੀਆਂ ਵੱਲੋਂ ਗੁਰੂ ਹੋਣ ਦਾ ਐਲਾਨ ਕਿਸੇ ਭੀ ਦਲੀਲ ‘ਤੇ ਖਰਾ ਨਹੀਂ ਉਤਰਦਾ। ਜੋ ਵਿਅਕਤੀ ਗੁਰੂ ਸਾਹਿਬ ਜੀ ਦਾ ਨਜ਼ਰੇਕਰਮ ਹੁੰਦਾ ਸੀ, ਉਸ ਬਾਰੇ ਪਹਿਲਾਂ ਹੀ ਸਿੱਖਾਂ ਨੂੰ ਪਤਾ ਲੱਗ ਜਾਂਦਾ ਸੀ। ਸਤਿਗੁਰੂ ਕਿਸ ਨੂੰ ਜ਼ਿਆਦਾ ਜ਼ਿੰਮੇਵਾਰੀ ਦੇ ਕੰਮ ਸੰਭਾਲ ਰਹੇ ਹਨ। ਸੇਵਾ ਵਿੱਚ ਵੱਧ ਸਮਾਂ ਕੌਣ ਹਾਜ਼ਰ ਰਹਿੰਦਾ ਹੈ। ਵਿਦਵਤਾ ਜਾਂ ਗਿਆਨ ਕਿਸ ਨੇ ਵਧੀਕ ਹਾਸਲ ਕੀਤਾ ਹੈ। ਹਉਮੈਂ, ਹੰਕਾਰ ਤੋਂ ਰਹਿਤ, ਮਿੱਠ ਬੋਲੜਾ, ਵਿਕਾਰਾਂ ਤੋਂ ਦੂਰ ਤੇ ਰੱਬੀ ਗੁਣਾਂ ਨਾਲ ਭਰਪੂਰ ਕੌਣ ਹੈ? ਇਹ ਗੱਲਾਂ ਛੁਪੀਆਂ ਨਹੀਂ ਰਹਿ ਸਕਦੀਆਂ। ਜਿਨ•ਾਂ ਬਾਈ ਦੰਭੀ ਗੁਰੂਆਂ ਦਾ ਲਿਖਤਾਂ ਵਿੱਚ ਜਾਂ ਸਿੱਖ ਸਟੇਜਾਂ ‘ਤੇ ਬਾਰ-ਬਾਰ ਜ਼ਿਕਰ ਕੀਤਾ ਜਾ ਰਿਹਾ ਹੈ, ਉਨ•ਾਂ ਦਾ ਕੋਈ ਨਾਮ ਭੀ ਨਾ ਜਾਣਦਾ ਹੋਵੇ? ਹੈ ਨਾ ਹੈਰਾਨੀ ਵਾਲੀ ਗੱਲ? ਉਘੜਵਾਂ ਨਾਮ ਕੇਵਲ ਧੀਰ ਮੱਲ ਦਾ ਆਇਆ ਹੈ। ਧੀਰ ਮੱਲ ਨੇ ਤਾਂ ਤਾਕਤ ਦੀ ਵਰਤੋਂ ਕਰ ਕੇ, ਗੁਰਗੱਦੀ ਖੋਹਣ ਦਾ ਦੁਸ਼ਟ ਕਰਮ ਕੀਤਾ ਸੀ, ਭੁਲੇਖੇ ਵਾਲੀ ਕੋਈ ਗੁੰਜਾਇਸ਼ ਨਹੀਂ ਸੀ।
ਗੁਰ ਸਿਧਾਂਤਾਂ ਤੋਂ ਉਲਟ ਪ੍ਰਚੱਲਤ ਕਰ ਦਿੱਤੀ ਗਈ ਕਹਾਣੀ ਮੁਤਾਬਕ, ਭਾਈ ਮੱਖਣ ਸ਼ਾਹ ਜੀ ਦਾ ਜਹਾਜ਼ ਡੁੱਬਣ ਲੱਗਾ ਸੀ। ਉਸ ਨੇ ਗੁਰੂ ਨਾਨਕ ਜੋਤ ਦਾ ਧਿਆਨ ਧਰ ਕੇ, ਬੇੜਾ ਬੰਨੇ ਲੱਗ ਜਾਣ ਦੀ ਅਰਦਾਸ ਕੀਤੀ। ਭੇਟਾ ਵਾਸਤੇ ਸੋਨੇ ਦੀਆਂ 500 ਮੋਹਰਾਂ ਭੀ ਸੁੱਖੀਆਂ। ਬੇੜਾ ਕਿਨਾਰੇ ਲੱਗ ਗਿਆ। ਅਥਾਹ ਖ਼ੁਸ਼ੀ ਵਿੱਚ ਭਾਈ ਮੱਖਣ ਸ਼ਾਹ, ਮੋਹਰਾਂ ਲੈ ਕੇ ਬਕਾਲੇ ਪੁੱਜਿਆ। ਇਥੇ ਆ ਕੇ ਹਾਲਾਤ ਹੀ ਵਿਗੜੇ ਨਜ਼ਰ ਆਏ। ਬਾਈ ਗੁਰੂ ਥਾਉਂ-ਥਾਈਂ ਮੱਥੇ ਟਿਕਾਉਣ ਲਈ ਪਸੀਨੋ-ਪਸੀਨੀ ਹੋਏ ਨਜ਼ਰ ਆਏ। ਇਨ•ਾਂ ਵਿੱਚੋਂ ਅਸਲੀ ਕੌਣ ਹੈ? ਕਿਵੇਂ ਪਤਾ ਲੱਗੇ? ਉਸ ਨੇ ਇੱਕ ਤਰਤੀਬ ਲੜਾਈ। ਠੀਕ ਹੈ ਮਨਾ! ਸਾਰੇ ਗੁਰੂਆਂ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਦੇ ਚਲਦੇ ਹਾਂ, ਜੇ ਕੋਈ ਅਸਲੀ ”ਜਾਣੀ ਜਾਣ ਗੁਰੂ” ਹੋਇਆ ਤਾਂ ਮੰਗ ਕੇ ਪੰਜ ਸੌ ਮੋਹਰਾਂ ਲੈ ਲਵੇਗਾ। ਇਸੇ ਤਰ•ਾਂ ਕਰਦਾ ਗਿਆ, ਸਾਰਿਆਂ ਨੇ ਲੰਮੀਆਂ ਅਰਦਾਸਾਂ ਕੀਤੀਆਂ। ਅਸ਼ੀਰਵਾਦ ਦੇ ਕੇ ਨਿਹਾਲ ਕਰ ਦਿੱਤਾ, ਪਰ ਪੰਜ ਸੌ ਮੋਹਰਾਂ ਕਿਸੇ ਨਾ ਮੰਗੀਆਂ। ”ਕੋਈ ਹੋਰ ਗੁਰੂ ਭੀ ਹੈ ਇਥੇ ਕਿਤੇ?” ਮੱਖਣ ਸ਼ਾਹ ਜੀ ਨੇ ਜਾਣਕਾਰਾਂ ਤੋਂ ਪੁੱਛਿਆ। ”ਹਾਂ ਭਾਈ ਜੀ! ਇੱਕ ਭੌਰੇ ਵਿੱਚ ਬੈਠਾ ਬਾਬਾ ਤੇਗਾ ਭੀ ਹੈ, ਉਸ ਨੂੰ ਸਲਾਮ ਕਰਨ ਵਿੱਚ ਕੋਈ ਹਰਜ਼ ਨਹੀਂ।” ਭਾਈ ਮੱਖਣ ਸ਼ਾਹ ਜੀ, ਭੌਰੇ ਵਿੱਚ ਅੱਪੜੇ। ਦੋ ਮੋਹਰਾਂ ਚਰਨਾਂ ‘ਤੇ ਰੱਖੀਆ ਤੇ ਸੀਸ ਝੁਕਾ ਦਿੱਤਾ।
”ਪੁਰਖਾ! ਬਚਨਾਂ ‘ਤੇ ਖਰੇ ਉਤਰੀਦਾ ਹੈ, ਤੂੰ ਤਾਂ ਪੰਜ ਸੌ ਮੋਹਰਾਂ ਦੀ ਮੰਨਤ ਮੰਨੀ ਸੀ, ਦੇ ਰਿਹਾ ਹੈਂ ਕੇਵਲ ਦੋ ਮੋਹਰਾਂ? ਤੇਰੇ ਡੁਬਦੇ ਜਹਾਜ਼ ਨੂੰ ਮੋਢਾ ਲਾ ਕੇ ਧੱਕਾ ਲਾਇਆ, ਬਾਹਰ ਕੱਢਿਆ। ਆਹ ਵੇਖ ਤੇਰੇ ਪੁਰਾਣੇ ਜਹਾਜ਼ ਵਿੱਚੋਂ, ਧੱਕਾ ਲਾਉਂਦਿਆਂ ਮੇਰੇ ਮੋਢੇ ਵਿੱਚ ਖੁੱਭੇ ਕਿੱਲ। ਵੇਖ ਤਾਂ ਸਹੀ ਕਿੰਨੇ ਡੂੰਘੇ ਜ਼ਖ਼ਮ ਹੋ ਗਏ ਹਨ।” ਮੱਖਣ ਸ਼ਾਹ ਚਰਨਾਂ ‘ਤੇ ਢਹਿ ਪਿਆ, ਸਾਰੀਆਂ ਮੋਹਰਾਂ ਢੇਰੀ ਕਰ ਦਿੱਤੀਆਂ। ਵਾਹੋ ਦਾਹੀ ਛੱਤ ‘ਤੇ ਚੜ• ਗਿਆ, ਪੱਲੂ ਫੇਰਿਆ ਜ਼ੋਰਦਾਰ ਆਵਾਜ਼ ਵਿੱਚ ਕੂਕਿਆ- ”ਗੁਰੂ ਲਾਧੋ ਰੇ! ਗੁਰੂ ਲਾਧੋ ਰੇ……..!!” ਭਾਈ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਸਾਰੀ ਹੋਈ ਬੀਤੀ ਸੁਣਾਈ, ਸਾਰਿਆਂ ਨੇ (ਗੁਰੂ) ਤੇਗ ਬਹਾਦਰ ਜੀ ਦੇ ਚਰਨਾਂ ‘ਤੇ ਮੱਥਾ ਟੇਕਿਆ। ਫਿਰ ਗੁਰੂ ਜੀ ਛੱਬੀ ਸਾਲਾਂ ਮਗਰੋਂ ਭੌਰੇ ਵਿੱਚੋਂ ਬਾਹਰ ਆਏ ….। ਆਖੋ ਜੀ, ”ਸਤਿਨਾਮ ਵਾਹਿਗੁਰੂ।”
ਪਾਠਕ ਜਨੋ! ਇਸ ਸਾਖੀ ਨੂੰ ਇੱਕ ਵਾਰੀ ਫਿਰ ਨੀਝ ਨਾਲ ਪੜ•ਨਾ, ਕਮਜ਼ੋਰੀਆਂ ਆਪਣੇ ਆਪ ਉਘੜ ਪੈਣਗੀਆਂ।
1. ਇਸ ਸਾਖੀ ਮੁਤਾਬਕ ਗੁਰੂ ਹਰਿ ਕ੍ਰਿਸ਼ਨ ਅਣਜਾਣ ਸਿੱਧ ਹੁੰਦੇ ਹਨ। ਭਾਵ ਕਿ ਉਨ•ਾਂ ਨੇ ਨੌਵੇਂ ਗੁਰੂ ਦੇ ਨਾਮ ਬਾਰੇ ਸਪੱਸ਼ਟ ਐਲਾਨ ਨਹੀਂ ਕੀਤਾ, ਅਧੂਰੀ ਗੱਲ ਛੱਡ ਦਿੱਤੀ। ਸਟੇਜਾਂ ‘ਤੇ ਇਹ ਭੀ ਟਾਹਰਾਂ ਮਾਰਨੀਆਂ ਕਿ ਗੁਰੂ ਅਭੁੱਲ ਹੈ, ਪਰ ਖ਼ੁਦ ਹੀ ਗੁਰੂ ਨੂੰ ਭੁਲੱਕੜ ਗਰਦਾਨਦੇ ਰਹਿਣਾ? ਜਦੋਂ ਕਿ ਅਸਲੀਅਤ ਇਹ ਹੈ ਕਿ 21 ਤੋਂ 24 ਮਾਰਚ 1664 ਨੂੰ ਦਿੱਲੀ ਵਿਖੇ, ਅੱਠਵੇਂ ਸਤਿਗੁਰਾਂ ਨੇ ਸਾਰਿਆਂ ਦੇ ਸਾਹਮਣੇ, ਆਪਣਾ ਫ਼ੈਸਲਾ ਸੁਣਾ ਦਿੱਤਾ ਸੀ ਕਿ ”ਮੇਰਾ ਸਮਾਂ ਪੁੱਗ ਗਿਆ ਹੈ, ਅੱਗੋਂ ਬਾਬਾ ਤੇਗ ਬਹਾਦਰ ਜੀ, ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣਗੇ।” ਇਸ ਵਕਤ ਗੁਰੂ ਪ੍ਰਵਾਰ ਹਾਜ਼ਰ ਸਨ। ਮੁਖੀ ਸਿੱਖ ਜਿਵੇਂ ਭਾਈ ਮਤੀਦਾਸ, ਭਾਈ ਸਤੀ ਦਾਸ, ਭਾਈ ਮਨੀ ਸਿੰਘ, ਭਾਈ ਉਦਾ, ਭਾਈ ਗੁਰਬਖਸ਼ ਆਦਿ। ਦਿੱਲੀ ਦੀਆਂ ਬੇਅੰਤ ਸੰਗਤਾਂ ਨੂੰ ਭੀ ਇਸ ਗੱਲ ਦਾ ਚੰਗੀ ਤਰ•ਾਂ ਪਤਾ ਸੀ। ਭੁਲੇਖੇ ਦੀ ਗੁੰਜਾਇਸ਼ ਕੋਈ ਨਹੀਂ ਸੀ। ਅਫਸੋਸ ਕਿ ਗੁਰੂ ਜੀ ਨੂੰ ਭੁਲੱਕੜ ਬਣਾ ਦਿੱਤਾ ਗਿਆ।
ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਦਾ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਐਲਾਨੀਆ ਭਾਈ ਲਹਿਣਾ ਜੀ ਨੂੰ ਆਪਣੀ ਥਾਂ ‘ਤੇ ਨਿਯੁਕਤ ਕੀਤਾ। ਫਿਰ ਭੀ ਸ੍ਰੀ ਚੰਦ ਨੇ ਬਖੇੜਾ ਖੜਾ ਕੀਤਾ। ਗੁਰੂ ਅੰਗਦ ਸਾਹਿਬ ਜੀ ਨੂੰ ਆਪਣਾ ਸਦਰ ਮੁਕਾਮ ਕਰਤਾਰਪੁਰ ਛੱਡ ਕੇ, ਖਡੂਰ ਆਉਣਾ ਪਿਆ। ”ਸ੍ਰੀ ਚੰਦੀਏ” ਅੱਜ ਤਾਈਂ ਗੁਰੂ ਤੋਂ ਬਾਗੀ ਵੇਖੇ ਜਾ ਸਕਦੇ ਹਨ। ਗੁਰੂ ਅੰਗਦ ਸਾਹਿਬ ਜੀ ਦੇ ਬੇਟੇ, ਬਾਬਾ ਅਮਰਦਾਸ ‘ਤੇ ਬਹੁਤ ਖਫ਼ਾ ਸਨ। ਚਾਹੁੰਦੇ ਸਨ ਗੱਦੀ ਪੁੱਤਰਾਂ ਨੂੰ ਹੀ ਮਿਲੇ। ਫਿਰ ਗੁਰੂ ਅਮਰਦਾਸ ਜੀ ਦੇ ਪੁੱਤਰਾਂ, ਭਾਈ ਜੇਠਾ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕੀਤਾ। ਭਾਵੇਂ ਵਕਤੀ ਤੌਰ ‘ਤੇ ਲੋਕ ਲਾਜ ਕਾਰਨ ਇੱਕ ਵਾਰੀ ਨਮਸਕਾਰ ਕਰ ਦਿੱਤੀ। ਮੋਹਰੀ (ਗੁਰੂ ਅਮਰਦਾਸ ਦਾ ਇੱਕ ਪੁੱਤਰ) ਨੇ ਗੋਇੰਦਵਾਲ ਵਿਖੇ ਬਾਕਾਇਦਾ ਗੁਰੂ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸ ਤਰ•ਾਂ ਪਿਤਾ ਗੁਰੂ ਰਾਮਦਾਸ ਜੀ ਨਾਲ ਉਨ•ਾਂ ਦਾ ਵੱਡਾ ਬੇਟਾ, ਪ੍ਰਿਥੀ ਚੰਦ ਗੁਰਗੱਦੀ ਖੋਹਣ ਵਾਸਤੇ ਸਦਾ ਲੜਦਾ ਰਿਹਾ। ਉਸ ਨੇ ਗੁਰੂ ਅਰਜਨ ਸਾਹਿਬ ਨੂੰ ਭੀ ਬਹੁਤ ਮੁਸ਼ਕਲਾਂ ਵਿੱਚ ਪਾਇਆ। ਹਾਲਾਂਕਿ ਗੱਦੀ ਦੇਣ ਦੇ ਢੰਗ ਵਿੱਚ ਕੋਈ ਕਮੀ ਨਹੀਂ ਸੀ। ਬਸ ਬਿਲਕੁਲ ਇਸੇ ਪ੍ਰਸੰਗ ਵਿੱਚ ਜਦੋਂ ਘਟਨਾਵਾਂ ਨੂੰ ਵਿਚਾਰਾਂਗੇ ਤਾਂ ਸਾਰੇ ਸ਼ੰਕੇ ਭੁਲੇਖੇ ਖ਼ਤਮ ਹੋ ਜਾਣਗੇ। ਇਹ ਸਿਰਫ ਕੁੱਝ ਸਮੇਂ ਦਾ ਫ਼ਜ਼ੂਲ ਵਾਵੇਲਾ ਸੀ, ਗੁੰਮਰਾਹ ਕਰਨ ਦਾ ਕੌਝਾ ਯਤਨ ਸੀ। ਪਰ ਗਿਆਨਵਾਨ ਸਿੱਖ ਹੁਣ ਗੁੰਮਰਾਹ ਹੋਣ ਵਾਲੇ ਨਹੀਂ ਸਨ।
2. ”ਭਾਈ ਮੱਖਣ ਸ਼ਾਹ ਜੀ ਨੇ ਡੁਬਦੇ ਜਹਾਜ਼ ਨੂੰ ਕਿਨਾਰੇ ਲਾਉਣ ਦੀ ਮੰਨਤ ਮੰਨੀ……”। ਗੁਰੂ ਘਰ ਵਿੱਚ ਮੰਨਤਾਂ ਮੰਨਣ ਜਾਂ ਸੁੱਖਣਾ ਦਾ ਕੋਈ ਅਸੂਲ ਪ੍ਰਵਾਨ ਨਹੀਂ ਹੈ। ਕੇਵਲ ਅਕਾਲ ਪੁਰਖ ‘ਤੇ ਭਰੋਸਾ ਰੱਖਣਾ ਜਾਇਜ਼ ਹੈ। ਵਿਚਾਰਨ ਵਾਲੀ ਗੱਲ ਇਹ ਭੀ ਹੈ ਕਿ ਪੰਜਾਬ ਦੇ ਨੇੜੇ-ਤੇੜੇ ਕਿਤੇ ਸਮੁੰਦਰ ਨਹੀਂ ਲਗਦਾ। ਦਰਿਆਵਾਂ ਵਿੱਚ ਸਾਧਾਰਨ ਕਿਸ਼ਤੀਆਂ ਚਲਦੀਆਂ ਸਨ, ਜਹਾਜ਼ ਨਹੀਂ। ਫਿਰ ਮੱਖਣ ਸ਼ਾਹ ਦਾ ਜਹਾਜ਼ ਕਿਹੜੇ ਸਮੁੰਦਰ ਵਿੱਚ ਫਸਿਆ ਸੀ? ਕੋਈ ਨਾਮ ਦੱਸਣ ਲਈ ਤਿਆਰ ਨਹੀਂ ਹੈ।
3. ਜੇ ਮੰਨ ਲਈਏ ਕਿ ਮੱਖਣ ਸ਼ਾਹ ਜੀ ਨੇ ਅਰਦਾਸ ਕਰ ਲਈ। ਪਰ ਉਸ ਦੇ ਡੁੱਬਦੇ ਜਹਾਜ਼ ਨੂੰ ਕਿਨਾਰੇ ਲਾਉਣ ਵਾਸਤੇ ਸਰੀਰਕ ਤੌਰ ‘ਤੇ ਗੁਰੂ ਤੇਗ ਬਹਾਦਰ ਜੀ, ਬਕਾਲੇ ਤੋਂ ਅੱਖ ਦੇ ਫੌਰ ਵਿੱਚ ਪਹੁੰਚ ਸਕਦੇ ਹਨ? ਅਣਗਿਣਤ ਸਿੱਖ ਮੁਸ਼ਕਿਲ ਸਮੇਂ ਸਤਿਗੁਰੂ ਅੱਗੇ ਅਰਦਾਸਾਂ ਕਰਦੇ ਸਨ। ਸਹਾਇਤਾ ਲਈ ਦੁਹਾਈ ਦਿੰਦੇ ਸਨ। ਕੀ ਸਤਿਗੁਰੂ ਸਾਰਿਆਂ ਦੀ ਮਦਦ ਵਾਸਤੇ ਹਰ ਥਾਵੇਂ ਪਹੁੰਚ ਸਕਦੇ ਸਨ? ਇਹ ਸੰਭਵ ਹੀ ਨਹੀਂ ਹੈ। ਅਜਿਹੀਆਂ ਹੋਰ ਭੀ ਕਈ ਕਹਾਣੀਆਂ ਪ੍ਰਚੱਲਤ ਕੀਤੀਆਂ ਹੋਈਆਂ ਮਿਲ ਜਾਂਦੀਆਂ ਹਨ। ਜੋ ਕੇਵਲ ਸ਼ਰਧਾ ਦਾ ਹੀ ਪ੍ਰਗਟਾਵਾ ਹਨ। ਇਸ ਕਹਾਣੀ ਮੁਤਾਬਕ ਤਾਂ ਪੰਜ ਸੌ ਮੋਹਰਾਂ ਪ੍ਰਾਪਤ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਜ਼ਖ਼ਮੀ ਹੋਇਆ ਮੋਢਾ ਭੀ ਵਿਖਾਉਣਾ ਪਿਆ ਤਾਂ ਕਿ ਭਾਈ ਮੱਖਣ ਸ਼ਾਹ ਨੂੰ ਵਿਸ਼ਵਾਸ ਆ ਜਾਵੇ। ਜੇਕਰ ਗੁਰੂ ਤੇਗ ਬਹਾਦਰ ਆਪਣੀ ਅਗੰਮੀ ਸ਼ਕਤੀ ਦੁਆਰਾ ਮੱਖਣ ਸ਼ਾਹ ਦਾ ਡੁਬਦਾ ਜਹਾਜ਼ ਬਚਾ ਸਕਦੇ ਹਨ, ਤਾਂ ਔਰੰਗਜ਼ੇਬ ਨੂੰ ਜੁਲਮ ਤੋਂ ਕਿਉਂ ਨਾ ਰੋਕ ਸਕੇ? ਉਸ ਦੀ ਸੰਘੀ ਕਿਉਂ ਨਾ ਨੱਪ ਦਿੱਤੀ? ਔਰੰਗਜ਼ੇਬ ਦਾ ਮਨ ਹੀ ਬੁਰਾਈ ਵੱਲੋਂ ਬਦਲ ਦਿੰਦੇ?
4. ਜਦੋਂ ਭਾਈ ਮੱਖਣ ਸ਼ਾਹ ਨੂੰ ਵਿਸ਼ਵਾਸ ਹੋ ਗਿਆ ਕਿ ਇਹੀ ਅਸਲੀ ਗੁਰੂ ਹੈ ਤਦ ਉਹ ਛੱਤ ‘ਤੇ ਚੜ• ਗਿਆ। ”ਗੁਰੂ ਲਾਧੋ ਰੇ…….” ਦਾ ਹੋਕਾ ਦਿੱਤਾ। ਸੋਚਣਾ ਬਣਦਾ ਹੈ ਕਿ ਭਾਈ ਮੱਖਣ ਸ਼ਾਹ ਨੇ ਅੰਦਰ ਵੜ ਕੇ ਇਕੱਲੇ ਨੇ ਤਸੱਲੀ ਕਰ ਲਈ ਕਿ ਐਹੋ ਅਸਲੀ ਗੁਰੂ ਹੈ। ਪਰ ਦੂਜੇ ਸਿੱਖਾਂ ਦੀ ਕੀ ਮਜਬੂਰੀ ਸੀ ਕਿ ਇੱਕ ਓਪਰੇ ਵਿਅਕਤੀ ਦੀ ਆਖੀ ਗੱਲ ‘ਤੇ ਬਿਨਾਂ ਪਰਖ ਤੋਂ ਯਕੀਨ ਕਰਨ? ਮੱਖਣ ਸ਼ਾਹ ਗ਼ਲਤ ਬਿਆਨ ਭੀ ਕਰ ਸਕਦਾ ਸੀ। ਹੋ ਸਕਦਾ ਸੀ ਕੋਈ ਪਾਖੰਡੀ ਗੁਰੂ ਲਾਲਚ ਦੇ ਕੇ ਐਵੇਂ ਹੋਕਾ ਦੁਆ ਦਿੰਦਾ?
5. ਦਿੱਲੀ ਤੋਂ ਆਇਆ ਸਿੱਖਾਂ ਦਾ ਵੱਡਾ ਕਾਫਲਾ ਮੌਜੂਦ ਸੀ, ਉਨ•ਾਂ ਦੇ ਹੁੰਦਿਆਂ ਕਿਸੇ ਪਾਖੰਡੀ ਗੁਰੂ ਦੀ ਇਹ ਕਿਵੇਂ ਹਿੰਮਤ ਪੈ ਗਈ ਕਿ ਆਪਣੇ ਆਪ ਨੂੰ ਨੌਵਾਂ ਗੁਰੂ ਐਲਾਨ ਕਰੇ? ਮੋਹਤਬਰ ਸਿੱਖ ਆ ਕੇ ਦੱਸ ਨਹੀਂ ਸਕਦੇ ਸਨ ਕਿ ਭਾਈ ਗੁਰਸਿੱਖੋ, ਸਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਹੈ। ਗੁਰੂ ਹਰਿ ਕ੍ਰਿਸ਼ਨ ਜੀ ਨੇ ਨੌਵੇਂ ਥਾਂ ਗੁਰੂ ਤੇਗ ਬਹਾਦਰ ਜੀ ਨੂੰ ਚੁਣਿਆ ਹੈ। ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਸਾਰੇ ਤੇ ਪ੍ਰਵਾਰ ਦੇ ਮੈਂਬਰ ਚਸ਼ਮਦੀਦ ਗਵਾਹ ਹਾਂ।
6. ਇਸ ਕਹਾਣੀ ਮੁਤਾਬਕ ਤਾਂ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਭੀ ਗ਼ਲਤੀ ਹੋ ਗਈ। ਉਨ•ਾਂ ਨੇ ਅਧੂਰੀ ਗੱਲ ਕਹਿ ਕੇ ਸੰਗਤਾਂ ਨੂੰ ਦੁਬਿਧਾ ਵਿੱਚ ਪਾ ਦਿੱਤਾ। ”ਬਾਬਾ ਬਕਾਲੇ…..” ਇਸ ਦਾ ਮਤਲਬ ਭਾਈ ਮੱਖਣ ਸ਼ਾਹ ਸਿਆਣਾ ਨਿਕਲਿਆ। ਅੱਠਵੇਂ ਪਾਤਿਸ਼ਾਹ ਤੋਂ ਹੋਈ ”ਗ਼ਲਤੀ” ਨੂੰ ਮੱਖਣ ਸ਼ਾਹ ਜੀ ਨੇ ਦਰੁਸਤ ਕੀਤਾ। ਵਾਹ! ਮੇਰੀ ਕੌਮ ਦੇ ਪ੍ਰਚਾਰਕੋ ਵਾਹ!!
7. ਹੋਰ ਸਾਰੇ ਸਿੱਖ ਭੀ ਬੇ-ਇਤਬਾਰੇ ਸਾਬਤ ਹੋ ਗਏ, ਕਿਸੇ ‘ਤੇ ਬਕਾਲਾ ਨਿਵਾਸੀਆਂ ਨੇ ਯਕੀਨ ਨਾ ਕੀਤਾ। ਬਾਈ ਗੁਰੂ ਆਪੋ-ਆਪਣੀ ਥਾਵੇਂ ਗੱਦੀਆਂ ਲਾ ਕੇ ਬੈਠੇ ਰਹੇ। ਭਾਈ ਮਤੀ ਦਾਸ, ਭਾਈ ਸਤੀ ਦਾਸ ਆਦਿ ਦੀ ਗੱਲ ਕਿਸੇ ਨਾ ਸੁਣੀ। ਮੱਖਣ ਸ਼ਾਹ ਦਾ ਆਖਿਆ, ”ਗੁਰੂ ਲਾਧੋ ਰੇ” ਸਾਰਿਆਂ ਝਟਪਟ ਪਰਵਾਨ ਕਰ ਲਿਆ? ਕੀ ਇਸ ਨੂੰ ਇਤਿਹਾਸ ਮੰਨ ਲਈਏ?
8. ਗੁਰੂ ਤੇਗ ਬਹਾਦਰ ਆਸਾਮ-ਬੰਗਾਲ ਦੇ ਧਰਮ ਪ੍ਰਚਾਰ ਦੌਰੇ ‘ਤੇ ਇਕੱਲੇ ਨਹੀਂ ਸਨ। ਉਨ•ਾਂ ਨਾਲ ਪ੍ਰਵਾਰ ਸੀ, ਗੁਰਸਿੱਖਾਂ ਦਾ ਵੱਡਾ ਕਾਫਲਾ ਸੀ। ਉਨ•ਾਂ ਵਿੱਚੋਂ ਕਿਸੇ ਨੇ ਨਾ ਦੱਸਿਆ ਕਿ ਐਹ ਜੋ ਬਾਈ ਮੰਜੀਦਾਰ ਹਨ, ਇਹ ਪਾਖੰਡੀ ਸਾਧ ਹਨ। ਇਨ•ਾਂ ਵਿੱਚੋਂ ਗੁਰੂ ਕੋਈ ਨਹੀਂ ਹੈ। ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਥਾਪਿਆ ਗਿਆ ਹੈ। ਅਸਲ ਗੱਲ ਦਾ ਜ਼ਿਕਰ ਉੱਤੇ ਆ ਚੁੱਕਿਆ ਹੈ ਕਿ ਲੱਭਣ ਦੀ ਲੋੜ ਤਾਂ ਪੈਂਦੀ ਜੇਕਰ ਗੁਰੂ ਗੁਆਚਿਆ ਹੁੰਦਾ। ਭੌਰੇ ਵਿੱਚ ਲੁਕਿਆ ਹੁੰਦਾ। ਉਹ ਤਾਂ ਕਥਿਤ ਭੌਰੇ ਵਿੱਚ ਵੜ ਕੇ ਵਕਤ ਅਤੇ ਸਰੀਰ ਦਾ ਨਾਸ਼ ਮਾਰਨ ਦੀ ਥਾਵੇਂ ਮਨੁੱਖਤਾ ਦੀ ਸੇਵਾ ਲਈ ਦੂਰ ਪੂਰਬ ਦੇ ਦੌਰੇ ‘ਤੇ ਸਨ, ਸਬੂਤ ਮੌਜੂਦ ਹਨ। ਜਦੋਂ ਇਹ ਇੱਕੋ-ਇੱਕ ਚਾਬੀ ਹੱਥ ਵਿੱਚ ਆ ਜਾਵੇ ਕਿ ਗੁਰੂ ਤੇਗ ਬਹਾਦਰ ਜੀ ਨੇ ਛੱਬੀ ਸਾਲ ਤਾਂ ਕੀ ਆਪਣੇ ਜੀਵਨ ਦੀ ਇੱਕ ਘੜੀ ਭੀ ਅਜਾਈਂ ਨਹੀਂ ਗੁਆਈ। ਉਹ ਮਨੁੱਖਤਾ ਦੇ ਕਲਿਆਣ ਲਈ ਦਿਨ-ਰਾਤ ਯਤਨਸ਼ੀਲ ਰਹਿੰਦੇ ਸਨ। ਫਿਰ ”ਬਾਬਾ ਬਕਾਲੇ” ਵਾਲੀ ਅਧੂਰੀ ਪੰਕਤੀ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਅਖਵਾ ਕੇ, ਉਨ•ਾਂ ਨੂੰ ਭੁੱਲਾਂ ਕਰਨ ਵਾਲਾ ਨਹੀਂ ਬਣਾਉਣਾ ਪਵੇਗਾ। ਫਿਰ ਨਾਲ ਦਿੱਲੀ ਗਈ ਸੰਗਤ ਨੂੰ ਭੀ ਬੇ-ਇਤਬਾਰੀ ਨਹੀਂ ਬਣਾਉਣਾ ਪਵੇਗਾ। ਫਿਰ ਮੱਖਣ ਸ਼ਾਹ ਦੀ ਅਰਦਾਸ ਤੇ ਮੋਹਰਾਂ ਰੱਖ ਕੇ ਗੁਰੂ ਦੀ ਪਰਖ ਕਰਨ ਦੀ ਕੁਰੱਖ਼ਤ ਬੀਮਾਰੀ ਭੀ ਗਲੋਂ ਲੱਥ ਜਾਵੇਗੀ। ਭਾਈ ਮੱਖਣ ਸ਼ਾਹ ਦਾ ਜਹਾਜ਼ ਭੀ ਡੁੱਬਣੋਂ ਬਚ ਜਾਵੇਗਾ। ਗੁਰੂ ਤੇਗ ਬਹਾਦਰ ਜੀ ਦੇ ਮੋਢਿਆਂ ‘ਤੇ ਜ਼ਖ਼ਮ ਭੀ ਨਹੀਂ ਹੋਣਗੇ। ਗੁਰੂ ਜੀ ਨੂੰ ਆਪਣੇ ਵਾਲੀਆਂ ਪੰਜ ਸੌ ਮੋਹਰਾਂ ਦੀ ਮੰਗ ਭੀ ਨਹੀਂ ਕਰਨੀ ਪਵੇਗੀ। ਸਿਰਫ ਉਨ•ਾਂ ਸਬੂਤਾਂ ਨੂੰ ਗਹਿਰਾਈ ਨਾਲ ਪੜ•-ਵਿਚਾਰ ਲਈਏ, ਜਿਥੋਂ ਇਹ ਨਿਸ਼ਚਾ ਬਝਦਾ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ਤੋਂ ਵਿਰੁੱਧ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਭਗਤੀ ਤਪੱਸਿਆ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਗੁਰਵਾਰ ਹਨ-
r ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ£ ਸਤਿਗੁਰ ਕੈ ਭਾਣੈ ਵਡਿਆਈ ਪਾਵੈ£
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ£                       (509)
ਹੋਰ :-
r ਜਪ ਤਪ ਸੰਜਮ ਕਰਮ ਨ ਜਾਨਾ, ਨਾਮੁ ਜਪੀ ਪ੍ਰਭ ਤੇਰਾ£
ਗੁਰੁ ਪਰਮੇਸਰੁ ਨਾਨਕ ਭੇਟਿਓ, ਸਾਚੈ ਸਬਦਿ ਨਿਬੇਰਾ£                          (878)
r ਜਪੁ ਤਪੁ ਸੰਜਮੁ ਹੋਰ ਕੋਈ ਨਾਹੀ£ ਜਬ ਲਗ ਗੁਰ ਕਾ ਸਬਦ ਨ ਕਮਾਹੀ£   (1060)
r ਪੁੰਨ ਦਾਨ ਜਪ ਤਪ ਜੇਤੇ, ਸਭ ਊਪਰਿ ਨਾਮ£ ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ£  (401)
ਉਹ ਸੁਲੱਖਣੀ ਘੜੀ ਆ ਗਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ ਵੇਖਣ ਲਈ, ਉਪਦੇਸ਼ ਸੁਣਨ ਲਈ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਆਣ ਪਹੁੰਚੀਆਂ। 11 ਅਗਸਤ, 1664 ਵਾਲੇ ਦਿਨ, ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸਾਰਿਆਂ ਨੇ ਬਿਨਾਂ ਸ਼ੰਕਾਂ ਗੁਰੂ ਸਵੀਕਾਰ ਕੀਤਾ, ਨਮਸ਼ਕਾਰਾਂ ਕੀਤੀਆਂ, ਆਦੇਸ਼ ਪ੍ਰਾਪਤ ਕੀਤੇ। ਬਸ ਗਿਣਤੀ ਦੇ ਈਰਖਾਲੂ ਵਿਅਕਤੀ ਸਨ ਜੋ ਔਰੰਗਜ਼ੇਬ ਤੋਂ ਭਾਰੀ ਰਕਮਾਂ ਲੈ ਕੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੇ ਹੋਏ ਇਨਕਲਾਬ ਨੂੰ ਫ਼ੇਲ• ਕਰਨਾ ਚਾਹੁੰਦੇ ਸਨ। ਇਨ•ਾਂ ਵਿੱਚੋਂ ਪ੍ਰਮੁੱਖ ਸੀ ਧੀਰ ਮੱਲ। ਇਹ ਗੁਰੂ ਹਰਿ ਗੋਬਿੰਦ ਸਾਹਿਬ ਦੇ ਬੇਟੇ ਗੁਰਦਿੱਤਾ ਜੀ ਦਾ ਪੁੱਤਰ ਸੀ। ਇਸ ਦਾ ਜਨਮ 1627 ਵਿੱਚ ਹੋਇਆ ਸੀ। ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰਗੱਦੀ ਦੀ ਸੇਵਾ ਮਿਲੀ, ਉਸ ਵਕਤ ਭੀ ਇਸ ਨੇ ਡੱਟ ਕੇ ਵਿਰੋਧ ਕੀਤਾ। ਬਰਾਬਰ ਆਪਣੇ ਗੁਰੂ ਹੋਣ ਦਾ ਐਲਾਨ ਕਰਵਾ ਦਿੱਤਾ। ਆਪਣੇ ਵੱਲੋਂ ਮਸੰਦ ਭੀ ਨਿਯੁਕਤ ਕੀਤੇ। ਔਰੰਗਜ਼ੇਬ ਤੋਂ ਆਦੇਸ਼ ਪ੍ਰਾਪਤ ਕਰ ਕੇ ਇਸ ਨੇ ਆਪਣੇ ਬਦਮਾਸ਼ ਟੋਲੇ ਤੋਂ 9 ਅਕਤੂਬਰ 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ‘ਤੇ ਹਮਲਾ ਕਰਵਾ ਦਿੱਤਾ। ਗੋਲੀ ਚੱਲੀ, ਸਾਮਾਨ ਲੁੱਟਿਆ ਗਿਆ ਪਰ ਖ਼ੁਸ਼ਕਿਸਮਤੀ ਨੂੰ ਗੁਰੂ ਤੇਗ ਬਹਾਦਰ ਜੀ ਬਚ ਗਏ। ਇੱਕ ਹੱਥ ਲਿਖਤ ਬੀੜ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਇਹ ਕਰਤਾਰਪੁਰ ਨੂੰ ਨੱਸ ਗਿਆ। ਭਾਈ ਮੱਖਣ ਸ਼ਾਹ ਦੀ ਅਗਵਾਈ ਵਿੱਚ, ਸਿੱਖਾਂ ਦਾ ਇੱਕ ਤਕੜਾ ਜੱਥਾ ਇਸ ਦੇ ਡੇਰੇ ‘ਤੇ ਜਾ ਪਿਆ। ਚੰਗੀ ਗਿੱਦੜ ਕੁੱਟ ਇਨ•ਾਂ ਨੂੰ ਪਈ ਪਰ ਇਹ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ‘ਤੇ ਡਿੱਗ ਕੇ ਮੁਆਫ਼ੀ ਮੰਗ ਕੇ ਬਕਾਲਾ ਛੱਡ ਗਏ। ਸਿੱਖਾਂ ਨੇ ਗੁਰੂ ਜੀ ਦੁਆਲੇ ਪਹਿਰਾ ਸਖ਼ਤ ਕਰ ਦਿੱਤਾ। ਛੇਤੀ ਹੀ ਵਹੀਰ ਅਤੇ ਪ੍ਰਵਾਰ ਸਮੇਤ ਨੌਵੇਂ ਗੁਰੂ ਜੀ ਕੀਰਤਪੁਰ ਚਲੇ ਗਏ।
ਲੰਮੇਂ ਸਮੇਂ ਦੀ ਉਡੀਕ ਤੋਂ ਮਗਰੋਂ ਔਰੰਗਜ਼ੇਬ ਨੇ ਧੀਰ ਮੱਲ, ਉਸ ਦੇ ਪੁੱਤਰ ਰਾਮ ਚੰਦ ਅਤੇ ਸੀਹੇਂ ਮਸੰਦ ਨੂੰ ਦਿੱਲੀ ਸੱਦ ਲਿਆ। ਦਿੱਤਾ ਗਿਆ ”ਕੰਮ” ਨਾ ਕਰਨ ਲਈ ਜਵਾਬ ਤਲਬੀ ਕੀਤੀ। ਤਸੱਲੀ ਬਖ਼ਸ਼ ਜਵਾਬ ਨਾ ਮਿਲਣ ਕਾਰਨ ਇਨ•ਾਂ ਤਿੰਨਾਂ ਨੂੰ ਰਣਥੰਬੋਰ ਦੇ ਕਿਲੇ• ਵਿੱਚ ਕੈਦ ਕਰਵਾ ਦਿੱਤਾ।
ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ ਪਛਾਣਦਿਆਂ ਮਾਖੋਵਾਲ ਦੀ ਜ਼ਮੀਨ ਚੰਪਾ ਰਾਣੀ (ਵਿਧਵਾ ਰਾਜਾ ਦੀਪ ਚੰਦ) ਤੋਂ ਖ਼ਰੀਦ ਕੇ ਆਨੰਦਪੁਰ ਦੀ ਨੀਂਹ ਰੱਖ ਦਿੱਤੀ। ਗੁਰਸਿੱਖਾਂ ਦੀ ਯੋਗਤਾ ਮੁਤਾਬਕ ਸੇਵਾ ਲਾ ਦਿੱਤੀ ਤੇ ਖ਼ੁਦ ਧਰਮ ਪ੍ਰਚਾਰ ਵਹੀਰ ਨਾਲ ਲੈ ਕੇ ਮਾਲਵੇ ਵੱਲ ਨਿਕਲ ਤੁਰੇ। ਅੱਜ ਦੇ ਹਰਿਆਣੇ ਵਿੱਚ ਧਮਧਾਣ (ਜੀਂਦ ਜ਼ਿਲ•ਾ) ਦੇ ਸਥਾਨ ‘ਤੇ ਸਤਿਗੁਰੂ ਜੀ ਠਹਿਰੇ ਹੋਏ ਸਨ। ਲਗਪਗ ਤੀਹ ਹਜ਼ਾਰ ਸਿੱਖ ਆ ਜੁੜਿਆ। ਔਰੰਗਜ਼ੇਬ ਦੇ ਹੁਕਮ ਦੁਆਰਾ ਫ਼ੌਜੀ ਕਮਾਂਡਰ ਆਲਮ ਖ਼ਾਂ ਰੋਹੇਲੇ ਨੇ ਇਸ ਸਥਾਨ ਤੋਂ ਸਤਿਗੁਰੂ ਜੀ ਨੂੰ ਪਹਿਲੀਵਾਰ ਗ੍ਰਿਫ਼ਤਾਰ ਕੀਤਾ। ਇਹ ਘਟਨਾ 08-11-1665 ਦੀ ਹੈ। ਦਿੱਲੀ ਵਿਖੇ ਦੋ ਮਹੀਨੇ ਤੋਂ ਵੱਧ ਸਮਾਂ ਕੈਦ ਰੱਖ ਕੇ ਰਾਜਾ ਜੈ ਸਿੰਘ ਦੇ ਵਿੱਚ ਪੈਣ ‘ਤੇ ਰਿਹਾਅ ਕਰ ਦਿੱਤੇ ਗਏ। ਇਹ ਧਿਆਨ ਰਹੇ ਕਿ ਭੌਰੇ ਵਿੱਚ ਵੜ ਕੇ ਤਪੱਸਿਆ ਕਰਨ ਵਾਲੇ ਕਿਸੇ ਸਾਧ ਤੋਂ ਔਰੰਗਜ਼ੇਬ ਨੂੰ ਕੋਈ ਖ਼ਤਰਾ ਨਹੀਂ ਸੀ। ਭਾਵੇਂ ਸਾਰੀ ਉਮਰ ਭੌਰੇ ਵਿੱਚ ਬੈਠਾ ਰਹਿੰਦਾ ਪਰ ਔਰੰਗਜ਼ੇਬ ਗੁਰੂ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਜਾਣੂ ਸੀ। ਲੋਕਾਂ ਦੀਆਂ ਭੀੜਾਂ ਗੁਰੂ ਜੀ ਨੂੰ ਸੁਣਨ ਆਉਂਦੀਆਂ ਸਨ। ਗੁਰੂ ਜੀ ਰਾਜਸੀ ਜ਼ੁਲਮਾਂ ਵਿਰੁੱਧ ਖੁੱਲ• ਕੇ ਬੋਲਦੇ ਸਨ। ਪਾਖੰਡੀ ਧਰਮੀਆਂ ਨੂੰ ਫਿਟਕਾਰਾਂ ਪਾਉਂਦੇ ਸਨ। ਲੋਕਾਂ ਨੂੰ ਤਕੜੇ ਹੋ ਕੇ ਜ਼ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਇਨ•ਾਂ ਕਾਰਨਾਂ ਕਰ ਕੇ ਹੀ ਸਤਿਗੁਰੂ ਜੀ ਨੂੰ ਗੁਰੂ ਬਣਦਿਆਂ ਹੀ ਇੱਕ ਸਾਲ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ।
ਦੂਜੀ ਵਾਰ ਫਿਰ ਸਤਿਗੁਰੂ ਜੀ ਨੂੰ ਜੂਨ ਮਹੀਨੇ 1670 ਵਿੱਚ ਆਗਰੇ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਵਿਖੇ ਦੋ ਮਹੀਨੇ ਤੇਰਾਂ ਦਿਨ ਕੈਦ ਵਿੱਚ ਰਹੇ ਪਰ ਇਸ ਵਾਰੀ ਭੀ ਰਿਹਾਅ ਕਰ ਦਿੱਤੇ ਗਏ। ਤੀਜੀ ਵਾਰੀ ਕਸ਼ਮੀਰੀ ਬ੍ਰਾਹਮਣਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਐਲਾਨ ਕਰਨ ਤੋਂ ਬਾਅਦ, ਮਲਕਪੁਰ  ਰੰਘੜਾ, ਰੋਪੜ ਨੇੜਿਓਂ ਥਾਣੇਦਾਰ ਨੂਰ ਮੁਹੰਮਦ ਨੇ ਜੁਲਾਈ 12 ਸੰਨ 1675 ਨੂੰ ਗ੍ਰਿਫ਼ਤਾਰ ਕੀਤਾ।  ਪਹਿਲਾਂ ਬਸੀ ਪਠਾਣਾਂ ਕੈਦ ਰੱਖੇ ਗਏ, ਹੁਕਮ ਮਿਲਣ ‘ਤੇ ਪਿੰਜਰੇ ਵਿੱਚ ਬੰਦ ਕਰ ਕੇ, ਤਿੰਨੇ ਪ੍ਰਮੁੱਖ ਸਿੱਖਾਂ ਸਮੇਤ ਦਿੱਲੀ ਨੂੰ ਭੇਜ ਦਿੱਤੇ ਗਏ। ਅੱਗੇ ਦੀਆਂ ਘਟਨਾਵਾਂ ਦਾ ਪਾਠਕਾਂ ਨੂੰ ਭਲੀ ਪ੍ਰਕਾਰ ਪਤਾ ਹੈ। 11 ਨਵੰਬਰ, 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਅਤਿਅੰਤ ਨਿਰਦਈਪੁਣੇ ਵਾਲੇ ਤਸੀਹੇ ਦੇ ਕੇ ਤਿੰਨ ਬਹਾਦਰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਸ਼ਾਮ ਤੀਜੇ ਪਹਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ। ਭੈ-ਭੀਤ ਕਰਨ ਵਾਲੇ ਡਰਾਵੇ ਦਿੱਤੇ ਗਏ। ਲਾਲਚ ਦਿੱਤੇ ਗਏ, ਕਰਾਮਾਤਾਂ ਵਿਖਾਉਣ ਲਈ ਕਿਹਾ ਗਿਆ। ਸਤਿਗੁਰੂ ਜੀ ਅਡੋਲ ਅਵੱਸਥਾ ਵਿੱਚ ਅਸੂਲਾਂ ‘ਤੇ ਟਿਕੇ ਰਹੇ। ਕਾਜੀ ਨੇ ਫ਼ਤਵਾ ਪੜ• ਕੇ ਸੁਣਾਇਆ, ਜਲਾਦ ਦੀ ਤਲਵਾਰ ਚਲੀ, ਖ਼ੂਨ ਦੇ ਫੁਹਾਰੇ ਫੁੱਟੇ, ਗੁਰੂ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ।
ਪਹਿਲਾਂ ਤਿਆਰ ਕੀਤੀ ਸਕੀਮ ਮੁਤਾਬਕ ਭਾਈ ਜੈਤਾ ਨਾਨੂ ਗੁਰਬਖ਼ਸ਼ਾ ਜੀ ਨੇ ਸੀਸ ਚੁੱਕ ਕੇ ਆਨੰਦਪੁਰ ਪੁਚਾਣ ਦੀ ਜ਼ਿੰਮੇਵਾਰੀ ਕਬੂਲੀ। ਇਸ ਦਰਦਨਾਕ ਘਟਨਾ ਨੂੰ ਸੁਣਦਿਆਂ ਬਿਰਧ ਬਾਬਾ ਗੁਰਦਿੱਤਾ ਜੀ ਦੌਰਾ ਪੈਣ ‘ਤੇ ਦਮ ਤੋੜ ਗਏ। ਇਹ ਬਾਬਾ ਬੁੱਢਾ ਜੀ ਦੇ ਸਪੁੱਤਰ ਸਨ। ਮਿੱਟੀ ਦੇ ਖੁੱਲ•ੇ ਮੂੰਹ ਵਾਲੇ ਵੱਡੇ ਬਰਤਣ ਵਿੱਚ ਸੀਸ ਨੂੰ ਟਿਕਾ ਲਿਆ ਗਿਆ। ਆਲੇ-ਦੁਆਲੇ ਨਿੰਮ ਦੀਆਂ ਪੱਤੀਆਂ ਰੱਖੀਆਂ ਗਈਆਂ ਤਾਂ ਕਿ ਕਿਰਮ ਨਾ ਪੈਣ ਤੇ ਬੋ ਨਾ ਪੈਦਾ ਹੋਵੇ। ਮੁੱਖ ਰਾਹ ਛੱਡ ਕੇ ਉਜਾੜਾਂ ਵਿੱਚੋਂ ਦੀ ਬਚਦੇ-ਬਚਾਂਦੇ, ਜਾਣਕਾਰ ਸਿੱਖਾਂ ਤੋਂ ਲੋੜੀਂਦੀ ਸਹਾਇਤਾ ਲੈਂਦੇ, ਮੰਜਲਾਂ ਮਾਰਦੇ, ਕੀਰਤਪੁਰ ਪੁੱਜ ਗਏ। ਦਿੱਤੇ ਗਏ ਸੁਨੇਹੇ ‘ਤੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦਾ ਵੱਡਾ ਕਾਫਲਾ ਲੈ ਕੇ ਪ੍ਰਵਾਰ ਸਮੇਤ ਕੀਰਤਪੁਰ ਆ ਗਏ। ਭਾਈ ਜੈਤਾ ਜੀ ਤੋਂ ਇਥੇ ਹੀ ਸ਼ਹੀਦ ਪਿਤਾ ਦਾ ਕੱਟਿਆ ਸੀਸ ਪ੍ਰਾਪਤ ਕੀਤਾ। ਜੈਤਾ ਜੀ ਨੂੰ ”ਗੁਰੂ ਕਾ ਬੇਟਾ” ਆਖ ਕੇ ਮਾਣ ਦਿੱਤਾ। ਨਵੰਬਰ ਸਤਾਰਾਂ 1675 ਨੂੰ ਆਨੰਦਪੁਰ ਵਿਖੇ ਨੌਵੇਂ ਗੁਰੂ ਜੀ ਦਾ ਸੀਸ ਸਸਕਾਰਿਆ ਗਿਆ। ਇਸ ਥਾਂ ਅੱਜ ਕੱਲ• ਗੁਰਦਵਾਰਾ ਸੀਸ ਗੰਜ ਬਣਿਆ ਹੋਇਆ ਹੈ।
ਔਰੰਗਜ਼ੇਬ ਵਿਰੁੱਧ ਸਿੱਖਾਂ ਦੇ ਅੰਦਰ ਗੁੱਸਾ ਉਬਾਲੇ ਖਾਣ ਲੱਗਾ। ਅਕਤੂਬਰ 17, 1676 ਨੂੰ ਜਦੋਂ ਉਹ ਨਵਾਜ ਅਦਾ ਕਰ ਕੇ ਵਾਪਸ ਮੁੜ ਰਿਹਾ ਸੀ, ਸਿੱਖਾਂ ਨੇ ਇੱਟਾਂ-ਵੱਟਿਆਂ ਨਾਲ ਹੱਲਾ ਬੋਲ ਦਿੱਤਾ। ਭਾਵੇਂ ਔਰੰਗਜ਼ੇਬ ਬਚ ਗਿਆ ਪਰ ਸਿੱਖਾਂ ਦੇ ਰੋਹ ਦਾ ਉਸ ਨੂੰ ਅਹਿਸਾਸ ਹੋ ਗਿਆ। ਇੱਕ ਸਿੱਖ ਨੂੰ ਫੜ ਕੇ ਕਤਲ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਅਤੇ ਤਿੰਨ ਬਹਾਦਰ ਸਿੱਖਾਂ ਦੀ ਸ਼ਹੀਦੀ ਕਾਰਨ ਦੇਸ਼ ਵਿੱਚ ਹਰ ਕੋਈ ਕੁਰਲਾ ਉਠਿਆ। ਅਣਖੀਲੇ ਨੌਜਵਾਨ ਜ਼ਮੀਨਾਂ ਵੇਚ ਕੇ, ਹਥਿਆਰ ਖ਼ਰੀਦਣ ਲੱਗੇ। ਗਹਿਣੇ-ਗੱਟੇ ਵੇਚ ਕੇ ਘੋੜੇ ਖਰੀਦੇ। ਕਾਫਲੇ ਬਣਾ ਕੇ ਸਿਰਾਂ ‘ਤੇ ਕੱਫਣ ਬੰਨ• ਕੇ, ਆਨੰਦਪੁਰ ਵੱਲ ਚੱਲ ਪਏ। ਦਸਮ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੇਨਤੀ ਕਰਦੇ, ”ਸਤਿਗੁਰ ਜੀਓ! ਗੁਰੂ ਪਿਤਾ ਸਾਡੀ ਇੱਜ਼ਤ ਅਣਖ ਲਈ ਆਪਣਾ ਆਪ ਕੁਰਬਾਨ ਕਰ ਗਏ। ਅਸੀਂ ਤੁਹਾਡੇ ਹੁਕਮ ਦੀ ਉਡੀਕ ਵਿੱਚ ਹਾਂ ਕਾਇਰ ਬਣ ਕੇ ਹੁਣ ਅਸੀਂ ਜੀਓਂ ਨਹੀਂ ਸਕਾਂਗੇ। ਹੁਣ ਆਜ਼ਾਦੀ ਜਾਂ ਮੌਤ ਇਸ ਤੋਂ ਘੱਟ ਕੁੱਝ ਸਵੀਕਾਰ ਨਹੀਂ, ਤੁਸੀਂ ਆਗਿਆ ਦਿਓ।” ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਨਜ਼ਾਕਤ ਸਮਝਦਿਆਂ ਇਨ•ਾਂ ਨੂੰ ਧੀਰਜ ਦੇਣਾ। ਆਉਣ ਵਾਲੇ ਖ਼ਤਰਨਾਕ ਹਾਲਾਤ ਵਾਸਤੇ ਤਿਆਰ ਕਰਨ ਲਈ ਕਹਿਣਾ ਤੇ ਆਨੰਦਪੁਰ ਵਿੱਚ ਕੁੱਝ ਸਮਾਂ ਟਿਕ ਕੇ ਯੁੱਧ ਨੀਤੀ ਸਿੱਖਣ ਦੀ ਹਦਾਇਤ ਕਰਨੀ।
ਜੋ ਕਸ਼ਮੀਰੀ ਬ੍ਰਾਹਮਣ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਪ੍ਰੇਸ਼ਾਨ ਹੋ ਕੇ ਆਨੰਦਪੁਰ ਆ ਕੇ ਫਰਿਆਦੀ ਹੋਏ ਸਨ। ਇਥੇ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਬ੍ਰਾਹਮਣ ਜਨਮ ਤੋਂ ਹੀ ਹਿੰਦੂ ਸਮਾਜ ਦਾ ਧਰਮ ਗੁਰੂ ਹੈ। ਇਹ ਲੋਕ ਕਾਫਲੇ ਬਣਾ ਕੇ, ਲੰਮੇ ਸਮੇਂ ਤੱਕ ਖੱਤਰੀ ਰਾਜਿਆਂ, ਰਾਜਪੂਤ ਰਾਜਿਆਂ ਅਤੇ ਮਰਾਠਿਆਂ ਨੂੰ ਆਪਣੀ ਦੁੱਖ ਭਰੀ ਵਿਥਿਆ ਸੁਣਾ ਕੇ, ਮਦਦ ਦੀ ਪੁਕਾਰ ਕਰਦੇ ਰਹੇ ਪਰ ਔਰੰਗਜ਼ੇਬ ਦੀ ਅਸੀਮ ਤਾਕਤ ਤੋਂ ਸਾਰੇ ਥਰ-ਥਰ ਕੰਬਦੇ ਸਨ। ਇਸੇ ਲਈ ਸਾਰਿਆਂ ਨੇ ਬ੍ਰਾਹਮਣਾਂ ਦੀ ਬਾਂਹ ਫੜਨ ਤੋਂ ਇਨਕਾਰ ਕਰ ਦਿੱਤਾ। ਅਤੀ ਮਾਯੂਸੀ ਵਿੱਚ, ਹਾਰ ਹੰਭ ਕੇ ਇਹ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਫਰਿਆਦੀ ਹੋਏ। ਸਾਰੀ ਹੋਈ ਬੀਤੀ ਕਹਿ ਸੁਣਾਈ। ਜਦੋਂ ਸਤਿਗੁਰੂ ਜੀ ਨੇ ਪੁੱਛਿਆ ਕਿ ਜੇਕਰ ਮੈਂ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਜਾਵਾਂ ਤਾਂ ਇਹ ਸਪੱਸ਼ਟ ਕਰ ਦਿਓ ਕਿ ਤੁਸੀਂ ਗੁਰੂ ਘਰ ਨਾਲ ਕੀ ਰਿਸ਼ਤਾ ਬਣਾਇਆ ਹੈ? ਮੈਂ ਕਿਸ ਹੈਸੀਅਤ ਵਿੱਚ ਤੁਹਾਡੇ ਬਾਰੇ ਗੱਲਬਾਤ ਕਰਾਂ? ਕਿਰਪਾ ਰਾਮ ਨੇ ਤੁਰੰਤ ਬੇਨਤੀ ਪੱਤਰ ਲਿਖਿਆ, ਜਿਸ ਵਿੱਚ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਸੰਖੇਪ ਵੇਰਵਾ ਸੀ। ਦੇਸ਼ ਰਟਣ ਦਾ ਜ਼ਿਕਰ ਕੀਤਾ ਗਿਆ ਸੀ। ਸਾਰੇ ਹਿੰਦੂ ਰਾਜਿਆਂ ਵੱਲੋਂ ਵਿਖਾਈ ਕਾਇਰਤਾ ਦਾ ਵਰਨਣ ਸੀ। ਅੰਤ ਵਿੱਚ ਸਾਰਿਆਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਲਿਖਤੀ ਰੂਪ ਵਿੱਚ ਆਪਣਾ ਧਰਮ ਗੁਰੂ ਸਵੀਕਾਰ ਕੀਤਾ। ਆਪਣੇ ਜੀਵਨ ਨਾਲ ਸੰਬੰਧਤ ਹਰ ਤਰ•ਾਂ ਦਾ ਫ਼ੈਸਲਾ ਲੈਣ ਦਾ ਅਖ਼ਤਿਆਰ ਗੁਰੂ ਜੀ ਨੂੰ ਸੌਂਪ ਦਿੱਤਾ।
ਗੁਫ਼ਾਵਾਂ, ਭੌਰਿਆਂ ਵਿੱਚ ਬੈਠ ਕੇ, ਅੱਖਾਂ ਬੰਦ ਕਰ ਕੇ, ਮਾਲਾ ਫੇਰਨ ਵਾਲੇ, ਮੰਤਰ ਰਟਣ ਵਾਲੇ, ਚਲੀਹੇ ਕੱਟਣ ਵਾਲੇ, ਸਮਾਧੀਆਂ ਲਾਉਣ ਵਾਲੇ, ਹਿੰਦੁਸਤਾਨ ਵਿੱਚ ਲੱਖਾਂ ਸਾਧ ਸਨ। ਸਦੀਆਂ ਤੋਂ ਇਹੀ ਮੰਤਰ ਜਾਪ ਉਹ ਕਰਦੇ ਆ ਰਹੇ ਸਨ ਪਰ ਹਿੰਦਵਾਸੀ ਜੰਤਾ ਹੋਰ ਕੰਗਾਲ, ਹੋਰ ਬੁਜ਼ਦਿਲ, ਹੋਰ ਪਾਖੰਡੀ, ਹੋਰ ਅਗਿਆਨੀ ਬਣਦੀ ਜਾ ਰਹੀ ਸੀ। ਘਰ ਉੱਜੜ ਗਏ, ਨੂੰਹਾਂ-ਧੀਆਂ ਦੀਆਂ ਇੱਜ਼ਤਾਂ ਘੱਟੇ ਰੁਲ ਗਈਆਂ, ਧਰਮ ਅਸਥਾਨ ਮਿੱਟੀ ਵਿੱਚ ਮਿਲ ਗਏ। ਕਿਸੇ ਤੰਤਰ-ਮੰਤਰ ਨੇ ਜ਼ੁਲਮ ਨੂੰ ਨਾ ਥੰਮਿ•ਆ। ਕੀ ਗੁਰੂ ਤੇਗ ਬਹਾਦਰ ਇੰਨੇ ਹੀ ਅਣਜਾਣ ਸਨ ਕਿ ਆਪਣੀ ਜ਼ਿੰਦਗੀ ਦੇ ਅਤੀ ਕੀਮਤੀ ਛੱਬੀ ਸਾਲ ਕਿਸੇ ਭੌਰੇ ਵਿੱਚ ਵੜ ਕੇ ਬਰਬਾਦ ਕਰ ਦਿੰਦੇ? ਜੀ ਨਹੀਂ! ਉਹ ਲੋਕਾਂ ਨੂੰ ਜਾਗ੍ਰਿਤ ਕਰਨ ਵਾਸਤੇ ਲੰਮੇ ਪ੍ਰਚਾਰ ਦੌਰੇ ਕਰ ਰਹੇ ਸਨ। ਸਿੱਖ ਕੌਮ ਅੰਦਰੋਂ ਜੰਗਜੂ ਜਜ਼ਬਾ ਖ਼ਤਮ ਕਰਨ ਲਈ ਅਜਿਹੇ ਮੰਤਰ ਜਾਪਾਂ ਤੇ ਭੌਰਿਆਂ ਵਿੱਚ ਅੱਖਾਂ ਬੰਦ ਕਰ ਕੇ, ਭਗਤੀ ਕਰਨ ਦੀਆਂ ਕਹਾਣੀਆਂ ਸਿੱਖਾਂ ਦੇ ਅੰਦਰ ਠੋਸੀਆਂ ਜਾ ਰਹੀਆਂ ਹਨ ਤਾਂ ਕਿ ਸਿੱਖ ਕੇਵਲ ਅੰਦਰ ਵੜ ਕੇ ਮਾਲਾ ਫੇਰਨ ਜੋਗੇ ਰਹਿ ਜਾਣ, ਵਾਹਿਗੁਰੂ ਮੰਤਰ ਜਪਦੇ ਰਹਿਣ ਤੇ ਗ਼ੁਲਾਮ ਬਣੇ ਰਹਿਣ।
ਇਸੇ ਤਰ•ਾਂ ਦੀ ਇੱਕ ਘਟਨਾ ਗੁਰੂ ਅਮਰਦਾਸ ਜੀ ਨਾਲ ਨੱਥੀ ਕੀਤੀ ਹੋਈ ਮਿਲਦੀ ਹੈ। ਅਖੇ, ਜਦੋਂ ਗੁਰੂ ਅੰਗਦ ਸਾਹਿਬ ਦੇ ਬੇਟੇ ਦਾਤੂ ਨੇ ਛਾਤੀ ਵਿੱਚ ਲੱਤ ਮਾਰੀ ਤਾਂ ਮਾਯੂਸ ਹੋ ਕੇ ਗੁਰੂ ਜੀ ਬਾਸਰਕੇ ਪਿੰਡ ਵਿੱਚ ਚਲੇ ਗਏ। ਇੱਕ ਕੋਠੇ ਵਿੱਚ ਲੁਕ ਕੇ ਦਰਵਾਜੇ ਬੰਦ ਕਰ ਕੇ ਬੈਠ ਗਏ। ਕਈ ਦਿਨਾਂ ਤੋਂ ਮਗਰੋਂ ਬਾਬਾ ਬੁੱਢਾ ਜੀ ਨੇ ਗੁਰੂ ਲੱਭ ਕੇ ਸੰਗਤਾਂ ਨੂੰ ਦਿੱਤਾ। ਹਾਲਾਤ ਨਾਲ ਮੁਕਾਬਲਾ ਕਰਨ ਦੀ ਥਾਵੇਂ ਸਤਿਗੁਰੂ ਜੀ ਲੁਕਦੇ ਫਿਰਦੇ ਰਹੇ? ”ਗੁਰੂ ਲਾਧੋ ਰੇ” ਵਾਲੀ ਕਹਾਣੀ ਵਿੱਚ ਭੀ ਅੱਠਵੇਂ ਗੁਰੂ ਜੀ ਨਾਸਮਝ ਬਣਾ ਦਿੱਤੇ ਗਏ। ਸਾਰੇ ਸੰਗੀ ਸਿੱਖ ਅਕਲ ਤੋਂ ਸੱਖਣੇ ਬਣਾ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਭੀ ਗੁਰਬਾਣੀ ਦੇ ਉਪਦੇਸ਼ਾਂ ਤੋਂ ਉਲਟ ਜਾ ਕੇ ਭੌਰੇ ਵਿੱਚ ਵੜ ਕੇ ਛੱਬੀ ਸਾਲ ਤਪੱਸਿਆ ਕਰਦੇ ਰਹੇ। ਅਕਲ ਦਾ ਕੋਟ ਸਭ ਤੋਂ ਸਿਆਣਾ ਜੇ ਕੋਈ ਨਿਕਲਿਆ ਤਾਂ ਉਹ ਸੀ ਭਾਈ ਮੱਖਣ ਸ਼ਾਹ ਲੁਬਾਣਾ ਜੀ। ਜਿਸ ਨੇ ਕਿਰਪਾ ਕਰ ਕੇ ਸੁੱਖਣਾ ਸੁੱਖ ਕੇ, ਮੋਹਰਾਂ ਦੁਆਰਾ ਪਰਖ ਕਰ ਕੇ ”ਗੁਰੂ ਲੱਭ” ਲਿਆ। ਵਰਨਾ ਪੂਰੇ ਸਿੱਖ ਸਮਾਜ ਨੇ ਗੁਰੂ ਤੋਂ ਵਾਂਝੇ ਰਹਿ ਜਾਣਾ ਸੀ। ਬਕਾਲੇ ਵਿੱਚ ਬੈਠੇ ਬਾਈ ਪਾਖੰਡੀ ਗੁਰੂਆਂ ਨੇ ਆਪਣੀ ਦੁਕਾਨ ਚਲਾਈ ਰੱਖਣੀ ਸੀ। ਅਕਾਲ ਪੁਰਖ ਰਹਿਮਤ ਕਰਨ, ਸਿੱਖ ਲੇਖਕਾਂ-ਪ੍ਰਚਾਰਕਾਂ ਨੂੰ ਸੁਮੱਤ ਦੇਣ ਤਾਂ ਕਿ ਉਹ ਆਪਣੇ ਕੋਮਲ ਚਿਤ ਭੈਣ-ਭਰਾਵਾਂ ਨੂੰ ਗੁਰਮਤਿ ਤੋਂ ਉਲਟ ਕਹਾਣੀਆਂ ਨਾ ਪਰੋਸਦੇ ਰਹਿਣ। ਪੂਰੀ ਪਰਖ ਪੜਚੋਲ ਤੋਂ ਬਾਅਦ ਹੀ ਵਿਚਾਰ ਸੰਗਤਾਂ ਅੱਗੇ ਰੱਖਣ ਤਾਂ ਕਿ ਸਿੱਖ ਸਮਾਜ ਗਿਆਨਵਾਨ ਹੋ ਕੇ ਗੁਰਮਤਿ ਅਨੁਸਾਰੀ ਜੀਵਨ ਜਿਉਂ ਸਕੇ। ਆਪਣੇ ਪਰਉਪਕਾਰੀ ਗੁਰੂਆਂ ਦਾ ਯੋਗ ਸਤਿਕਾਰ ਬਹਾਲ ਕੀਤਾ ਜਾ ਸਕੇ।
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ£ ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ£
ਤਿਸਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ£  ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ£
ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ£ ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ£
ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ£ ਗੁਰਪ੍ਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ£   (519)

Sunday, 9 October 2011

ਗੁਰਮਤਿ ਦਾ ਚੌਰਾਸੀ ਲੱਖ ਜੂਨਾਂ ਬਾਰੇ ਦ੍ਰਿਸ਼ਟੀਕੋਣ

ਲਿਖਾਰੀ : ਜਸਬੀਰ ਸਿੰਘ ਵੈਨਕੂਵਰ


ਗੁਰਮਤਿ ਦਾ ਚੌਰਾਸੀ ਲੱਖ ਜੂਨਾਂ ਬਾਰੇ ਦ੍ਰਿਸ਼ਟੀਕੋਣ

ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਹਰੇਕ ਸਮੇਂ ਜਾਗਰੂਪ ਪੁਰਸ਼ਾਂ ਨੇ ਮਨੁੱਖਤਾ ਨੂੰ ਅਗਿਆਨਤਾ ਦੇ ਅੰਧੇਰੇ ਵਿਚੋਂ ਬਾਹਰ ਕਢਣ ਲਈ, ਪ੍ਰਚਲਤ ਮਾਨਤਾਵਾਂ/ਧਾਰਨਾਵਾਂ ਦੀ ਦ੍ਰਿਸ਼ਟਾਂਤ ਵਜੋਂ ਵਰਤੋਂ ਕੀਤੀ ਹੈ। ਚੂੰਕਿ ਇਸ ਤਰ੍ਹਾਂ ਹੀ ਜਨ ਸਾਧਾਰਨ ਪ੍ਰਾਣੀ ਨੂੰ ਆਸਾਨੀ ਨਾਲ ਸੱਚ ਦ੍ਰਿੜ ਕਰਵਾਇਆ ਅਥਵਾ ਆਪਣੀ ਗੱਲ ਨੂੰ ਪਹੁੰਚਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਆਦਿ ਵਲੋਂ ਇਹ ਢੰਗ ਅਪਣਾਇਆ ਗਿਆ ਹੈ। ਇਨ੍ਹਾਂ ਪ੍ਰਚਲਤ ਧਾਰਨਾਵਾਂ ਦੇ ਠੀਕ ਜਾਂ ਗ਼ਲਤ ਵਾਲੀ ਧਾਰਨਾ ਤੋਂ ਉਪਰ ਉੱਠ ਕੇ ਇਨ੍ਹਾਂ ਨੂੰ ਕੇਵਲ ਦ੍ਰਿਸ਼ਟਾਂਤ ਵਜੋਂ ਹੀ ਵਰਤਿਆ ਗਿਆ ਹੈ। ਇਨ੍ਹਾਂ ਪ੍ਰਚਲਤ ਧਾਰਨਾਵਾਂ ਦੀ ਵਰਤੋਂ ਆਪਣੀ ਗੱਲ ਆਮ ਮਨੁੱਖ ਤਕ ਪਹੁੰਚਾਉਣ ਦੇ ਖ਼ਿਆਲ ਨਾਲ ਹੀ ਕੀਤੀ ਗਈ ਹੈ ਨਾ ਕਿ ਇਨ੍ਹਾਂ ਦੇ ਸੱਚੇ ਹੋਣ ਦੀ ਪੁਸ਼ਟੀ ਵਜੋਂ। ਹਾਂ, ਸਤਿਗੁਰੂ ਜੀ ਨੇ ਬਾਣੀ ਵਿੱਚ ਇਨ੍ਹਾਂ ਪ੍ਰਚਲਤ ਧਾਰਨਾਵਾਂ ਨੂੰ ਕਈ ਥਾਂਈਂ ਨਕਾਰ ਕੇ, ਪ੍ਰਭੂ ਦੇ ਬੇਅੰਤਤਾ ਦਾ ਬੋਧ ਕਰਾਉਣ ਵਾਲੀ ਜ਼ੁਮੇਵਾਰੀ ਨੂੰ ਨਿਭਾਉਣ ਦੇ ਫ਼ਰਜ਼ ਦੀ ਵੀ ਬਾਖ਼ੂਬੀ ਨਾਲ ਪਾਲਣਾ ਕੀਤੀ ਹੈ। ਇਸ ਸਬੰਧ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਕੇਵਲ ਦੋ ਉਦਾਹਰਣਾਂ ਹੀ ਦੇ ਰਹੇ ਹਾਂ।
ਗੁਰੂ ਸਾਹਿਬ ਜਦ ਜੀਵਾਂ ਦੀ ਉਤਪਤੀ ਦੀ ਗੱਲ ਕਰਦੇ ਹਨ ਤਾਂ ਆਪ ਚਾਰ ਖਾਣੀਆਂ ਦੀ ਹੀ ਗੱਲ ਕਰਦੇ ਹਨ। ਜਿਵੇਂ: ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥ (ਪੰਨਾ 6) ਅਰਥ: ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਚੂੰਕਿ ਹਿੰਦੂ ਅਤੇ ਜੈਨ ਆਦਿ ਧਰਮਾਂ ਵਿੱਚ ਉਤਪਤੀ ਦੇ ਚਾਰ ਵਸੀਲੇ ਹੀ ਮੰਨੇ ਗਏ ਸਨ: ‘ਅੰਡਜ’, ਅੰਡੇ ਤੋਂ ਪੈਦਾ ਹੋਣ ਜੀਵ; ‘ਜੇਰਜ’, ਜਿਓਰ ਤੋਂ ਪੈਦਾ ਹੋਣ ਵਾਲੇ; ‘ਸੇਤਜ’ ਮੁੜ੍ਹਕੇ ਤੋਂ ਅਤੇ ‘ਉਤਭੁਜ’, ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ। ਪਰ ਜਦ ਹਜ਼ੂਰ ਵਾਹਿਗੁਰੂ ਦੀ ਬੇਅੰਤਤਾ ਦੀ ਗੱਲ ਕਰਦੇ ਹਨ ਤਾਂ ਆਪ ਸਪਸ਼ਟ ਕਰਦੇ ਹਨ:
(ੳ) ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ (ਪੰਨਾ 7)
ਅਰਥ: (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ।
(ਅ) ਕਈ ਕੋਟਿ ਖਾਣੀ ਅਰੁ ਖੰਡ॥ (ਪੰਨਾ 276)
ਅਰਥ: ਕਈ ਕ੍ਰੋੜ ਖਾਣੀਆਂ ਅਤੇ ਖੰਡ ਹਨ।
(ੲ) ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ॥ (ਪੰਨਾ 456)
ਅਰਥ: ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ।
ਜਪੁਜੀ ਦੀ 22ਵੀਂ ਪਉੜੀ ਦੀਆਂ ਪੰਜ ਪੰਗਤੀਆਂ ਹਨ; ਇਨ੍ਹਾਂ ਪੰਜਾਂ ਤੁਕਾਂ ਵਿਚੋਂ ਮਹਾਰਾਜ ਪਹਿਲੀਆਂ ਦੋ ਪੰਗਤੀਆਂ ਵਿੱਚ ਵੇਦਾਂ ਦਾ ਜੋ ਮਤ ਹੈ, ਉਸ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਹਨ ਕਿ: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ॥ ਅਰਥ: (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)”।
ਅਗਲੀ ਪੰਗਤੀ ਵਿੱਚ ਗੁਰਦੇਵ ਪਛਮੀ ਮਤਾਂ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਆਖਦੇ ਹਨ: ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥ ਅਰਥ: (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ”।
ਇਸ ਤੋਂ ਅਗਲੀਆਂ/ਅੰਤਲੀਆਂ ਪੰਗਤੀਆਂ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਮਤ ਪ੍ਰਗਟ ਕਰਦਿਆਂ ਫ਼ਰਮਾਉਂਦੇ ਹਨ:
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥
ਅਰਥ: (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)। ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ `ਚਾਰ ਖਾਣੀਆਂ’ ਜਾਂ ਲੱਖਾਂ ਆਕਾਸ਼ਾਂ ਪਾਤਾਲਾਂ ਅਤੇ ਅਠਾਰਾਂ ਹਜ਼ਾਰ ਆਲਮਾਂ ਬਾਰੇ ਪੜ੍ਹ ਕੇ ਜੇਕਰ ਕੋਈ ਸੱਜਣ ਇਹ ਆਖਣ ਲੱਗ ਪਵੇ ਕਿ ਗੁਰੂ ਸਾਹਿਬ ਦਾ ਇਹ ਮਤ ਹੈ, ਤਾਂ ਅਜਿਹਾ ਸੱਜਣ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਕਿੰਨਾ ਕੁ ਨਿਆਂ ਕਰ ਰਿਹਾ ਹੋਵੇਗਾ?
ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਚੌਰਾਸੀ ਲੱਖ ਜੂਨੀਆਂ ਦਾ ਵੀ ਕਈ ਥਾਈਂ ਵਰਣਨ ਕੀਤਾ ਗਿਆ ਹੈ।
ਜਿਵੇਂ: ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ॥ (ਪੰਨਾ 27)
ਅਰਥ: ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਪ੍ਰਚਲਤ ਧਾਰਨਾ ਦਾ ਵਰਣਨ ਕਰਦਿਆਂ ਲਿਖਿਆ ਹੈ, “ਹਿੰਦੂ ਮਤ ਦੇ ਪ੍ਰਾਚੀਨ ਵਿਦਵਾਨਾਂ ਅਨੁਸਾਰ: ਨੌ ਲੱਖ ਜਲਵਾਸੀ, ਦਸ ਲੱਖ ਪੌਣ ਵਿੱਚ ਉਡਣ ਵਾਲੇ ਪੰਛੀ, ਬੀਸ ਲੱਖ ਇਸਥਿਤ ਰਹਿਣ ਵਾਲੇ ਬਿਰਛ ਆਦਿ, ਗਿਆਰਾਂ ਲੱਖ ਪੇਟ ਬਲ ਚਲਣ ਵਾਲੇ ਸਰਪ ਕ੍ਰਿਮਿ ਆਦਿ, ਤੀਸ ਲੱਖ ਚੌਪਾਏ ਅਤੇ ਚਾਰ ਲੱਖ ਮਨੁੱਖ ਜਾਤਿ ਦੇ ਜੀਵ ਹਨ, ਜਿਨ੍ਹਾਂ ਵਿੱਚ ਬਾਂਦਰ ਬਨਮਾਨੁਖ ਆਦਿ ਸਭ ਸ਼ਾਮਿਲ ਹਨ।
ਜੈਨੀਆਂ ਦੇ ਚੌਰਾਸੀ ਲੱਖ ਜੀਵਾਂ ਦੀ ਵੰਡ ਇਉਂ ਮੰਨੀ ਹੈ: 7 ਲੱਖ ਪ੍ਰਿਥਿਵੀ ਵਿਚ, 7 ਲੱਖ ਜਲ ਵਿਚ, 7 ਲੱਖ ਪੌਣ ਵਿਚ, 7 ਲੱਖ ਅਗਨਿ ਵਿਚ, 10 ਲੱਖ ਕੰਦ (ਗਾਜਰ ਮੂਲੀ ਆਦਿ) ਵਿਚ, 14 ਲੱਖ ਝਾੜੀ ਬਿਰਛ ਆਦਿ ਵਿਚ, 2 ਲੱਖ ਦੋ ਇੰਦ੍ਰੀਆਂ ਵਾਲੇ ਅਰਥਾਤ ਜੋ ਤੁਚਾ ਅਤੇ ਮੂੰਹ ਰੱਖਦੇ ਹਨ, 2 ਲੱਖ ਤਿੰਨ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ ਮੁਖ ਅਤੇ ਨੇਤ੍ਰ ਰਖਦੇ ਹਨ, 2 ਲੱਖ ਚਾਰ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ, ਮੁਖ, ਨੱਕ ਅਤੇ ਨੇਤ੍ਰ ਰਖਦੇ ਹਨ, 4 ਲੱਖ ਦੇਵਤਾ, ਜੋ ਸੁਰਗ ਵਿੱਚ ਰਹਿੰਦੇ ਹਨ, 4 ਲੱਖ ਨਰਕ ਦੇ ਜੀਵ, 14 ਲੱਖ ਮਨੁੱਖ ਜਾਤਿ, ਜੋ ਇੱਕ ਟੰਗੀਏ ਅਤੇ ਦੁਟੰਗੇ ਹਨ, 4 ਲੱਖ ਚੌਪਾਏ ਪਸ਼ੂ।”
ਕਈ ਗ੍ਰੰਥਾਂ ਵਿੱਚ 42 ਲੱਖ ਜਲ ਦੇ ਅਤੇ 42 ਲੱਖ ਖੁਸ਼ਕੀ ਦੇ ਜੀਵ ਮੰਨੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਆਪਣੇ ਆਸਾ ਰਾਗ ਵਿਚਲੇ ਸ਼ਬਦ ਵਿੱਚ 42 ਲੱਖ ਜੂਨੀਆਂ ਦਾ ਪਾਣੀ ਵਿੱਚ ਹੋਣ ਦੇ ਪ੍ਰਚਲਤ ਖ਼ਿਆਲ ਦਾ ਹੀ ਵਰਣਨ ਕਰਦਿਆਂ ਹੋਇਆਂ ਕਹਿੰਦੇ ਹਨ: ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥ (ਪੰਨਾ 485) ਅਰਥ: ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ) ਪਾਣੀ ਵਿੱਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ? ।
ਗੁਰਦੇਵ ਦਾ ਇਹ ਮੰਨਣਾ ਨਹੀਂ ਹੈ ਕਿ ਕਰਤੇ ਦੀ ਇਸ ਕੁਦਰਤ ਵਿੱਚ ਚੌਰਾਸੀ ਲੱਖ ਜੂਨੀਆਂ ਹੀ ਹਨ। ਗੁਰੂ ਸਾਹਿਬ ਨੇ ਪ੍ਰਭੂ ਦੀ ਇਸ ਬਹੁ –ਰੰਗੀ ਰਚਨਾ ਵਿੱਚ ਕੇਵਲ ਜੂਨੀਆਂ ਦੀ ਹੀ ਨਹੀਂ ਬਲਕਿ ਅਕਾਲ ਪੁਰਖ ਦੀ ਕਿਸੇ ਵੀ ਕ੍ਰਿਤ ਬਾਰੇ ਇਹ ਨਿਰਣਾਇਕ ਫ਼ੈਸਲਾ ਨਹੀਂ ਦਿੱਤਾ ਕਿ ਇਸ ਦੀ ਕਿਤਨੀ ਕੁ ਮਿਕਦਾਰ ਅਥਵਾ ਪਸਾਰਾ ਹੈ। ਸਤਿਗੁਰੂ ਦਾ ਤਾਂ ਕਥਨ ਹੈ:
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ॥ (ਪੰਨਾ 276)
ਅਰਥ: ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।
ਸਤਿਗੁਰੂ ਜੀ ਬਾਣੀ ਵਿੱਚ ਭਟਕਣਾ ਵਿੱਚ ਪੈ ਕੇ ਆਤਮਕਿ ਮੌਤ ਦਾ ਸ਼ਿਕਾਰ ਹੋ, ਆਤਮਕ ਸਰਮਾਇਆ ਲੁਟਾਉਣ ਵਾਲੇ ਪ੍ਰਾਣੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਤੈਨੂੰ ਕ੍ਰੋੜਾਂ ਜੂਨਾਂ ਵਿੱਚ ਪੈਣਾ ਭਟਕਣਾ ਪਵੇਗਾ:
ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ॥ (848)
ਅਰਥ: ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ।
ਗੁਰਦੇਵ ਇੱਥੇ ਚੌਰਾਸੀ ਲੱਖ ਜੂਨਾਂ ਦਾ ਨਹੀਂ ਬਲਕਿ ਕਰੋੜਾਂ ਜੂਨੀਆਂ ਦਾ ਜ਼ਿਕਰ ਕਰਦੇ ਹਨ। ਧਿਆਨ ਰਹੇ ਸਤਿਗੁਰੂ ਕਰੋੜਾਂ ਸ਼ਬਦ ਦੀ ਵਰਤੋਂ ਕਰ ਰਹੇ ਹਨ; ਇਹ ਨਹੀਂ ਆਖ ਰਹੇ ਕਿ ਇਤਨੇ ਕਰੋੜ। ਚੂੰਕਿ ਸਤਿਗੁਰੂ ਜੀ ਅਨੁਸਾਰ ਅਜਿਹਾ ਉਸ ਕਰਤੇ ਦੀ ਕੁਦਰਤ ਦੇ ਕਿਸੇ ਵੀ ਰੂਪ ਨੂੰ ਨਾਪਿਆ ਜਾਂ ਤੋਲਿਆ ਨਹੀਂ ਜਾ ਸਕਦਾ ਹੈ; ਉਸ ਦੀ ਗਿਣਤੀ ਮਿਣਤੀ ਸੰਭਵ ਨਹੀਂ ਹੈ।
ਅੰਤ ਵਿੱਚ ਪਾਠਕਾਂ ਦਾ ਧਿਆਨ ਨਿਮਨ ਲਿਖਤ ਸ਼ਬਦ ਵਲ ਦਿਵਾਇਆ ਜਾ ਰਿਹਾ ਹੈ, ਜਿਸ ਵਿੱਚ ਸਤਿਗੁਰੂ ਜੀ ਵਾਹਿਗੁਰੂ ਦੀ ਬੇਅੰਤਤਾ ਦਾ ਜ਼ਿਕਰ ਕਰਦਿਆਂ ਅਨੇਕਾਂ ਪ੍ਰਚਲਤ ਧਾਰਨਾਵਾਂ ਨੂੰ ਨਕਾਰਦਿਆਂ ਹੋਇਆਂ ਆਪਣਾ ਦ੍ਰਿਸ਼ਟੀਕੋਣ ਜ਼ਾਹਰ ਕਰਦੇ ਹਨ:
ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥ 1॥ ਐਸੋ ਧਣੀ ਗੁਵਿੰਦੁ ਹਮਾਰਾ॥ ਬਰਨਿ ਨ ਸਾਕਉ ਗੁਣ ਬਿਸਥਾਰਾ॥ 1॥ ਰਹਾਉ॥ ਕੋਟਿ ਮਾਇਆ ਜਾ ਕੈ ਸੇਵਕਾਇ॥ ਕੋਟਿ ਜੀਅ ਜਾ ਕੀ ਸਿਹਜਾਇ॥ ਕੋਟਿ ਉਪਾਰਜਨਾ ਤੇਰੈ ਅੰਗਿ॥ ਕੋਟਿ ਭਗਤ ਬਸਤ ਹਰਿ ਸੰਗਿ॥ 2॥ ਕੋਟਿ ਛਤ੍ਰਪਤਿ ਕਰਤ ਨਮਸਕਾਰ॥ ਕੋਟਿ ਇੰਦ੍ਰ ਠਾਢੇ ਹੈ ਦੁਆਰ॥ ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ ਕੋਟਿ ਨਾਮ ਜਾ ਕੀ ਕੀਮਤਿ ਨਾਹਿ॥ 3॥ ਕੋਟਿ ਪੂਰੀਅਤ ਹੈ ਜਾ ਕੈ ਨਾਦ॥ ਕੋਟਿ ਅਖਾਰੇ ਚਲਿਤ ਬਿਸਮਾਦ॥ ਕੋਟਿ ਸਕਤਿ ਸਿਵ ਆਗਿਆਕਾਰ॥ ਕੋਟਿ ਜੀਅ ਦੇਵੈ ਆਧਾਰ॥ 4॥ ਕੋਟਿ ਤੀਰਥ ਜਾ ਕੇ ਚਰਨ ਮਝਾਰ॥ ਕੋਟਿ ਪਵਿਤ੍ਰ ਜਪਤ ਨਾਮ ਚਾਰ॥ ਕੋਟਿ ਪੂਜਾਰੀ ਕਰਤੇ ਪੂਜਾ॥ ਕੋਟਿ ਬਿਸਥਾਰਨੁ ਅਵਰੁ ਨ ਦੂਜਾ॥ 5॥ ਕੋਟਿ ਮਹਿਮਾ ਜਾ ਕੀ ਨਿਰਮਲ ਹੰਸ॥ ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ॥ ਕੋਟਿ ਪਰਲਉ ਓਪਤਿ ਨਿਮਖ ਮਾਹਿ॥ ਕੋਟਿ ਗੁਣਾ ਤੇਰੇ ਗਣੇ ਨ ਜਾਹਿ॥ 6॥ ਕੋਟਿ ਗਿਆਨੀ ਕਥਹਿ ਗਿਆਨੁ॥ ਕੋਟਿ ਧਿਆਨੀ ਧਰਤ ਧਿਆਨੁ॥ ਕੋਟਿ ਤਪੀਸਰ ਤਪ ਹੀ ਕਰਤੇ॥ ਕੋਟਿ ਮੁਨੀਸਰ ਮ+ਨਿ ਮਹਿ ਰਹਤੇ॥ 7॥ ਅਵਿਗਤ ਨਾਥੁ ਅਗੋਚਰ ਸੁਆਮੀ॥ ਪੂਰਿ ਰਹਿਆ ਘਟ ਅੰਤਰਜਾਮੀ॥ ਜਤ ਕਤ ਦੇਖਉ ਤੇਰਾ ਵਾਸਾ॥ ਨਾਨਕ ਕਉ ਗੁਰਿ ਕੀਓ ਪ੍ਰਗਾਸਾ॥ 8॥ (ਪੰਨਾ 1156)
ਅਰਥ: ਹੇ ਭਾਈ! ਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ। 1. ਰਹਾਉ।
ਹੇ ਭਾਈ! (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿੱਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ। 1.
ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ ਘਰ ਵਿੱਚ ਦਾਸੀਆਂ ਹਨ, ਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ। ਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ ਤੇਰੇ ਆਪੇ ਵਿੱਚ ਸਮਾ ਜਾਂਦੀਆਂ ਹਨ। ਹੇ ਭਾਈ! ਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿੱਚ ਵੱਸਦੇ ਹਨ। 2.
ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਂਦੇ ਹਨ, ਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ, ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿੱਚ ਹਨ, ਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ। 3.
ਹੇ ਭਾਈ! (ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ) ਨਾਦ ਪੂਰੇ (ਵਜਾਏ) ਜਾਂਦੇ ਹਨ, ਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ ਹੈਰਾਨ ਕਰਨ ਵਾਲੇ ਹਨ। ਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿੱਚ ਤੁਰਨ ਵਾਲੇ ਹਨ। ਹੇ ਭਾਈ! ਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ। 4.
ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ ਚਰਨਾਂ ਵਿੱਚ ਹਨ (ਉਸ ਦੇ ਚਰਨਾਂ ਵਿੱਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ), ਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ, ਕ੍ਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ, ਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ। 5.
ਹੇ ਭਾਈ! (ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ, ਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ ਕਰ ਰਹੇ ਹਨ, ਉਹ ਗੋਬਿੰਦ ਅੱਖ ਦੇ ਇੱਕ ਫੋਰ ਵਿੱਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ ਰਹਿੰਦਾ) ਹੈ। ਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ ਸਕਦੇ। 6.
ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ, ਸਮਾਧੀਆਂ ਲਾਣ ਵਾਲੇ ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤਿ ਜੋੜੀ ਰੱਖਦੇ ਹਨ, (ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ, ਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ। 7.
ਹੇ ਭਾਈ! ਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿੱਚ ਮੌਜੂਦ ਹੈ। ਹੇ ਪ੍ਰਭੂ! (ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ ਹੈ ਕਿ ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ। 8
ਸਮੇਂ ਦੇ ਗੇੜ ਨਾਲ ਕਈ ਜੀਵਾਂ ਦੀ ਹੋਂਦ ਦਾ ਅੱਜ ਨਾਮੋ ਨਿਸ਼ਾਨ ਨਹੀਂ ਦਿਖਾਈ ਨਹੀਂ ਦੇਂਦਾ, ਕਈ ਨਵੀਆਂ ਪੈਦਾ ਹੋ ਰਹੀਆਂ ਹਨ। ਕਰਤੇ ਦੀ ਇਸ ਕੁਦਰਤ ਦਾ ਭੇਦ ਉਹ ਕਰਤਾ ਆਪ ਹੀ ਜਾਣਦਾ ਹੈ।
ਸੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਵੇਂ ਕਈ ਥਾਈਂ ਚੌਰਾਸੀ ਲੱਖ ਜੂਨਾਂ ਦਾ ਵਰਣਨ ਕੀਤਾ ਗਿਆ ਹੈ ਪਰੰਤੂ ਇਸ ਵਰਣਨ ਤੋਂ ਇਹ ਹਰਗ਼ਿਜ਼ ਭਾਵ ਨਹੀਂ ਲਿਆ ਜਾ ਸਕਦਾ ਕਿ ਗੁਰੂ ਸਾਹਿਬ ਨੇ ਜੂਨੀਆਂ ਦੀ ਇਸ ਪ੍ਰਚਲਤ ਧਾਰਨਾ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। ਮਹਾਰਾਜ ਨੇ ਅਕਾਲ ਪੁਰਖ ਦੀ ਕਿਸੇ ਵੀ ਕ੍ਰਿਤ ਬਾਰੇ ਇਹ ਰਾਏ ਪ੍ਰਗਟ ਨਹੀਂ ਕੀਤੀ ਕਿ ਉਸ ਦੀ ਇਤਨੀ ਕੁ ਗਿਣਤੀ ਮਿਣਤੀ ਹੈ। ਇਸ ਲਈ ਚੌਰਾਸੀ ਲੱਖ ਜੂਨਾਂ ਤੋਂ ਭਾਵ ਬੇਅੰਤ ਜੂਨਾਂ ਤੋਂ ਹੀ ਸਮਝਣਾ ਚਾਹੀਦਾ ਹੈ।

ਲਿਖਾਰੀ : ਜਸਬੀਰ ਸਿੰਘ ਵੈਨਕੂਵਰ

Tuesday, 4 October 2011

ਸਹਿਜਧਾਰੀ ਸਿੱਖ ਮਸਲਾ ਕੀ ਸਿੱਖ ਹੋਣ ਲਈ ਕੇਸ ਰੱਖਣੇ ਜ਼ਰੂਰੀ ਹਨ ?

ਸਿੱਖ, ਸਿੰਘ, ਖਾਲਸਾ ਅਤੇ ਸਹਿਜਧਾਰੀ ਸਿੱਖ

‘ਸਹਿਜਧਾਰੀ ਸਿੱਖ’ ਦਾ ਮਸਲਾ ਅੱਜ ਕਲ ਫੇਰ ਸੁਰਖੀਆਂ ਵਿਚ ਹੈ। ਇਸ ਮਸਲੇ ਦੇ ਮੌਜੂਦਾ ਸਮੇਂ ਚਰਚਾ ਵਿਚ ਆਉਣ ਦਾ ਕਾਰਨ ‘ਸਹਿਜਧਾਰੀ ਸਿੱਖ ਫੈਡਰੇਸ਼ਨ’ ਵਲੋਂ ਅਦਾਲਤ ਵਿਚ ਦਾਇਰ ਕੀਤੇ ਇਕ ਮੁਕੱਦਮੇ ਸੰਬੰਧੀ ਆਇਆ ਇਕ ਫੈਸਲਾ ਹੈ। ਅੱਜ ਅਸੀਂ ਇਸ ਲੇਖ ਵਿਚ ਮਸਲੇ ਦੀ ਤਹਿ ਵਿਚ ਪਹੁੰਚਣ ਲਈ ਗੁਰਮਤਿ, ਇਤਿਹਾਸ ਤੱਥਾਂ ਅਤੇ ਦਲੀਲ ਆਧਾਰਿਤ ਸੁਹਿਰਦ ਵਿਚਾਰ ਕਰਾਂਗੇ। ਸਹਿਜਧਾਰੀ ਫੈਡਰੇਸ਼ਨ ਦੇ ਦਾਅਵਿਆਂ ਦੀ ਪੜਚੋਲ ਵੀ ਕਰਨ ਦਾ ਨਿਮਾਣਾ ਯਤਨ ਕਰਾਂਗੇ।

ਇਹ ਇਕ ਸਰਬ ਪ੍ਰਵਾਣਿਤ ਤੱਥ ਹੈ ਕਿ ਨਾਨਕ ਪਾਤਸ਼ਾਹ ਜੀ ਨੇ 15ਵੀਂ ਸਦੀ ਦੇ ਮਗਰਲੇ ਸਮੇਂ ਵਿਚ ਇਕ ਇਨਕਲਾਬ ਦੀ ਸ਼ੁਰੂਆਤ ਕੀਤੀ, ਜਿਸ ਨੇ ਧਰਮ ਦੇ ਨਾਂ ’ਤੇ ਫੈਲਾਏ ਗਏ ਕਰਮਕਾਂਡਾਂ, ਅੰਧਵਿਸ਼ਵਾਸਾਂ, ਵਿਤਕਰਿਆਂ ਨੂੰ ਸਮਾਪਤ ਕਰ ਕੇ, ਸਿਰਫ ਅਮਲੀ ਤੌਰ ’ਤੇ ਨਿਰਮਲ ਜੀਵਨ ਜਾਚ ਦਾ ਧਾਰਨੀ ਹੋਣ ਦਾ ਹੌਕਾ ਦੇਣਾ ਸ਼ੁਰੂ ਕੀਤਾ। ਬਾਬਾ ਨਾਨਕ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਵਿਚ ਦੂਰ-ਦੂਰਾਡੇ ਤੱਕ ਪਹੁੰਚ ਕੇ ‘ਗਿਆਨ ਖੜਗ’ ਰਾਹੀਂ ਪੁਜਾਰੀਆਂ ਵਲੋਂ ਫੈਲਾਈ ਭਰਮਾਂ ਦੀ ਫਾਹੀ ਵੱਢਦਿਆਂ ਧਰਮ ਦੇ ਸਹੀ ਅਰਥਾਂ ਦੀ ਸੋਝੀ ਲੋਕਾਈ ਨੂੰ ਦਿੱਤੀ। ਪਿਛਲੇ ਮਤਾਂ ਦੇ ਰਹਿਬਰਾਂ ਦੇ ਮੂਲ ਉਪਦੇਸ਼ਾਂ ਨੂੰ ਪੁਜਾਰੀ ਸ਼੍ਰੇਣੀ ਵਲੋਂ ਸਮੇਂ ਨਾਲ ਮਿਲਗੋਭਾ ਕਰ ਦੇਣ ਦੇ ਭਾਣੇ ਤੋਂ ਸੁਚੇਤ ਇਸ ਰਹਿਬਰ ਨੇ ਆਪਣੀ ਰਚਨਾ ਨਾਲ-ਨਾਲ ਲਿੱਖ ਕੇ ਸਾਂਭਣੀ ਜਾਰੀ ਰੱਖੀ। ਨਾਲ ਹੀ ‘ਸੱਚ ਦੇ ਗਿਆਨ’ ਨਾਲ ਜੋੜਦੀਆਂ ਹੋਰ ਕੁਝ ਮਹਾਂਪੁਰਖਾਂ ਦੀਆਂ ਰਚਨਾਵਾਂ ਨੂੰ ਵੀ ਸਾਂਭਿਆ। ਗੁਰਮਤਿ ਇਨਕਲਾਬ ਨੂੰ ਪੱਕੇ ਪੈਰੀਂ ਕਰਨ ਦੇ ਮਕਸਦ ਨਾਲ ਬਾਬਾ ਨਾਨਕ ਜੀ ਨੇ ਆਪਣੇ ਸ਼ਰੀਰਕ ਸਫਰ ਦੇ ਅੰਤਲੇ ਸਮੇਂ ਵਿਚ ਇਸ ਇਨਕਲਾਬ ਦੀ ਅਗਵਾਈ ਦੀ ਜਿੰਮੇਵਾਰੀ ਅੰਗਦ ਪਾਤਸ਼ਾਹ ਜੀ ਨੂੰ ਸੌਂਪ ਦਿੱਤੀ। ਸਮੇਂ ਨਾਲ ਨਾਨਕ ਸਰੂਪਾਂ ਨੇ ‘ਗੁਰਬਾਣੀ’ ਪੋਥੀਆਂ ਦੇ ਰੂਪ ਵਿਚ ਸਾਂਭਣੀ ਜਾਰੀ ਰੱਖੀ। ਪੰਜਵੇਂ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਇਕ ਗ੍ਰੰਥ ਦੇ ਰੂਪ ਵਿਚ ਸੰਪਾਦਿਤ ਕਰ ਦਿੱਤਾ। ਦਸਵੇਂ ਪਾਤਸ਼ਾਹ ਜੀ ਨੇ ਇਸ ਗ੍ਰੰਥ ਵਿਚ, ਤਰਤੀਬ ਅਨੁਸਾਰ, ਨੌਵੇਂ ਪਾਤਸ਼ਾਹ ਜੀ ਦੀ ਬਾਣੀ ਚੜ੍ਹਾ ਕੇ ਇਸ ਗ੍ਰੰਥ ਨੂੰ ਸੰਪੂਰਨ ਕੀਤਾ। ਆਪਣੇ ਜੀਵਨ ਦੇ ਅੰਤਲੇ ਸਮੇਂ ਵਿਚ ਦਸਵੇਂ ਪਾਤਸ਼ਾਹ ਜੀ ਨੇ ‘ਇਕ ਪੁਰਖੀ ਸ਼ਖਸੀ ਅਗਵਾਈ’ ਨੂੰ ਸਮੇਟਦੇ ਹੋਏ, ਪੰਥਕ ਕਾਫਿਲੇ ਨੂੰ ਪੱਕੇ ਤੌਰ ’ਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਗਵਾਈ ਹੇਠ/ਤਾਬਿਆਂ ਕਰ ਦਿੱਤਾ। ਵੈਸੇ ਵਿਚਾਰਕ ਤੌਰ ’ਤੇ ਇਹ ਕਾਫਿਲਾ ਪਹਿਲੇ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ‘ਸੱਚ ਦੇ ਗਿਆਨ’ ਦੀ ਅਗਵਾਈ ਵਿਚ ਤੋਰਿਆ ਜਾ ਰਿਹਾ ਸੀ।

ਗੁਰਮਤਿ ਇਨਕਲਾਬ ਦੇ ਇਸ ਸ਼ੁਰੂਆਤੀ ਦੌਰ ਦੇ ਲਗਭਗ 240 ਸਾਲਾਂ ਦੇ ਸਫਰ ਵਿਚ ਵਿਕਾਸ ਦੇ ਕਈਂ ਪੜਾਅ ਆਏ। ਸਮੇਂ ਨਾਲ ਇਸ ‘ਇਨਕਲਾਬ’ ਦੇ ਪੈਰੋਕਾਰਾਂ ਲਈ ਗੁਰਮੁਖ, ਸਿੱਖ, ਜਨ, ਖਾਲਸਾ, ਸਿੰਘ ਆਦਿ ਲਕਬ ਵਰਤੇ ਜਾਣ ਲਗ ਪਏ। ਪਰ ਸਿੱਖ, ਸਿੰਘ ਅਤੇ ਖਾਲਸਾ ਹੀ ਬਹੁਤ ਜ਼ਿਆਦਾ ਪ੍ਰਚਲਿਤ ਹੋਏ। ਬਿਖੜੇ ਹਾਲਾਤਾਂ ਕਾਰਨ ਸਮੇਂ ਨਾਲ ਗੁਰਮਤਿ ਫਲਸਫੇ ਦੇ ਪ੍ਰਕਾਸ਼ ਨੂੰ ਵਿਰੋਧੀ ਤਾਕਤਾਂ ਵਲੋਂ ਧੁੰਧਲਾ ਕਰਨ ਦੇ ਯਤਨ ਵੀ ਹੁੰਦੇ ਰਹੇ, ਜੋ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਨਤੀਜਤਨ ਕਈ ਪੱਖਾਂ ਦੀ ਵਿਆਖਿਆ ਅਤੇ ਵਿਹਾਰ ਵਿਚ ਇਕ ਭੰਬਲਭੂਸੇ, ਆਪਾ- ਵਿਰੋਧ ਦੀ ਸਥਿਤੀ ਵੀ ਪੈਦਾ ਹੋ ਗਈ।

ਇਹ ਵੀ ਇਕ ਸਰਬ ਪ੍ਰਵਾਣਿਤ ਤੱਥ ਹੈ ਕਿ ਗੁਰਮਤਿ ਦੀ ਫਿਲਾਸਫੀ ਕਿਸੇ ਇਕ ਖਿੱਤਾ ਵਿਸ਼ੇਸ਼ ਜਾਂ ਫਿਰਕੇ ਵਿਸ਼ੇਸ਼ ’ਤੇ ਹੀ ਲਾਗੂ ਨਹੀਂ ਹੁੰਦੀ, ਬਲਕਿ ਸਮੁੱਚੀ ਮਨੁੱਖਤਾ ਲਈ ਇਕਸਾਰ ਹੈ। ਗੁਰਮਤਿ ਦੀ ਰੋਸ਼ਨੀ ਵਿਚ ਜੇ ਸੁਹਿਰਦਤਾ, ਨਿਰਪੱਖਤਾ ਅਤੇ ਦਲੀਲ ਨਾਲ ਵਿਚਾਰ ਕਰੀਏ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਿੱਖ ਕੌਮ ਦੇ ਕਾਫਲੇ ਵਿਚ ਹਮੇਸ਼ਾਂ ਦੋ ਤਰਾਂ ਦੇ ਮੈਂਬਰ ਰਹੇ ਹਨ। ਇਕ ਸਧਾਰਨ (Normal) ਅਤੇ ਇਕ ਇਨਕਲਾਬ ਨੂੰ ਸਮਰਪਿਤ (Dedicated)1699 ਦੀ ਵੈਸਾਖੀ ਵੇਲੇ ਦਸ਼ਮੇਸ਼ ਪਾਤਸ਼ਾਹ ਜੀ ਵਲੋਂ ਕੀਤਾ ‘ਖੰਡੇ ਦੀ ਪਾਹੁਲ’ (ਸਮੇਂ ਨਾਲ ਇਸ ਦਾ ਨਾਂ ‘ਅੰਮ੍ਰਿਤ-ਪਾਨ’ ਪ੍ਰਚਲਿਤ ਕਰ ਦਿੱਤਾ ਗਿਆ) ਵਾਲਾ ਕੌਤਕ ਅਸਲ ਵਿਚ ਇਸ ਸਮਰਪਿਤ ਸ਼੍ਰੇਣੀ ਨੂੰ ਸਾਹਮਣੇ ਲਿਆਉਣ ਲਈ ਇਕ ਪਰਚਾ (Test) ਹੀ ਸੀ। ਉਸ ਉਪਰੰਤ ਸਮਰਪਿਤ ਸ਼੍ਰੇਣੀ ਦੀ ਪਹਿਚਾਣ ਲਈ ‘ਖੰਡੇ ਦੀ ਪਾਹੁਲ’ ਦੀ ਰਸਮ ਤੌਰ ਦਿੱਤੀ ਗਈ। ਪਹਿਲੀ ਸ਼੍ਰੇਣੀ ‘ਸਿੱਖ’ ਅਤੇ ਦੂਜੀ ਸ਼੍ਰੇਣੀ ‘ਖਾਲਸਾ’ ਦੇ ਨਾਂ ਨਾਲ ਮਸ਼ਹੂਰ ਹੋ ਗਈ।

ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਇਸ ਪਹਿਚਾਣ ਦਾ ਭਾਵ ਆਪਸ ਵਿਚ ਭੇਦ ਭਾਵ ਪੈਦਾ ਕਰਨਾ ਜਾਂ ਕਿਸੇ ਸ਼੍ਰੇਣੀ ਨੂੰ ਉੱਚਾ ਜਾਂ ਨੀਵਾਂ ਦਰਸਾਉਣਾ ਕਦੇ ਨਹੀਂ ਸੀ। ਦੂਜਾ ਅਹਿਮ ਨੁਕਤਾ ਇਹ ਸੀ ਕਿ ਜੀਵਨ ਜਾਚ ਦੀਆਂ ਸੇਧਾਂ ਪੱਖੋਂ ਦੋਹਾਂ ਸ਼੍ਰੇਣੀਆਂ ਵਿਚ ਬਿਲਕੁਲ ਵੀ ਫਰਕ ਨਹੀਂ ਸੀ। ਇਹ ਅਤਿ ਪਤਲਾ ਜਿਹਾ ਪਰਦਾ ਸਿਰਫ ਤੇ ਸਿਰਫ ਗੁਰਮਤਿ ਇਨਕਲਾਬ ਨੂੰ ਕਾਮਯਾਬ ਬਣਾਉਣ ਅਤੇ ਅੱਗੇ ਪ੍ਰਚਾਰਨ ਲਈ ਸਮਰਪਿਤ ਲੋਕਾਂ ਦੀ ਇਕ ਆਮ ਪਹਿਚਾਣ ਰੱਖਣ ਦਾ ਉਪਰਾਲਾ ਮਾਤਰ ਸੀ।

ਪਰ ਸਮੇਂ ਨਾਲ ਪੰਥ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਅਤੇ ਕੌਮ ਦੀ ਚੰਗੇ ਸਮੇਂ ਆਉਣ ’ਤੇ ਵੀ ਅਣਗਹਿਲੀ ਕਾਰਨ, ਸਿੱਖ ਸਮਾਜ ਦੀ ਜੀਵਨ ਜਾਚ ਵਿਚੋਂ ਗੁਰਮਤਿ ਦੀ ਖੁਸ਼ਬੂ ਘੱਟ ਹੋਣੀ ਲਗੀ। ਸਿਧਾਂਤਕ ਪੱਖੋਂ ਗੁਰਮਤਿ ਫਲਸਫੇ ਦੀ ਸਮਝ ’ਤੇ ਵੀ ਧੁੰਧਲਾਪਨ ਛਾਂਦਾ ਰਿਹਾ। ਇਸੇ ਦੌਰ ਵਿਚ ‘ਖੰਡੇ ਦੀ ਪਾਹੁਲ’ ‘ਅੰਮ੍ਰਿਤ’ ਬਣਾ ਕੇ ਪੇਸ਼ ਕਰ ਦਿੱਤੀ ਗਈ। ‘ਪਾਹੁਲਧਾਰੀਆਂ’ ਲਈ ਵੱਖਰੀ ਰਹਿਤ ਪ੍ਰਚਾਰੀ ਜਾਣ ਲੱਗ ਪਈ। ‘ਗੈਰ-ਪਾਹੁਲਧਾਰੀਆਂ’ ਨੂੰ ਨੀਵਾਂ ਸਮਝਿਆ ਜਾਣ ਲੱਗ ਪਿਆ ਅਤੇ ‘ਪਾਹੁਲਧਾਰੀਆਂ’ ਨੂੰ ਉੱਚਾ-ਸੁੱਚਾ। ‘ਅੰਮ੍ਰਿਤ-ਪਾਨ’ ਨੂੰ ਮੁਕਤੀ ਦਾ ਸਾਧਨ ਜਾਂ ਪਵਿੱਤਰਤਾ ਦਾ ਇਕ ਸਰਟੀਫਿਕੇਟ ਮੰਨਿਆ ਜਾਣ ਲੱਗ ਪਿਆ। ਇਸੇ ਧੁੰਧਲਕੇ ਵਿਚ ਇਹ ਗਲਤ ਵਿਚਾਰ ਵੀ ਫੈਲ ਗਿਆ ਕਿ ਚੰਗੀ ਜੀਵਨ ਜਾਚ ਸਿਰਫ ‘ਪਾਹੁਲਧਾਰੀਆਂ’ ਲਈ ਜ਼ਰੂਰੀ ਹੈ, ‘ਗੈਰ-ਪਾਹੁਲਧਾਰੀ’ ਸਿੱਖ ਸਿਧਾਂਤਕ ਪੱਖੋਂ ਢਿੱਲੇ ਵੀ ਹੋਣ ਤਾਂ ਕੋਈ ਹਰਜ਼ ਨਹੀਂ।

ਇਸੇ ਧੁੰਧਲਕੇ ਦੇ ਇਕ ਦੌਰ ਵਿਚ ਗਲਤੀ ਜਾਂ ਸਾਜਿਸ਼ ਨਾਲ ਉਨ੍ਹਾਂ ਲੋਕਾਂ ਨਾਲ ‘ਸਹਿਜਧਾਰੀ ਸਿੱਖ’ ਵਿਸ਼ੇਸ਼ਣ ਵਰਤ ਕੇ ਪ੍ਰਚਲਿਤ ਕਰ ਦਿੱਤਾ ਗਿਆ, ਜਿਨ੍ਹਾਂ ਦੀ ਨਾਨਕ ਸਰੂਪਾਂ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਸ਼ਰਧਾ’ ਤਾਂ ਸੀ, ਪਰ ਉਨ੍ਹਾਂ ਦੇ ਬਖਸ਼ੇ ਗਿਆਨ ਨੂੰ ਅਪਨਾਉਣ ਵਿਚ ਉਨ੍ਹਾਂ ਦੀ ਕੋਈ ਖਾਸ ਰੂਚੀ ਨਹੀਂ ਸੀ। ਸਿੰਧੀ ਭਾਈਚਾਰਾ ਇਸ ਦੀ ਬਹੁਤ ਵਧੀਆ ਮਿਸਾਲ ਹੈ। ਬੇਸ਼ਕ ਉਨ੍ਹਾਂ ਦੀ ‘ਸ਼ਰਧਾ’ ਤੇ ਕੋਈ ਦੋ-ਰਾਇ ਨਹੀਂ ਹੈ, ਪਰ ਅਮਲੀ ਤੌਰ ’ਤੇ ਉਹ ਗੁਰਮਤਿ ਦੇ ਮੁੱਡਲੇ ਸਿਧਾਂਤਾਂ ਤੋਂ ਮੁਨਕਰ ਹੋ ਕੇ ਮਿਲਗੋਭੀ ਜਿਹੀ ਜੀਵਨ ਜਾਚ ਅਪਨਾਈ ਬੈਠੇ ਸਨ/ਹਨ।

‘ਸਹਿਜ-ਧਾਰੀ’ ਲਫਜ਼ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖਿਆ ਜਾਵੇ ਤਾਂ ਇਹ ਇਕ ਬਹੁਤ ਉੱਚੀ ਅਵਸਥਾ ਦਾ ਲਖਾਇਕ ਹੈ। ਇਸ ਪ੍ਰਥਾਇ ਕੁਝ ਗੁਰਵਾਕ ਹਨ:
ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ (ਪੰਨਾ 44)
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥4॥ (ਪੰਨਾ 48)
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥3॥ (ਪੰਨਾ 58)
ਉਪਜੈ ਸਹਜੁ ਗਿਆਨ ਮਤਿ ਜਾਗੈ ॥ (ਪੰਨਾ 92)

ਹੁਕਮੈ ਅੰਦਰਿ ਸਭੁ ਕੋ ਮੰਨੈ ਹੁਕਮੁ ਸੋ ਸਹਿਜ ਸਮਾਵੈ॥ (ਭਾਈ ਗੁਰਦਾਸ ਜੀ)

ਇਤਿਹਾਸ ਦੇ ਸਫਰ ’ਤੇ ਨਜ਼ਰ ਮਾਰੀਏ ਤਾਂ ‘ਸਹਿਜਧਾਰੀ ਸਿੱਖ’ ਲਫਜ਼ ਪੁਰਾਤਨ ਸਿੱਖ ਇਤਿਹਾਸ ਵਿਚ ਕਿਧਰੇ ਵਿਰਲਾ ਹੀ ਮਿਲਦਾ ਹੋਵੇਗਾ। ਇਸ ਦਾ ਖਾਸ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੋਰਾਨ ਜਾਂ ਬਾਅਦ ਵਿਚ ਜ਼ਿਆਦਾ ਹੋਣਾ ਸ਼ੁਰੂ ਹੋਇਆ। ਉਸ ਸਮੇਂ ਤੱਕ ‘ਪਾਹੁਲਧਾਰੀ’ ਇਕ ‘ਵਿਸ਼ੇਸ਼ ਸਿੱਖ’ ਵਜੋਂ ਸਥਾਪਿਤ ਹੋ ਚੁੱਕੇ ਸਨ ਅਤੇ ਉਨ੍ਹਾਂ ਦਾ ਅਸਲ ਪੱਖ ਕਾਫੀ ਹਦ ਤੱਕ ਅਲੋਪ ਹੋ ਕੇ ‘ਬੰਦਿਸ਼ਾਂ ਵਾਲਾ ਸਿੱਖ’ ਦੇ ਤੌਰ ’ਤੇ ਅਕਸ ਬਣ ਚੁੱਕਿਆ ਸੀ। ਐਸੇ ਹੀ ਦੌਰ ਵਿਚ ‘ਅੰਮ੍ਰਿਤ-ਪਾਨ’ ਦੀ ਰਸਮ ਨੂੰ ਸਿੱਖੀ ਵਿਚ ‘ਦਾਖਲੇ ਦੀ ਰਸਮ’ ਵੀ ਮੰਨਿਆ ਅਤੇ ਪ੍ਰਚਾਰਿਆ ਜਾਣ ਲੱਗ ਪਿਆ। ‘ਸਿੰਘ ਸਭਾ ਲਹਿਰ’ ਅਤੇ ‘ਮਿਸ਼ਨਰੀ ਲਹਿਰ’ ਦੀ ਇਹ ਪ੍ਰਬਲ ਮਾਨਤਾ ਸੀ/ਹੈ। 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ‘ਸਿੰਘ ਸਭਾ ਲਹਿਰ’ ਜੋਰਾਂ ’ਤੇ ਸੀ। ਇਸੇ ਦੌਰ ਵਿਚ ‘ਗੈਰ-ਪਾਹੁਲਧਾਰੀ’ ਸਿੱਖਾਂ ਨੂੰ ‘ਸਹਿਜਧਾਰੀ ਸਿੱਖ’ ਕਿਹਾ ਜਾਣਾ ਜ਼ਿਆਦਾ ਪ੍ਰਚਲਿਤ ਹੋਇਆ। ਇਸੇ ਆਧਾਰ ’ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ‘ਸਹਿਜਧਾਰੀ ਸਿੱਖ’ ਦੀ ਪਰਿਭਾਸ਼ਾ ਦੇਂਦਿਆ ਦਰਜ ਕੀਤਾ: ‘ਜੋ ਕਿਰਪਾਨ ਅਤੇ ਕੱਛ’ ਦੀ ਰਹਿਤ ਨਹੀਂ ਰੱਖਦੇ।

ਵਿਚਲੇ ਸਮੇਂ ‘ਸਹਿਜਧਾਰੀ ਸਿੱਖ’ ਦੀ ਇਹ ਪਰਿਭਾਸ਼ਾ ਵੀ ਪੰਥਕ ਹਲਕਿਆਂ ਵਿਚ ਵਿਚਰਨ ਲੱਗ ਪਈ ਕਿ ਜਿਹੜਾ ਹੋਲੀ-ਹੋਲੀ ਸਿੱਖੀ ਅਪਨਾ ਰਿਹਾ ਹੈ। ਪਰ ਇਹ ਪਰਿਭਾਸ਼ਾ ਦਲੀਲ ਅਤੇ ਤੱਥਾਂ ਆਧਾਰਿਤ ਨਹੀਂ। ਦੁਨੀਆਂ ਦੇ ਕਿਸੇ ਵੀ ਮੱਤ ਵਿਚ ‘ਸਹਿਜਧਾਰੀ’ ਦਾ ਕੰਨਸੈਪਟ ਨਹੀਂ ਹੈ। ਕਿਧਰੇ ਵੀ ਤੁਹਾਨੂੰ ‘ਸਹਿਜਧਾਰੀ ਹਿੰਦੂ’, ‘ਸਹਿਜਧਾਰੀ ਮੁਸਲਿਮ’ ਜਾਂ ‘ਸਹਿਜਧਾਰੀ ਈਸਾਈ’ ਆਦਿ ਸੁਨਣ ਨੂੰ ਨਹੀਂ ਮਿਲੇਗਾ। ਫੇਰ ਸਿੱਖ ਮੱਤ ਦੇ ਸੰਬੰਧ ਵਿਚ ਇਹ ਦਲੀਲ ਕਿਵੇਂ ਜਾਇਜ਼ ਹੈ? ਕਈਂ ਮੁਸਲਿਮ ਪੀਰਾਂ ਦੀਆਂ ਮਜ਼ਾਰਾਂ ’ਤੇ ਅਨੇਕਾਂ ਹਿੰਦੂ ਸ਼ਰਧਾ ਨਾਲ ਜਾਂਦੇ ਹਨ। ਕੀ ਉਨ੍ਹਾਂ ਨੂੰ ‘ਸਹਿਜਧਾਰੀ ਮੁਸਲਿਮ’ ਮੰਨਿਆ ਜਾਂਦਾ ਹੈ?

ਗੁਰਮਤਿ ਫਿਲਾਸਫੀ ਸਮੁੱਚੀ ਮਨੁੱਖਤਾ ਲਈ ਹੈ। ਇਸ ਦਾ ਮਕਸਦ ਮਨੁੱਖ ਨੂੰ ‘ਸਚਿਆਰਾ’ ਬਣਾਉਣਾ ਹੈ। ਜੋ ਵੀ ਚਾਹੇ ਇਸ ਨੂੰ ਅਪਨਾ ਸਕਦਾ ਹੈ, ਜਿਤਨਾ ਵੀ ਚਾਹੇ ਅਪਨਾ ਸਕਦਾ ਹੈ। ਪਰ ‘ਸਿੱਖ’ ਕਹਿਲਾਉਣ ਲਈ ਕੁਝ ਮੁੱਢਲੇ ਅਸੂਲਾਂ ਨੂੰ ਮੰਨਣ ਦਾ ਅਹਿਦ ਕਰਨਾ ਜ਼ਰੂਰੀ ਬਣ ਜਾਂਦਾ ਹੈ। ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਮਨੁੱਖ, ਜੋ ਕਬਰਾਂ ਆਦਿ ਦੀ ਪੂਜਾ ਕਰਦਾ ਸੀ, ਨਾਨਕ ਸਰੂਪ ਕੋਲੋਂ ‘ਸਿੱਖ’ ਬਣਨ ਦੀ ਬੇਨਤੀ ਕਰਨ ਆਇਆ ਤਾਂ ਉਨ੍ਹਾਂ ਨੇ ਇਹੀ ਕਿਹਾ ਸੀ ਕਿ ‘ਸਿੱਖੀ ਉੁੱਤੇ ਸਿੱਖੀ ਨਹੀਂ ਟਿੱਕ ਸਕਦੀ’। ਉਸ ਨੇ ਜਦੋਂ ਆਪਣੇ ਘਰ ਵਿਚ ਬਣੀ ਕਬਰ/ਮੜੀ ਢਾਹ ਦਿੱਤੀ ਤਾਂ ਹੀ ਉਹ ਸਿੱਖੀ ਨੂੰ ਅਪਨਾ ਸਕਿਆ। ਇਸ ਦਾ ਸਪਸ਼ਟ ਭਾਵ ਇਹੀ ਸੀ ਕਿ ‘ਸਿੱਖ’ ਬਣਨ ਲਈ ਮੁੱਢਲੇ ਗੁਰਮਤਿ ਅਸੂਲਾਂ ਨੂੰ ਮੰਨਣ ਦਾ ਅਹਿਦ ਤਾਂ ਜ਼ਰੂਰੀ ਹੈ।

ਮੁੱਢਲੇ ਗੁਰਮਤਿ ਅਸੂਲਾਂ ਦੀ ਗੱਲ ਤੋਰਦੇ ਹਾਂ:
‘ਜਪੁ’ ਦੀ ਬਾਣੀ ਵਿਚ ਤੁੱਕ ਆਉਂਦੀ ਹੈ
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (ਪੰਨਾ 1)

 “ਭਾਵ ਸਚਿਆਰਾ ਬਣਨ ਲਈ ਰੱਬ ਜੀ ਦੀ ਸਾਜੀ ਕੁਦਰਤ ਨੂੰ ਚਲਾਉਣ ਦੇ ਨਿਯਮਾਂ (ਰਜ਼ਾ) ਨੂੰ ਸਮਝ ਕੇ ਉਸ ਅਨੁਸਾਰ ਤੁਰਨ ਦਾ ਯਤਨ ਕਰਨਾ ਹੈ”।

ਗੱਲ ਕਰਦੇ ਹਾਂ ‘ਕੇਸਾਂ’ ਦੀ। ਮਨੁੱਖੀ ਸ਼ਰੀਰ ਦੇ ਕਈਂ ਹਿੱਸਿਆਂ ’ਤੇ ਵਾਲ (ਕੇਸ) ਆਉਂਦੇ ਹਨ। ਜਿੱਥੇ ਕੁਦਰਤ ਅਨੁਸਾਰ ਵਾਲ ਲੋੜੀਂਦੇ ਨੇ ਉੱਥੇ ਹੀ ਉਗਦੇ ਹਨ। ਬੰਦਿਆਂ ਦੇ ਦਾੜੀ-ਮੁੱਛਾਂ ਉੱਗਦੀਆਂ ਹਨ, ਇਸਤਰੀਆਂ ਦੇ ਨਹੀਂ ਉੱਗਦੀਆਂ, ਇਹ ਕੁਦਰਤ ਦਾ ਨਿਯਮ ਹੈ। ਇਕ ਇਨਸਾਨ ਇਕ ਦਿਨ ਸ਼ੇਵ ਕਰਦਾ ਹੈ, ਉਸੇ ਸਮੇਂ ਉਹ ਫੇਰ ਉਗਨਾ ਸ਼ੁਰੂ ਕਰ ਦਿੰਦੀ ਹੈ, ਅਗਲੇ ਦਿਨ ਤੱਕ ਦਿੱਖਣ ਲਗ ਪੈਂਦੀ ਹੈ। ਉਹ ਫੇਰ ਸ਼ੇਵ ਕਰਦਾ ਹੈ, ਫੇਰ ਉੱਗ ਜਾਂਦੀ ਹੈ। ਭਾਵ, ਉਹ ਲਗਾਤਾਰ ਕੁਦਰਤ ਨਾਲ ਲੜਾਈ ਕਰ ਰਿਹਾ ਹੈ।

ਇਸ ਤੋਂ ਇਲਾਵਾ ਵੀ ਕੇਸਾਂ ਦਾ ਬਹੁਤ ਮਹੱਤਵ ਹੈ, ਇਸ ਵਿਸ਼ੇ ’ਤੇ ਵਿਗਿਆਨਿਕ ਨਜ਼ਰੀਏ ਤੋਂ ਵੀ ਅਨੇਕਾਂ ਲੇਖ/ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਇਹ ਸਾਰੇ ਫਾਇਦੇ ਵਿਸ਼ਵ ਦੇ ਹਰ ਮਨੁੱਖ ’ਤੇ ਲਾਗੂ ਹੁੰਦੇ ਹਨ, ਨਾ ਕਿ ਸਿਰਫ ਸਿੱਖਾਂ ’ਤੇ। ਪਰ ਇਹ ਹੈ ਕਿ ਗੁਰਮਤਿ (ਜਿਸ ਨੂੰ ਨਾਨਕ ਸਰੂਪਾਂ ਨੇ ਦ੍ਰਿੜ ਕਰਵਾਇਆ) ਪ੍ਰਤੀ ਝੁਕਾਅ ਕਾਰਨ ਸਿੱਖ ਕੌਮ ਨੇ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਅਪਨਾ ਲਿਆ। ਹੋਰ ਮੱਤਾਂ ਵਿਚ ਸ਼ਾਇਦ ਇਹ ਨੁਕਤਾ ਇਤਨਾ ਦ੍ਰਿੜ ਨਹੀਂ ਕਰਵਾਇਆ ਗਿਆ, ਇਸ ਲਈ ਉਨ੍ਹਾਂ ਵਿਚ ਇਸ ਦੀ ਘਾਟ ਵੇਖਣ ਨੂੰ ਮਿਲਦੀ ਹੈ।

ਸਿੱਖ ਇਤਿਹਾਸ ਨੂੰ ਵਾਚਿਆਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜ ਵੇਲੇ ਤੱਕ ਕੋਈ ਵਿਰਲਾ ਹੀ ‘ਸਿੱਖ’ ਕੇਸ ਕੱਟਦਾ ਸੀ। ਹਾਂ, ਸਿੱਖ ਇਤਿਹਾਸ ਦੇ ਸੋਮਿਆਂ ਵਿਚ ਇਹ ਗੱਲ ਪਾ ਦਿੱਤੀ ਗਈ ਕਿ ‘ਉਦਾਸੀ ਮੱਤ’ ਵਾਲੇ ਸਿੱਖੀ ਦਾ ਇਕ ਅੰਗ (ਪ੍ਰਚਾਰਕ) ਸਨ। ਪਰ ਸੱਚਾਈ ਇਹ ਕਿ ਬਾਬਾ ਨਾਨਕ ਜੀ ਨੇ ਆਪਣੇ ਬਿੰਦੀ ਪੁੱਤਰ ਸ੍ਰੀ ਚੰਦ ਦੀ ਮੱਤ ਨੂੰ ਕੋਈ ਮਾਨਤਾ ਨਹੀਂ ਦਿੱਤੀ। ‘ਉਦਾਸੀ ਸਾਧ’ ਪੰਥ ਦੇ ਬਿਖੜੇ ਹਾਲਾਤਾਂ ਵਿਚ ਹੋਲੀ-ਹੋਲੀ ਗੁਰਧਾਮਾਂ ’ਤੇ ਹਿਮਾੲਤੀ ਬਣ ਕੇ ਪ੍ਰਚਾਰਕ ਵਜੋਂ ਕਾਬਿਜ਼ ਹੋਏ। ਸਿੱਖ ਸਮਾਜ ਵਿਚ ਜ਼ਿਆਦਾਤਰ ਕਰਮਕਾਂਡ ਇਨ੍ਹਾਂ ਵਲੋਂ ਹੀ ਦਾਖਿਲ ਕੀਤੇ ਗਏ (ਨਿਰਮਲੇ ਸਾਧਾਂ ਦੀ ਭਾਈਵਾਲੀ ਕਾਰਨ)। ਕਹਿਣ ਦਾ ਭਾਵ 1850 ਤੱਕ ਕੇਸ ਕਟਵਾਉਣ ਵਾਲਾ ‘ਸਿੱਖ’ ਸ਼ਾਇਦ ਹੀ ਕੋਈ ਮਿਲਦਾ ਸੀ।

ਫਲਸਫੇ ਦੀ ਸਮਝ ਦੇ ਇਸ ਧੰਧੂਕਾਰੇ ਦੌਰਾਣ ਕਿਸੀ ਸਮੇਂ ਇਹ ਵੀ ਮੱਤ ਸ਼ਰਧਾ/ਸਾਜਿਸ਼ ਹੇਠ ਪ੍ਰਚਲਿਤ ਕਰ ਦਿੱਤਾ ਗਿਆ ਕਿ ਸਿੱਖ ਕੇਸ ਇਸ ਲਈ ਰੱਖਦੇ ਹਨ ਤਾਂ ਕਿ ਦੂਰੋਂ ਪਹਿਚਾਣੇ ਜਾ ਸਕਣ। ਭਾਵ, ਕੇਸ ਸਿੱਖੀ ਦੀ ਇਕ ਨਿਸ਼ਾਨੀ ਹਨ। ਇਸ ਦਾ ਮਤਲਬ ਇਹ ਹੋਇਆ ਕਿ ਕੇਸ ਸਿਰਫ ਸਿੱਖਾਂ ਲਈ ਜ਼ਰੂਰੀ ਹਨ, ਕਿਉਂਕਿ ਇਹ ‘ਸਿੱਖੀ ਭੇਖ’ ਦੀ ਨਿਸ਼ਾਨੀ ਹਨ। ਇੱਥੇ ਆ ਕੇ ਗੱਲ ਗੁਰਮਤਿ ਤੋਂ ਉਲਟ ਹੋ ਗਈ, ਕਿਉਂਕਿ ਗੁਰਮਤਿ ਨੇ ਤਿਲਕ, ਜੰਝੂ ਆਦਿ ਨੂੰ ਧਰਮ-ਚਿੰਨ੍ਹ ਵਜੋਂ ਰੱਦ ਕਰਕੇ ਨਵੇਂ ਚਿੰਨ੍ਹਾਂ ਨੂੰ ਮਾਨਤਾ ਥੋੜੇ ਦੇਣੀ ਸੀ। ਗੁਰਮਤਿ ਤਾਂ ਬਾਹਰੀ ਕਿਸੇ ਚਿੰਨ੍ਹ ਨੂੰ ਧਰਮ ਦਾ ਅੰਗ ਨਹੀਂ ਮੰਨਦੀ। ਇਸੇ ਗਲਤ ਸਥਾਪਿਤ ਸੋਚ ਕਾਰਨ ਸਮੇਂ ਨਾਲ ਬਾਕੀ ਕਕਾਰਾਂ ਨੂੰ ਸਿੱਖੀ ਦੇ ਚਿੰਨ੍ਹ ਪ੍ਰਚਾਰਿਆ ਜਾਣ ਲੱਗ ਪਿਆ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕਿਸੇ ਸਮੇਂ ਗਲਤ ਧਾਰਨਾ ਅਪਨਾ ਕੇ ‘ਕੇਸ’ ਇਕ ਕਕਾਰ ਬਣਾ ਦਿੱਤੇ ਗਏ, ਜਦਕਿ ‘ਕੇਸ’ ਕਕਾਰ ਨਹੀਂ, ਸ਼ਰੀਰ ਦਾ ਅੰਗ ਹਨ। ਕਕਾਰ ਬਾਹਰੋਂ ਧਾਰਨ ਕੀਤੇ ਜਾਂਦੇ ਹਨ। ਇਸ ਲਈ ਕਕਾਰ ਕੇਸਾਂ ਦੀ ਸੰਭਾਲ ਲਈ ਕੇਸਕੀ/ਪੱਗ ਆਦਿ ਹੈ, ਕੇਸ ਨਹੀਂ। ਕੱਕਾਰਾਂ ਨੂੰ ‘ਖੰਡੇ ਦੀ ਪਾਹੁਲ’ ਨਾਲ ਜੋੜ ਕੇ ਸਿਰਫ ‘ਪਾਹੁਲ ਧਾਰੀਆਂ’ ਲਈ ਸੀਮਿਤ ਕਰ ਦਿੱਤਾ ਗਿਆ, ਜਦੋਂ ਕਿ ਇਹ ਹਰ ਮਨੁੱਖ ਲਈ ਜ਼ਰੂਰੀ ਹਨ। ਇਸੇ ਗਲਤ ਪ੍ਰਭਾਵ ਹੇਠ ਰਹਿਤ ਮਰਿਯਾਦਾ ਵਿਚ ਬਜ਼ਰ ਕੁਰਹਿਤਾਂ ਨੂੰ ਵੀ ‘ਪਾਹੁਲਧਾਰੀਆਂ’ ਤੱਕ ਸੀਮਿਤ ਕਰ ਦਿੱਤਾ ਗਿਆ, ਜਦੋਂਕਿ ਉਹ ਹਰ ਆਮ ਮਨੁੱਖ ਲਈ ਜ਼ਰੂਰੀ ਹਨ।

1950 ਤੋਂ ਬਾਅਦ ਆਧੁਨਿਕਤਾ ਅਤੇ ਫੈਸ਼ਨ ਦੀ ਦੌੜ ਹੇਠ ਨੌਜਵਾਨ ਪੀੜ੍ਹੀ ਵਿਚ ਹੋਲੀ-ਹੋਲੀ ਕੇਸ ਕਟਵਾਉਣ ਦਾ ਰੁਝਾਣ ਵੱਧਣ ਲੱਗ ਪਿਆ। ਇੱਧਰ ਸਿੱਖਾਂ ਵਲੋਂ ‘ਕੇਸ’ ਨੂੰ ਕੱਕਾਰ ਬਣਾ ਕੇ ਪੇਸ਼ ਕਰਨ ਦੀ ਗਲਤੀ ਨਾਲ ਸਿੱਖ ਕੌਮ ਦੀ ਕੇਸਾਂ ਪ੍ਰਤੀ ਦ੍ਰਿੜਤਾ ਤੋਂ ਦੁਖੀ ਵਿਰੋਧੀ ਤਾਕਤਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ‘ਕੇਸ’ (ਕੱਕਾਰ) ਤਾਂ ‘ਪਾਹੁਲਧਾਰੀਆਂ’ ਲਈ ਹੀ ਜ਼ਰੂਰੀ ਹਨ। ਫੈਸ਼ਨ ਦੀ ਦੌੜ ਵਿਚ ਕੇਸ ਕਤਲ ਕਰਵਾ ਰਹੇ ਨੌਜਵਾਨਾਂ ਦੇ ਮਨ ਨੂੰ ਇਸ ਦਲੀਲ ਨੇ ਹੌਂਸਲਾ ਦਿੱਤਾ ਕਿ ਅਸੀਂ ਕਿਹੜੇ ‘ਪਾਹੁਲਧਾਰੀ’ਹਾਂ, ਇਸ ਲਈ ਕੇਸ ਕਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਚਰਚਾ ਦਾ ਧੁਰਾ ਬਣੀ ‘ਸਹਿਜਧਾਰੀ ਸਿੱਖ ਫੈਡਰੇਸ਼ਨ’ ਇਸੇ ਤਬਕੇ ਦੀ ਤਰਜਮਾਨੀ ਕਰਦੀ ਹੈ। ਕੁਝ ਅੱਗੇ ਜਾ ਕੇ ਅਸੀਂ ਇਨ੍ਹਾਂ ਵੀਰਾਂ ਦੀਆਂ ਦਲੀਲਾਂ ਦੀ ਪੜਚੋਲ ਕਰਕੇ ਸਪਸ਼ਟ ਹੋ ਜਾਂਵਾਂਗੇ ਕਿ ਉਹ ਬਹੁਤ ਕੱਚੀਆਂ ਹਨ। ਪਰ ਪਹਿਲਾਂ ਅਸੀਂ ਇਸ ਵਿਸ਼ੇ ’ਤੇ ਕੁਝ ਹੋਰ ਪੱਖ ਵੀ ਵਿਚਾਰ ਲੈਂਦੇ ਹਾਂ।

ਇਸ ਮਸਲੇ ਵਿਚ ਮੌਜੂਦਾ ਰਹਿਤ ਮਰਿਯਾਦਾ ਵਿਚਲੀਆਂ ਕੁਝ ਕਮਜ਼ੋਰੀਆਂ ਵੀ ਜਿੰਮੇਵਾਰ ਹਨ। ਜਿੱਥੇ ਇਕ ਪਾਸੇ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ ਸਿੱਖ ਆਪਣੇ ਬੱਚੇ ਦੇ ਕੇਸ ਜਮਾਂਦਰੂ ਰੱਖੇ, ਦੂਜੇ ਪਾਸੇ ਕੇਸਾਂ ਨੂੰ ਕੱਕਾਰ ਵਿਚ ਸ਼ਾਮਿਲ ਕਰਕੇ ਇਨ੍ਹਾਂ ਦੇ ‘ਕਤਲ’ ਨੂੰ ਬਜਰ ਕੁਰਹਿਤ ਬਣਾ ਕੇ ਸਿਰਫ ‘ਪਾਹੁਲਧਾਰੀਆਂ’ ਲਈ ਜ਼ਰੂਰੀ ਕਰਨ ਦਾ ਭੁਲੇਖਾ ਪਾ ਦਿੱਤਾ। ਨਾਲ ਹੀ ਸ਼ਰਧਾ ਹੇਠ ਇਹ ਗੱਲ ਵੀ ਪ੍ਰਚਾਰ ਦਿੱਤੀ ਕਿ ਕੇਸ ਸਿੱਖੀ ਦੀ ‘ਨਿਸ਼ਾਨੀ’ ਹਨ। ਬਲਕਿ ਸੱਚ ਇਹ ਹੈ ਕਿ ਕੇਸਾਧਾਰੀ ਹੋਣਾ ‘ਸਚਿਆਰੇ ਮਨੁੱਖ’ ਦਾ ਇਕ ਮੁੱਢਲਾ ਗੁਣ ਹੈ। ਇਵੇਂ ਹੀ ਗੁਰਮਤਿ ਦੇ ਕੁਝ ਹੋਰ ਮੁੱਢਲੇ ਅਸੂਲ ਵੀ ਹਨ। ਜਿਵੇਂ ਸਿਰਫ ਇਕ ਰੱਬ ਜੀ ਵਿਚ ਵਿਸ਼ਵਾਸ, ਅਵਤਾਰਵਾਦ ਨੂੰ ਮਾਨਤਾ ਨਾ ਦੇਣਾ, ਮੂਰਤੀ/ਦੇਹਧਾਰੀ ਪੂਜਾ ਦੀ ਅਣਹੋਂਦ, ਹਰ ਤਰ੍ਹਾਂ ਮਨੁੱਖੀ ਵਿਤਕਰੇ ਦਾ ਵਿਰੋਧ, ਲੋੜਵੰਦਾਂ ਦੀ ਯੋਗ ਮਦਦ, ਅੰਧ-ਵਿਸ਼ਵਾਸ, ਕਰਮਕਾਂਡਾਂ, ਵਹਿਮ-ਭਰਮ ਦੀ ਅਣਹੋਂਦ, ਇਮਾਨਦਾਰੀ ਅਤੇ ਹੋਰ ਇਖਲਾਕੀ ਗੁਣ ਆਦਿਕ। ਸਿੱਖ ਹੋਣ ਲਈ ਇਨ੍ਹਾਂ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਗੁਰਬਾਣੀ ਵਿਚ ਹੋਰ ਅਨੇਕਾਂ ਹੀ ਗੁਣ ‘ਸਚਿਆਰ’ ਦੇ ਦਰਸਾਏ ਗਏ ਹਨ, ਪਰ ਸਿੱਖ ਕਹਿਲਾਉਣ ਲਈ ਇਹ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਤਾਂ ਜ਼ਰੂਰੀ ਹੈ।

ਸਿੱਖੀ ਵਿਚ ਪੁਜਾਰੀਵਾਦ ਦੀ ਕੋਈ ਥਾਂ ਨਹੀਂ। ਸੋ ਕਿਸੇ ਨੂੰ ਸਿੱਖ ਨਾ ਹੋਣ ਦੇ ਤਾਅਣੇ ਜਾਂ ਫਤਵੇ ਜਾਰੀ ਕਰਨਾ ਠੀਕ ਨਹੀਂ ਹੈ। ਸਿੱਖੀ ਸਵੈ-ਪੜਚੋਲ ਦੀ ਪਹੁੰਚ ਨੂੰ ਮਾਨਤਾ ਦੇਂਦੀ ਹੈ। ਇਸੇ ਲਈ ਗੁਰਬਾਣੀ ਵਿਚ ਬਹੁਤਾਤ ਸ਼ਬਦ ‘ਮਨ’ ਨੂੰ ਸੰਬੋਧਿਤ ਹਨ। ਸਿੱਖੀ ਦਾ ਮੁੱਖ ਧੁਰਾ ‘ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥3॥(ਪੰਨਾ 1022)’ ਦੀ ਪਹੁੰਚ ’ਤੇ ਘੁੰਮਦਾ ਹੈ। ਇਸ ਪਹੁੰਚ ਅਨੁਸਾਰ ਸਿੱਖ ਹੋਣ ਦੇ ਚਾਹਵਾਨ ਹਰ ਮਨੁੱਖ ਨੂੰ ਗੁਰਬਾਣੀ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦੀ ਰੋਸ਼ਨੀ ਵਿਚ ਮੁੱਢਲੇ ਗੁਰਮਤਿ ਅਸੂਲਾਂ ਨੂੰ ਅਪਨਾਉਂਦੇ ਹੋਏ ਵੱਧ ਤੋਂ ਵੱਧ ਸਿਧਾਂਤਕ ਹੋਣ ਦਾ ਯਤਨ ਕਰਨਾ ਚਾਹੀਦਾ ਹੈ। ਬੇਸ਼ਕ ਹਰ ਮਨੁੱਖ ਦੀ ਅਵਸਥਾ ਵੱਖਰੀ ਹੁੰਦੀ ਹੈ। ਕੋਈ ਵੱਧ ਗੁਣ ਧਾਰਨ ਕਰਦਾ ਹੈ, ਕੋਈ ਘੱਟ। ਪਰ ਇਮਾਨਦਾਰ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਉਹ ਸੁਹਿਰਦਤਾ ਨਾਲ ਆਪਣੀ ਕਮਜ਼ੋਰੀ ਨੂੰ ਪਛਾਣੇ ਅਤੇ ਮੰਨੇ। ਐਸਾ ਮਨੁੱਖ ਹੀ ਉਸ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕਰ ਸਕਦਾ ਹੈ। ਪਰ ਦੂਜੀ ਤਰਫ ਬੇਈਮਾਨ ਮਨ ਆਪਣੀਆਂ ਕਮਜ਼ੋਰੀਆਂ ਨੂੰ ਮੰਨਣ ਤੋਂ ਆਕੀ ਹੁੰਦਾ ਹੈ। ਉਹ ਆਪਣੀ ਕਮਜ਼ੋਰੀ ਵੱਲ ਇਸ਼ਾਰਾ ਕਰਨ ਵਾਲੇ ਦੇ ਅਵਗੁਣ ਲੱਭ ਕੇ, ਉਨ੍ਹਾਂ ਨੂੰ ਭੰਡਦੇ ਹੋਏ, ਆਪਣੀ ਕਮਜ਼ੋਰੀ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦਾ ਹੈ।

ਇਕ ਬਹੁਤ ਸਿੱਧੀ ਜਿਹੀ ਮਿਸਾਲ ਸਾਂਝੀ ਕਰਦੇ ਹਾਂ: ਕੇਸ ਕਟਵਾ ਕੇ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ/ਭੈਣਾਂ ਨੂੰ ਜੇ ਕੋਈ ਇਸ ਬਾਰੇ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਚਤੁਰ ਮਨ ਵਾਲੇ ਕਈਂ ਕੇਸਾਧਾਰੀ (ਜਾਂ ‘ਪਾਹੁਲਧਾਰੀਆਂ’) ਦੀਆਂ ਕਮਜ਼ੋਰੀਆਂ ਗਿਣਵਾਉਣ ਲੱਗ ਪੈਂਦੇ ਹਨ ਕਿ ਫਲਾਣਾ ‘ਪਾਹੁਲ’ ਲੈ ਕੇ ਠੱਗੀ ਮਾਰਦਾ ਹੈ, ਚੋਰੀ ਕਰਦਾ ਹੈ ਆਦਿ ਆਦਿ। ਇੱਥੇ ਸੁਹਿਰਦਤਾ ਨਾਲ ਸਵੈ-ਪੜਚੋਲ ਦੀ ਗੱਲ ਇਹ ਹੈ ਕਿ ਬੇਸ਼ਕ ਚੋਰੀ, ਠੱਗੀ ਗਲਤ ਹੈ। ‘ਪਾਹੁਲਧਾਰੀ’ ਕਰੇ ਜਾਂ ਹੋਰ ਕੋਈ, ਇਹ ਤਾਂ ਗਲਤ ਹੈ, ਹਰ ਸਿੱਖ (ਮਨੁੱਖ) ਲਈ। ਪਰ ਕਿਸੇ ਹੋਰ ਦੇ ਅਵਗੁਣ ਸਾਹਮਣੇ ਰੱਖਣ ਨਾਲ ਸਾਡੀ ਕਮਜ਼ੋਰੀ ਜ਼ਾਇਜ ਨਹੀਂ ਹੋ ਜਾਂਦੀ। ਜੇ ਕੇਸਾਧਾਰੀ ਚੋਰੀ, ਠੱਗੀ ਕਰ ਰਿਹਾ ਹੈ ਤਾਂ ਉਹ ਉਸ ਦੇ ਅਵਗੁਣ ਹਨ ਪਰ ਇਸ ਨਾਲ ਕੇਸ ਕਤਲ ਕਰਵਾਉਣਾ ਜਾਇਜ਼ ਸਾਬਿਤ ਤਾ ਨਹੀਂ ਹੋ ਜਾਂਦਾ। ਇੱਸੇ ਤਰ੍ਹਾਂ ਜੇ ਕੋਈ ਕੇਸਾਧਾਰੀ (ਜਾਂ ‘ਪਾਹੁਲਧਾਰੀ’) ਇਹ ਦਾਅਵਾ ਕਰ ਲਵੇ ਕਿ ‘ਪਾਹੁਲਧਾਰੀ’ ਹੋਣ ਨਾਲ ਹੀ ਮੈਨੂੰ ‘ਵੱਡਾ ਸਿੱਖ’ ਹੋਣ ਦਾ ਸਰਟੀਫਿਕੇਟ ਮਿਲ ਗਿਆ ਹੈ, ਹੁਣ ਮੈਂ ਭਾਂਵੇ ਹੋਰ ਜਿਤਨੇ ਵੀ ਅਵਗੁਣ (ਚੋਰੀ, ਠੱਗੀ ਆਦਿ) ਕਰਾਂ, ਕੋਈ ਗਲਤ ਨਹੀਂ ਹੈ ਤਾਂ ਇਹ ਉਸ ਦੇ ਮਨ ਦੀ ਬੇਈਮਾਨੀ ਜਾਂ ਚਤੁਰਾਈ ਹੈ, ਗੁਰਮਤਿ ਨਹੀਂ। ਜੇ ਕੇਸਾਧਾਰੀ/ਪਾਹੁਲਧਾਰੀ ਸਿੱਖ ਇਹ ਦਾਅਵਾ ਕਰੇ ਕਿ ਕੇਸ ਕਟਵਾਉਣ ਵਾਲਾ ਮਨੁੱਖ ਹੋਰ ਭਾਂਵੇ ਕਿਤਨੇ ਵੀ ਚੰਗੇ ਕੰਮ ਕਰੇ, ਉਹ ਵਿਅਰਥ ਹਨ ਤਾਂ ਇਹ ਸੋਚ ਵੀ ਨਿਰਾਧਾਰ ਅਤੇ ਗੁਰਮਤਿ ਵਿਰੋਧੀ ਹੈ। ਸਿੱਖੀ ਮਨ ਦੀ ਸਵੈ-ਪੜਚੋਲ ਦਾ ਵਿਸ਼ਾ ਹੈ, ਦਾਅਵਿਆਂ ਜਾਂ ਫਤਵਿਆਂ ਦਾ ਰਾਹ ਨਹੀਂ।

ਦੁਨੀਆਂ ਦਾ ਕੋਈ ਵੀ ਮਨੁੱਖ ਚਾਹੇ ਗੁਰਮਤਿ ਦਾ ਇਕ ਅਸੂਲ ਮੰਨੇ, ਦੋ ਮੰਨੇ ਜਾਂ ਵੱਧ, ਉਸਦਾ ਆਤਮਿਕ ਫਾਇਦਾ ਹੀ ਹੈ। ਪਰ ਸੁਹਿਰਦਤਾ ਤੇ ਇਮਾਨਦਾਰੀ ਇਸ ਗੱਲ ਦਾ ਤਕਾਜ਼ਾ ਕਰਦੀ ਹੈ ਕਿ ਆਪਣੇ ਆਪ ਨੂੰ ਸਿੱਖ ਮੰਨਣ ਦਾ ਪ੍ਰਸਤਾਵ ਕਰਨ ਵਾਲੇ ਇਸਦੇ ਕੁਝ ਮੁੱਢਲੇ ਅਸੂਲਾਂ ਨੂੰ ਮੰਨਣ ਦਾ ਸੁਹਿਰਦ ਪ੍ਰਣ ਤਾਂ ਕਰਨ।

ਹੁਣ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ (ਸਹਿਜਧਾਰੀ ਸਿੱਖ ਫੈਡਰੇਸ਼ਨ) ਦੀਆਂ ਦਲੀਲਾਂ ਅਤੇ ਆਧਾਰਾਂ ਦੀ ਵੀ ਸੁਹਿਰਦ ਪੜਚੋਲ ਕਰ ਲੈਂਦੇ ਹਾਂ:

‘ਸਹਿਜਧਾਰੀ ਸਿੱਖ ਫੈਡਰਸ਼ਨ ਇੰਡੀਆ’ ਇਸ ਤਬਕੇ ਦੀ ਬੁਲਾਰਾ ਬਣ ਕੇ ਉਭਰੀ ਹੈ। ਇਸ ਜਥੇਬੰਦੀ ਨੇ ਪੰਜਾਬ/ਹਰਿਆਣਾ ਹਾਈ ਕੋਰਟ ਵਿਚ ਸ਼੍ਰੋਮਣੀ ਕਮੇਟੀ ਚੌਣਾਂ ਵਿਚ ‘ਸਹਿਜਧਾਰੀ ਸਿੱਖਾਂ’ ਨੂੰ ਮਤਦਾਨ ਦਾ ਹੱਕ ਦੇਣ ਦੀ ਮੰਗ ਲਈ ਇਕ ਕੇਸ ਪਾਇਆ ਹੋਇਆ ਹੈ। ਇਸ ਫੈਡਰੇਸ਼ਨ ਦੇ ਪ੍ਰਧਾਨ (ਚੈਅਰਮੈਨ) ਪਰਮਜੀਤ ਸਿੰਘ ਜੀ ਰਾਣੂ ਹਨ। ਇਨ੍ਹਾਂ ਦੀਆਂ ਦਲੀਲਾਂ ਇਨ੍ਹਾਂ ਦੀ ਵੈਬਸਾਈਟ ਜਾਂ ਰਾਣੂ ਜੀ ਦੀਆਂ ਇੰਟਰਵਿਉਜ਼ ਤੋਂ ਭਲੀ ਭਾਂਤੀ ਪਤਾ ਚੱਲ ਜਾਂਦੀਆ ਹਨ। ਅੱਗੇ ਅਸੀਂ ਇਨ੍ਹਾਂ ਦਲੀਲਾਂ ਦੀ ਸੁਹਿਰਦ ਪੜਚੋਲ ਕਰਨ ਦਾ ਨਿਮਾਣਾ ਜਤਨ ਕਰ ਰਹੇ ਹਾਂ:

ਇਸ ਸੰਗਠਨ ਦੀ ਵੈਬਸਾਈਟ ਵਿਚਲੇ ‘ਲੇਖਾਂ’ ਵਾਲੇ ਕਾਲਮ ਵਿਚ ਪਹਿਲੇ ਨੰ: ’ਤੇ ‘ਸੁਖਦੇਵ’ (ਪੂਰਾ ਨਾਂ ਨਹੀਂ ਲਿਖਿਆ ਮਿਲਿਆ) ਜੀ ਦਾ ਇੰਗਲਿਸ਼ ਵਿਚ ਲਿਖਿਆ ਕਾਫੀ ਲੰਮਾ ਆਰਟੀਕਲ ‘LETS ROCK THE WORLD, WE ARE ALSO THE SIKHS’ ਕਿਸੇ ‘ਬਲਾਗ’ ਤੋਂ ਲੈ ਕੇ ਛਾਪਿਆ ਗਿਆ ਹੈ। ਇਸ ਲੇਖ ਵਿਚ ਵਿਦਵਾਨ ਲੇਖਕ ਨੇ ‘ਸਿੱਖ’ ਕਹਿਲਾਉਣ ਲਈ ਸਿਰਫ ਤਿੰਨ ਆਧਾਰ ਮੰਨੇ ਹਨ।

1.  ਸਿਰਫ ਇਕ ‘ਅਕਾਲ ਪੁਰਖ’ ਵਿਚ ਵਿਸ਼ਵਾਸ ਰੱਖਦਾ ਹੋਵੇ।
2.  10 ਗੁਰੂ ਸਾਹਿਬਾਨ ਦੀ ਰਹਿਬਰੀ ਵਿਚ ਵਿਸ਼ਵਾਸ ਰੱਖਦਾ ਹੋਵੇ।
3.  ਪਵਿਤ੍ਰ ਗ੍ਰੰਥ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਨੂੰ ਸੱਚੀ ਰੋਸ਼ਨੀ (ਰੱਬ ਜੀ ਦਾ ਰੂਹਾਨੀ ਪ੍ਰਕਾਸ਼, ਸਤਿਗੁਰੂ) ਦਾ ਜਿੰਦਾ ਸਰੂਪ ਮੰਨ ਕੇ ਵਿਸ਼ਵਾਸ ਰੱਖਦਾ ਹੋਵੇ।

ਲੇਖਕ ਵਲੋਂ ਦਿਤੀਆਂ, ਇਕ ‘ਸਿੱਖ’ ਲਈ ਤੈਅ ਕੀਤੀਆਂ ਇਨ੍ਹਾਂ ਮੁੱਢਲੀਆਂ ਨੀਹਾਂ ਤੋਂ ਕੋਈ ਸਮਝਦਾਰ ਸਿੱਖ (ਮਨੁੱਖ) ਮੁਨਕਰ ਨਹੀਂ ਹੋ ਸਕਦਾ। ਆਪਣੇ ਲੇਖ ਦੇ ਪਿੱਛਲੇ ਹਿੱਸੇ ਵਿਚ ਇਕ ‘ਸਿੱਖ’ ਲਈ ਵੀਚਾਰੇ ਮੁੱਢਲੇ ਸਿਧਾਂਤ ਇਨ੍ਹਾਂ ਤਿੰਨਾਂ ਦੇ ਇਰਦ-ਗਿਰਦ ਹੀ ਘੁੰਮਦੇ ਹਨ। ਪਰ ਆਪਣੇ ਲੇਖ ਵਿਚ ਲੇਖਕ ਇਹ ਆਧਾਰ ਦੱਸਣ ਦੇ ਤੁਰੰਤ ਬਾਅਦ ਇਹ ਦਾਅਵਾ ਕਰਦਾ ਹੈ ਕਿ ਉਪਰੋਕਤ ਸ਼ਰਤਾਂ ਵਿਚ ਕਿਧਰੇ ਵੀ ਕੇਸਾਧਾਰੀ ਹੋਣ ਜਾਂ ‘ਪਾਹੁਲਧਾਰੀ’ ਹੋਣ ਦੀ ਸ਼ਰਤ ਨਹੀਂ ਹੈ। ਅਸੀਂ ਪਹਿਲਾਂ ਸਮਝ ਆਏ ਹਾਂ ਕਿ ‘ਕੇਸਾਧਾਰੀ’ ਹੋਣਾ ਮੁੱਢਲੇ ਗੁਰਮਤਿ ਸਿਧਾਂਤ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (ਪੰਨਾ 1)’ ਦੀ ਸੇਧ ਹੀ ਹੈ। ਇਸੇ ਗੁਰਮਤਿ ਸੇਧ ਦੀ ਦ੍ਰਿੜਤਾ ਦਾ ਲਖਾਇਕ ਇਹ ਤੱਥ ਹੈ ਕਿ 1469 ਤੋਂ ਲੈ ਕੇ 1850 ਤੱਕ ਕੋਈ ਅਤਿ ਵਿਰਲਾ ‘ਸਿੱਖ’ (ਕਹਿਲਾਉਣ ਵਾਲਾ) ਹੀ ਕੇਸ ਕਟਵਾਉਂਦਾ ਮਿਲਦਾ ਹੈ। ਪਰ ਜਿਵੇਂ-ਜਿਵੇਂ ਸਿੱਖ ਸਮਾਜ ਦੀ ਸਿਧਾਂਤਕ ਦ੍ਰਿੜਤਾ ਘੱਟਦੀ ਗਈ, ਤਿਵੇਂ-ਤਿਵੇਂ ‘ਕੇਸ ਕਟਵਾਉਣ’ ਦੀ ਪ੍ਰਵਿਰਤੀ ਵੱਧਦੀ ਗਈ।  ‘ਕੇਸ ਕਟਵਾਉਣ’ ਲਈ ‘ਕੇਸ ਕਤਲ’ ਕਰਵਾਉਣ ਦੇ ਲਫਜ਼ ਵਰਤੇ ਜਾਣੇ ਹੀ ਇਸ ਸਿਧਾਂਤ ਦੇ ਸਿੱਖ ਮਾਨਸਿਕਤਾ ਵਿਚ ਦ੍ਰਿੜ ਹੋਣ ਦਾ ਇਕ ਹੋਰ ਲਖਾਇਕ ਹੈ। ਕੇਸ ਕਟਵਾਉਣ ਨੂੰ ਸਿੱਖੀ ਦਾ ਅੰਗ ਮੰਨਣ ਵਾਲੇ ਸਿੱਖ ਆਪਣੀ ਦਲੀਲ ਦੇ ਹੱਕ ਵਿਚ ‘ਗੁਰਵਾਕ’ ਦੀ ਇਹ ਤੁੱਕ ਆਮ ਵਰਤਦੇ ਮਿਲਦੇ ਹਨ:

ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥25॥ (ਪੰਨਾ 1365)

ਕਿਸੇ ਸ਼ਬਦ ਦੀ ਇਕ ਤੁੱਕ ਨੂੰ ਚੁੱਕ ਕੇ ਆਪਣੀ ਮਰਜ਼ੀ ਦੇ ਅਰਥ ਘੱੜ ਲੈਣ ਦੀ ਪ੍ਰਵਿਰਤੀ ਨਵੀਂ ਨਹੀਂ ਹੈ। ਪਰ ਸੁਹਿਰਦਤਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਸ਼ਬਦ ਦੇ ਸਹੀ ਅਰਥ ਉਸ ਨੂੰ ਪੂਰਾ ਪੜ੍ਹ ਕੇ, ਚਲ ਰਹੇ ਪ੍ਰਸੰਗ ਅਨੁਸਾਰ ਹੀ ਹੋ ਸਕਦੇ ਹਨ। ਪ੍ਰਸੰਗ ਤੋਂ ਹੱਟ ਕੇ ਅਰਥਾਉਣ ਨਾਲ ਕਈਂ ਵਾਰ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਹਨ।

ਇਹ ਗੁਰਵਾਕ ਭਗਤ ਕਬੀਰ ਜੀ ਦਾ ਹੈ। ਇਸ ਵਿਚ ਬਾਹਰੀ ਭੇਖ ਮਾਤਰ ਨੂੰ ਹੀ ਧਰਮ ਮੰਨਣ ਵਾਲੀ ਪ੍ਰਵਿਰਤੀ ਦਾ ਖੰਡਨ ਹੈ। ਉਸ ਵੇਲੇ ਭਾਰਤੀ ਸਮਾਜ ਵਿਚ ‘ਧਰਮ’ ਦੇ ਨਾਂ ’ਤੇ ਅਨੇਕਾਂ ਮੱਤ ਪ੍ਰਚਲਿਤ ਸਨ। ਉਨ੍ਹਾਂ ਮੱਤਾਂ ਦੀਆਂ ਗਲਤ ਮਨੌਤਾਂ ਦਾ ਖੰਡਨ ਗੁਰਬਾਣੀ ਵਿਚ ਅਨੇਕਾਂ ਥਾਂ ਕੀਤਾ ਮਿਲਦਾ ਹੈ। ਐਸਾ ਹੀ ਇਕ ਮੱਤ ਸੀ ‘ਜਟਾਧਾਰੀ ਸਾਧੂਆਂ’ (ਲਾਂਬੇ ਕੇਸ) ਅਤੇ ਦੂਜੀ ਤਰਫ ਜ਼ਿਕਰ ਸੀ ਪੂਰੀ ਤਰਾਂ ਰੁੰਡ-ਮਰੁੰਡ ‘ਦੰਡੀ ਸੰਨਿਆਸੀਆਂ, ਜੋਗੀਆਂ ਜਾਂ ਜੈਨੀਆਂ’ ਦਾ (ਘਰੜ ਮੁੰਡਾਏ)। ਭਗਤ ਕਬੀਰ ਜੀ ਨੇ ਉਪਰੋਕਤ ਸਲੋਕ ਵਿਚ ਬਹੁਤ ਹੀ ਸਰਲ ਅਤੇ ਸਪਸ਼ਟ ਤਰੀਕੇ ਦੱਸਿਆ ਹੈ ਕਿ ‘ਸਿਰਫ ਇਕ ਰੱਬ ਜੀ ’ਤੇ ਟੇਕ ਰੱਖ, ਇਸ ਨਾਲ ਹੋਰ ਸਾਰੀ ਦੁਬਿਧਾਵਾਂ ਖਤਮ ਹੋ ਜਾਣਗੀਆਂ। ਇਸ ਰੱਬ ਜੀ ਨਾਲ ਪ੍ਰੀਤ ਤੋਂ ਬਿਨਾਂ ‘ਧਰਮ’ ਕਮਾਉਣ ਦਾ ਹੋਰ ਕੋਈ ਤਰੀਕਾ ਨਹੀਂ। ਸਿਰਫ ਜਟਾਧਾਰੀ ਹੋ ਜਾਣ ਨਾਲ ਜਾਂ ਰੁੰਡ-ਮਰੁੰਡ ਹੋ ਜਾਣ ਨਾਲ ਧਰਮੀ ਨਹੀਂ ਬਣ ਜਾਈਦਾ’। ਇਸ ਦਾ ਭਾਵ ਹੈ ਕਿ ‘ਧਰਮ’ ਦਾ ਵਿਖਾਵੇ ਦੇ ਬਾਹਰੀ ਚਿੰਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇੱਥੇ ਇਹ ਦਿਲਚਸਪ ਨੁਕਤਾ ਵਿਚਾਰਨਾ ਅਤਿ ਜ਼ਰੂਰੀ ਹੈ ਕਿ ਗੁਰਮਤਿ ਤੋਂ ਪਹਿਲਾਂ ਕਿਸੇ ਵੀ ਮੱਤ ਨੇ ਕੇਸ ਸਾਬਿਤ ਰੱਖਣ ’ਤੇ ਇਤਨੀ ਦ੍ਰਿੜਤਾ ਨਾਲ ਜ਼ੋਰ ਨਹੀਂ ਦਿੱਤਾ। ਸੋ ਸਪਸ਼ਟ ਹੈ ਕਿ ਕਬੀਰ ਜੀ ਦੇ ਸਮੇਂ ਵਿਚ ਕੇਸਾਂ ਨੂੰ ਸਾਬਿਤ ਰੱਖਣ ’ਤੇ ਜ਼ੋਰ ਦੇਣ ਵਾਲਾ ਕੋਈ ਮੱਤ ਪ੍ਰਚਲਿਤ ਨਹੀਂ ਸੀ, ਸਿਵਾਏ ਜਟਾਧਾਰੀ ਸਾਧਾਂ ਦੇ। ਸੋ ਸਪਸ਼ਟ ਹੈ ਕਿ ਜੋ ਬਾਹਰੀ ਭੇਖ ਨੂੰ ਹੀ ‘ਧਰਮ’ ਪ੍ਰਚਾਰਦੇ ਸਨ।

ਪਹਿਲਾਂ ਕੀਤੀ ਵਿਚਾਰ ਵਿਚ ਸਮਝ ਆਏ ਹਾਂ ਕਿ ‘ਕੇਸ’ ਇਕ ਧਾਰਮਿਕ ਚਿੰਨ੍ਹ ਨਹੀਂ ਹਨ, ਬਲਕਿ ਕੇਸਾਧਾਰੀ ਹੋਣਾ ਪ੍ਰਮਾਤਮਾ ਦੇ ਹੁਕਮ ਵਿਚ ਤੁਰਨ ਦਾ ਇਕ ਇਲਾਹੀ ਸਿਧਾਂਤ ਹੈ। ਕੇਸਾਧਾਰੀ ਹੋਣਾ ਹਰ ਮਨੁੱਖ ਲਈ ਅਨੇਕਾਂ ਤਰ੍ਹਾਂ ਲਾਹੇਵੰਦ ਹੈ ਅਤੇ ਇਹ ‘ਸਚਿਆਰ ਮਨੁੱਖ’ ਦਾ ਇਕ ਮੁੱਢਲਾ ਗੁਣ ਹੈ। ਪਰ ‘ਕੇਸਾਂ’ ਨੂੰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੋਣ ਦਾ ਗਲਤ ਪ੍ਰਚਾਰ ਵੀ ਇਸ ਦੁਬਿਧਾ ਦਾ ਇਕ ਕਾਰਨ ਹੈ, ਕਿਉਂਕਿ ਚਿੰਨ੍ਹ ਮਾਤਰ ਨੂੰ ਧਰਮ ਮੰਨਣਾ, ਗੁਰਮਤਿ ਤੋਂ ਉਲਟ ਹੈ। ਇਹ ਗੱਲ ਉੱਪਰ ਕਬੀਰ ਜੀ ਦੇ ਸਲੋਕ ਵਿਚ ਸਮਝ ਆਏ ਹਾਂ। ਇਸ ਲਈ ਜੇ ਕੋਈ ਐਸਾ ਸਮਝਦਾ ਹੈ ਕਿ ਸਿਰਫ ਕੇਸਾਧਾਰੀ ਹੋਣਾ ਹੀ ਸਿੱਖੀ ਦੀ ਇਕੋ ਇਕ ਨਿਸ਼ਾਨੀ ਹੈ, ਤਾਂ ਉਹ ਗੁਰਮਤਿ ਤੋਂ ਉਲਟ ਸੋਚਦਾ ਹੋਇਆ, ਵੱਡੇ ਭੁਲੇਖੇ ਵਿਚ ਹੈ। ਇਕ ਕੇਸਾਧਾਰੀ ਵੀ ਕਿਸੇ ਕੁਕਰਮ ਲਈ ਉਤਨਾ ਹੀ ਦੋਸ਼ੀ ਹੈ, ਜਿਤਨਾ ਕੋਈ ਕੇਸਾਂ ਤੋਂ ਬਿਨਾਂ। ‘ਕੇਸ’ ਸਿੱਖੀ ਦਾ ਚਿੰਨ੍ਹ ਨਹੀਂ ਬਲਕਿ ਹਰ ਸਚਿਆਰੇ ਮਨੁੱਖ ਦੀ ਇਕ ਲੋੜ ਹਨ।

ਹੁਣ ਵਿਚਾਰ ਕਰਦੇ ਹਾਂ ‘ਪਾਹੁਲਧਾਰੀ’ ਦੀ। ਵਿਦਵਾਨ ਲੇਖਕ ਦਾ ਇਹ ਮੱਤ ਕਿਸੇ ਹੱਦ ਤੱਕ ਠੀਕ ਹੈ ਕਿ ਹਰ ਸਿੱਖ ਲਈ ‘ਖੰਡੇ ਦੀ ਪਾਹੁਲ’ ਜ਼ਰੂਰੀ ਹੋਣ ਦਾ ਜ਼ਿਕਰ ਗੁਰਬਾਣੀ ਵਿਚ ਨਹੀਂ ਮਿਲਦਾ। ਸ਼ੁਰੂ ਵਿਚ ਅਸੀਂ ਇਹ ਵਿਚਾਰ ਆਏ ਹਾਂ ਕਿ ਗੁਰਮਤਿ ਇਨਕਲਾਬ ਦੇ ਇਸ ਸਫਰ ਵਿਚ ਅਨੇਕਾਂ ਤਰੀਕੇ ਵਿਚਾਰਧਾਰਕ ਧੁੰਧਲਕਾ ਫੈਲਿਆ/ਫੈਲਾਇਆ ਗਿਆ। ਐਸੇ ਦੌਰ ਵਿਚ ਵੀ ਇਹ ਗੱਲ ਪ੍ਰਚਲਿਤ ਹੋ ਗਈ ਕਿ ‘ਪਾਹੁਲਧਾਰੀ ਸਿੱਖ’ ਵੱਖਰਾ ਹੈ ਅਤੇ ਆਮ ਸਿੱਖ ਵੱਖਰਾ। ਇੱਸੇ ਧੁੰਧਲਕੇ ਵਿਚ ਇਹ ਵਿਚਾਰ ਵੀ ਪਨਪ (ਜਾਂ ਪਨਪਾ ਦਿੱਤਾ) ਗਿਆ ਕਿ ‘ਖੰਡੇ ਦੀ ਪਾਹੁਲ’ ਸਿੱਖ ਧਰਮ ਵਿਚ ਸ਼ਾਮਿਲ ਹੋਣ ਦੀ ਰਸਮ ਹੈ। ਇਸੇ ਪ੍ਰਭਾਵ ਹੇਠ ‘ਪਾਹੁਲਧਾਰੀ’ ਲਈ ਵੱਖਰੀ ‘ਰਹਿਤ’ ਬਣਾ ਦਿੱਤੀ ਗਈ ਅਤੇ ਆਮ ਸਿੱਖ ਲਈ ਵੱਖਰੀ। ਐਸੀ ਹੀ ਸੋਚ ਦੇ ਪਰਛਾਵੇਂ ਵਿਚ ਸਾਹਮਣੇ ਆਈ ‘ਸਿੱਖ ਰਹਿਤ ਮਰਿਯਾਦਾ’ ਵਿਚ ਮੂਲ ਗੁਰਮਤਿ ਸਿਧਾਂਤਾਂ ਨੂੰ ‘ਪਾਹੁਲਧਾਰੀ ਸਿੱਖਾਂ’ ਤੱਕ ਸੀਮਿਤ ਕਰਨ ਦਾ ਆਭਾਸ ਵੀ ਮਿਲਦਾ ਹੈ।

ਉੱਪਰ ਅਸੀਂ ਵਿਚਾਰ ਆਏ ਹਾਂ ਕਿ ਗੁਰਮਤਿ ਫਲਾਸਫਾ (ਸਿਧਾਂਤ) ਸਮੁੱਚੀ ਮਨੁੱਖਤਾ ਲਈ ਇਕਸਾਰ ਹਨ, ਕਿਸੇ ਫਿਰਕੇ, ਗਰੁੱਪ ਜਾਂ ਜੱਥੇ ਲਈ ਵੱਖਰੇ ਨਹੀਂ। ਗੁਰਮਤਿ ਅਤੇ ਦਲੀਲ ਦੀ ਕਸਵੱਟੀ ’ਤੇ ‘ਪਾਹੁਲਧਾਰੀ ਸ਼੍ਰੇਣੀ’ ਇਨਕਲਾਬ ਨੂੰ ਸਮਰਪਿਤ ਸਿੱਖਾਂ ਦੀ ਹੈ, ਨਾ ਕਿ ਪਵਿਤ੍ਰ ਜਾਂ ਉੱਚੇ ਸਿੱਖਾਂ ਦੀ। ਗੁਰਮਤਿ ਦੇ ਸਾਰੇ ਸਿਧਾਂਤ ਹਰ ਸਿੱਖ ਸਮੇਤ ਸਾਰੀ ਮਨੁੱਖਤਾ ’ਤੇ ਇਕਸਾਰ ਲਾਗੂ ਹੁੰਦੇ ਹਨ। (ਆਮ) ਸਿੱਖ ਗੁਰਮਤਿ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦਾ ਹਾਮੀ ਹੈ, ਜਦਕਿ ‘ਪਾਹੁਲਧਾਰੀ ਸਿੱਖ’ ਇਸ ਗੁਰਮਤਿ ਇਨਕਲਾਬ ਨੂੰ ਅੱਗੇ ਪਹੁੰਚਾਣ ਦੇ ਕਾਰਜ ਨੂੰ ਵੀ ਸਮਰਪਿਤ ਹੋਣ ਦੀ ਪਛਾਣ ਹੈ।

ਸੋ ਸਪਸ਼ਟ ਹੈ ਕਿ ‘ਸੁਖਦੇਵ’ ਨਾਮਕ ਲੇਖਕ ਦੇ ਇਸ ਲੇਖ ਵਿਚਲੇ ਨਤੀਜੇ ਠੋਸ ਤੱਥਾਂ ਦੀ ਥਾਂ ਆਪਣੇ ਮਨ ਦੇ ਵਲਵਲਿਆਂ ’ਤੇ ਹੀ ਆਧਾਰਿਤ ਹੈ। ਉਨ੍ਹਾਂ ਦੇ ਇਨ੍ਹਾਂ ਵਲਵਲਿਆਂ ਪਿੱਛੇ ਇਕ ਕਾਰਨ ਸਿੱਖ ਸਮਾਜ ਵਿਚ ‘ਪਾਹੁਲਧਾਰੀਆਂ’ ਪ੍ਰਤੀ ਪ੍ਰਚਲਿਤ ਹੋ ਚੁੱਕੀਆਂ ਗਲਤ ਮਾਨਤਾਵਾਂ ਵੀ ਹੋ ਸਕਦੀਆਂ ਹਨ। ਇਸ ਲੇਖਕ ਦੇ ਲੇਖ ਦੇ ਨਤੀਜਿਆਂ ਦੀ ਕੱਚਿਆਈ ਇਸ ਵਲੋਂ ਦਿੱਤੀ ਮਿਸਾਲ ਤੋਂ ਹੀ ਸਾਬਿਤ ਹੋ ਜਾਂਦੀ ਹੈ। ਇਕ ਥਾਂ ਲੇਖਕ ‘ਸਹਿਜਧਾਰੀ ਸਿੱਖ’ ਦੀ ਮਿਸਾਲ ਲਈ ‘ਸਿੰਧੀ ਭਾਈਚਾਰੇ’ ਦਾ ਹਵਾਲਾ ਦਿੰਦਾ ਹੈ। ਪਰ ਸਿੰਧੀ ਭਾਈਚਾਰੇ ਦੀ ਜੀਵਨ ਜਾਚ ਇੱਸੇ ਲੇਖਕ ਵਲੋਂ ਸਿੱਖੀ ਦੀ ਨੀਂਵ ਲਈ ਦਰਸਾਈਆਂ ਤਿੰਨ ਇੱਟਾਂ ਦੀ ਕਸਵੱਟੀ ’ਤੇ ਹੀ ਫੇਲ ਸਾਬਿਤ ਹੋ ਜਾਂਦੀ ਹੈ (ਜੇ ਕੇਸਾਧਾਰੀ ਹੋਣ ਦੀ ਸ਼ਰਤ ਦੀ ਗੱਲ ਇੱਥੇ ਨਾ ਵੀ ਕਰੀਏ ਤਾਂ)। ਲੇਖਕ ਅਨੁਸਾਰ ਇਕ ਸਿੱਖ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਵਿਸ਼ਵਾਸ ਹੋਣਾ ਜ਼ਰੂਰੀ ਹੈ। ਸਿੰਧੀ ਭਾਈਚਾਰੇ ਦੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ‘ਸ਼ਰਧਾ’ ਤਾਂ ਹੋ ਸਕਦੀ ਹੈ, ਪਰ ਉਨ੍ਹਾਂ ਦਾ ਇਸ ਵਿਚ ਵਿਸ਼ਵਾਸ (ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ) ਨਹੀਂ ਹੈ। ‘ਗੁਰਬਾਣੀ’ ਵਿਚ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਦੀ ਬ੍ਰਾਹਮਣੀ ਅਵਤਾਰਵਾਦ, ਦੇਵੀ ਦੇਵਤਿਆਂ ਦੀ ਪੂਜਾ ਅਰਚਨਾ ਨੂੰ ਮਾਨਤਾ ਨਹੀਂ ਦੇ ਸਕਦਾ। ਪਰ ਸਿੰਧੀ ਭਾਈਚਾਰੇ ਵਿਚ ਬ੍ਰਾਹਮਣੀ ਵਿਸ਼ਵਾਸਾਂ ਦੀ ਭਰਮਾਰ ਹੈ। ਲਛਮਨ ਚੇਲਾ ਰਾਮ ਜੀ ਸਿੰਧੀ (ਜਿਨ੍ਹਾਂ ਨੂੰ ‘ਆਦਰਸ਼ ਸਹਿਜਧਾਰੀ ਸਿੱਖ’ ਵਜੋਂ ਕਈ ਧਿਰਾਂ ਦਰਸਾਉਂਦੀਆਂ ਹਨ) ਦਾ ਦਿੱਲੀ ਵਿਚਲਾ ਆਸ਼ਰਮ ‘ਨਿੱਜ ਥਾਉਂ ਮੰਦਿਰ’ ਇਸ ਦੀ ਜ਼ਿੰਦਾ ਮਿਸਾਲ ਹੈ। ਇਸ ਡੇਰੇ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿਚ ਦੇਵੀ ਦੇਵਤਿਆਂ ਦੀ ਪੂਜਾ ਸਮੇਤ ਅਨੇਕਾਂ ਕਰਮਕਾਂਡ ਕੀਤੇ ਜਾਂਦੇ ਸਨ। ਕੁਝ ਸਮਾਂ ਪਹਿਲਾਂ ਦਿੱਲੀ ਵਿਚ ਕੁਝ ਨੌਜਵਾਨ ਸਿੱਖਾਂ ਵਲੋਂ ਇਨ੍ਹਾਂ ਮਨਮੱਤਾਂ ਕਾਰਨ ਉਸ ਡੇਰੇ ਵਿਚੋਂ ਸਰੂਪ ਲੈ ਆਉਣ ਦੀ ਚਰਚਾ ਵੀ ਤੁਰੀ ਸੀ। ਉਸ ਡੇਰੇ ਵਿਚ ਹੁੰਦੀਆਂ ਮਨਮੱਤਾਂ ਦੇ ਵੀਡੀਉ ਕਲਿੱਪ ਵੀ ਇੰਟਰਨੈਟ ’ਤੇ ਵੇਖੇ ਜਾ ਸਕਦੇ ਹਨ। ਸਪਸ਼ਟ ਹੈ ਕਿ ਸਿੰਧੀ ਭਾਈਚਾਰੇ ਵਿਚ ਸਿੱਖੀ ਪ੍ਰਤੀ ‘ਸ਼ਰਧਾ’ ਤਾਂ ਜ਼ਰੂਰ ਹੈ, ਪਰ ਵਿਸ਼ਵਾਸ ਨਹੀਂ। ਸਿੰਧੀ ਭਾਈਚਾਰੇ ਸਮੇਤ ਸਿੱਖੀ ਦਾ ਦਰ ਹਰ ਇਕ ਲਈ ਖੁੱਲਾ ਹੈ, ਪਰ ਸਿੱਖੀ ਦੇ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਤਾਂ ਸੁਹਿਰਦਤਾ ਦੀ ਮੰਗ ਹੈ। ਆਪਣੇ ਲੇਖ ਵਿਚ ‘ਸੁਖਦੇਵ ਜੀ’ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਦੀ ਗੱਲ ਸੁਣਨ ਤੋਂ ਪਹਿਲਾਂ ਦਿਮਾਗ ਦੇ ਪਿੱਛਲੇ ਵਿਚਾਰ ਬਾਹਰ ਕੱਢ ਦਿਤੇ ਜਾਣ (Un-Learing and Re-learning )। ਇਸ ਦਾ ਇਕ ਭਾਵ ਇਹ ਵੀ ਨਿਕਲਦਾ ਹੈ ਕਿ ਜੇ ਖਾਲੀ ਦਿਮਾਗ ਹੋਵੇਗਾ ਤਾਂ ਇਨ੍ਹਾਂ ਦੀਆਂ ਦਲੀਲਾਂ ਨੂੰ ਇੰਨ-ਬਿੰਨ ਸਹੀ ਮੰਨ ਲਵੇਗਾ। ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਲੇਖਕ ਵਲੋਂ ਕੱਢੇ ਨਤੀਜੇ ਉਨ੍ਹਾਂ ਵਲੋਂ ਦਿੱਤੀ ਆਪਣੀ ਕਸਵੱਟੀ ਅਤੇ ਤੱਥਾਂ ਤੋਂ ਉਲਟ ਮਨ ਦੇ ਵਲਵਲਿਆਂ ਤੇ ਅਧਾਰਿਤ ਹਨ, ਜੋ ਸੱਚ ਤੋਂ ਬਹੁਤ ਦੂਰ ਹਨ।

ਇਸ ਲੇਖਕ ਦੀ ਦੂਜੀ ਦਲੀਲ ਹੈ ਕਿ ਬਜਰ ਕੁਰਹਿਤਾਂ ਸਿਰਫ ‘ਪਾਹੁਲਧਾਰੀ ਸਿੱਖਾਂ’ ਲਈ ਹਨ, ਇਸ ਲਈ ਕੇਸ ਕਟਵਾਉਣਾ ਗਲਤ ਨਹੀਂ ਹੈ। ਬਿਲਕੁਲ ਇਹੀ ਦਲੀਲ ਪਰਮਜੀਤ ਸਿੰਘ ਜੀ ਰਾਣੂ ਵੀ ਟੀ. ਵੀ. ਵਿਚ ਦਿੱਤੇ ਇੰਟਰਵਿਉਜ਼ ਵਿਚ ਅਕਸਰ ਦੁਹਰਾਉਂਦੇ ਹਨ। ਉੱਪਰ ਵਿਚਾਰ ਆਏ ਹਾਂ ਕਿ ਸਿਧਾਂਤਕ ਖੇਤਰ ਵਿਚ ਪਏ ਧੁੰਧਕਾਰੇ ਕਾਰਨ ‘ਪਾਹੁਲਧਾਰੀ’ ਦੀ ਵਿਆਖਿਆ ਹੀ ਗਲਤ ਪ੍ਰਚਲਿਤ ਕਰ ਦਿੱਤੀ ਗਈ। ਪਰ ਸੱਚਾਈ ਇਹ ਹੈ ਕਿ ਗੁਰਮਤਿ ਦਾ ਹਰ ਅਸੂਲ ਸਾਰੀ ਮਨੁੱਖਤਾ ਲਈ ਇਕਸਾਰ ਹੈ, ‘ਪਾਹੁਲਧਾਰੀਆਂ’ ਲਈ ਕੋਈ ਖਾਸ ਨਹੀਂ। ਬਜਰ ਕੁਰਹਿਤਾਂ ਦੀ ਮਿਸਾਲ ਲੈ ਕੇ ਹੀ ਇਸ ਨੁਕਤੇ ਨੂੰ ਵਿਚਾਰਦੇ ਹਾਂ। ਪ੍ਰਚਲਿਤ ਬਜ਼ਰ ਕੁਰਿਹਤਾਂ ਇਹ ਹਨ:

1. ਪਰ-ਪੁਰਸ਼ ਪਰ ਇਸਤਰੀ ਦਾ ਸੰਗ ਕਰਨਾ
2.  ਤੰਬਾਕੂ ਦਾ ਸੇਵਨ
3.  ਕੁੱਠਾ/ਹਲਾਲ ਦਾ ਸੇਵਨ
4.  ਕੇਸ ਕਟਵਾਉਣਾ

ਨੁਕਤਾਵਾਰ ਵਿਚਾਰ:

1. ਪਰ-ਪੁਰਸ਼ ਪਰ ਇਸਤਰੀ ਦਾ ਸੰਗ ਕਰਨਾ

ਵਿਚਾਰ:-  ਕੀ ਪਰ-ਪੁਰਸ਼ ਜਾਂ ਪਰ ਇਸਤਰੀ ਦਾ ਸੰਗ ਕਰਨਾ ਸਿਰਫ ‘ਪਾਹੁਲਧਾਰੀਆਂ’ ਲਈ ਹੀ ਗਲਤ ਹੈ? ਕੀ ਸਹਿਜਧਾਰੀ ਕਹਿਲਾਉਂਦੇ ਵੀਰਾਂ/ਭੈਣਾਂ ਸਮੇਤ ਹੋਰ ਸਾਰੇ ਮਨੁੱਖਾਂ ਲਈ ‘ਪਰ ਪੁਰਸ਼/ਇਸਤਰੀ ਦਾ ਸੰਗ’ ਗਲਤ ਨਹੀਂ ਹੈ? ਐਸਾ ਨਹੀਂ ਹੈ, ਇਹ ਰੋਗ ਤਾਂ ਸਾਰਿਆਂ ਲਈ ਹੀ ਗਲਤ ਹੈ। ਕੀ ਸਹਿਜਧਾਰੀ ਹੋਣ ਦਾ ਦਾਅਵਾ ਕਰ ਰਹੇ ਵੀਰ ‘ਖੁੱਲੇ ਸੈਕਸ’ ਦੀ ਆਪਣੇ ਲਈ ਛੂਟ ਚਾਹੁੰਦੇ ਹਨ?

2.  ਤੰਬਾਕੂ ਦਾ ਸੇਵਨ

ਵਿਚਾਰ:- ਕੀ ਤੰਬਾਕੂ ਦਾ ਸੇਵਨ ਸਿਰਫ ‘ਪਾਹੁਲਧਾਰੀਆਂ’ ਲਈ ਹੀ ਗਲਤ ਹੈ? ਕੀ ਤੰਬਾਕੂ ਦਾ ਸੇਵਨ ‘ਸਹਿਜਧਾਰੀ’ ਹੋਣ ਦਾ ਦਾਅਵਾ ਕਰ ਰਹੇ ਵੀਰਾਂ/ਭੈਣਾਂ ਸਮੇਤ ਪੂਰੀ ਮਨੁੱਖਤਾ ਲਈ ਗਲਤ ਨਹੀਂ ਹੈ? ਬੇਸ਼ਕ ਤੰਬਾਕੂ ਦਾ ਸੇਵਨ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।

3.  ਕੁੱਠਾ/ਹਲਾਲ ਦਾ ਸੇਵਨ

ਵਿਚਾਰ:- ਮੁਗਲ ਸ਼ਾਸ਼ਕਾਂ ਵਲੋਂ ਪੰਥ ’ਤੇ ਲੰਮਾਂ ਸਮਾਂ ਕੀਤੇ ਜ਼ੁਲਮਾਂ ਕਾਰਨ ਕਈਂ ਸਿੱਖਾਂ ਦੇ ਮਨਾਂ ਵਿਚ ਭੁਲੇਖੇ ਅਧੀਨ ਇਸਲਾਮ ਪ੍ਰਤੀ ਨਫਰਤ ਪੈਦਾ ਹੋ ਗਈ ਜਾਂ ਕਰ ਦਿੱਤੀ ਗਈ। ਇਸੇ ਨਫਰਤ ਕਾਰਨ ‘ਕੁੱਠੇ’ ਦੀ ਪਰਿਭਾਸ਼ਾ ਵੀ ਸਮੇਂ ਨਾਲ ਬਦਲ ਦਿੱਤੀ ਗਈ। ਸਾਡੀ ਸਮਝ ਅਨੁਸਾਰ ‘ਕੁੱਠੇ’ ਤੋਂ ਅਸਲ ਭਾਵ ਉਸ ਮਾਸ ਤੋਂ ਹੈ, ਜੋ ਧਰਮ ਨਾਲ ਜੋੜ ਕੇ ‘ਪਵਿਤ੍ਰ’ ਹੋਇਆ ਮੰਨ ਲਿਆ ਜਾਂਦਾ ਹੈ। ਇਸ ਵਿਚ ਇਸਲਾਮ ਦਾ ਹਲਾਲ ਅਤੇ ਹਿੰਦੂ-ਮੱਤ ਦਾ ਬਲੀ ਚੜ੍ਹਾਇਆ ਮਾਸ ਦੋਵੇਂ ਆ ਜਾਂਦੇ ਹਨ। ਇਹੀ ਸ਼ਰਤ ਕਿਸੇ ਮੱਤ ਵਲੋਂ ਵੀ ਧਰਮ ਦੇ ਨਾਂ ’ਤੇ ਦਿੱਤੀ ਬਲੀ ਵਾਲੇ ‘ਅੰਧ-ਵਿਸ਼ਵਾਸ’ ’ਤੇ ਲਾਗੂ ਹੁੰਦੀ ਹੈ। ਸਮੇਂ ਨਾਲ ਸਾਜਿਸ਼ ਹੇਠ ਇਸ ਪਰਿਭਾਸ਼ਾ ਨੂੰ ਸਿਰਫ ਇਸਲਾਮ ਦੇ ‘ਹਲਾਲ’ ਤੱਕ ਸੀਮਿਤ ਕਰ ਦਿੱਤਾ ਗਿਆ। ਹਿੰਦੂ-ਮੱਤ ਦੀ ਨਕਲ ਹੇਠ ਕੁਝ ‘ਗੁਰਦੁਆਰਿਆਂ’ (ਜਿਵੇਂ ਨਾਂਦੇੜ) ਵਿਚ ਵੀ ਜਾਨਵਰਾਂ ਦੀ ਬਲੀ ਚੜ੍ਹਾਉਣ ਦੀ ਮਨਮੱਤ ਸ਼ੁਰੂ ਕਰ ਦਿੱਤੀ ਗਈ।

ਸੱਚਾਈ ਇਹ ਹੈ ਕਿ ਧਰਮ ਦੇ ਨਾਂ ’ਤੇ ਬਲੀ ਚੜ੍ਹਾ ਕੇ ਮਾਸ ਨੂੰ ‘ਪਵਿਤ੍ਰ’ ਸਮਝ ਲੈਣ ਦਾ ‘ਅੰਧ-ਵਿਸ਼ਵਾਸ’ ਦੁਨੀਆਂ ਦੇ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਇਹ ਗੱਲ ਸਹਿਜਧਾਰੀ ਹੋਣ ਦਾ ਦਾਅਵਾ ਕਰਨ ਵਾਲੇ ਸਾਡੇ ਵੀਰਾਂ/ਭੈਣਾਂ ਲਈ ਵੀ ਗਲਤ ਹੈ।

4.  ਕੇਸ ਕਟਵਾਉਣਾ

ਵਿਚਾਰ:- ਪਹਿਲਾਂ ਸਪਸ਼ਟ ਕਰ ਆਏ ਹਾਂ ਕਿ ਕੇਸ ਸਾਬਿਤ ਰੱਖਣਾ ‘ਰੱਬ ਜੀ ਦੀ ਰਜ਼ਾ ਵਿਚ ਤੁਰਨ’ ਦੇ ਇਲਾਹੀ ਅਸੂਲਾਂ ਦਾ ਅੰਗ ਹੈ। ਕੇਸਾਧਾਰੀ ਹੋਣ ਦੇ ਲਾਭ ਸਾਰੇ ਮਨੁੱਖਾਂ ਲਈ ਇਕਸਾਰ ਹਨ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।  ਹਾਂ ਇਹ ਪ੍ਰਚਾਰ ਵੀ ਗਲਤ ਹੈ ਕਿ ਕੇਸ ਸਿਰਫ ਸਿੱਖ ਧਰਮ ਦਾ ਚਿੰਨ੍ਹ/ਨਿਸ਼ਾਨੀ ਹਨ, ਕਿਉਂਕਿ ਗੁਰਮਤਿ ਧਰਮ ਦੇ ਨਾਂ ’ਤੇ ਫੈਲਾਏ ਚਿੰਨ੍ਹ-ਵਾਦ ਨੂੰ ਰੱਦ ਕਰਦੀ ਹੈ।

ਇਹ ਤਾਂ ਗੱਲ ਹੋਈ ਬਜਰ ਕੁਰਿਹਤਾਂ ਦੀ। ਹੁਣ ਲਗਦੇ ਹੱਥ ਕੱਕਾਰਾਂ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ। ਪੰਜ ਕੱਕਾਰ ਇਹ ਹਨ:

1. ਕੇਸਕੀ :- ਸਮੇਂ ਦੇ ਨਾਲ ‘ਕੇਸਾਂ’ ਨੂੰ ਕਕਾਰ ਵਜੋਂ ਪ੍ਰਚਲਿਤ ਕਰ ਦਿੱਤਾ ਗਿਆ ਪਰ ਇਹ ਇਕ ਭੁਲੇਖੇ/ਸਾਜਿਸ਼ ਅਧੀਨ ਹੀ ਹੋਇਆ। ਕੱਕਾਰ ਸ਼ਰੀਰ ਤੇ ਬਾਹਰੋਂ ਧਾਰਨ ਕੀਤੇ ਜਾਂਦੇ ਹਨ, ਜਦੋਂ ਕਿ ਕੇਸ ਤਾਂ ਸ਼ਰੀਰ ਦਾ ਹਿੱਸਾ ਹਨ। ਇਸ ਲਈ ਕਕਾਰ ਅਸਲ ਵਿਚ ਕੇਸਕੀ ਹੈ। ਕੇਸਕੀ ਦਾ ਭਾਵ ਹੈ ਸਿਰ ਦੇ ਕੇਸਾਂ ਦੀ ਸੰਭਾਲ (ਢੱਕਣ) ਲਈ ਵਰਤਿਆ ਜਾਂਦਾ ਵਸਤਰ। ਇਸ ਵਿਚ ਦਸਤਾਰ, ਸਕਾਰਫ ਜਾਂ ਚੁੰਨੀ ਆਦਿ ਆ ਜਾਂਦੇ ਹਨ। ਉੱਪਰ ਅਸੀਂ ਸਪਸ਼ਟ ਕਰ ਆਏ ਹਾਂ ਕਿ ਕੇਸਾਧਾਰੀ ਹੋਣਾ ਹਰ ‘ਸਚਿਆਰੇ ਮਨੁੱਖ’ ਦਾ ਇਕ ਗੁਣ ਹੈ। ਸੋ ਕੇਸਕੀ ਵੀ ਹਰ ‘ਸਚਿਆਰ ਮਨੁੱਖ’ ਦੀ ਇਕ ਲੋੜ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਦੀ।

2.  ਕੰਘਾ:- ਸਿਰ ਦੇ ਕੇਸ ਤਕਰੀਬਨ ਹਰ ਮਨੁੱਖ ਦਾ ਹਿੱਸਾ ਹਨ। ਸੋ ਕੇਸਾਂ ਦੀ ਸੰਭਾਲ ਲਈ ਕੰਘਾ/ਕੰਘੀ (ਵੱਖਰੇ-ਵੱਖਰੇ ਰੂਪਾਂ ਦਾ) ਲਗਭਗ ਹਰ ਮਨੁੱਖ ਵਰਤਦਾ ਹੈ। ਮਨੁੱਖ ਸਾਬਤ ਸੂਰਤ ਹੋਵੇ ਜਾਂ ਨਹੀਂ, ਪਰ ਕੰਘਾ/ਕੰਘੀ ਤਾਂ ਲਗਭਗ ਹਰ ਮਨੁੱਖ ਵਰਤਦਾ ਹੈ। ਕੇਸ ਕਟਵਾਏ ਹੋਏ ਵੀਰਾਂ ਦੇ ਪਰਸ/ਜੇਬ ਵਿਚ ਕੰਘਾ/ਕੰਘੀ ਆਮ ਮਿਲ ਜਾਂਦਾ ਹੈ। ਬੀਬੀਆਂ ਵੀ ਲਗਭਗ ਸਾਰੀਆਂ ਆਪਣੇ ਪਰਸ ਵਿਚ ਕੰਘੀ/ਕੰਘਾ ਰੱਖਦੀਆਂ ਹਨ।

ਸੋ ਸਪਸ਼ਟ ਹੈ ਕਿ ਕੇਸਾਂ ਦੀ ਸੰਭਾਲ ਲਈ ਕੰਘੇ ਦੀ ਲੋੜ ਤਾਂ ਹਰ ਮਨੁੱਖ ਨੂੰ ਹੀ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਨੂੰ। ਹਾਂ ਕੰਘੇ ਦਾ ਸਰੂਪ ਅਤੇ ਰੱਖਣ ਦੀ ਥਾਂ ਸਮੇਂ-ਸਮੇਂ ਨਾਲ ਬਦਲਦੀ ਰਹਿੰਦੀ ਹੈ।

3.  ਕਛਹਿਰਾ:- ਮਨੁੱਖੀ ਸਭਿਅਤਾ ਦੀ ਸ਼ੁਰੂਆਤ ਤੋਂ ਬਾਅਦ ਜਿਵੇਂ ਹੀ ਮਨੁੱਖ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਤਾਂ ‘ਗੁਪਤ-ਅੰਗਾਂ’ ਨੂੰ ਛੁਪਾ ਕੇ ਰੱਖਣ ਦੀ ਸੋਝੀ/ਪ੍ਰਵਿਰਤੀ ਮੁੱਢਲੀਆਂ ਪਰਤਾਂ ਵਿਚੋਂ ਇਕ ਸੀ। ਨੰਗੇਜ਼ ਨੂੰ ਢੱਕਣ ਦੀ ਸ਼ੁਰੂਆਤ ਪੱਤਿਆਂ ਨਾਲ ਹੋਈ ਸੀ, ਪਰ ਵਿਕਾਸ ਦੇ ਨਾਲ-ਨਾਲ ਇਨ੍ਹਾਂ ਵਸਤਰਾਂ ਦਾ ਰੂਪ ਬਦਲਦਾ ਗਿਆ। ਗੁਰਮਤਿ ਇਨਕਲਾਬ ਦੇ ਮੁੱਢਲੇ ਵਿਕਾਸ ਦੇ ਦੌਰ ਵਿਚ ਇਹ ‘ਕਛਿਹਰੇ’ ਦੇ ਰੂਪ ਵਿਚ ਪ੍ਰਚਲਿਤ ਹੋ ਗਿਆ। ਆਪਣੇ ਆਕਾਰ ਅਤੇ ਬਣਤਰ ਕਾਰਨ ਇਹ ਬਹੁਤ ਵਧੀਆ ਅਤੇ ਆਰਾਮ ਦਾਇਕ ਸੀ। ਉਸ ਸਮੇਂ ਆਮ ਨਹਾਉਣਾ ਤਲਾਬਾਂ ਜਾਂ ਖੂਹਾਂ ਤੇ ਖੁੱਲੇ ਵਿਚ ਹੁੰਦਾ ਸੀ, ਸੋ ਕਛਹਿਰਾ ਬਹੁਤ ਢੁੱਕਵਾਂ ਵਸਤਰ ਰਿਹਾ। ਸਮੇਂ ਨਾਲ ਵਿਕਾਸ ਹੋਇਆ ਅਤੇ ਬਹੁਤ ਲੋਕਾਂ ਦਾ ਨਹਾਉਣਾ ‘ਬਾਥਰੂਮਾਂ’ ਵਿਚ ਹੋਣ ਲੱਗ ਪਿਆ ਹੈ। ਸੋ ਸਮੇਂ ਨਾਲ ਨੰਗੇਜ਼ ਢੱਕਣ ਦੇ ਵਸਤਰਾਂ ਦਾ ਰੂਪ ਵੀ ਬਦਲ ਰਿਹਾ ਹੈ। ਕਛਹਿਰੇ ਦਾ ਮੁੱਢਲਾ ਰੂਪ ਅੱਜ ਵੀ ਬਹੁਤ ਆਰਾਮਦਾਇਕ ਅਤੇ ਆਪਣੇ ਆਪ ਵਿਚ ਇਕ ਪੂਰਨ ਥੱਲੇ ਦਾ ਵਸਤਰ ਹੈ। ਅੱਜ ਕਲ ਜੋ ‘ਸ਼ਾਰਟ/ਬਰਮੁੱਢਾ’ ਦਾ ਫੈਸ਼ਨ ਚਲ ਰਿਹਾ ਹੈ, ਉਹ ਆਕਾਰ ਪੱਖੋਂ ਕਛਿਹਰੇ ਦਾ ਹੀ ਵਿਕਸਿਤ ਰੂਪ ਹੈ। ਖੈਰ ਅਸਲ ਨੁਕਤਾ ਨੰਗੇਜ਼ ਢੱਕਣ ਦਾ ਹੈ। ਅਜ ਵੀ ਰੂਪ ਅਤੇ ਆਕਾਰ ਪੱਖੋਂ ਕਛਿਹਰਾ ਸਭ ਤੋਂ ਢੱਕਵਾਂ ਅਤੇ ਬੇਹਤਰੀਨ ਅੰਦਰੂਨੀ ਵਸਤਰ (ਅੰਡਰ ਗਾਰਮੈਂਟ) ਹੈ। 

ਪਰ ਇਹ ਗੱਲ ਤਾਂ ਸਪਸ਼ਟ ਹੈ ਕਿ ਨੰਗੇਜ਼ ਢੱਕਣਾ ਹਰ ਇਕ ਮਨੁੱਖ ਦੀ ਮੁੱਢਲੀ ਲੋੜ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਦੀ। ਸੋ ਕਛਹਿਰੇ (ਅੰਡਰ ਗਾਰਮੈਂਟ) ਦੀ ਲੋੜ ਹਰ ਇਕ ਮਨੁੱਖ ਨੂੰ ਹੈ, ਨਾ ਕਿ ਸਿਰਫ ਪਾਹੁਲਧਾਰੀਆਂ ਨੂੰ। ਸਹਿਜਧਾਰੀ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰ/ਭੈਣ ਕੀ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨੰਗੇਜ਼ ਢੱਕਣ ਲਈ ਕਿਸੇ ਵਸਤਰ ਦੀ ਲੋੜ ਨਹੀਂ ਹੈ?, ਕਿਉਂਕਿ ‘ਕੱਕਾਰਾਂ’ ਦੀ ਲੋੜ ਤਾਂ ਸਿਰਫ ‘ਪਾਹੁਲਧਾਰੀਆਂ’ ਨੂੰ ਹੈ।

4.  ਕਿਰਪਾਨ:- ਕਿਰਪਾਨ ਹਥਿਆਰ ਦਾ ਇਕ ਰੂਪ ਹੈ। ਹਥਿਆਰ ਸਵੈ-ਰੱਖਿਆ ਲਈ ਹਮੇਸ਼ਾਂ ਹੀ ਸਹਾਇਕ ਰਹੇ ਹਨ। ਨਾਲ ਹੀ ਕਿਸੇ ਮਜ਼ਲੂਮ ’ਤੇ ਹੋ ਰਹੇ ਜ਼ੁਲਮ ਨੂੰ ਫੌਰੀ ਤੌਰ ’ਤੇ ਠੱਲ ਪਾਉਣ ਲਈ ਵੀ ਹਥਿਆਰ ਸਹਾਇਕ ਹੁੰਦੇ ਹਨ। ਹਥਿਆਰ ਆਪਣੇ ਆਪ ਵਿਚ ਚੰਗਾ ਜਾਂ ਮਾੜਾ ਨਹੀਂ ਹੁੰਦਾ, ਉਸ ਦੀ ਵਰਤੋਂ ਚੰਗੀ ਜਾਂ ਮਾੜੀ ਹੁੰਦੀ ਹੈ। ਮਿਸਾਲ ਲਈ ਜੇ ਕੁਝ ਬਦਮਾਸ਼ ਕਿਸੇ ਬੀਬੀ ਦੀ ਇੱਜ਼ਤ ਲੁੱਟ ਰਹੇ ਹੋਣ ਤਾਂ ਉਸ ਦ੍ਰਿਸ਼ ਨੂੰ ਵੇਖ ਕੇ ਕਿਸੇ ਵੀ ਸੁਹਿਰਦ ਮਨੁੱਖ ਦਾ ਖੁਨ ਖੌਲ ਜਾਂਦਾ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਦਾ। ਐਸੇ ਵਿਚ ਉਸ ਕੁਕਰਮ ਨੂੰ ਠੱਲ ਪਾਉਣ (ਰੋਕਣ) ਲਈ ਹਥਿਆਰ ਸਹਾਇਕ ਹੁੰਦੇ ਹਨ। ਕਿਰਪਾਨ (ਵੱਖਰੇ-ਵੱਖਰੇ ਰੂਪ ਵਿਚ) ਇਕ ਮੂਲ ਹਥਿਆਰ ਵਜੋਂ ਹਮੇਸ਼ਾਂ ਤੋਂ ਵਰਤੀ ਜਾਂਦੀ ਰਹੀ ਹੈ। ਆਧੁਨਿਕ ਰਾਈਫਲਾਂ ਦੇ ਦੌਰ ਵਿਚ ਫੌਜੀਆਂ ਨੂੰ ਰਾਈਫਲ ਨਾਲ ਇਕ ‘ਬਾਇਉ ਨੇਟ’ (ਕਿਰਪਾਨ ਦਾ ਇਕ ਰੂਪ ਜੋ ਰਾਈਫਲ ਦੇ ਅੱਗੇ ਜੁੜਦਾ ਹੈ) ਜਾਂ ਖੁਖਰੀ ਦਿੱਤੀ ਜਾਂਦੀ ਹੈ ਤਾਂ ਕਿ ਜੇ ਨੌਬਤ ਹੱਥੋ-ਹੱਥ ਲੜਾਈ ਦੀ ਆ ਜਾਵੇ ਤਾਂ ਇਨ੍ਹਾਂ ਤੋਂ ਸਹਾਇਤਾ ਮਿਲ ਸਕੇ। ਇਸ ਦੌਰ ਵਿਚ ਵੀ ਕੁਝ ‘ਪਾਹੁਲਧਾਰੀ’ ਬੀਬੀਆਂ ਵਲੌਂ ਕਿਰਪਾਨ ਦੀ ਮਦਦ ਨਾਲ ਹਨੇਰੇ ਵਿਚ ਕੁਝ ਬਦਮਾਸ਼ਾਂ ਨੂੰ ਖਦੇੜਨ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਰਹੀਆਂ ਹਨ।

ਅੱਜ ਵੀ ਸਮਾਜ ਵਿਚ ਅਨੇਕਾਂ ਲੋਕਾਂ ਵਲੋਂ ‘ਸਵੈ-ਰੱਖਿਆ’ ਲਈ ਹਥਿਆਰਾਂ ਦੇ ਲਾਈਸੈਂਸ ਲਏ ਜਾਂਦੇ ਹਨ। ਸਪਸ਼ਟ ਹੈ ਕਿ ਸਵੈ-ਰੱਖਿਆ ਲਈ ਹਥਿਆਰ ਦੀ ਲੋੜ ਹਰ ਇਕ ਮਨੁੱਖ ਨੂੰ ਪੈ ਸਕਦੀ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਨੂੰ। ਕਿਉਂਕਿ ਕਿਰਪਾਨ ਇਕ ਮੂਲ ਹਥਿਆਰ ਹੈ, ਇਸ ਲਈ ਇਹ ਹਰ ਮਨੁੱਖ ਲਈ ਲਾਹੇਵੰਦ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।  ਕੀ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਵੀਰ ਇਹ ਕਹਿਣਾ ਚਾਹੁੰਦੇ ਹਨ ਕਿ ‘ਸਵੈ-ਰੱਖਿਆ’ ਲਈ ਕਿਸੇ ਹਥਿਆਰ ਦੀ ਲੋੜ ਸਿਰਫ ‘ਪਾਹੁਲਧਾਰੀਆਂ’ ਨੂੰ ਹੀ ਹੁੰਦੀ ਹੈ?

5. ਕੜਾ:- ਕੜਾ ਵੀ ਮੁੱਢਲੇ ਤੌਰ ’ਤੇ ਇਕ ਸਵੈ-ਰੱਖਿਆ ਲਈ ਬਣਿਆ ਹਥਿਆਰ ਹੀ ਹੈ। ਪਰ ਸ਼ਾਇਦ ਬਿਖੜੇ ਪੈਂਡਿਆਂ ਦੇ ਦੌਰ ਵਿਚ ਇਸ ਦਾ ਮਕਸਦ ਬਦਲ ਕੇ ‘ਵਹਿਮਾਂ-ਭਰਮਾਂ’ ਤੋਂ ਬੱਚੇ ਰਹਿਣ ਦਾ ਚੇਤਾ ਕਰਵਾਉਂਦੀ ਇਕ ਨਿਸ਼ਾਨੀ ਪ੍ਰਚਾਰਿਆ ਜਾਣ ਲਗ ਪਿਆ। ਇਸ ਨਾਲ ਸੰਬੰਧਿਤ ਇਕ ਸਾਖੀ ਵੀ ਪ੍ਰਚਲਿਤ ਕਰ ਦਿੱਤੀ ਗਈ। ਲੋਹੇ ਦਾ ਕੜਾ ਹੋਣ ਦਾ ਕਾਰਨ ਵੀ ਇਹੀ ਜਾਪਦਾ ਹੈ ਕਿ ਲੋਹੇ ਦਾ ਕੜਾ ਹੀ ਇਕ ਚੰਗਾ ਹਥਿਆਰ ਬਣ ਸਕਦਾ ਹੈ, ਸੋਨੇ ਜਾਂ ਚਾਂਦੀ ਦਾ ਨਹੀਂ। ਵੈਸੇ ਇਸ ਨੂੰ ਸਿਰਫ ਸਿੱਖੀ ਦਾ ਇਕ ਚਿੰਨ੍ਹ ਮੰਨਣ ਦੀ ਸੋਚ ਗੁਰਮਤਿ ਅਨੁਸਾਰੀ ਨਹੀਂ। ਨਾ ਹੀ ਸਿਰਫ ਕੜਾ ਪਾ ਕੇ ਵਹਿਮਾਂ/ਭਰਮਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਕ ਸਿੱਖ ਨੂੰ ਗੁਰ-ਉਪਦੇਸ਼ ਚੇਤੇ ਰੱਖਣ ਲਈ ਕਿਸੇ ਚਿੰਨ੍ਹ ਦੀ ਲੋੜ ਨਹੀਂ ਹੈ। ਕੜਾ ਪਾਏ ਹੋਏ ਬਹੁਤਾਦ ਲੋਕ ਅੰਧਵਿਸ਼ਵਾਸਾਂ ਦੇ ਸ਼ਿਕਾਰ ਵੇਖੇ ਜਾ ਸਕਦੇ ਹਨ।

ਸੋ ਇਕ ਮੁੱਢਲੇ ਹਥਿਆਰ ਵਜੋਂ ਕੜਾ ਵੀ ਹਰ ਮਨੁੱਖ ਨੂੰ (ਸਮੇਤ ਸਹਿਜਧਾਰੀ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ ਦੇ) ਸਵੈ-ਰੱਖਿਆ ਲਈ ਸਹਾਇਕ ਹੋ ਸਕਦਾ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ਨੂੰ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਕਹਿਣਾ (ਜਾਂ ਪ੍ਰਚਾਰ) ਗਲਤ ਹੈ ਕਿ ਬਜਰ ਕੁਰਹਿਤਾਂ ਸਮੇਤ ਗੁਰਬਾਣੀ ਦਾ ਕੋਈ ਵੀ ਉਪਦੇਸ਼ ਸਿਰਫ ‘ਪਾਹੁਲਧਾਰੀ ਸਿੱਖਾਂ’ ਲਈ ਹੈ। ਸੱਚਾਈ ਹੈ ਕਿ ਗੁਰਬਾਣੀ ਦਾ ਹਰ ਉਪਦੇਸ਼ ਸੰਸਾਰ ਦੇ ਹਰ ਮਨੁੱਖ ਲਈ ਸਾਂਝਾ ਹੈ। ਵਿਚਾਰ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ‘ਕੱਕਾਰ’ ਵੀ ਹਰ ਮਨੁੱਖ ਲਈ ਲਾਹੇਵੰਦ ਹਨ ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।

ਸਹਿਜਧਾਰੀ ਸਿੱਖ ਫੈਡਰੇਸ਼ਨ ਨਾਲ ਜੁੜੇ ਸੱਜਣਾਂ ਦੀ ਇਕ ਹੋਰ ਦਲੀਲ ਹੈ ਕਿ ਇਸ ਸਮੇਂ ਲਗਭਗ 80% ਸਿੱਖ ਕਿਸੇ ਨਾ ਕਿਸੇ ਰੂਪ ਵਿਚ ਕੇਸ ਕਟਵਾਉਂਦੇ ਹਨ, ਇਸ ਲਈ ਜੇ ਸਿੱਖ ਧਰਮ ਨੂੰ ਫੈਲਾਉਣਾ ਹੈ ਤਾਂ ਸਾਨੂੰ ਇਹ ਬੰਦਿਸ਼ ਖਤਮ ਕਰਨੀ ਪਵੇਗੀ।

ਵਿਚਾਰ:- ਧਰਮ ਇਕ ਸਵੈ-ਇੱਛਾ ਦਾ ਮਸਲਾ ਹੈ। ਇਹ ਕਿਸੇ ’ਤੇ ਥੋਪਿਆ ਨਹੀਂ ਜਾ ਸਕਦਾ। ਜੇ ਸਹਿਜਧਾਰੀ ਸਿੱਖ ਫੈਡਰੇਸ਼ਨ ਵਾਲੇ ਸੱਜਣਾਂ ਦੇ ਇਹ ਆਂਕੜੇ ਠੀਕ ਵੀ ਹਨ ਤਾਂ ਇਹ ਛੋਟ ਦੇਣ ਲਈ ਕੋਈ ਵਜ਼ਨਦਾਰ ਦਲੀਲ ਨਹੀਂ ਲਗਦੀ। ਸੰਸਾਰ ਵਿਚ ਜੇ 80% ਜਾਂ ਵੱਧ ਲੋਕ ਨਸ਼ੇ ਜਾਂ ਤੰਬਾਕੂ ਦਾ (ਕਿਸੇ ਨਾ ਕਿਸੇ ਰੂਪ ਵਿਚ) ਸੇਵਨ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਸਿੱਖ ਫਲਸਫੇ ਵਿਚ ਬਦਲਾਅ ਕਰਕੇ ਨਸ਼ੇ/ਤੰਬਾਕੂ ਸੇਵਨ ਦੀ ਛੂਟ ਦੇ ਦਿੱਤੀ ਜਾਵੇ।

ਗੁਰਮਤਿ ਇਨਕਲਾਬ ਦਾ ਮਤਲਬ ਸਿਰਫ ਆਪਣੇ ਮੱਤ ਦੇ ਲੋਕਾਂ ਦੀ ਗਿਣਤੀ ਵਧਾਉਣਾ ਨਹੀਂ, ਬਲਕਿ ਸੰਸਾਰ ਦੇ ਹਰ ਮਨੁੱਖ ਨੂੰ ‘ਸਚਿਆਰਾ’ ਬਨਣ ਲਈ ਪ੍ਰੇਰਣਾ ਹੈ। ਬੇਸ਼ਕ ਹੋਰ ਮਤਾਂ ਵਾਲੇ ਕਿਸੇ ਗਲਤ ਪ੍ਰੇਰਨਾ ਹੇਠ ਆਪਣੇ ਵਿਸ਼ਵਾਸ ਵਾਲਿਆਂ ਦੀ ਗਿਣਤੀ ਵਧਾਉਣ ਲਈ ਜਾਇਜ਼/ਨਜਾਇਜ਼  ਹਰ ਤਰੀਕਾ ਵਰਤਦੇ ਹੋਣਗੇ ਜਾਂ ਐਸੀਆਂ ਛੂਟਾਂ ਦੇ ਆਫਰ ਦੇਂਦੇ ਹੋਣਗੇ। ਪਰ ਗੁਰਮਤਿ ਵਿਚ ਐਸਾ ਨਹੀਂ ਹੈ, ਕਿਉਂਕਿ ਗੁਰਮਤਿ ਫਲਸਫੇ ਮੁਤਾਬਕ ਅਸਲ ਧਰਮ ਇਕ ਹੀ ਹੈ, ਜਿਸ ਬਾਰੇ ਗੁਰਬਾਣੀ ਸਮਝਾਉਂਦੀ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (ਪੰਨਾ 266)

ਗੁਰਮਤਿ ਇਨਕਲਾਬ ਦਾ ਮਕਸਦ ਹਰ ਮਨੁੱਖ ਨੂੰ ਇਸ ਧਰਮ (ਸਚਿਆਰ ਮਨੁੱਖ) ਬਣਨ ਲਈ ਪ੍ਰੇਰਣਾ ਹੈ, ਨਾ ਕਿ ਇਕ ਲੇਬਲ ਹੇਠ ਗਿਣਤੀ ਵਧਾਉਣਾ। ਸੋ ਗੁਰਮਤਿ ਇਨਕਲਾਬ ਬੰਦਿਆਂ ਦੇ ਅਨੁਸਾਰ ‘ਸਿਧਾਂਤ’ ਨਹੀਂ ਬਦਲਦਾ, ਬਲਕਿ ਬੰਦਿਆਂ ਨੂੰ ‘ਸਿਧਾਂਤ’ ਅਨੁਸਾਰ ਬਦਲਣ ਦੀ ਪ੍ਰੇਰਨਾ ਕਰਦਾ ਹੈ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਗਈ, ਉਹ ਆਪੇ ‘ਸਿੱਖੀ’ ਦੇ ਰਾਹ ਤੁਰ ਪਵੇਗਾ, ਛੂਟਾਂ ਮੰਗ ਕੇ ਮੋਲ-ਤੋਲ ਨਹੀਂ ਕਰੇਗਾ।

ਸੋ ਸਪਸ਼ਟ ਹੈ ਕਿ ਕਿਸੇ ਗਲਤ ਗੱਲ ਦੇ ਬਹੁਤਾਤ ਵਿਚ ਪ੍ਰਚਲਿਤ ਹੋ ਜਾਣ ਦਾ ਆਧਾਰ ਦੇ ਕੇ ਸਿਧਾਂਤਾਂ ਵਿਚ ਬਦਲਾਅ ਦੀ ਮੰਗ ਕੋਈ ਠੋਸ ਆਧਾਰ ਨਹੀਂ ਹੈ। ਇਹ ਮੰਗ ਕਿਸੇ ਵੀ ਲਿਹਾਜ਼ ਨਾਲ ਜਾਇਜ਼ ਨਹੀਂ ਹੈ।

‘ਸੁਖਦੇਵ (ਸਿੰਘ)’ ਨਾਂ ਦੇ ਇਸ ਵਿਦਵਾਨ ਨੇ ਆਪਣੇ ਇਸ ਲੇਖ ਵਿਚ ਅੱਗੇ ਜਾ ਕੇ ਕਿਸੇ ਵਿਦਵਾਨ ਪ੍ਰੋ. ਸੁਰਿੰਦਰ ਸਿੰਘ ਜੀ ਦੀ ਬਾਬਾ ਨਾਨਕ ਜੀ ਦੀਆਂ ਉਦਾਸੀਆਂ ਬਾਰੇ ਲਿਖੀ ਇਕ ਪੁਸਤਕ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ‘ਬੁਖਾਰਾ’ ਇਲਾਕੇ ਵਿਚ ਕਈਂ ਲੋਕ ਹਨ, ਜੋ ‘ਬਾਬਾ ਨਾਨਕ’ ਜੀ ਨੂੰ ਪੀਰ ਮੰਨ ਕੇ ਉਨ੍ਹਾਂ ਵਿਚ ਸ਼ਰਧਾ ਰੱਖਦੇ ਹਨ। ਵਿਦਵਾਨ ਲੇਖਕ ਨੂੰ ਇਤਨਾ ਤਾਂ ਪਤਾ ਹੀ ਹੈ ਕਿ ਸਿੱਖੀ ਗਿਆਨ ਦਾ ‘ਧਰਮ’ ਹੈ, ਅੰਨ੍ਹੀ ਸ਼ਰਧਾ ਦਾ ਨਹੀਂ। ਲੇਖਕ ਵਲੋਂ ਹਵਾਲੇ ਵਜੋਂ ਵਰਤੀ ਘਟਨਾ ਵਿਚ ਉੱਥੇ ਦੇ ਲੋਕਾਂ ਦਾ ਇਹ (ਅੰਧ) ਵਿਸ਼ਵਾਸ ਦਰਸਾਇਆ ਗਿਆ ਹੈ, ਜਦੋਂ ਨਾਨਕ ਪਾਤਸ਼ਾਹ ਜੀ ਉੱਥੇ ਆਏ ਤਾਂ ਭਾਈ ਮਰਦਾਨਾ ਜੀ ਨੂੰ ਨੇੜੇ ਵਸਦੇ ਕਿਸੇ ਪੀਰ/ਫਕੀਰ ਕੋਲੋਂ ਪਾਣੀ ਲਿਆਉਣ ਲਈ ਭੇਜਿਆ, ਪਰ ਉਸ ਫਕੀਰ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਫੇਰ ਬਾਬਾ ਨਾਨਕ ਜੀ ਨੇ ‘ਭਾਈ ਬਾਲਾ ਜੀ’ ਨੂੰ ਇਕ ਛੜੀ ਦੇ ਕੇ 12 ਮੀਲ ਦੂਰ ਸਥਿਤ ਇਕ ਨਦੀ ’ਤੇ ਭੇਜਿਆ ਅਤੇ ਕਿਹਾ ਕਿ ਉਥੋਂ ਵਾਪਿਸ ਮੁੜਦੇ ਹੋਏ, ਇਸ ਛੜੀ ਨਾਲ ਇਕ ਲੀਕ ਖਿੱਚਦੇ ਆਣਾ। ਸਾਖੀ ਅਨੁਸਾਰ ਭਾਈ ਬਾਲਾ ਵਲੋਂ ਖਿੱਚੀ ਜਾ ਰਹੀ ਲੀਕ ਦੇ ਨਾਲ-ਨਾਲ ਨਦੀ ਨੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਦਾ (ਅੰਧ) ਵਿਸ਼ਵਾਸ ਹੈ ਕਿ ਸ਼ਹਿਰ ਵਿਚ ਨਦੀ ਭਾਈ ਬਾਲੇ ਵਲੋਂ ਲੀਕ ਡਾਹ ਕੇ ਲਿਆਂਦੀ ਉਹੀ ਨਦੀ ਹੈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਬਾਬਾ ਨਾਨਕ ਜੀ ਦੀਆਂ ਦੂਰ ਦੁਰਾਡੇ ਦੀਆਂ ਪ੍ਰਚਾਰ ਫੇਰੀਆਂ ਦੌਰਾਨ ਬਹੁਤ ਲੋਕਾਂ ਦੀ ਸ਼ਰਧਾ ਉਨ੍ਹਾਂ ਵਿਚ ਪੈਦਾ ਹੋਈ। ਪਰ ਸੱਚਾਈ ਇਹ ਵੀ ਹੈ ਕਿ ਬਹੁਤਾਤ ਵਿਚ ਇਹ ਸਿਰਫ ‘ਸ਼ਰਧਾ’ ਹੀ ਰਹੀ, ‘ਗਿਆਨ’ (ਸਿੱਖੀ) ਨਹੀਂ ਬਣ ਪਾਈ ਜਾਂ ਸੱਚ ਇਹ ਹੋ ਸਕਦਾ ਹੈ ਕਿ ਸਮੇਂ ਨਾਲ ਸਿਰਫ ਉਨ੍ਹਾਂ ਵਿਚ ‘ਸ਼ਰਧਾ’ ਹੀ ਰਹਿ ਗਈ, ਗਿਆਨ (ਅਸਲ ਸਿੱਖੀ) ਦਾ ਅੰਸ਼ ਬਹੁਤ ਹੱਦ ਤੱਕ ਖਤਮ ਹੋ ਗਿਆ। ਹੁਣ ਵੀ ਐਸੇ ਲੋਕਾਂ ਵਿਚ ਬਾਬਾ ਨਾਨਕ ਜੀ ਪ੍ਰਤੀ (ਵੱਖ-ਵੱਖ ਨਾਵਾਂ ਹੇਠ) ਸ਼ਰਧਾ ਤਾਂ ਜ਼ਰੂਰ ਮਿਲਦੀ ਹੈ, ਪਰ ਉਨ੍ਹਾਂ ਦੀ ਜੀਵਨ-ਜਾਚ ਗੁਰਮਤਿ ਦੇ ਮੁੱਢਲੇ ਅਸੂਲਾਂ ਦੇ ਕਾਫੀ ਉਲਟ ਹੈ। ਸਿੱਖੀ ਤਾਂ ਹੈ ਹੀ ‘ਗਿਆਨ ਅਤੇ ਅਮਲ’ ਦਾ ਨਾਮ, (ਗਿਆਨ ਅਤੇ ਅਮਲ ਵਿਹੂਣੀ) ਨਿਰੀ ਸ਼ਰਧਾ ਸਿੱਖੀ ਨਹੀਂ ਕਹੀ ਜਾ ਸਕਦੀ। ਇਸ ਬਾਰੇ ਕਬੀਰ ਸਾਹਿਬ ਦਾ ਬਹੁਤ ਹੀ ਸਪਸ਼ਟ ਗੁਰਵਾਕ ਹੈ:

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥155॥ (ਪੰਨਾ 1372)

ਐਸੇ ਬਹੁਤਾਤ ‘ਸ਼ਰਧਾਲੂ’ ਤਾਂ ਇਸ ਲੇਖਕ ਵਲੋਂ ਦਿੱਤੀਆਂ ਸਿੱਖੀ ਦੀਆਂ ਤਿੰਨ ਮੂਲ ਸ਼ਰਤਾਂ ’ਤੇ ਹੀ ਖਰੇ ਨਹੀਂ ਉਤਰਦੇ।
ਪਰਮਜੀਤ ਸਿੰਘ ਜੀ ਰਾਣੂ ਸਮੇਤ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਸੱਜਣਾਂ ਦੀ ਇਕ ਦਲੀਲ ਇਹ ਵੀ ਹੈ ਕਿ ‘ਸਹਿਜਧਾਰੀ ਸਿੱਖ’ ਦਾ ਭਾਵ ਉਹ ਮਨੁੱਖ ਹੈ, ਜੋ ਹੋਲੀ-ਹੋਲੀ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਵੱਲ ਵੱਧ ਰਿਹਾ ਹੈ। ਇਸ ਪਹੁੰਚ ਵਿਚ ਕੋਈ ਗਲਤੀ ਨਹੀਂ ਹੈ, ਪਰ ਇਹ ਸਵੈ-ਪੜਚੋਲ ਦਾ ਵਿਸ਼ਾ ਹੈ ਕਿ ਉਸ ਨੂੰ ਸਿੱਖ ਹੋਣ ਦਾ ਦਾਅਵਾ (ਵੈਸੇ ਦਾਅਵੇ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸਿੱਖੀ ਮਨ ਦੀ ਖੇਡ ਹੈ) ਤਾਂ ਹੀ ਹੋਣਾ ਚਾਹੀਦਾ ਹੈ, ਜਦੋਂ ਉਹ ਗੁਰਮਤਿ ਦੇ ਮੂਲ ਸਿਧਾਂਤਾਂ ਦਾ ਧਾਰਨੀ ਹੋ ਜਾਂਦਾ ਹੈ। ਬਾਕੀ ਇਕ ਸਿੱਖ ਤਾਂ ਹਮੇਸ਼ਾਂ ਹੀ ਸਿੱਖਆਰਥੀ ਰਹਿੰਦੇ ਹੋਏ ਸਿੱਖਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਅੱਜ ਸਿੱਖ ਹੋਣ ਦਾ ਦਾਅਵਾ ਕਰ ਰਹੇ ਸੱਜਣਾਂ ਨੂੰ ਨਿਮਰਤਾ ਸਹਿਤ ਇਹ ਸਵੈ-ਪੜਚੋਲ ਕਰਨ ਦੀ ਬੇਨਤੀ ਹੈ ਕਿ ਕੀ ਉਹ ਇਸ ਸ਼੍ਰੇਣੀ ਦੇ ਘੇਰੇ ਵਿਚ ਆਉਂਦੇ ਹਨ? ਕਿਉਂਕਿ ਇਸ ਸ਼੍ਰੇਣੀ ਦੇ ਘੇਰੇ ਵਿਚ ਉਹੀ ਇਨਸਾਨ ਆਉਂਦੇ ਹਨ, ਜੋ ਕਿਸੇ ਹੋਰ ਮੱਤ ਵਲੋਂ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਹਨ। ਪਰ ਅੱਜ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰ ਰਹੇ ਬਹੁਤਾਤ ਸੱਜਣ ਉਹ ਹਨ, ਜੋ ਮੂਲ ਤੌਰ ’ਤੇ ‘ਸਿੱਖ ਪਰਿਵਾਰਾਂ’ ਵਿਚੋਂ ਹੀ ਹਨ ਅਤੇ ਜਿਨ੍ਹਾਂ ਨੇ ਫੈਸ਼ਨ ਦੀ ਹੋੜ (ਜਾਂ ਕਿਸੇ ਹੋਰ ਪ੍ਰਭਾਵ ਹੇਠ) ਕੇਸ ਕਟਵਾਉਣ ਸਮੇਤ ਹੋਰ ਕਮਜ਼ੋਰੀਆਂ ਅਪਨਾ ਲਈਆਂ ਹਨ।
ਪਰਮਜੀਤ ਸਿੰਘ ਜੀ ਰਾਣੂ ਸਮੇਤ ਕੁਝ ਸੱਜਣਾਂ ਦੀ ਇਹ ਵੀ ਦਲੀਲ ਹੈ ਕਿ ਕਿਉਂਕਿ ਅਸੀਂ ਸਿੱਖ ਖਾਨਦਾਨਾਂ ਵਿਚੋਂ ਹਾਂ, ਇਸ ਲਈ ਜੇ ‘ਮੂਲ ਸਿਧਾਂਤ’ ਨਹੀਂ ਵੀ ਅਪਨਾਏ ਤਾਂ ਵੀ ‘ਸਹਿਜਧਾਰੀ ਸਿੱਖ’ ਹਾਂ, ਕਿਉਂਕਿ ਸਾਡਾ ਕੋਈ ਹੋਰ ਧਰਮ ਨਹੀਂ ਹੈ। ਐਸੇ ਸੱਜਣਾਂ ਨੂੰ ਨਿਮਰਤਾ ਸਹਿਤ ਇਤਿਹਾਸ ਦੇ ਉਹ ਵਰਕੇ ਵਾਚ ਕੇ ਸਵੈ-ਪੜਚੋਲ ਕਰਨ ਦੀ ਬੇਨਤੀ ਹੈ, ਜਿਨ੍ਹਾਂ ਅਨੁਸਾਰ ਬਾਬਾ ਨਾਨਕ ਜੀ ਨੇ ਆਪਣੇ ਪੁੱਤਰ (ਸ੍ਰੀ ਚੰਦ ਜੀ) ਨੂੰ ਗੁਰਮਤਿ ਦੇ ‘ਮੂਲ ਸਿਧਾਂਤਾਂ’ ਤੋਂ ਬਾਗੀ ਹੋਣ ਕਰਕੇ ਪ੍ਰਵਾਨ ਨਹੀਂ ਕੀਤਾ ਸੀ। ਕਿਉਂਕਿ ਸਿੱਖੀ ‘ਗਿਆਨ ਅਤੇ ਅਮਲ’ ਦਾ ਧਰਮ ਹੈ, ਪਿਤਾ-ਪੁਰਖੀ ਦਾਅਵਾ ਨਹੀਂ।

ਪਤਿਤ

‘ਸਹਿਜਧਾਰੀ ਸਿੱਖ’ ਅਖਵਾਉਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਦਾ ਇਕ ਗਿਲਾ ਇਹ ਵੀ ਹੈ ਕਿ ਸਿੱਖ ਉਨ੍ਹਾਂ ਨੂੰ ‘ਪਤਿਤ ਸਿੱਖ’ ਕਹਿ ਕੇ ਦੁਰਕਾਰਦੇ ਹਨ, ਜਦਕਿ ‘ਪਤਿਤ ਸਿੱਖ’ ਉਹ ਹੁੰਦਾ ਹੈ, ਜੋ ‘ਖੰਡੇ ਦੀ ਪਾਹੁਲ’ ਕਰਕੇ ਕੁਰਿਹਤ ਕਰਦਾ ਹੈ। ਜਿੱਥੋਂ ਤੱਕ ਦੁਰਕਾਰੇ ਜਾਣ ਦਾ ਸਵਾਲ ਹੈ ਤਾਂ ਇਹ ਬਹੁਤ ਹੀ ਗਲਤ ਸੋਚ ਹੈ। ਜੋ ਵੀ ਐਸਾ ਕਰਦਾ ਹੈ, ਉਹ ਬੇਸ਼ਕ ਗੁਰਮਤਿ ਤੋਂ ਉਲਟ ਵਰਤਾਰਾ ਕਰ ਰਿਹਾ ਹੈ। ਪਹਿਲਾਂ ਕੀਤੀ ਵਿਚਾਰ ਅਨੁਸਾਰ ‘ਸਿੱਖੀ’ ਸਵੈ-ਪੜਚੋਲ ਦਾ ਵਿਸ਼ਾ ਹੈ, ਫਤਵਿਆਂ ਜਾਂ ਦਾਅਵਿਆਂ ਦਾ ਨਹੀਂ। ਸੋ ਕਿਸੇ ਨੂੰ ਕਿਸੇ ਵੀ ਵਜ੍ਹਾਂ ਨਾਲ ਨੀਂਵਾਂ ਜਾਂ ਪਾਪੀ ਹੋਣ ਦਾ ਫਤਵਾ ਜਾਰੀ ਕਰਨਾ ਸਿੱਖੀ ਨਹੀਂ ਹੈ। ਸਿੱਖੀ ਤਾਂ ਹਰ ਇਕ ਮਨੁੱਖ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਹੀ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਨ ਦੀ ਸੋਚ ਹੈ, ਨਾ ਕਿ ਦੁਰਕਾਰ ਕੇ ਦੂਰ ਕਰਨ ਦੀ।

ਪਹਿਲਾਂ ਅਸੀਂ ਇਹ ਵਿਚਾਰ ਆਏ ਹਾਂ ਕਿ ਗੁਰਮਤਿ ਦਾ ਹਰ ਸਿਧਾਂਤ ਹਰ ਮਨੁੱਖ ’ਤੇ ਇਕਸਾਰ ਲਾਗੂ ਹੁੰਦਾ ਹੈ, ਇਸ ਲਈ ਇਹ ਗੱਲ ਵੀ ਸਹੀ ਨਹੀਂ ਹੈ ਕਿ ‘ਪਤਿਤ’ ਸਿਰਫ ਉਹ ਹੁੰਦਾ ਹੈ, ਜੋ ‘ਖੰਡੇ ਦੀ ਪਾਹੁਲ’ ਲੈ ਕੇ ਕੁਰਹਿਤ ਕਰਦਾ ਹੈ। ਇਹ ਵੀ ਅਸੀਂ ਵਿਸਤਾਰ ਵਿਚ ਸਮਝ ਆਏ ਹਾਂ ਕਿ ਬਜਰ ਕੁਰਹਿਤਾਂ ਸਮੇਤ ਹਰ ਕੁਰਹਿਤ ਹਰ ਮਨੁੱਖ ਲਈ ਗਲਤ (ਕਮਜ਼ੋਰੀ) ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਮਿਸਾਲ ਲਈ ਤੰਬਾਕੂ ਦਾ ਸੇਵਨ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਐਸੀਆਂ ਕੱਚੀਆਂ ਦਲੀਲਾਂ ਸਿਰਫ ਮਨ ਦੀਆਂ ਚਤੁਰਾਈਆਂ ਤੋਂ ਵੱਧ ਕੁਝ ਨਹੀਂ ਹਨ।

ਜੇ ਗੁਰਬਾਣੀ ਦੇ ਆਧਾਰ ’ਤੇ ‘ਪਤਿਤ’ ਬਾਰੇ ਸਮਝਣ ਦਾ ਯਤਨ ਕਰੀਏ ਤਾਂ ਇਸ ਬਾਰੇ ਸੋਝੀ ਦਿੰਦੇ ਕੁਝ ਗੁਰਵਾਕ ਇਸ ਤਰਾਂ ਹਨ:

ਹਰਿ ਕੈ ਮਾਰਗਿ ਪਤਿਤ ਪੁਨੀਤ ॥ ਪੂਰੀ ਸੋਭਾ ਪੂਰਾ ਲੋਕੀਕ ॥3॥ (ਪੰਨਾ 188)
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ (ਪੰਨਾ 250)

ਗੁਰਬਾਣੀ ਦੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਵਿਚ ‘ਪਤਿਤ’ ਬਹੁਤਾਤ ਵਿਚ ਬੇਨਤੀ ਵਜੋਂ ਆਪਣੇ ਲਈ ਆਇਆ ਹੈ ਜਾਂ ਮਨ ਨੂੰ ਸਵੈ-ਪੜਚੋਲ ਕਰਨ ਦੀ ਪ੍ਰੇਰਨਾ ਕਰਨ ਖਾਤਿਰ ਹੀ ਆਇਆ ਹੈ। ਕਿਸੇ ਨੂੰ ‘ਪਤਿਤ’ ਐਲਾਨਦਾ ‘ਫਤਵਾ’ ਜਾਰੀ ਕਰਨ ਦੇ ਭਾਵ ਵਿਚ ਗੁਰਬਾਣੀ ਵਿਚ ਇਹ ਵਰਤਿਆ ਨਹੀਂ ਮਿਲਦਾ। ਸਿੱਖ ਰਹਿਤ ਮਰਿਯਾਦਾ ਵਿਚ ਵੀ ਗਲਤ ਪ੍ਰਚਲਿਤ ਹੋ ਚੁੱਕੀ ਸੋਚ ਕਾਰਨ ‘ਪਤਿਤ’ ਹੋਣ ਦਾ ਸੰਬੰਧ ਭੁਲੇਖੇ ਵਿਚ ‘ਪਾਹੁਲਧਾਰੀ ਸਿੱਖ’ ਨਾਲ ਜੋੜ ਦਿੱਤਾ ਗਿਆ ਹੈ, ਪਰ ੳਥੇ ਵੀ ਇਹ ਫਤਵੇ ਦੇ ਤੌਰ ’ਤੇ ਨਹੀਂ, ਬਲਕਿ ਸਵੈ-ਪੜਚੋਲ ਦੀ ਪ੍ਰੇਰਨਾ ਲਈ ਹੀ ਆਇਆ ਹੈ।

ਵੋਟ ਦਾ ਹੱਕ

‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਦੀ ਇਕ ਵੱਡੀ ਮੰਗ ਇਹ ਹੈ ਕਿ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੀਆਂ ਚੌਣਾਂ ਵਿਚ ਮਤਦਾਨ ਦਾ ਅਧਿਕਾਰ ਮਿਲਨਾ ਚਾਹੀਦਾ ਹੈ। ਮੌਜੂਦਾ ਸਮੇਂ ਵਿਚ ਇਹ ਮਸਲਾ ਉੱਠਣ ਦਾ ਮੁੱਖ ਕਾਰਨ ਇਹੀ ਮੰਗ ਹੈ। ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰਮਤਿ ਇਨਕਲਾਬ ਦੇ ਰਾਹ ਵਿਚ ਇਹ ਵੋਟਾਂ ਦਾ ਸਿਸਟਮ ਕਿਵੇਂ ਆ ਗਿਆ ? ਗੁਰਮਤਿ ਤਾਂ ‘ਗੁਣਤੰਤਰ’ ਨੂੰ ਮਾਨਤਾ ਦਿੰਦੀ ਹੈ, ‘ਗਣਤੰਤਰ’ (ਸਿਰਾਂ ਦੀ ਗਿਣਤੀ) ਨੂੰ ਨਹੀਂ। ਨਾਨਕ ਸਰੂਪਾਂ ਨੇ ਉਤਰਾਧਿਕਾਰੀ ਚੁਣਨ ਲਈ ਕਿਹੜੀਆਂ ਵੋਟਾਂ ਪਵਾਈਆਂ ਸਨ ? ਕੌਮ ਦੇ ਅਦਾਰਿਆਂ ਦਾ ਜਿਤਨਾ ਨੁਕਸਾਨ ਇਸ ‘ਵੋਟ ਸਿਸਟਮ’ ਨੇ ਕੀਤਾ ਹੈ, ਉੱਤਨਾ ਸ਼ਾਇਦ ਹੀ ਕਿਸੇ ਹੋਰ ਸਿਸਟਮ ਨੇ ਕੀਤਾ ਹੋਵੇ। ਇਸ ‘ਵੋਟ ਸਿਸਟਮ’ ਦੀ ਹੀ ਦੇਣ ਹੈ ਕਿ ਅੱਜ ਗੁਰਦਵਾਰਿਆਂ ਵਿਚ ਪ੍ਰਬੰਧਕ (ਸੇਵਾਦਾਰ ?) ਬਣਨ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ (?) ਵਿਚ ਇਕ-ਦੂਜੇ ’ਤੇ ਕਿਰਪਾਨਾਂ ਸੂਤੀਆਂ ਜਾ ਰਹੀਆਂ ਹਨ, ਪੁਲਿਸ ਇਨ੍ਹਾਂ ‘ਭੇੜੀਆਂ’ ਨੂੰ ਕੰਟਰੋਲ ਕਰਨ ਲਈ ਗੁਰਦਵਾਰਿਆਂ ਵਿਚ ਆ ਰਹੀ ਹੈ। ਅੱਜ ਕੌਮ ਦੇ ਕੇਂਦਰੀ ਅਦਾਰੇ ਜੇ ਆਰ. ਐਸ. ਐਸ. ਜੈਸੀਆਂ ਸੰਸਥਾਵਾਂ ਦੇ ਕਬਜ਼ੇ ਹੇਠ ਨਜ਼ਰ ਆ ਰਹੇ ਹਨ ਤਾਂ ਇਸ ਪਿੱਛੇ ਵੀ ਕਾਰਨ ਇਹ ‘ਚੌਣ ਸਿਸਟਮ’ ਹੀ ਹੈ। ਸਿੰਘ ਸਭਾ ਲਹਿਰ (ਗੁਰਦੁਆਰਾ ਸੁਧਾਰ ਲਹਿਰ) ਨੇ ਗੁਰਦੁਆਰੇ ਕੁਝ ਹੱਦ ਤਾਂ ਆਜ਼ਾਦ ਤਾਂ ਬੇਸ਼ਕ ਕਰਵਾ ਲਏ, ਪਰ ਅਣਗਹਿਲੀ ਕਾਰਨ ‘ਗੁਰਦਵਾਰਾ ਐਕਟ’ ਦੇ ਰੂਪ ਵਿਚ ਚੌਣਾਂ ਦਾ ਉਹ ਸਰਕਾਰੀ ਸੰਗਲ ਪਵਾ ਲਿਆ, ਜਿਸ ਦੀ ਜਕੜ ਗੁਰਮਤਿ ਇਨਕਲਾਬ ਦਾ ਸੰਘ ਦਿਨੋਂ ਦਿਨ ਘੁੱਟੀ ਜਾ ਰਹੀ ਹੈ। ਇਸ ਸਿਸਟਮ ਨੇ ਗੁਰਦੁਆਰਿਆਂ ਉੱਤੇ ਐਸੇ ਲੋਕ ਕਾਬਜ਼ ਕਰਵਾ ਦਿੱਤੇ ਹਨ, ਜੋ ‘ਮਹੰਤਾਂ’ ਨੂੰ ਵੀ ਮਾਤ ਪਾ ਰਹੇ ਹਨ ਅਤੇ ਜਿਨ੍ਹਾਂ ਤੋਂ ਆਜ਼ਾਦੀ ਦਾ ਰਾਹ ਲੱਭਿਆਂ ਨਹੀਂ ਲੱਭ ਰਿਹਾ।

ਸੋ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣੋ! ‘ਪੂਰਨ ਸਿੱਖ’ ਅਖਵਾਉਂਦੇ ਲੋਕਾਂ ਨੇ ਇਤਨੇ ਸਾਲਾਂ ਤੋਂ ਵੋਟਾਂ ਪਾ ਕੇ ਕਿਹੜਾ ਚੰਨ੍ਹ ਚਾੜ੍ਹ ਲਿਆ, ਜਿਹੜਾ ਤੂਸੀ ਵੋਟਾਂ ਪਾ ਕੇ ਚਾੜ੍ਹ ਲੈਣਾ ਹੈ? ਅੱਜ ਤਾਂ ਹਰ ਸੁਚੇਤ ਸਿੱਖ ਦਾ ਹਿਰਦਾ ਕੂਕ-ਕੂਕ ਕੇ ਕਹਿ ਰਹਿ ਹੈ, “ਗਣਤੰਤਰ ਭਜਾਉ, ਗੁਣਤੰਤਰ ਲਿਆਉ, ਪੰਥ ਬਚਾਉ”। ਸੋ ਬੇਨਤੀ ਹੈ ਕਿ ਆਪ ਵੀ ਐਸੇ ਦਾਅਵਿਆਂ ਨੂੰ ਛੱਡ ਕੇ ਸੁਚੇਤ ਪੰਥ ਦੀ ਅਵਾਜ਼ ਨਾਲ ਅਵਾਜ਼ ਮਿਲਾਉ ਤਾਂ ਕਿ ਇਸ ਮੰਦ-ਸਿਸਟਮ ਤੋਂ ਛੁਟਕਾਰਾ ਪਾ ਸਕੀਏ।

ਉਪਰੋਕਤ ਕੀਤੀ ਖੁੱਲੀ ਵਿਚਾਰ ਤੋਂ ਤਾਂ ਤੁਹਾਡੇ ਸਮੇਤ ਹਰ ਸੁਹਿਰਦ ਮਨੁੱਖ (ਸਿੱਖ) ਇਸ ਗੱਲ ’ਤੇ ਤਾਂ ਸਹਿਮਤ ਹੋਵੇਗਾ ਕਿ ਇਸ ‘ਗੁਣਤੰਤਰ’ ਵਿਚ ਆਗੂ ਬਨਣ ਦਾ ਹੱਕ ਉਨ੍ਹਾਂ ਨੂੰ ਹੀ ਮਿਲਣਾ ਚਾਹੀਦਾ ਹੈ, ਜੋ ਗੁਰਮਤਿ ਇਨਕਲਾਬ ਨੂੰ ਸਮਰਪਿਤ (ਖਾਲਸਾ) ਹਨ। ਅਸੀਂ ਐਸੇ ਆਗੂ (ਪ੍ਰਬੰਧਕ) ਚੁੱਣ ਕੇ ਉਨ੍ਹਾਂ ਦੀ ਤਾਕਤ ਅਤੇ ਨਿਗਰਾਨ ਬਨਣਾ ਹੈ। ਆਉ! ਸਾਰੇ ਰਲ-ਮਿਲ ਨਾਨਕ ਸਰੂਪਾਂ ਵਲੋਂ ਬਖਸ਼ੇ ‘ਗੁਣਤੰਤਰ’ ਸਿਸਟਮ ਨੂੰ ਪੰਥ ਵਿਚ ਦੁਬਾਰਾ ਪ੍ਰਚਲਿਤ ਕਰਨ ਦਾ ਬਾਨਣੂ ਬਨੀਏ।

ਅੰਤਿਕਾ

ਉਪਰੋਕਤ ਸੁਹਿਰਦ, ਨਿਸ਼ਕਾਮ ਅਤੇ ਨਿਰਪੱਖ ਖੁੱਲੀ ਵਿਚਾਰ ਰਾਹੀਂ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ ਕਿ ‘ਸਿੱਖੀ’ ਦਾਅਵਿਆਂ ਜਾਂ ਫਤਵਿਆਂ ਦਾ ਵਿਸ਼ਾ ਨਹੀਂ, ਬਲਕਿ ਸਵੈ-ਪੜਚੋਲ ਦਾ ਵਿਸ਼ਾ ਹੈ। ਗੁਰਮਤਿ ਫਲਸਫੇ ਅਤੇ ਮੁੱਢਲੇ ਪ੍ਰਮਾਣਿਕ ਸਿੱਖ ਇਤਿਹਾਸ ਦੇ ਅਧਿਐਨ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਕੌਮ ਵਿਚ ‘ਸਹਿਜਧਾਰੀ ਸਿੱਖ’ ਦਾ ਸੰਕਲਪ ਉਸ ਰੂਪ ਵਿਚ ਕਿਧਰੇ ਵੀ ਨਹੀਂ ਮਿਲਦਾ, ਜਿਸ ਦਾ ਦਾਅਵਾ ਕੁਝ ਸੱਜਣ ਅੱਜ ਕਰ ਰਹੇ ਹਨ। ਉਨ੍ਹਾਂ ਸੱਜਣਾਂ ਵਲੋਂ ਦਿੱਤੀਆਂ ਜਾਂਦੀਆਂ ਦਲੀਲਾਂ ਦੀ ਸੁਹਿਰਦ ਪੜਚੋਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਦਲੀਲਾਂ ਠੋਸ ਅਤੇ ਨਿਆਂ-ਪੂਰਨ ਨਹੀਂ ਹਨ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੌਮ ਦੇ ਬਿਖੜੇ ਪੈਂਡਿਆਂ ਦੇ ਦੌਰ ਵਿਚ ਹੋਈਆਂ ਸਾਜਿਸ਼ਾਂ ਕਾਰਨ ‘ਸਿਧਾਂਤਕ ਧੁੰਧਲਕੇ’ ਦਾ ਇਕ ਐਸਾ ਗੁਬਾਰ ਵੀ ਛਾਇਆ, ਜਿਸ ਦਾ ਅਸਰ ਪੰਥਕ ਸਿਸਟਮ ਦੇ ਹਰ ਅਦਾਰੇ ਅਤੇ ਅਸੂਲ ਉੱਤੇ ਪਿਆ। ਇਸ ਦੀ ਪਰਛਾਈ ‘ਸਿੱਖ ਰਹਿਤ ਮਰਿਯਾਦਾ’ ਤੇ ਵੀ ਵੇਖੀ ਜਾ ਸਕਦੀ ਹੈ। ਇਸ ਧੁੰਧਲਕੇ ਦਾ ਅਸਰ ‘ਸਿੱਖ’ ਦੀ ਪਰਿਭਾਸ਼ਾ ’ਤੇ ਵੀ ਪਿਆ।

ਰੱਬ ਜੀ ਦੀ ਮਿਹਰ ਸਦਕਾ, ਗੁਰਮਤਿ ਦੀ ਰੋਸ਼ਨੀ ਵਿਚ, ਅਸੀਂ ਆਪਣੀ ਨਿਮਾਣੀ ਸਮਝ ਮੁਤਾਬਕ, ‘ਸਿੱਖ’ ਦੀ ਰੂਪ-ਰੇਖਾ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ। ਇਸ ਵਿਚਾਰ ਤੋਂ ਸ਼ਾਇਦ ਹੀ ਕੋਈ ਸੁਹਿਰਦ ਅਤੇ ਸੁਚੇਤ ਸਿੱਖ ਮੁਨਕਰ ਹੋਵੇ ਕਿ ਗੁਰਮਤਿ ਦਾ ਹਰ ਅਸੂਲ ਕਾਇਨਾਤ ਦੇ ਹਰ ਮਨੁੱਖ ਲਈ ਇਕਸਾਰ ਹੈ, ਨਾ ਕਿ ਵੱਖ-ਵੱਖ ਲੇਬਲਾਂ ਲਈ ਵੱਖ-ਵੱਖ। ਅਸੀਂ ਇਹ ਵੀ ਵਿਚਾਰਨ ਦਾ ਯਤਨ ਕੀਤਾ ਕਿ ਸਾਜਿਸ਼ਾਂ ਅਤੇ ਅਣਗਹਿਲੀ ਦੇ ਦੌਰ ਵਿਚ ‘ਖੰਡੇ ਦੀ ਪਾਹੁਲ ਦੇ ਕੌਤਕ’ (ਇਸੇ ਧੁੰਧਲਕੇ ਦੇ ਅਸਰ ਹੇਠ ਇਸ ਦਾ ਨਾਮ ‘ਅੰਮ੍ਰਿਤ ਸੰਸਕਾਰ’ ਗਲਤ ਪ੍ਰਚਲਿਤ ਕਰ ਦਿੱਤਾ ਗਿਆ ਲਗਦਾ ਹੈ) ਦਾ ਸਰੂਪ ਅਤੇ ਮਕਸਦ ਵੀ ਬਦਲ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੀ ਵਜਹਿ ਨਾਲ ‘ਸਿੱਖ’ ਦੇ ਭਾਵ ਬਾਰੇ ਵੀ ਅਨੇਕਾਂ ਭੁਲੇਖੇ ਖੜੇ ਹੋ/ਕੀਤੇ ਗਏ। ਇਹ ਵਿਚਾਰ ਵੀ ਸਪਸ਼ਟ ਹੋ ਗਿਆ ਕਿ ਸਿੱਖੀ ਵਿਚ ਸ਼ਰਧਾ ਨਹੀਂ, (ਸੱਚ ਦੇ) ਗਿਆਨ ਨੂੰ ਵੱਧ ਮਾਨਤਾ ਦਿੱਤੀ ਗਈ ਹੈ। ਗਿਆਨ ਵਿਹੂਣੀ ਸ਼ਰਧਾ ਲਈ ਗੁਰਮਤਿ ਇਨਕਲਾਬ (ਸਿੱਖੀ) ਵਿਚ ਕੋਈ ਥਾਂ ਨਹੀਂ ਹੈ।

ਇਸ ਵਿਚਾਰ ਤੋਂ ਇਹ ਤਸਵੀਰ ਸਾਹਮਣੇ ਆਉਂਦੀ ਹੈ ਕਿ ਹਰ ਮਨੁੱਖ ਲਈ ਗੁਰਮਤਿ ਦਾ ਦਵਾਰਾ ਖੁੱਲਾ ਹੈ, ਉਹ ਜਿਤਨਾ ਚਾਹੇ ਇਸ ਨੂੰ ਅਪਨਾ ਲਵੇ, ਉਸ ਲਈ ਲਾਹੇਵੰਦ ਹੈ। ਗੁਰਮਤਿ ਦਾ ਮਕਸਦ ਇਕ ‘ਸਚਿਆਰੇ ਮਨੁੱਖ’ ਦੀ ਘਾੜਤ ਹੈ। ਇਹ ਵੀ ਸੱਚ ਹੈ ਕਿ ਕੋਈ ਵੀ ਮਨੁੱਖ ਪੂਰਨ ਨਹੀਂ ਹੁੰਦਾ ਹੈ। ਪਰ ਇਹ ਵੀ ਸੱਚਾਈ ਹੈ ਕਿ ‘ਸਿੱਖ’ ਬਣਨ ਲਈ ਗੁਰਮਤਿ ਦੇ ਕੁਝ (ਮੁੱਢਲੇ) ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਸਿੱਖੀ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਹਰ ਮਨੁੱਖ ਨੂੰ ‘ਦਾਅਵਾ’ ਕਰਨ ਦੀ ਥਾਂ ਇਨ੍ਹਾਂ ਅਸੂਲਾਂ ਦੀ ਸੇਧ ਵਿਚ ‘ਸਵੈ-ਪੜਚੋਲ’ ਕਰਨ ਦੀ ਲੋੜ ਹੈ। ਆਪਣੀਆਂ ਮਾਨਸਿਕ ਕਮਜ਼ੋਰੀਆਂ ਨੂੰ ਕਬੂਲਣ ਦੀ ਪ੍ਰਵਿਰਤੀ ਧਾਰਨ ਕਰਨੀ ਚਾਹੀਦੀ ਹੈ। ਕਿਸੇ ਦੂਜੇ ਦੇ ਗੁਨਾਹਾਂ ਨੂੰ ਗਿਣਵਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਾ ਹੀ ਗੁਰਮਤਿ ਹੈ, ਨਾ ਹੀ ਸੁਹਿਰਦਤਾ। ਦੂਜੀ ਤਰਫ, ਕਿਸੇ ਨੂੰ ਉਸ ਦੀਆਂ ਕਮਜ਼ੋਰੀਆਂ ਵੱਲ ਇਸ਼ਾਰਾ ਕਰਕੇ ਪਤਿਤ, ਗੈਰ-ਸਿੱਖ, ਪੰਥ-ਦੋਖੀ ਆਦਿ ਹੋਣ ਦੇ ਫਤਵੇ ਜ਼ਾਰੀ ਕਰਨਾ ਵੀ ‘ਸਿੱਖੀ’ (ਗੁਰਮਤਿ) ਨਹੀਂ। ਸਾਡਾ ਯਤਨ ਸੁਧਾਰ ਦਾ ਹੋਣਾ ਚਾਹੀਦਾ ਹੈ, ਬਾਈਕਾਟ ਦਾ ਨਹੀਂ।

ਇਹ ਗੱਲ ਸੱਚ ਹੈ ਕਿ ‘ਸਿੱਖੀ’ ਸਭ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ ਇਨਕਲਾਬ ਹੈ, ਦੂਰ ਧਕੇਲਨ ਵਾਲਾ ਨਹੀਂ। ਪਰ ਇਹ ਵੀ ਉਤਨਾ ਹੀ ਸੱਚ ਹੈ ਕਿ ਇਸ ਕਲਾਵੇ ਵਿਚ ਲੈਣ ਦਾ ਭਾਵ ਸੁਧਾਰ ਰਾਹੀਂ ਹੈ, ਛੂਟਾਂ ਰਾਹੀਂ ਨਹੀਂ। ਮਿਸਾਲ ਲਈ ਜੇ ਸੰਸਾਰ ਦੇ 90% ਲੋਕ ਤੰਬਾਕੂ (ਜਾਂ ਹੋਰ ਨਸ਼ਿਆਂ) ਦੀ ਵਰਤੋਂ ਕਰਨ ਲੱਗ ਪਏ/ਪੈਂਦੇ ਹਨ ਤਾਂ ਉਨ੍ਹਾਂ ਨੂੰ ਕਲਾਵੇ ਵਿਚ ਲੈਣ ਲਈ ‘ਤੰਬਾਕੂ/ਨਸ਼ਿਆਂ ਦਾ ਸੇਵਨ’ ਗੁਰਮਤਿ ਅਨੁਸਾਰ ਜ਼ਾਇਜ ਕਰਾਰ ਨਹੀਂ ਦਿੱਤਾ ਜਾ ਸਕਦਾ ਹੈ। ਗੁਰਮਤਿ ਦਾ ਮੁੱਢਲਾ ਅਸੂਲ ਹੋਣ ਕਾਰਨ ਕੇਸਾਧਾਰੀ ਹੋਣ ’ਤੇ ਵੀ ਇਹੀ ਕਸਵੱਟੀ ਢੁੱਕਦੀ ਹੈ। ਬਾਬਾ ਨਾਨਕ ਜੀ ਨੇ ਸੱਜਣ ਠੱਗ ਨੂੰ ਸੁਧਾਰਿਆ ਸੀ, ਉਸ ਦੀਆਂ ਠੱਗੀਆਂ ਨੂੰ ਗੁਰਮਤਿ ਦਾ ਅੰਗ ਨਹੀਂ ਮੰਨ ਲਿਆ ਸੀ।

ਲੇਖ ਵਿਚਲੀ ਵਿਚਾਰ ਤੋਂ ਇਹ ਵੀ ਤੱਥ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਕਿ ਸਿੱਖ ਸਮਾਜ ਵਿਚ ਹਮੇਸ਼ਾਂ ਤੋਂ ਹੀ ਦੋ ਸ਼੍ਰੇਣੀਆਂ ਰਹੀਆਂ ਹਨ। ਪਰ ਧੁੰਧਲਕੇ ਦੇ ਪ੍ਰਭਾਵ ਹੇਠ ਉਨ੍ਹਾਂ ਦਾ ਸਰੂਪ ਵਿਗਾੜ ਕੇ ਪੇਸ਼ ਕੀਤਾ ਜਾਣ ਲੱਗ ਪਿਆ। ਜੋ ਕਈਂ ਭੁਲੇਖਿਆਂ ਅਤੇ ਨਫਰਤ ਦਾ ਕਾਰਨ ਬਣਿਆ। ਇਹ ਸ਼੍ਰੇਣੀਆਂ ਹਨ, ਸਿੱਖ ਅਤੇ ਖਾਲਸਾ। ਸਰੂਪ, ਸਿਧਾਂਤਾਂ, ਸਟੇਟਸ ਪੱਖੋਂ ਦੋਵੇਂ ਸ਼੍ਰੇਣੀਆਂ ਬਿਲਕੁਲ ਬਰਾਬਰ ਹਨ। ਫਰਕ ਸਿਰਫ ਇਤਨਾ ਹੈ ਕਿ ‘ਖਾਲਸਾ’ ਉਹ ਸ਼੍ਰੇਣੀ ਹੈ, ਜੋ ‘ਗੁਰਮਤਿ ਇਨਕਲਾਬ’ ਦੇ ਪ੍ਰਸਾਰ ਨੂੰ ਸਮਰਪਿਤ ਹੈ। ‘ਖੰਡੇ ਦੀ ਪਾਹੁਲ’ ਵਾਲਾ ਕੌਤਕ ਵੀ ਇਸੇ ਸ਼੍ਰੇਣੀ ਦੀ ਪਹਿਚਾਣ ਦਾ ਇਕ ਵਸੀਲਾ ਸੀ/ਹੈ।

‘ਵੋਟਾਂ ਦੇ ਹੱਕ’ ਵਾਲੇ ਦਾਅਵੇ ਦੇ ਸੰਬੰਧ ਵਿਚ ਵੀ ਇਹ ਵਿਚਾਰ ਆਏ ਹਾਂ ਕਿ ਲੋੜ ਇਸ ਸਿਸਟਮ ਤੋਂ ਨਿਜ਼ਾਤ ਪਾਉਣ ਦੀ ਹੈ, ਨਾ ਕਿ ਇਸ ਨੂੰ ਬੜ੍ਹਾਵਾ ਦੇਣ ਦੀ। ਗੁਰਮਤਿ ਵਿਚ ‘ਗੁਣਤੰਤਰ’ ਹੀ ਪ੍ਰਵਾਨ ਹੈ, ‘ਗਣਤੰਤਰ’ ਨਹੀਂ। ਇਸ ਵਿਚ ਵੀ ਕਿਸੇ ਸੁਹਿਰਦ ਸਿੱਖ ਨੂੰ ਆਪੱਤੀ ਨਹੀਂ ਹੋਣੀ ਚਾਹੀਦੀ ਕਿ ਕੌਮ ਦੇ ਆਗੂ ਅਤੇ ਪ੍ਰਬੰਧਕ ਬਣਨ ਲਈ ਸਮਰਪਿਤ ਸ਼੍ਰੇਣੀ (ਖਾਲਸਾ) ਹੀ ਯੋਗ ਹੈ। ਪਰ ਅਸੀਂ ਡੁੰਘੀ ਵਿਚਾਰ ਉਪਰੰਤ ਐਸਾ ਸਿਸਟਮ ਅਪਨਾਉਣਾ ਹੈ ਕਿ ਆਗੂ ਅਤੇ ਪ੍ਰਬੰਧਕ ਭਟਕ ਨਾ ਜਾਣ ਅਤੇ ਜੇ ਭਟਕ ਰਹੇ ਹਨ ਤਾਂ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਲਾਂਬੇ ਕਰਕੇ ਨਵੇਂ ਬੰਦੇ ਅੱਗੇ ਲਿਆਏ ਜਾਣ।

‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਦਾਅਵੇ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਸਵੈ-ਪੜਚੋਲ ਕਰਨ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਕਰਨ ਦੀ ਪ੍ਰਵਿਰਤੀ ਧਾਰਨ ਕਰਨ। ਉਹ ਆਪ ਹੀ ਇਹ ਵਿਚਾਰਨ ਦਾ ਯਤਨ ਕਰਨ ਕਿ ਕੀ ਕਿਸੇ ਹੋਰ ਦੀਆਂ ਕਮਜ਼ੋਰੀਆਂ ਗਿਣਵਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਜਾਇਜ਼ ਠਹਿਰਾਉਣ ਦੀ ਪਹੁੰਚ ਸੁਹਿਰਦ ਹੈ ? ਨਿਸ਼ਕਾਮ ਅਤੇ ਨਿਮਰ ਬੇਨਤੀ ਹੈ ਕਿ ਐਸੇ ਸੱਜਣ ਸਿੱਖ ਸਮਾਜ ਦੇ ਪੁਨਰਜਾਗਰਨ ਦਾ ਹਿੱਸਾ ਬਨਣ। ਐਸੀ ਸੁਹਿਰਦ ਪਹੁੰਚ ਵਾਲੇ ਹਰ ਮਨੁੱਖ ਦਾ ਸੁਆਗਤ ਕਰਨਾ ਬਣਦਾ ਹੈ। 

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ