Sunday, 9 October 2011

ਗੁਰਮਤਿ ਦਾ ਚੌਰਾਸੀ ਲੱਖ ਜੂਨਾਂ ਬਾਰੇ ਦ੍ਰਿਸ਼ਟੀਕੋਣ

ਲਿਖਾਰੀ : ਜਸਬੀਰ ਸਿੰਘ ਵੈਨਕੂਵਰ


ਗੁਰਮਤਿ ਦਾ ਚੌਰਾਸੀ ਲੱਖ ਜੂਨਾਂ ਬਾਰੇ ਦ੍ਰਿਸ਼ਟੀਕੋਣ

ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਹਰੇਕ ਸਮੇਂ ਜਾਗਰੂਪ ਪੁਰਸ਼ਾਂ ਨੇ ਮਨੁੱਖਤਾ ਨੂੰ ਅਗਿਆਨਤਾ ਦੇ ਅੰਧੇਰੇ ਵਿਚੋਂ ਬਾਹਰ ਕਢਣ ਲਈ, ਪ੍ਰਚਲਤ ਮਾਨਤਾਵਾਂ/ਧਾਰਨਾਵਾਂ ਦੀ ਦ੍ਰਿਸ਼ਟਾਂਤ ਵਜੋਂ ਵਰਤੋਂ ਕੀਤੀ ਹੈ। ਚੂੰਕਿ ਇਸ ਤਰ੍ਹਾਂ ਹੀ ਜਨ ਸਾਧਾਰਨ ਪ੍ਰਾਣੀ ਨੂੰ ਆਸਾਨੀ ਨਾਲ ਸੱਚ ਦ੍ਰਿੜ ਕਰਵਾਇਆ ਅਥਵਾ ਆਪਣੀ ਗੱਲ ਨੂੰ ਪਹੁੰਚਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਆਦਿ ਵਲੋਂ ਇਹ ਢੰਗ ਅਪਣਾਇਆ ਗਿਆ ਹੈ। ਇਨ੍ਹਾਂ ਪ੍ਰਚਲਤ ਧਾਰਨਾਵਾਂ ਦੇ ਠੀਕ ਜਾਂ ਗ਼ਲਤ ਵਾਲੀ ਧਾਰਨਾ ਤੋਂ ਉਪਰ ਉੱਠ ਕੇ ਇਨ੍ਹਾਂ ਨੂੰ ਕੇਵਲ ਦ੍ਰਿਸ਼ਟਾਂਤ ਵਜੋਂ ਹੀ ਵਰਤਿਆ ਗਿਆ ਹੈ। ਇਨ੍ਹਾਂ ਪ੍ਰਚਲਤ ਧਾਰਨਾਵਾਂ ਦੀ ਵਰਤੋਂ ਆਪਣੀ ਗੱਲ ਆਮ ਮਨੁੱਖ ਤਕ ਪਹੁੰਚਾਉਣ ਦੇ ਖ਼ਿਆਲ ਨਾਲ ਹੀ ਕੀਤੀ ਗਈ ਹੈ ਨਾ ਕਿ ਇਨ੍ਹਾਂ ਦੇ ਸੱਚੇ ਹੋਣ ਦੀ ਪੁਸ਼ਟੀ ਵਜੋਂ। ਹਾਂ, ਸਤਿਗੁਰੂ ਜੀ ਨੇ ਬਾਣੀ ਵਿੱਚ ਇਨ੍ਹਾਂ ਪ੍ਰਚਲਤ ਧਾਰਨਾਵਾਂ ਨੂੰ ਕਈ ਥਾਂਈਂ ਨਕਾਰ ਕੇ, ਪ੍ਰਭੂ ਦੇ ਬੇਅੰਤਤਾ ਦਾ ਬੋਧ ਕਰਾਉਣ ਵਾਲੀ ਜ਼ੁਮੇਵਾਰੀ ਨੂੰ ਨਿਭਾਉਣ ਦੇ ਫ਼ਰਜ਼ ਦੀ ਵੀ ਬਾਖ਼ੂਬੀ ਨਾਲ ਪਾਲਣਾ ਕੀਤੀ ਹੈ। ਇਸ ਸਬੰਧ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਕੇਵਲ ਦੋ ਉਦਾਹਰਣਾਂ ਹੀ ਦੇ ਰਹੇ ਹਾਂ।
ਗੁਰੂ ਸਾਹਿਬ ਜਦ ਜੀਵਾਂ ਦੀ ਉਤਪਤੀ ਦੀ ਗੱਲ ਕਰਦੇ ਹਨ ਤਾਂ ਆਪ ਚਾਰ ਖਾਣੀਆਂ ਦੀ ਹੀ ਗੱਲ ਕਰਦੇ ਹਨ। ਜਿਵੇਂ: ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥ (ਪੰਨਾ 6) ਅਰਥ: ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਚੂੰਕਿ ਹਿੰਦੂ ਅਤੇ ਜੈਨ ਆਦਿ ਧਰਮਾਂ ਵਿੱਚ ਉਤਪਤੀ ਦੇ ਚਾਰ ਵਸੀਲੇ ਹੀ ਮੰਨੇ ਗਏ ਸਨ: ‘ਅੰਡਜ’, ਅੰਡੇ ਤੋਂ ਪੈਦਾ ਹੋਣ ਜੀਵ; ‘ਜੇਰਜ’, ਜਿਓਰ ਤੋਂ ਪੈਦਾ ਹੋਣ ਵਾਲੇ; ‘ਸੇਤਜ’ ਮੁੜ੍ਹਕੇ ਤੋਂ ਅਤੇ ‘ਉਤਭੁਜ’, ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ। ਪਰ ਜਦ ਹਜ਼ੂਰ ਵਾਹਿਗੁਰੂ ਦੀ ਬੇਅੰਤਤਾ ਦੀ ਗੱਲ ਕਰਦੇ ਹਨ ਤਾਂ ਆਪ ਸਪਸ਼ਟ ਕਰਦੇ ਹਨ:
(ੳ) ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ (ਪੰਨਾ 7)
ਅਰਥ: (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ।
(ਅ) ਕਈ ਕੋਟਿ ਖਾਣੀ ਅਰੁ ਖੰਡ॥ (ਪੰਨਾ 276)
ਅਰਥ: ਕਈ ਕ੍ਰੋੜ ਖਾਣੀਆਂ ਅਤੇ ਖੰਡ ਹਨ।
(ੲ) ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ॥ (ਪੰਨਾ 456)
ਅਰਥ: ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ।
ਜਪੁਜੀ ਦੀ 22ਵੀਂ ਪਉੜੀ ਦੀਆਂ ਪੰਜ ਪੰਗਤੀਆਂ ਹਨ; ਇਨ੍ਹਾਂ ਪੰਜਾਂ ਤੁਕਾਂ ਵਿਚੋਂ ਮਹਾਰਾਜ ਪਹਿਲੀਆਂ ਦੋ ਪੰਗਤੀਆਂ ਵਿੱਚ ਵੇਦਾਂ ਦਾ ਜੋ ਮਤ ਹੈ, ਉਸ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਹਨ ਕਿ: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ॥ ਅਰਥ: (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)”।
ਅਗਲੀ ਪੰਗਤੀ ਵਿੱਚ ਗੁਰਦੇਵ ਪਛਮੀ ਮਤਾਂ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਆਖਦੇ ਹਨ: ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥ ਅਰਥ: (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ”।
ਇਸ ਤੋਂ ਅਗਲੀਆਂ/ਅੰਤਲੀਆਂ ਪੰਗਤੀਆਂ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਮਤ ਪ੍ਰਗਟ ਕਰਦਿਆਂ ਫ਼ਰਮਾਉਂਦੇ ਹਨ:
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥
ਅਰਥ: (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)। ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ `ਚਾਰ ਖਾਣੀਆਂ’ ਜਾਂ ਲੱਖਾਂ ਆਕਾਸ਼ਾਂ ਪਾਤਾਲਾਂ ਅਤੇ ਅਠਾਰਾਂ ਹਜ਼ਾਰ ਆਲਮਾਂ ਬਾਰੇ ਪੜ੍ਹ ਕੇ ਜੇਕਰ ਕੋਈ ਸੱਜਣ ਇਹ ਆਖਣ ਲੱਗ ਪਵੇ ਕਿ ਗੁਰੂ ਸਾਹਿਬ ਦਾ ਇਹ ਮਤ ਹੈ, ਤਾਂ ਅਜਿਹਾ ਸੱਜਣ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਕਿੰਨਾ ਕੁ ਨਿਆਂ ਕਰ ਰਿਹਾ ਹੋਵੇਗਾ?
ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਚੌਰਾਸੀ ਲੱਖ ਜੂਨੀਆਂ ਦਾ ਵੀ ਕਈ ਥਾਈਂ ਵਰਣਨ ਕੀਤਾ ਗਿਆ ਹੈ।
ਜਿਵੇਂ: ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ॥ (ਪੰਨਾ 27)
ਅਰਥ: ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਪ੍ਰਚਲਤ ਧਾਰਨਾ ਦਾ ਵਰਣਨ ਕਰਦਿਆਂ ਲਿਖਿਆ ਹੈ, “ਹਿੰਦੂ ਮਤ ਦੇ ਪ੍ਰਾਚੀਨ ਵਿਦਵਾਨਾਂ ਅਨੁਸਾਰ: ਨੌ ਲੱਖ ਜਲਵਾਸੀ, ਦਸ ਲੱਖ ਪੌਣ ਵਿੱਚ ਉਡਣ ਵਾਲੇ ਪੰਛੀ, ਬੀਸ ਲੱਖ ਇਸਥਿਤ ਰਹਿਣ ਵਾਲੇ ਬਿਰਛ ਆਦਿ, ਗਿਆਰਾਂ ਲੱਖ ਪੇਟ ਬਲ ਚਲਣ ਵਾਲੇ ਸਰਪ ਕ੍ਰਿਮਿ ਆਦਿ, ਤੀਸ ਲੱਖ ਚੌਪਾਏ ਅਤੇ ਚਾਰ ਲੱਖ ਮਨੁੱਖ ਜਾਤਿ ਦੇ ਜੀਵ ਹਨ, ਜਿਨ੍ਹਾਂ ਵਿੱਚ ਬਾਂਦਰ ਬਨਮਾਨੁਖ ਆਦਿ ਸਭ ਸ਼ਾਮਿਲ ਹਨ।
ਜੈਨੀਆਂ ਦੇ ਚੌਰਾਸੀ ਲੱਖ ਜੀਵਾਂ ਦੀ ਵੰਡ ਇਉਂ ਮੰਨੀ ਹੈ: 7 ਲੱਖ ਪ੍ਰਿਥਿਵੀ ਵਿਚ, 7 ਲੱਖ ਜਲ ਵਿਚ, 7 ਲੱਖ ਪੌਣ ਵਿਚ, 7 ਲੱਖ ਅਗਨਿ ਵਿਚ, 10 ਲੱਖ ਕੰਦ (ਗਾਜਰ ਮੂਲੀ ਆਦਿ) ਵਿਚ, 14 ਲੱਖ ਝਾੜੀ ਬਿਰਛ ਆਦਿ ਵਿਚ, 2 ਲੱਖ ਦੋ ਇੰਦ੍ਰੀਆਂ ਵਾਲੇ ਅਰਥਾਤ ਜੋ ਤੁਚਾ ਅਤੇ ਮੂੰਹ ਰੱਖਦੇ ਹਨ, 2 ਲੱਖ ਤਿੰਨ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ ਮੁਖ ਅਤੇ ਨੇਤ੍ਰ ਰਖਦੇ ਹਨ, 2 ਲੱਖ ਚਾਰ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ, ਮੁਖ, ਨੱਕ ਅਤੇ ਨੇਤ੍ਰ ਰਖਦੇ ਹਨ, 4 ਲੱਖ ਦੇਵਤਾ, ਜੋ ਸੁਰਗ ਵਿੱਚ ਰਹਿੰਦੇ ਹਨ, 4 ਲੱਖ ਨਰਕ ਦੇ ਜੀਵ, 14 ਲੱਖ ਮਨੁੱਖ ਜਾਤਿ, ਜੋ ਇੱਕ ਟੰਗੀਏ ਅਤੇ ਦੁਟੰਗੇ ਹਨ, 4 ਲੱਖ ਚੌਪਾਏ ਪਸ਼ੂ।”
ਕਈ ਗ੍ਰੰਥਾਂ ਵਿੱਚ 42 ਲੱਖ ਜਲ ਦੇ ਅਤੇ 42 ਲੱਖ ਖੁਸ਼ਕੀ ਦੇ ਜੀਵ ਮੰਨੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਆਪਣੇ ਆਸਾ ਰਾਗ ਵਿਚਲੇ ਸ਼ਬਦ ਵਿੱਚ 42 ਲੱਖ ਜੂਨੀਆਂ ਦਾ ਪਾਣੀ ਵਿੱਚ ਹੋਣ ਦੇ ਪ੍ਰਚਲਤ ਖ਼ਿਆਲ ਦਾ ਹੀ ਵਰਣਨ ਕਰਦਿਆਂ ਹੋਇਆਂ ਕਹਿੰਦੇ ਹਨ: ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥ (ਪੰਨਾ 485) ਅਰਥ: ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ) ਪਾਣੀ ਵਿੱਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ? ।
ਗੁਰਦੇਵ ਦਾ ਇਹ ਮੰਨਣਾ ਨਹੀਂ ਹੈ ਕਿ ਕਰਤੇ ਦੀ ਇਸ ਕੁਦਰਤ ਵਿੱਚ ਚੌਰਾਸੀ ਲੱਖ ਜੂਨੀਆਂ ਹੀ ਹਨ। ਗੁਰੂ ਸਾਹਿਬ ਨੇ ਪ੍ਰਭੂ ਦੀ ਇਸ ਬਹੁ –ਰੰਗੀ ਰਚਨਾ ਵਿੱਚ ਕੇਵਲ ਜੂਨੀਆਂ ਦੀ ਹੀ ਨਹੀਂ ਬਲਕਿ ਅਕਾਲ ਪੁਰਖ ਦੀ ਕਿਸੇ ਵੀ ਕ੍ਰਿਤ ਬਾਰੇ ਇਹ ਨਿਰਣਾਇਕ ਫ਼ੈਸਲਾ ਨਹੀਂ ਦਿੱਤਾ ਕਿ ਇਸ ਦੀ ਕਿਤਨੀ ਕੁ ਮਿਕਦਾਰ ਅਥਵਾ ਪਸਾਰਾ ਹੈ। ਸਤਿਗੁਰੂ ਦਾ ਤਾਂ ਕਥਨ ਹੈ:
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ॥ (ਪੰਨਾ 276)
ਅਰਥ: ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।
ਸਤਿਗੁਰੂ ਜੀ ਬਾਣੀ ਵਿੱਚ ਭਟਕਣਾ ਵਿੱਚ ਪੈ ਕੇ ਆਤਮਕਿ ਮੌਤ ਦਾ ਸ਼ਿਕਾਰ ਹੋ, ਆਤਮਕ ਸਰਮਾਇਆ ਲੁਟਾਉਣ ਵਾਲੇ ਪ੍ਰਾਣੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਤੈਨੂੰ ਕ੍ਰੋੜਾਂ ਜੂਨਾਂ ਵਿੱਚ ਪੈਣਾ ਭਟਕਣਾ ਪਵੇਗਾ:
ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ॥ (848)
ਅਰਥ: ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ।
ਗੁਰਦੇਵ ਇੱਥੇ ਚੌਰਾਸੀ ਲੱਖ ਜੂਨਾਂ ਦਾ ਨਹੀਂ ਬਲਕਿ ਕਰੋੜਾਂ ਜੂਨੀਆਂ ਦਾ ਜ਼ਿਕਰ ਕਰਦੇ ਹਨ। ਧਿਆਨ ਰਹੇ ਸਤਿਗੁਰੂ ਕਰੋੜਾਂ ਸ਼ਬਦ ਦੀ ਵਰਤੋਂ ਕਰ ਰਹੇ ਹਨ; ਇਹ ਨਹੀਂ ਆਖ ਰਹੇ ਕਿ ਇਤਨੇ ਕਰੋੜ। ਚੂੰਕਿ ਸਤਿਗੁਰੂ ਜੀ ਅਨੁਸਾਰ ਅਜਿਹਾ ਉਸ ਕਰਤੇ ਦੀ ਕੁਦਰਤ ਦੇ ਕਿਸੇ ਵੀ ਰੂਪ ਨੂੰ ਨਾਪਿਆ ਜਾਂ ਤੋਲਿਆ ਨਹੀਂ ਜਾ ਸਕਦਾ ਹੈ; ਉਸ ਦੀ ਗਿਣਤੀ ਮਿਣਤੀ ਸੰਭਵ ਨਹੀਂ ਹੈ।
ਅੰਤ ਵਿੱਚ ਪਾਠਕਾਂ ਦਾ ਧਿਆਨ ਨਿਮਨ ਲਿਖਤ ਸ਼ਬਦ ਵਲ ਦਿਵਾਇਆ ਜਾ ਰਿਹਾ ਹੈ, ਜਿਸ ਵਿੱਚ ਸਤਿਗੁਰੂ ਜੀ ਵਾਹਿਗੁਰੂ ਦੀ ਬੇਅੰਤਤਾ ਦਾ ਜ਼ਿਕਰ ਕਰਦਿਆਂ ਅਨੇਕਾਂ ਪ੍ਰਚਲਤ ਧਾਰਨਾਵਾਂ ਨੂੰ ਨਕਾਰਦਿਆਂ ਹੋਇਆਂ ਆਪਣਾ ਦ੍ਰਿਸ਼ਟੀਕੋਣ ਜ਼ਾਹਰ ਕਰਦੇ ਹਨ:
ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥ 1॥ ਐਸੋ ਧਣੀ ਗੁਵਿੰਦੁ ਹਮਾਰਾ॥ ਬਰਨਿ ਨ ਸਾਕਉ ਗੁਣ ਬਿਸਥਾਰਾ॥ 1॥ ਰਹਾਉ॥ ਕੋਟਿ ਮਾਇਆ ਜਾ ਕੈ ਸੇਵਕਾਇ॥ ਕੋਟਿ ਜੀਅ ਜਾ ਕੀ ਸਿਹਜਾਇ॥ ਕੋਟਿ ਉਪਾਰਜਨਾ ਤੇਰੈ ਅੰਗਿ॥ ਕੋਟਿ ਭਗਤ ਬਸਤ ਹਰਿ ਸੰਗਿ॥ 2॥ ਕੋਟਿ ਛਤ੍ਰਪਤਿ ਕਰਤ ਨਮਸਕਾਰ॥ ਕੋਟਿ ਇੰਦ੍ਰ ਠਾਢੇ ਹੈ ਦੁਆਰ॥ ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ ਕੋਟਿ ਨਾਮ ਜਾ ਕੀ ਕੀਮਤਿ ਨਾਹਿ॥ 3॥ ਕੋਟਿ ਪੂਰੀਅਤ ਹੈ ਜਾ ਕੈ ਨਾਦ॥ ਕੋਟਿ ਅਖਾਰੇ ਚਲਿਤ ਬਿਸਮਾਦ॥ ਕੋਟਿ ਸਕਤਿ ਸਿਵ ਆਗਿਆਕਾਰ॥ ਕੋਟਿ ਜੀਅ ਦੇਵੈ ਆਧਾਰ॥ 4॥ ਕੋਟਿ ਤੀਰਥ ਜਾ ਕੇ ਚਰਨ ਮਝਾਰ॥ ਕੋਟਿ ਪਵਿਤ੍ਰ ਜਪਤ ਨਾਮ ਚਾਰ॥ ਕੋਟਿ ਪੂਜਾਰੀ ਕਰਤੇ ਪੂਜਾ॥ ਕੋਟਿ ਬਿਸਥਾਰਨੁ ਅਵਰੁ ਨ ਦੂਜਾ॥ 5॥ ਕੋਟਿ ਮਹਿਮਾ ਜਾ ਕੀ ਨਿਰਮਲ ਹੰਸ॥ ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ॥ ਕੋਟਿ ਪਰਲਉ ਓਪਤਿ ਨਿਮਖ ਮਾਹਿ॥ ਕੋਟਿ ਗੁਣਾ ਤੇਰੇ ਗਣੇ ਨ ਜਾਹਿ॥ 6॥ ਕੋਟਿ ਗਿਆਨੀ ਕਥਹਿ ਗਿਆਨੁ॥ ਕੋਟਿ ਧਿਆਨੀ ਧਰਤ ਧਿਆਨੁ॥ ਕੋਟਿ ਤਪੀਸਰ ਤਪ ਹੀ ਕਰਤੇ॥ ਕੋਟਿ ਮੁਨੀਸਰ ਮ+ਨਿ ਮਹਿ ਰਹਤੇ॥ 7॥ ਅਵਿਗਤ ਨਾਥੁ ਅਗੋਚਰ ਸੁਆਮੀ॥ ਪੂਰਿ ਰਹਿਆ ਘਟ ਅੰਤਰਜਾਮੀ॥ ਜਤ ਕਤ ਦੇਖਉ ਤੇਰਾ ਵਾਸਾ॥ ਨਾਨਕ ਕਉ ਗੁਰਿ ਕੀਓ ਪ੍ਰਗਾਸਾ॥ 8॥ (ਪੰਨਾ 1156)
ਅਰਥ: ਹੇ ਭਾਈ! ਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ। 1. ਰਹਾਉ।
ਹੇ ਭਾਈ! (ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ, ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ, ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿੱਚ ਹੀ) ਲੀਨ ਕਰ ਦੇਂਦਾ ਹੈ, ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ। 1.
ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ ਘਰ ਵਿੱਚ ਦਾਸੀਆਂ ਹਨ, ਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ। ਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ ਤੇਰੇ ਆਪੇ ਵਿੱਚ ਸਮਾ ਜਾਂਦੀਆਂ ਹਨ। ਹੇ ਭਾਈ! ਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿੱਚ ਵੱਸਦੇ ਹਨ। 2.
ਹੇ ਭਾਈ! (ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਂਦੇ ਹਨ, ਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ, ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿੱਚ ਹਨ, ਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ। 3.
ਹੇ ਭਾਈ! (ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ) ਨਾਦ ਪੂਰੇ (ਵਜਾਏ) ਜਾਂਦੇ ਹਨ, ਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ ਹੈਰਾਨ ਕਰਨ ਵਾਲੇ ਹਨ। ਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿੱਚ ਤੁਰਨ ਵਾਲੇ ਹਨ। ਹੇ ਭਾਈ! ਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ। 4.
ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ ਚਰਨਾਂ ਵਿੱਚ ਹਨ (ਉਸ ਦੇ ਚਰਨਾਂ ਵਿੱਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ), ਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ, ਕ੍ਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ, ਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ। 5.
ਹੇ ਭਾਈ! (ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ, ਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ ਕਰ ਰਹੇ ਹਨ, ਉਹ ਗੋਬਿੰਦ ਅੱਖ ਦੇ ਇੱਕ ਫੋਰ ਵਿੱਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ ਰਹਿੰਦਾ) ਹੈ। ਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ ਸਕਦੇ। 6.
ਹੇ ਭਾਈ! (ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ, ਸਮਾਧੀਆਂ ਲਾਣ ਵਾਲੇ ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤਿ ਜੋੜੀ ਰੱਖਦੇ ਹਨ, (ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ, ਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ। 7.
ਹੇ ਭਾਈ! ਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿੱਚ ਮੌਜੂਦ ਹੈ। ਹੇ ਪ੍ਰਭੂ! (ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ ਹੈ ਕਿ ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ। 8
ਸਮੇਂ ਦੇ ਗੇੜ ਨਾਲ ਕਈ ਜੀਵਾਂ ਦੀ ਹੋਂਦ ਦਾ ਅੱਜ ਨਾਮੋ ਨਿਸ਼ਾਨ ਨਹੀਂ ਦਿਖਾਈ ਨਹੀਂ ਦੇਂਦਾ, ਕਈ ਨਵੀਆਂ ਪੈਦਾ ਹੋ ਰਹੀਆਂ ਹਨ। ਕਰਤੇ ਦੀ ਇਸ ਕੁਦਰਤ ਦਾ ਭੇਦ ਉਹ ਕਰਤਾ ਆਪ ਹੀ ਜਾਣਦਾ ਹੈ।
ਸੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਵੇਂ ਕਈ ਥਾਈਂ ਚੌਰਾਸੀ ਲੱਖ ਜੂਨਾਂ ਦਾ ਵਰਣਨ ਕੀਤਾ ਗਿਆ ਹੈ ਪਰੰਤੂ ਇਸ ਵਰਣਨ ਤੋਂ ਇਹ ਹਰਗ਼ਿਜ਼ ਭਾਵ ਨਹੀਂ ਲਿਆ ਜਾ ਸਕਦਾ ਕਿ ਗੁਰੂ ਸਾਹਿਬ ਨੇ ਜੂਨੀਆਂ ਦੀ ਇਸ ਪ੍ਰਚਲਤ ਧਾਰਨਾ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। ਮਹਾਰਾਜ ਨੇ ਅਕਾਲ ਪੁਰਖ ਦੀ ਕਿਸੇ ਵੀ ਕ੍ਰਿਤ ਬਾਰੇ ਇਹ ਰਾਏ ਪ੍ਰਗਟ ਨਹੀਂ ਕੀਤੀ ਕਿ ਉਸ ਦੀ ਇਤਨੀ ਕੁ ਗਿਣਤੀ ਮਿਣਤੀ ਹੈ। ਇਸ ਲਈ ਚੌਰਾਸੀ ਲੱਖ ਜੂਨਾਂ ਤੋਂ ਭਾਵ ਬੇਅੰਤ ਜੂਨਾਂ ਤੋਂ ਹੀ ਸਮਝਣਾ ਚਾਹੀਦਾ ਹੈ।

ਲਿਖਾਰੀ : ਜਸਬੀਰ ਸਿੰਘ ਵੈਨਕੂਵਰ

Tuesday, 4 October 2011

ਸਹਿਜਧਾਰੀ ਸਿੱਖ ਮਸਲਾ ਕੀ ਸਿੱਖ ਹੋਣ ਲਈ ਕੇਸ ਰੱਖਣੇ ਜ਼ਰੂਰੀ ਹਨ ?

ਸਿੱਖ, ਸਿੰਘ, ਖਾਲਸਾ ਅਤੇ ਸਹਿਜਧਾਰੀ ਸਿੱਖ

‘ਸਹਿਜਧਾਰੀ ਸਿੱਖ’ ਦਾ ਮਸਲਾ ਅੱਜ ਕਲ ਫੇਰ ਸੁਰਖੀਆਂ ਵਿਚ ਹੈ। ਇਸ ਮਸਲੇ ਦੇ ਮੌਜੂਦਾ ਸਮੇਂ ਚਰਚਾ ਵਿਚ ਆਉਣ ਦਾ ਕਾਰਨ ‘ਸਹਿਜਧਾਰੀ ਸਿੱਖ ਫੈਡਰੇਸ਼ਨ’ ਵਲੋਂ ਅਦਾਲਤ ਵਿਚ ਦਾਇਰ ਕੀਤੇ ਇਕ ਮੁਕੱਦਮੇ ਸੰਬੰਧੀ ਆਇਆ ਇਕ ਫੈਸਲਾ ਹੈ। ਅੱਜ ਅਸੀਂ ਇਸ ਲੇਖ ਵਿਚ ਮਸਲੇ ਦੀ ਤਹਿ ਵਿਚ ਪਹੁੰਚਣ ਲਈ ਗੁਰਮਤਿ, ਇਤਿਹਾਸ ਤੱਥਾਂ ਅਤੇ ਦਲੀਲ ਆਧਾਰਿਤ ਸੁਹਿਰਦ ਵਿਚਾਰ ਕਰਾਂਗੇ। ਸਹਿਜਧਾਰੀ ਫੈਡਰੇਸ਼ਨ ਦੇ ਦਾਅਵਿਆਂ ਦੀ ਪੜਚੋਲ ਵੀ ਕਰਨ ਦਾ ਨਿਮਾਣਾ ਯਤਨ ਕਰਾਂਗੇ।

ਇਹ ਇਕ ਸਰਬ ਪ੍ਰਵਾਣਿਤ ਤੱਥ ਹੈ ਕਿ ਨਾਨਕ ਪਾਤਸ਼ਾਹ ਜੀ ਨੇ 15ਵੀਂ ਸਦੀ ਦੇ ਮਗਰਲੇ ਸਮੇਂ ਵਿਚ ਇਕ ਇਨਕਲਾਬ ਦੀ ਸ਼ੁਰੂਆਤ ਕੀਤੀ, ਜਿਸ ਨੇ ਧਰਮ ਦੇ ਨਾਂ ’ਤੇ ਫੈਲਾਏ ਗਏ ਕਰਮਕਾਂਡਾਂ, ਅੰਧਵਿਸ਼ਵਾਸਾਂ, ਵਿਤਕਰਿਆਂ ਨੂੰ ਸਮਾਪਤ ਕਰ ਕੇ, ਸਿਰਫ ਅਮਲੀ ਤੌਰ ’ਤੇ ਨਿਰਮਲ ਜੀਵਨ ਜਾਚ ਦਾ ਧਾਰਨੀ ਹੋਣ ਦਾ ਹੌਕਾ ਦੇਣਾ ਸ਼ੁਰੂ ਕੀਤਾ। ਬਾਬਾ ਨਾਨਕ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਵਿਚ ਦੂਰ-ਦੂਰਾਡੇ ਤੱਕ ਪਹੁੰਚ ਕੇ ‘ਗਿਆਨ ਖੜਗ’ ਰਾਹੀਂ ਪੁਜਾਰੀਆਂ ਵਲੋਂ ਫੈਲਾਈ ਭਰਮਾਂ ਦੀ ਫਾਹੀ ਵੱਢਦਿਆਂ ਧਰਮ ਦੇ ਸਹੀ ਅਰਥਾਂ ਦੀ ਸੋਝੀ ਲੋਕਾਈ ਨੂੰ ਦਿੱਤੀ। ਪਿਛਲੇ ਮਤਾਂ ਦੇ ਰਹਿਬਰਾਂ ਦੇ ਮੂਲ ਉਪਦੇਸ਼ਾਂ ਨੂੰ ਪੁਜਾਰੀ ਸ਼੍ਰੇਣੀ ਵਲੋਂ ਸਮੇਂ ਨਾਲ ਮਿਲਗੋਭਾ ਕਰ ਦੇਣ ਦੇ ਭਾਣੇ ਤੋਂ ਸੁਚੇਤ ਇਸ ਰਹਿਬਰ ਨੇ ਆਪਣੀ ਰਚਨਾ ਨਾਲ-ਨਾਲ ਲਿੱਖ ਕੇ ਸਾਂਭਣੀ ਜਾਰੀ ਰੱਖੀ। ਨਾਲ ਹੀ ‘ਸੱਚ ਦੇ ਗਿਆਨ’ ਨਾਲ ਜੋੜਦੀਆਂ ਹੋਰ ਕੁਝ ਮਹਾਂਪੁਰਖਾਂ ਦੀਆਂ ਰਚਨਾਵਾਂ ਨੂੰ ਵੀ ਸਾਂਭਿਆ। ਗੁਰਮਤਿ ਇਨਕਲਾਬ ਨੂੰ ਪੱਕੇ ਪੈਰੀਂ ਕਰਨ ਦੇ ਮਕਸਦ ਨਾਲ ਬਾਬਾ ਨਾਨਕ ਜੀ ਨੇ ਆਪਣੇ ਸ਼ਰੀਰਕ ਸਫਰ ਦੇ ਅੰਤਲੇ ਸਮੇਂ ਵਿਚ ਇਸ ਇਨਕਲਾਬ ਦੀ ਅਗਵਾਈ ਦੀ ਜਿੰਮੇਵਾਰੀ ਅੰਗਦ ਪਾਤਸ਼ਾਹ ਜੀ ਨੂੰ ਸੌਂਪ ਦਿੱਤੀ। ਸਮੇਂ ਨਾਲ ਨਾਨਕ ਸਰੂਪਾਂ ਨੇ ‘ਗੁਰਬਾਣੀ’ ਪੋਥੀਆਂ ਦੇ ਰੂਪ ਵਿਚ ਸਾਂਭਣੀ ਜਾਰੀ ਰੱਖੀ। ਪੰਜਵੇਂ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਇਕ ਗ੍ਰੰਥ ਦੇ ਰੂਪ ਵਿਚ ਸੰਪਾਦਿਤ ਕਰ ਦਿੱਤਾ। ਦਸਵੇਂ ਪਾਤਸ਼ਾਹ ਜੀ ਨੇ ਇਸ ਗ੍ਰੰਥ ਵਿਚ, ਤਰਤੀਬ ਅਨੁਸਾਰ, ਨੌਵੇਂ ਪਾਤਸ਼ਾਹ ਜੀ ਦੀ ਬਾਣੀ ਚੜ੍ਹਾ ਕੇ ਇਸ ਗ੍ਰੰਥ ਨੂੰ ਸੰਪੂਰਨ ਕੀਤਾ। ਆਪਣੇ ਜੀਵਨ ਦੇ ਅੰਤਲੇ ਸਮੇਂ ਵਿਚ ਦਸਵੇਂ ਪਾਤਸ਼ਾਹ ਜੀ ਨੇ ‘ਇਕ ਪੁਰਖੀ ਸ਼ਖਸੀ ਅਗਵਾਈ’ ਨੂੰ ਸਮੇਟਦੇ ਹੋਏ, ਪੰਥਕ ਕਾਫਿਲੇ ਨੂੰ ਪੱਕੇ ਤੌਰ ’ਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਗਵਾਈ ਹੇਠ/ਤਾਬਿਆਂ ਕਰ ਦਿੱਤਾ। ਵੈਸੇ ਵਿਚਾਰਕ ਤੌਰ ’ਤੇ ਇਹ ਕਾਫਿਲਾ ਪਹਿਲੇ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ‘ਸੱਚ ਦੇ ਗਿਆਨ’ ਦੀ ਅਗਵਾਈ ਵਿਚ ਤੋਰਿਆ ਜਾ ਰਿਹਾ ਸੀ।

ਗੁਰਮਤਿ ਇਨਕਲਾਬ ਦੇ ਇਸ ਸ਼ੁਰੂਆਤੀ ਦੌਰ ਦੇ ਲਗਭਗ 240 ਸਾਲਾਂ ਦੇ ਸਫਰ ਵਿਚ ਵਿਕਾਸ ਦੇ ਕਈਂ ਪੜਾਅ ਆਏ। ਸਮੇਂ ਨਾਲ ਇਸ ‘ਇਨਕਲਾਬ’ ਦੇ ਪੈਰੋਕਾਰਾਂ ਲਈ ਗੁਰਮੁਖ, ਸਿੱਖ, ਜਨ, ਖਾਲਸਾ, ਸਿੰਘ ਆਦਿ ਲਕਬ ਵਰਤੇ ਜਾਣ ਲਗ ਪਏ। ਪਰ ਸਿੱਖ, ਸਿੰਘ ਅਤੇ ਖਾਲਸਾ ਹੀ ਬਹੁਤ ਜ਼ਿਆਦਾ ਪ੍ਰਚਲਿਤ ਹੋਏ। ਬਿਖੜੇ ਹਾਲਾਤਾਂ ਕਾਰਨ ਸਮੇਂ ਨਾਲ ਗੁਰਮਤਿ ਫਲਸਫੇ ਦੇ ਪ੍ਰਕਾਸ਼ ਨੂੰ ਵਿਰੋਧੀ ਤਾਕਤਾਂ ਵਲੋਂ ਧੁੰਧਲਾ ਕਰਨ ਦੇ ਯਤਨ ਵੀ ਹੁੰਦੇ ਰਹੇ, ਜੋ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਨਤੀਜਤਨ ਕਈ ਪੱਖਾਂ ਦੀ ਵਿਆਖਿਆ ਅਤੇ ਵਿਹਾਰ ਵਿਚ ਇਕ ਭੰਬਲਭੂਸੇ, ਆਪਾ- ਵਿਰੋਧ ਦੀ ਸਥਿਤੀ ਵੀ ਪੈਦਾ ਹੋ ਗਈ।

ਇਹ ਵੀ ਇਕ ਸਰਬ ਪ੍ਰਵਾਣਿਤ ਤੱਥ ਹੈ ਕਿ ਗੁਰਮਤਿ ਦੀ ਫਿਲਾਸਫੀ ਕਿਸੇ ਇਕ ਖਿੱਤਾ ਵਿਸ਼ੇਸ਼ ਜਾਂ ਫਿਰਕੇ ਵਿਸ਼ੇਸ਼ ’ਤੇ ਹੀ ਲਾਗੂ ਨਹੀਂ ਹੁੰਦੀ, ਬਲਕਿ ਸਮੁੱਚੀ ਮਨੁੱਖਤਾ ਲਈ ਇਕਸਾਰ ਹੈ। ਗੁਰਮਤਿ ਦੀ ਰੋਸ਼ਨੀ ਵਿਚ ਜੇ ਸੁਹਿਰਦਤਾ, ਨਿਰਪੱਖਤਾ ਅਤੇ ਦਲੀਲ ਨਾਲ ਵਿਚਾਰ ਕਰੀਏ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਿੱਖ ਕੌਮ ਦੇ ਕਾਫਲੇ ਵਿਚ ਹਮੇਸ਼ਾਂ ਦੋ ਤਰਾਂ ਦੇ ਮੈਂਬਰ ਰਹੇ ਹਨ। ਇਕ ਸਧਾਰਨ (Normal) ਅਤੇ ਇਕ ਇਨਕਲਾਬ ਨੂੰ ਸਮਰਪਿਤ (Dedicated)1699 ਦੀ ਵੈਸਾਖੀ ਵੇਲੇ ਦਸ਼ਮੇਸ਼ ਪਾਤਸ਼ਾਹ ਜੀ ਵਲੋਂ ਕੀਤਾ ‘ਖੰਡੇ ਦੀ ਪਾਹੁਲ’ (ਸਮੇਂ ਨਾਲ ਇਸ ਦਾ ਨਾਂ ‘ਅੰਮ੍ਰਿਤ-ਪਾਨ’ ਪ੍ਰਚਲਿਤ ਕਰ ਦਿੱਤਾ ਗਿਆ) ਵਾਲਾ ਕੌਤਕ ਅਸਲ ਵਿਚ ਇਸ ਸਮਰਪਿਤ ਸ਼੍ਰੇਣੀ ਨੂੰ ਸਾਹਮਣੇ ਲਿਆਉਣ ਲਈ ਇਕ ਪਰਚਾ (Test) ਹੀ ਸੀ। ਉਸ ਉਪਰੰਤ ਸਮਰਪਿਤ ਸ਼੍ਰੇਣੀ ਦੀ ਪਹਿਚਾਣ ਲਈ ‘ਖੰਡੇ ਦੀ ਪਾਹੁਲ’ ਦੀ ਰਸਮ ਤੌਰ ਦਿੱਤੀ ਗਈ। ਪਹਿਲੀ ਸ਼੍ਰੇਣੀ ‘ਸਿੱਖ’ ਅਤੇ ਦੂਜੀ ਸ਼੍ਰੇਣੀ ‘ਖਾਲਸਾ’ ਦੇ ਨਾਂ ਨਾਲ ਮਸ਼ਹੂਰ ਹੋ ਗਈ।

ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਇਸ ਪਹਿਚਾਣ ਦਾ ਭਾਵ ਆਪਸ ਵਿਚ ਭੇਦ ਭਾਵ ਪੈਦਾ ਕਰਨਾ ਜਾਂ ਕਿਸੇ ਸ਼੍ਰੇਣੀ ਨੂੰ ਉੱਚਾ ਜਾਂ ਨੀਵਾਂ ਦਰਸਾਉਣਾ ਕਦੇ ਨਹੀਂ ਸੀ। ਦੂਜਾ ਅਹਿਮ ਨੁਕਤਾ ਇਹ ਸੀ ਕਿ ਜੀਵਨ ਜਾਚ ਦੀਆਂ ਸੇਧਾਂ ਪੱਖੋਂ ਦੋਹਾਂ ਸ਼੍ਰੇਣੀਆਂ ਵਿਚ ਬਿਲਕੁਲ ਵੀ ਫਰਕ ਨਹੀਂ ਸੀ। ਇਹ ਅਤਿ ਪਤਲਾ ਜਿਹਾ ਪਰਦਾ ਸਿਰਫ ਤੇ ਸਿਰਫ ਗੁਰਮਤਿ ਇਨਕਲਾਬ ਨੂੰ ਕਾਮਯਾਬ ਬਣਾਉਣ ਅਤੇ ਅੱਗੇ ਪ੍ਰਚਾਰਨ ਲਈ ਸਮਰਪਿਤ ਲੋਕਾਂ ਦੀ ਇਕ ਆਮ ਪਹਿਚਾਣ ਰੱਖਣ ਦਾ ਉਪਰਾਲਾ ਮਾਤਰ ਸੀ।

ਪਰ ਸਮੇਂ ਨਾਲ ਪੰਥ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਅਤੇ ਕੌਮ ਦੀ ਚੰਗੇ ਸਮੇਂ ਆਉਣ ’ਤੇ ਵੀ ਅਣਗਹਿਲੀ ਕਾਰਨ, ਸਿੱਖ ਸਮਾਜ ਦੀ ਜੀਵਨ ਜਾਚ ਵਿਚੋਂ ਗੁਰਮਤਿ ਦੀ ਖੁਸ਼ਬੂ ਘੱਟ ਹੋਣੀ ਲਗੀ। ਸਿਧਾਂਤਕ ਪੱਖੋਂ ਗੁਰਮਤਿ ਫਲਸਫੇ ਦੀ ਸਮਝ ’ਤੇ ਵੀ ਧੁੰਧਲਾਪਨ ਛਾਂਦਾ ਰਿਹਾ। ਇਸੇ ਦੌਰ ਵਿਚ ‘ਖੰਡੇ ਦੀ ਪਾਹੁਲ’ ‘ਅੰਮ੍ਰਿਤ’ ਬਣਾ ਕੇ ਪੇਸ਼ ਕਰ ਦਿੱਤੀ ਗਈ। ‘ਪਾਹੁਲਧਾਰੀਆਂ’ ਲਈ ਵੱਖਰੀ ਰਹਿਤ ਪ੍ਰਚਾਰੀ ਜਾਣ ਲੱਗ ਪਈ। ‘ਗੈਰ-ਪਾਹੁਲਧਾਰੀਆਂ’ ਨੂੰ ਨੀਵਾਂ ਸਮਝਿਆ ਜਾਣ ਲੱਗ ਪਿਆ ਅਤੇ ‘ਪਾਹੁਲਧਾਰੀਆਂ’ ਨੂੰ ਉੱਚਾ-ਸੁੱਚਾ। ‘ਅੰਮ੍ਰਿਤ-ਪਾਨ’ ਨੂੰ ਮੁਕਤੀ ਦਾ ਸਾਧਨ ਜਾਂ ਪਵਿੱਤਰਤਾ ਦਾ ਇਕ ਸਰਟੀਫਿਕੇਟ ਮੰਨਿਆ ਜਾਣ ਲੱਗ ਪਿਆ। ਇਸੇ ਧੁੰਧਲਕੇ ਵਿਚ ਇਹ ਗਲਤ ਵਿਚਾਰ ਵੀ ਫੈਲ ਗਿਆ ਕਿ ਚੰਗੀ ਜੀਵਨ ਜਾਚ ਸਿਰਫ ‘ਪਾਹੁਲਧਾਰੀਆਂ’ ਲਈ ਜ਼ਰੂਰੀ ਹੈ, ‘ਗੈਰ-ਪਾਹੁਲਧਾਰੀ’ ਸਿੱਖ ਸਿਧਾਂਤਕ ਪੱਖੋਂ ਢਿੱਲੇ ਵੀ ਹੋਣ ਤਾਂ ਕੋਈ ਹਰਜ਼ ਨਹੀਂ।

ਇਸੇ ਧੁੰਧਲਕੇ ਦੇ ਇਕ ਦੌਰ ਵਿਚ ਗਲਤੀ ਜਾਂ ਸਾਜਿਸ਼ ਨਾਲ ਉਨ੍ਹਾਂ ਲੋਕਾਂ ਨਾਲ ‘ਸਹਿਜਧਾਰੀ ਸਿੱਖ’ ਵਿਸ਼ੇਸ਼ਣ ਵਰਤ ਕੇ ਪ੍ਰਚਲਿਤ ਕਰ ਦਿੱਤਾ ਗਿਆ, ਜਿਨ੍ਹਾਂ ਦੀ ਨਾਨਕ ਸਰੂਪਾਂ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਸ਼ਰਧਾ’ ਤਾਂ ਸੀ, ਪਰ ਉਨ੍ਹਾਂ ਦੇ ਬਖਸ਼ੇ ਗਿਆਨ ਨੂੰ ਅਪਨਾਉਣ ਵਿਚ ਉਨ੍ਹਾਂ ਦੀ ਕੋਈ ਖਾਸ ਰੂਚੀ ਨਹੀਂ ਸੀ। ਸਿੰਧੀ ਭਾਈਚਾਰਾ ਇਸ ਦੀ ਬਹੁਤ ਵਧੀਆ ਮਿਸਾਲ ਹੈ। ਬੇਸ਼ਕ ਉਨ੍ਹਾਂ ਦੀ ‘ਸ਼ਰਧਾ’ ਤੇ ਕੋਈ ਦੋ-ਰਾਇ ਨਹੀਂ ਹੈ, ਪਰ ਅਮਲੀ ਤੌਰ ’ਤੇ ਉਹ ਗੁਰਮਤਿ ਦੇ ਮੁੱਡਲੇ ਸਿਧਾਂਤਾਂ ਤੋਂ ਮੁਨਕਰ ਹੋ ਕੇ ਮਿਲਗੋਭੀ ਜਿਹੀ ਜੀਵਨ ਜਾਚ ਅਪਨਾਈ ਬੈਠੇ ਸਨ/ਹਨ।

‘ਸਹਿਜ-ਧਾਰੀ’ ਲਫਜ਼ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖਿਆ ਜਾਵੇ ਤਾਂ ਇਹ ਇਕ ਬਹੁਤ ਉੱਚੀ ਅਵਸਥਾ ਦਾ ਲਖਾਇਕ ਹੈ। ਇਸ ਪ੍ਰਥਾਇ ਕੁਝ ਗੁਰਵਾਕ ਹਨ:
ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ (ਪੰਨਾ 44)
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥4॥ (ਪੰਨਾ 48)
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥3॥ (ਪੰਨਾ 58)
ਉਪਜੈ ਸਹਜੁ ਗਿਆਨ ਮਤਿ ਜਾਗੈ ॥ (ਪੰਨਾ 92)

ਹੁਕਮੈ ਅੰਦਰਿ ਸਭੁ ਕੋ ਮੰਨੈ ਹੁਕਮੁ ਸੋ ਸਹਿਜ ਸਮਾਵੈ॥ (ਭਾਈ ਗੁਰਦਾਸ ਜੀ)

ਇਤਿਹਾਸ ਦੇ ਸਫਰ ’ਤੇ ਨਜ਼ਰ ਮਾਰੀਏ ਤਾਂ ‘ਸਹਿਜਧਾਰੀ ਸਿੱਖ’ ਲਫਜ਼ ਪੁਰਾਤਨ ਸਿੱਖ ਇਤਿਹਾਸ ਵਿਚ ਕਿਧਰੇ ਵਿਰਲਾ ਹੀ ਮਿਲਦਾ ਹੋਵੇਗਾ। ਇਸ ਦਾ ਖਾਸ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦੋਰਾਨ ਜਾਂ ਬਾਅਦ ਵਿਚ ਜ਼ਿਆਦਾ ਹੋਣਾ ਸ਼ੁਰੂ ਹੋਇਆ। ਉਸ ਸਮੇਂ ਤੱਕ ‘ਪਾਹੁਲਧਾਰੀ’ ਇਕ ‘ਵਿਸ਼ੇਸ਼ ਸਿੱਖ’ ਵਜੋਂ ਸਥਾਪਿਤ ਹੋ ਚੁੱਕੇ ਸਨ ਅਤੇ ਉਨ੍ਹਾਂ ਦਾ ਅਸਲ ਪੱਖ ਕਾਫੀ ਹਦ ਤੱਕ ਅਲੋਪ ਹੋ ਕੇ ‘ਬੰਦਿਸ਼ਾਂ ਵਾਲਾ ਸਿੱਖ’ ਦੇ ਤੌਰ ’ਤੇ ਅਕਸ ਬਣ ਚੁੱਕਿਆ ਸੀ। ਐਸੇ ਹੀ ਦੌਰ ਵਿਚ ‘ਅੰਮ੍ਰਿਤ-ਪਾਨ’ ਦੀ ਰਸਮ ਨੂੰ ਸਿੱਖੀ ਵਿਚ ‘ਦਾਖਲੇ ਦੀ ਰਸਮ’ ਵੀ ਮੰਨਿਆ ਅਤੇ ਪ੍ਰਚਾਰਿਆ ਜਾਣ ਲੱਗ ਪਿਆ। ‘ਸਿੰਘ ਸਭਾ ਲਹਿਰ’ ਅਤੇ ‘ਮਿਸ਼ਨਰੀ ਲਹਿਰ’ ਦੀ ਇਹ ਪ੍ਰਬਲ ਮਾਨਤਾ ਸੀ/ਹੈ। 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ‘ਸਿੰਘ ਸਭਾ ਲਹਿਰ’ ਜੋਰਾਂ ’ਤੇ ਸੀ। ਇਸੇ ਦੌਰ ਵਿਚ ‘ਗੈਰ-ਪਾਹੁਲਧਾਰੀ’ ਸਿੱਖਾਂ ਨੂੰ ‘ਸਹਿਜਧਾਰੀ ਸਿੱਖ’ ਕਿਹਾ ਜਾਣਾ ਜ਼ਿਆਦਾ ਪ੍ਰਚਲਿਤ ਹੋਇਆ। ਇਸੇ ਆਧਾਰ ’ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ‘ਸਹਿਜਧਾਰੀ ਸਿੱਖ’ ਦੀ ਪਰਿਭਾਸ਼ਾ ਦੇਂਦਿਆ ਦਰਜ ਕੀਤਾ: ‘ਜੋ ਕਿਰਪਾਨ ਅਤੇ ਕੱਛ’ ਦੀ ਰਹਿਤ ਨਹੀਂ ਰੱਖਦੇ।

ਵਿਚਲੇ ਸਮੇਂ ‘ਸਹਿਜਧਾਰੀ ਸਿੱਖ’ ਦੀ ਇਹ ਪਰਿਭਾਸ਼ਾ ਵੀ ਪੰਥਕ ਹਲਕਿਆਂ ਵਿਚ ਵਿਚਰਨ ਲੱਗ ਪਈ ਕਿ ਜਿਹੜਾ ਹੋਲੀ-ਹੋਲੀ ਸਿੱਖੀ ਅਪਨਾ ਰਿਹਾ ਹੈ। ਪਰ ਇਹ ਪਰਿਭਾਸ਼ਾ ਦਲੀਲ ਅਤੇ ਤੱਥਾਂ ਆਧਾਰਿਤ ਨਹੀਂ। ਦੁਨੀਆਂ ਦੇ ਕਿਸੇ ਵੀ ਮੱਤ ਵਿਚ ‘ਸਹਿਜਧਾਰੀ’ ਦਾ ਕੰਨਸੈਪਟ ਨਹੀਂ ਹੈ। ਕਿਧਰੇ ਵੀ ਤੁਹਾਨੂੰ ‘ਸਹਿਜਧਾਰੀ ਹਿੰਦੂ’, ‘ਸਹਿਜਧਾਰੀ ਮੁਸਲਿਮ’ ਜਾਂ ‘ਸਹਿਜਧਾਰੀ ਈਸਾਈ’ ਆਦਿ ਸੁਨਣ ਨੂੰ ਨਹੀਂ ਮਿਲੇਗਾ। ਫੇਰ ਸਿੱਖ ਮੱਤ ਦੇ ਸੰਬੰਧ ਵਿਚ ਇਹ ਦਲੀਲ ਕਿਵੇਂ ਜਾਇਜ਼ ਹੈ? ਕਈਂ ਮੁਸਲਿਮ ਪੀਰਾਂ ਦੀਆਂ ਮਜ਼ਾਰਾਂ ’ਤੇ ਅਨੇਕਾਂ ਹਿੰਦੂ ਸ਼ਰਧਾ ਨਾਲ ਜਾਂਦੇ ਹਨ। ਕੀ ਉਨ੍ਹਾਂ ਨੂੰ ‘ਸਹਿਜਧਾਰੀ ਮੁਸਲਿਮ’ ਮੰਨਿਆ ਜਾਂਦਾ ਹੈ?

ਗੁਰਮਤਿ ਫਿਲਾਸਫੀ ਸਮੁੱਚੀ ਮਨੁੱਖਤਾ ਲਈ ਹੈ। ਇਸ ਦਾ ਮਕਸਦ ਮਨੁੱਖ ਨੂੰ ‘ਸਚਿਆਰਾ’ ਬਣਾਉਣਾ ਹੈ। ਜੋ ਵੀ ਚਾਹੇ ਇਸ ਨੂੰ ਅਪਨਾ ਸਕਦਾ ਹੈ, ਜਿਤਨਾ ਵੀ ਚਾਹੇ ਅਪਨਾ ਸਕਦਾ ਹੈ। ਪਰ ‘ਸਿੱਖ’ ਕਹਿਲਾਉਣ ਲਈ ਕੁਝ ਮੁੱਢਲੇ ਅਸੂਲਾਂ ਨੂੰ ਮੰਨਣ ਦਾ ਅਹਿਦ ਕਰਨਾ ਜ਼ਰੂਰੀ ਬਣ ਜਾਂਦਾ ਹੈ। ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਮਨੁੱਖ, ਜੋ ਕਬਰਾਂ ਆਦਿ ਦੀ ਪੂਜਾ ਕਰਦਾ ਸੀ, ਨਾਨਕ ਸਰੂਪ ਕੋਲੋਂ ‘ਸਿੱਖ’ ਬਣਨ ਦੀ ਬੇਨਤੀ ਕਰਨ ਆਇਆ ਤਾਂ ਉਨ੍ਹਾਂ ਨੇ ਇਹੀ ਕਿਹਾ ਸੀ ਕਿ ‘ਸਿੱਖੀ ਉੁੱਤੇ ਸਿੱਖੀ ਨਹੀਂ ਟਿੱਕ ਸਕਦੀ’। ਉਸ ਨੇ ਜਦੋਂ ਆਪਣੇ ਘਰ ਵਿਚ ਬਣੀ ਕਬਰ/ਮੜੀ ਢਾਹ ਦਿੱਤੀ ਤਾਂ ਹੀ ਉਹ ਸਿੱਖੀ ਨੂੰ ਅਪਨਾ ਸਕਿਆ। ਇਸ ਦਾ ਸਪਸ਼ਟ ਭਾਵ ਇਹੀ ਸੀ ਕਿ ‘ਸਿੱਖ’ ਬਣਨ ਲਈ ਮੁੱਢਲੇ ਗੁਰਮਤਿ ਅਸੂਲਾਂ ਨੂੰ ਮੰਨਣ ਦਾ ਅਹਿਦ ਤਾਂ ਜ਼ਰੂਰੀ ਹੈ।

ਮੁੱਢਲੇ ਗੁਰਮਤਿ ਅਸੂਲਾਂ ਦੀ ਗੱਲ ਤੋਰਦੇ ਹਾਂ:
‘ਜਪੁ’ ਦੀ ਬਾਣੀ ਵਿਚ ਤੁੱਕ ਆਉਂਦੀ ਹੈ
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (ਪੰਨਾ 1)

 “ਭਾਵ ਸਚਿਆਰਾ ਬਣਨ ਲਈ ਰੱਬ ਜੀ ਦੀ ਸਾਜੀ ਕੁਦਰਤ ਨੂੰ ਚਲਾਉਣ ਦੇ ਨਿਯਮਾਂ (ਰਜ਼ਾ) ਨੂੰ ਸਮਝ ਕੇ ਉਸ ਅਨੁਸਾਰ ਤੁਰਨ ਦਾ ਯਤਨ ਕਰਨਾ ਹੈ”।

ਗੱਲ ਕਰਦੇ ਹਾਂ ‘ਕੇਸਾਂ’ ਦੀ। ਮਨੁੱਖੀ ਸ਼ਰੀਰ ਦੇ ਕਈਂ ਹਿੱਸਿਆਂ ’ਤੇ ਵਾਲ (ਕੇਸ) ਆਉਂਦੇ ਹਨ। ਜਿੱਥੇ ਕੁਦਰਤ ਅਨੁਸਾਰ ਵਾਲ ਲੋੜੀਂਦੇ ਨੇ ਉੱਥੇ ਹੀ ਉਗਦੇ ਹਨ। ਬੰਦਿਆਂ ਦੇ ਦਾੜੀ-ਮੁੱਛਾਂ ਉੱਗਦੀਆਂ ਹਨ, ਇਸਤਰੀਆਂ ਦੇ ਨਹੀਂ ਉੱਗਦੀਆਂ, ਇਹ ਕੁਦਰਤ ਦਾ ਨਿਯਮ ਹੈ। ਇਕ ਇਨਸਾਨ ਇਕ ਦਿਨ ਸ਼ੇਵ ਕਰਦਾ ਹੈ, ਉਸੇ ਸਮੇਂ ਉਹ ਫੇਰ ਉਗਨਾ ਸ਼ੁਰੂ ਕਰ ਦਿੰਦੀ ਹੈ, ਅਗਲੇ ਦਿਨ ਤੱਕ ਦਿੱਖਣ ਲਗ ਪੈਂਦੀ ਹੈ। ਉਹ ਫੇਰ ਸ਼ੇਵ ਕਰਦਾ ਹੈ, ਫੇਰ ਉੱਗ ਜਾਂਦੀ ਹੈ। ਭਾਵ, ਉਹ ਲਗਾਤਾਰ ਕੁਦਰਤ ਨਾਲ ਲੜਾਈ ਕਰ ਰਿਹਾ ਹੈ।

ਇਸ ਤੋਂ ਇਲਾਵਾ ਵੀ ਕੇਸਾਂ ਦਾ ਬਹੁਤ ਮਹੱਤਵ ਹੈ, ਇਸ ਵਿਸ਼ੇ ’ਤੇ ਵਿਗਿਆਨਿਕ ਨਜ਼ਰੀਏ ਤੋਂ ਵੀ ਅਨੇਕਾਂ ਲੇਖ/ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਇਹ ਸਾਰੇ ਫਾਇਦੇ ਵਿਸ਼ਵ ਦੇ ਹਰ ਮਨੁੱਖ ’ਤੇ ਲਾਗੂ ਹੁੰਦੇ ਹਨ, ਨਾ ਕਿ ਸਿਰਫ ਸਿੱਖਾਂ ’ਤੇ। ਪਰ ਇਹ ਹੈ ਕਿ ਗੁਰਮਤਿ (ਜਿਸ ਨੂੰ ਨਾਨਕ ਸਰੂਪਾਂ ਨੇ ਦ੍ਰਿੜ ਕਰਵਾਇਆ) ਪ੍ਰਤੀ ਝੁਕਾਅ ਕਾਰਨ ਸਿੱਖ ਕੌਮ ਨੇ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਅਪਨਾ ਲਿਆ। ਹੋਰ ਮੱਤਾਂ ਵਿਚ ਸ਼ਾਇਦ ਇਹ ਨੁਕਤਾ ਇਤਨਾ ਦ੍ਰਿੜ ਨਹੀਂ ਕਰਵਾਇਆ ਗਿਆ, ਇਸ ਲਈ ਉਨ੍ਹਾਂ ਵਿਚ ਇਸ ਦੀ ਘਾਟ ਵੇਖਣ ਨੂੰ ਮਿਲਦੀ ਹੈ।

ਸਿੱਖ ਇਤਿਹਾਸ ਨੂੰ ਵਾਚਿਆਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਰਣਜੀਤ ਸਿੰਘ ਦੇ ਰਾਜ ਵੇਲੇ ਤੱਕ ਕੋਈ ਵਿਰਲਾ ਹੀ ‘ਸਿੱਖ’ ਕੇਸ ਕੱਟਦਾ ਸੀ। ਹਾਂ, ਸਿੱਖ ਇਤਿਹਾਸ ਦੇ ਸੋਮਿਆਂ ਵਿਚ ਇਹ ਗੱਲ ਪਾ ਦਿੱਤੀ ਗਈ ਕਿ ‘ਉਦਾਸੀ ਮੱਤ’ ਵਾਲੇ ਸਿੱਖੀ ਦਾ ਇਕ ਅੰਗ (ਪ੍ਰਚਾਰਕ) ਸਨ। ਪਰ ਸੱਚਾਈ ਇਹ ਕਿ ਬਾਬਾ ਨਾਨਕ ਜੀ ਨੇ ਆਪਣੇ ਬਿੰਦੀ ਪੁੱਤਰ ਸ੍ਰੀ ਚੰਦ ਦੀ ਮੱਤ ਨੂੰ ਕੋਈ ਮਾਨਤਾ ਨਹੀਂ ਦਿੱਤੀ। ‘ਉਦਾਸੀ ਸਾਧ’ ਪੰਥ ਦੇ ਬਿਖੜੇ ਹਾਲਾਤਾਂ ਵਿਚ ਹੋਲੀ-ਹੋਲੀ ਗੁਰਧਾਮਾਂ ’ਤੇ ਹਿਮਾੲਤੀ ਬਣ ਕੇ ਪ੍ਰਚਾਰਕ ਵਜੋਂ ਕਾਬਿਜ਼ ਹੋਏ। ਸਿੱਖ ਸਮਾਜ ਵਿਚ ਜ਼ਿਆਦਾਤਰ ਕਰਮਕਾਂਡ ਇਨ੍ਹਾਂ ਵਲੋਂ ਹੀ ਦਾਖਿਲ ਕੀਤੇ ਗਏ (ਨਿਰਮਲੇ ਸਾਧਾਂ ਦੀ ਭਾਈਵਾਲੀ ਕਾਰਨ)। ਕਹਿਣ ਦਾ ਭਾਵ 1850 ਤੱਕ ਕੇਸ ਕਟਵਾਉਣ ਵਾਲਾ ‘ਸਿੱਖ’ ਸ਼ਾਇਦ ਹੀ ਕੋਈ ਮਿਲਦਾ ਸੀ।

ਫਲਸਫੇ ਦੀ ਸਮਝ ਦੇ ਇਸ ਧੰਧੂਕਾਰੇ ਦੌਰਾਣ ਕਿਸੀ ਸਮੇਂ ਇਹ ਵੀ ਮੱਤ ਸ਼ਰਧਾ/ਸਾਜਿਸ਼ ਹੇਠ ਪ੍ਰਚਲਿਤ ਕਰ ਦਿੱਤਾ ਗਿਆ ਕਿ ਸਿੱਖ ਕੇਸ ਇਸ ਲਈ ਰੱਖਦੇ ਹਨ ਤਾਂ ਕਿ ਦੂਰੋਂ ਪਹਿਚਾਣੇ ਜਾ ਸਕਣ। ਭਾਵ, ਕੇਸ ਸਿੱਖੀ ਦੀ ਇਕ ਨਿਸ਼ਾਨੀ ਹਨ। ਇਸ ਦਾ ਮਤਲਬ ਇਹ ਹੋਇਆ ਕਿ ਕੇਸ ਸਿਰਫ ਸਿੱਖਾਂ ਲਈ ਜ਼ਰੂਰੀ ਹਨ, ਕਿਉਂਕਿ ਇਹ ‘ਸਿੱਖੀ ਭੇਖ’ ਦੀ ਨਿਸ਼ਾਨੀ ਹਨ। ਇੱਥੇ ਆ ਕੇ ਗੱਲ ਗੁਰਮਤਿ ਤੋਂ ਉਲਟ ਹੋ ਗਈ, ਕਿਉਂਕਿ ਗੁਰਮਤਿ ਨੇ ਤਿਲਕ, ਜੰਝੂ ਆਦਿ ਨੂੰ ਧਰਮ-ਚਿੰਨ੍ਹ ਵਜੋਂ ਰੱਦ ਕਰਕੇ ਨਵੇਂ ਚਿੰਨ੍ਹਾਂ ਨੂੰ ਮਾਨਤਾ ਥੋੜੇ ਦੇਣੀ ਸੀ। ਗੁਰਮਤਿ ਤਾਂ ਬਾਹਰੀ ਕਿਸੇ ਚਿੰਨ੍ਹ ਨੂੰ ਧਰਮ ਦਾ ਅੰਗ ਨਹੀਂ ਮੰਨਦੀ। ਇਸੇ ਗਲਤ ਸਥਾਪਿਤ ਸੋਚ ਕਾਰਨ ਸਮੇਂ ਨਾਲ ਬਾਕੀ ਕਕਾਰਾਂ ਨੂੰ ਸਿੱਖੀ ਦੇ ਚਿੰਨ੍ਹ ਪ੍ਰਚਾਰਿਆ ਜਾਣ ਲੱਗ ਪਿਆ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕਿਸੇ ਸਮੇਂ ਗਲਤ ਧਾਰਨਾ ਅਪਨਾ ਕੇ ‘ਕੇਸ’ ਇਕ ਕਕਾਰ ਬਣਾ ਦਿੱਤੇ ਗਏ, ਜਦਕਿ ‘ਕੇਸ’ ਕਕਾਰ ਨਹੀਂ, ਸ਼ਰੀਰ ਦਾ ਅੰਗ ਹਨ। ਕਕਾਰ ਬਾਹਰੋਂ ਧਾਰਨ ਕੀਤੇ ਜਾਂਦੇ ਹਨ। ਇਸ ਲਈ ਕਕਾਰ ਕੇਸਾਂ ਦੀ ਸੰਭਾਲ ਲਈ ਕੇਸਕੀ/ਪੱਗ ਆਦਿ ਹੈ, ਕੇਸ ਨਹੀਂ। ਕੱਕਾਰਾਂ ਨੂੰ ‘ਖੰਡੇ ਦੀ ਪਾਹੁਲ’ ਨਾਲ ਜੋੜ ਕੇ ਸਿਰਫ ‘ਪਾਹੁਲ ਧਾਰੀਆਂ’ ਲਈ ਸੀਮਿਤ ਕਰ ਦਿੱਤਾ ਗਿਆ, ਜਦੋਂ ਕਿ ਇਹ ਹਰ ਮਨੁੱਖ ਲਈ ਜ਼ਰੂਰੀ ਹਨ। ਇਸੇ ਗਲਤ ਪ੍ਰਭਾਵ ਹੇਠ ਰਹਿਤ ਮਰਿਯਾਦਾ ਵਿਚ ਬਜ਼ਰ ਕੁਰਹਿਤਾਂ ਨੂੰ ਵੀ ‘ਪਾਹੁਲਧਾਰੀਆਂ’ ਤੱਕ ਸੀਮਿਤ ਕਰ ਦਿੱਤਾ ਗਿਆ, ਜਦੋਂਕਿ ਉਹ ਹਰ ਆਮ ਮਨੁੱਖ ਲਈ ਜ਼ਰੂਰੀ ਹਨ।

1950 ਤੋਂ ਬਾਅਦ ਆਧੁਨਿਕਤਾ ਅਤੇ ਫੈਸ਼ਨ ਦੀ ਦੌੜ ਹੇਠ ਨੌਜਵਾਨ ਪੀੜ੍ਹੀ ਵਿਚ ਹੋਲੀ-ਹੋਲੀ ਕੇਸ ਕਟਵਾਉਣ ਦਾ ਰੁਝਾਣ ਵੱਧਣ ਲੱਗ ਪਿਆ। ਇੱਧਰ ਸਿੱਖਾਂ ਵਲੋਂ ‘ਕੇਸ’ ਨੂੰ ਕੱਕਾਰ ਬਣਾ ਕੇ ਪੇਸ਼ ਕਰਨ ਦੀ ਗਲਤੀ ਨਾਲ ਸਿੱਖ ਕੌਮ ਦੀ ਕੇਸਾਂ ਪ੍ਰਤੀ ਦ੍ਰਿੜਤਾ ਤੋਂ ਦੁਖੀ ਵਿਰੋਧੀ ਤਾਕਤਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ‘ਕੇਸ’ (ਕੱਕਾਰ) ਤਾਂ ‘ਪਾਹੁਲਧਾਰੀਆਂ’ ਲਈ ਹੀ ਜ਼ਰੂਰੀ ਹਨ। ਫੈਸ਼ਨ ਦੀ ਦੌੜ ਵਿਚ ਕੇਸ ਕਤਲ ਕਰਵਾ ਰਹੇ ਨੌਜਵਾਨਾਂ ਦੇ ਮਨ ਨੂੰ ਇਸ ਦਲੀਲ ਨੇ ਹੌਂਸਲਾ ਦਿੱਤਾ ਕਿ ਅਸੀਂ ਕਿਹੜੇ ‘ਪਾਹੁਲਧਾਰੀ’ਹਾਂ, ਇਸ ਲਈ ਕੇਸ ਕਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਚਰਚਾ ਦਾ ਧੁਰਾ ਬਣੀ ‘ਸਹਿਜਧਾਰੀ ਸਿੱਖ ਫੈਡਰੇਸ਼ਨ’ ਇਸੇ ਤਬਕੇ ਦੀ ਤਰਜਮਾਨੀ ਕਰਦੀ ਹੈ। ਕੁਝ ਅੱਗੇ ਜਾ ਕੇ ਅਸੀਂ ਇਨ੍ਹਾਂ ਵੀਰਾਂ ਦੀਆਂ ਦਲੀਲਾਂ ਦੀ ਪੜਚੋਲ ਕਰਕੇ ਸਪਸ਼ਟ ਹੋ ਜਾਂਵਾਂਗੇ ਕਿ ਉਹ ਬਹੁਤ ਕੱਚੀਆਂ ਹਨ। ਪਰ ਪਹਿਲਾਂ ਅਸੀਂ ਇਸ ਵਿਸ਼ੇ ’ਤੇ ਕੁਝ ਹੋਰ ਪੱਖ ਵੀ ਵਿਚਾਰ ਲੈਂਦੇ ਹਾਂ।

ਇਸ ਮਸਲੇ ਵਿਚ ਮੌਜੂਦਾ ਰਹਿਤ ਮਰਿਯਾਦਾ ਵਿਚਲੀਆਂ ਕੁਝ ਕਮਜ਼ੋਰੀਆਂ ਵੀ ਜਿੰਮੇਵਾਰ ਹਨ। ਜਿੱਥੇ ਇਕ ਪਾਸੇ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ ਸਿੱਖ ਆਪਣੇ ਬੱਚੇ ਦੇ ਕੇਸ ਜਮਾਂਦਰੂ ਰੱਖੇ, ਦੂਜੇ ਪਾਸੇ ਕੇਸਾਂ ਨੂੰ ਕੱਕਾਰ ਵਿਚ ਸ਼ਾਮਿਲ ਕਰਕੇ ਇਨ੍ਹਾਂ ਦੇ ‘ਕਤਲ’ ਨੂੰ ਬਜਰ ਕੁਰਹਿਤ ਬਣਾ ਕੇ ਸਿਰਫ ‘ਪਾਹੁਲਧਾਰੀਆਂ’ ਲਈ ਜ਼ਰੂਰੀ ਕਰਨ ਦਾ ਭੁਲੇਖਾ ਪਾ ਦਿੱਤਾ। ਨਾਲ ਹੀ ਸ਼ਰਧਾ ਹੇਠ ਇਹ ਗੱਲ ਵੀ ਪ੍ਰਚਾਰ ਦਿੱਤੀ ਕਿ ਕੇਸ ਸਿੱਖੀ ਦੀ ‘ਨਿਸ਼ਾਨੀ’ ਹਨ। ਬਲਕਿ ਸੱਚ ਇਹ ਹੈ ਕਿ ਕੇਸਾਧਾਰੀ ਹੋਣਾ ‘ਸਚਿਆਰੇ ਮਨੁੱਖ’ ਦਾ ਇਕ ਮੁੱਢਲਾ ਗੁਣ ਹੈ। ਇਵੇਂ ਹੀ ਗੁਰਮਤਿ ਦੇ ਕੁਝ ਹੋਰ ਮੁੱਢਲੇ ਅਸੂਲ ਵੀ ਹਨ। ਜਿਵੇਂ ਸਿਰਫ ਇਕ ਰੱਬ ਜੀ ਵਿਚ ਵਿਸ਼ਵਾਸ, ਅਵਤਾਰਵਾਦ ਨੂੰ ਮਾਨਤਾ ਨਾ ਦੇਣਾ, ਮੂਰਤੀ/ਦੇਹਧਾਰੀ ਪੂਜਾ ਦੀ ਅਣਹੋਂਦ, ਹਰ ਤਰ੍ਹਾਂ ਮਨੁੱਖੀ ਵਿਤਕਰੇ ਦਾ ਵਿਰੋਧ, ਲੋੜਵੰਦਾਂ ਦੀ ਯੋਗ ਮਦਦ, ਅੰਧ-ਵਿਸ਼ਵਾਸ, ਕਰਮਕਾਂਡਾਂ, ਵਹਿਮ-ਭਰਮ ਦੀ ਅਣਹੋਂਦ, ਇਮਾਨਦਾਰੀ ਅਤੇ ਹੋਰ ਇਖਲਾਕੀ ਗੁਣ ਆਦਿਕ। ਸਿੱਖ ਹੋਣ ਲਈ ਇਨ੍ਹਾਂ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਗੁਰਬਾਣੀ ਵਿਚ ਹੋਰ ਅਨੇਕਾਂ ਹੀ ਗੁਣ ‘ਸਚਿਆਰ’ ਦੇ ਦਰਸਾਏ ਗਏ ਹਨ, ਪਰ ਸਿੱਖ ਕਹਿਲਾਉਣ ਲਈ ਇਹ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਤਾਂ ਜ਼ਰੂਰੀ ਹੈ।

ਸਿੱਖੀ ਵਿਚ ਪੁਜਾਰੀਵਾਦ ਦੀ ਕੋਈ ਥਾਂ ਨਹੀਂ। ਸੋ ਕਿਸੇ ਨੂੰ ਸਿੱਖ ਨਾ ਹੋਣ ਦੇ ਤਾਅਣੇ ਜਾਂ ਫਤਵੇ ਜਾਰੀ ਕਰਨਾ ਠੀਕ ਨਹੀਂ ਹੈ। ਸਿੱਖੀ ਸਵੈ-ਪੜਚੋਲ ਦੀ ਪਹੁੰਚ ਨੂੰ ਮਾਨਤਾ ਦੇਂਦੀ ਹੈ। ਇਸੇ ਲਈ ਗੁਰਬਾਣੀ ਵਿਚ ਬਹੁਤਾਤ ਸ਼ਬਦ ‘ਮਨ’ ਨੂੰ ਸੰਬੋਧਿਤ ਹਨ। ਸਿੱਖੀ ਦਾ ਮੁੱਖ ਧੁਰਾ ‘ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥3॥(ਪੰਨਾ 1022)’ ਦੀ ਪਹੁੰਚ ’ਤੇ ਘੁੰਮਦਾ ਹੈ। ਇਸ ਪਹੁੰਚ ਅਨੁਸਾਰ ਸਿੱਖ ਹੋਣ ਦੇ ਚਾਹਵਾਨ ਹਰ ਮਨੁੱਖ ਨੂੰ ਗੁਰਬਾਣੀ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦੀ ਰੋਸ਼ਨੀ ਵਿਚ ਮੁੱਢਲੇ ਗੁਰਮਤਿ ਅਸੂਲਾਂ ਨੂੰ ਅਪਨਾਉਂਦੇ ਹੋਏ ਵੱਧ ਤੋਂ ਵੱਧ ਸਿਧਾਂਤਕ ਹੋਣ ਦਾ ਯਤਨ ਕਰਨਾ ਚਾਹੀਦਾ ਹੈ। ਬੇਸ਼ਕ ਹਰ ਮਨੁੱਖ ਦੀ ਅਵਸਥਾ ਵੱਖਰੀ ਹੁੰਦੀ ਹੈ। ਕੋਈ ਵੱਧ ਗੁਣ ਧਾਰਨ ਕਰਦਾ ਹੈ, ਕੋਈ ਘੱਟ। ਪਰ ਇਮਾਨਦਾਰ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਉਹ ਸੁਹਿਰਦਤਾ ਨਾਲ ਆਪਣੀ ਕਮਜ਼ੋਰੀ ਨੂੰ ਪਛਾਣੇ ਅਤੇ ਮੰਨੇ। ਐਸਾ ਮਨੁੱਖ ਹੀ ਉਸ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕਰ ਸਕਦਾ ਹੈ। ਪਰ ਦੂਜੀ ਤਰਫ ਬੇਈਮਾਨ ਮਨ ਆਪਣੀਆਂ ਕਮਜ਼ੋਰੀਆਂ ਨੂੰ ਮੰਨਣ ਤੋਂ ਆਕੀ ਹੁੰਦਾ ਹੈ। ਉਹ ਆਪਣੀ ਕਮਜ਼ੋਰੀ ਵੱਲ ਇਸ਼ਾਰਾ ਕਰਨ ਵਾਲੇ ਦੇ ਅਵਗੁਣ ਲੱਭ ਕੇ, ਉਨ੍ਹਾਂ ਨੂੰ ਭੰਡਦੇ ਹੋਏ, ਆਪਣੀ ਕਮਜ਼ੋਰੀ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦਾ ਹੈ।

ਇਕ ਬਹੁਤ ਸਿੱਧੀ ਜਿਹੀ ਮਿਸਾਲ ਸਾਂਝੀ ਕਰਦੇ ਹਾਂ: ਕੇਸ ਕਟਵਾ ਕੇ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ/ਭੈਣਾਂ ਨੂੰ ਜੇ ਕੋਈ ਇਸ ਬਾਰੇ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਚਤੁਰ ਮਨ ਵਾਲੇ ਕਈਂ ਕੇਸਾਧਾਰੀ (ਜਾਂ ‘ਪਾਹੁਲਧਾਰੀਆਂ’) ਦੀਆਂ ਕਮਜ਼ੋਰੀਆਂ ਗਿਣਵਾਉਣ ਲੱਗ ਪੈਂਦੇ ਹਨ ਕਿ ਫਲਾਣਾ ‘ਪਾਹੁਲ’ ਲੈ ਕੇ ਠੱਗੀ ਮਾਰਦਾ ਹੈ, ਚੋਰੀ ਕਰਦਾ ਹੈ ਆਦਿ ਆਦਿ। ਇੱਥੇ ਸੁਹਿਰਦਤਾ ਨਾਲ ਸਵੈ-ਪੜਚੋਲ ਦੀ ਗੱਲ ਇਹ ਹੈ ਕਿ ਬੇਸ਼ਕ ਚੋਰੀ, ਠੱਗੀ ਗਲਤ ਹੈ। ‘ਪਾਹੁਲਧਾਰੀ’ ਕਰੇ ਜਾਂ ਹੋਰ ਕੋਈ, ਇਹ ਤਾਂ ਗਲਤ ਹੈ, ਹਰ ਸਿੱਖ (ਮਨੁੱਖ) ਲਈ। ਪਰ ਕਿਸੇ ਹੋਰ ਦੇ ਅਵਗੁਣ ਸਾਹਮਣੇ ਰੱਖਣ ਨਾਲ ਸਾਡੀ ਕਮਜ਼ੋਰੀ ਜ਼ਾਇਜ ਨਹੀਂ ਹੋ ਜਾਂਦੀ। ਜੇ ਕੇਸਾਧਾਰੀ ਚੋਰੀ, ਠੱਗੀ ਕਰ ਰਿਹਾ ਹੈ ਤਾਂ ਉਹ ਉਸ ਦੇ ਅਵਗੁਣ ਹਨ ਪਰ ਇਸ ਨਾਲ ਕੇਸ ਕਤਲ ਕਰਵਾਉਣਾ ਜਾਇਜ਼ ਸਾਬਿਤ ਤਾ ਨਹੀਂ ਹੋ ਜਾਂਦਾ। ਇੱਸੇ ਤਰ੍ਹਾਂ ਜੇ ਕੋਈ ਕੇਸਾਧਾਰੀ (ਜਾਂ ‘ਪਾਹੁਲਧਾਰੀ’) ਇਹ ਦਾਅਵਾ ਕਰ ਲਵੇ ਕਿ ‘ਪਾਹੁਲਧਾਰੀ’ ਹੋਣ ਨਾਲ ਹੀ ਮੈਨੂੰ ‘ਵੱਡਾ ਸਿੱਖ’ ਹੋਣ ਦਾ ਸਰਟੀਫਿਕੇਟ ਮਿਲ ਗਿਆ ਹੈ, ਹੁਣ ਮੈਂ ਭਾਂਵੇ ਹੋਰ ਜਿਤਨੇ ਵੀ ਅਵਗੁਣ (ਚੋਰੀ, ਠੱਗੀ ਆਦਿ) ਕਰਾਂ, ਕੋਈ ਗਲਤ ਨਹੀਂ ਹੈ ਤਾਂ ਇਹ ਉਸ ਦੇ ਮਨ ਦੀ ਬੇਈਮਾਨੀ ਜਾਂ ਚਤੁਰਾਈ ਹੈ, ਗੁਰਮਤਿ ਨਹੀਂ। ਜੇ ਕੇਸਾਧਾਰੀ/ਪਾਹੁਲਧਾਰੀ ਸਿੱਖ ਇਹ ਦਾਅਵਾ ਕਰੇ ਕਿ ਕੇਸ ਕਟਵਾਉਣ ਵਾਲਾ ਮਨੁੱਖ ਹੋਰ ਭਾਂਵੇ ਕਿਤਨੇ ਵੀ ਚੰਗੇ ਕੰਮ ਕਰੇ, ਉਹ ਵਿਅਰਥ ਹਨ ਤਾਂ ਇਹ ਸੋਚ ਵੀ ਨਿਰਾਧਾਰ ਅਤੇ ਗੁਰਮਤਿ ਵਿਰੋਧੀ ਹੈ। ਸਿੱਖੀ ਮਨ ਦੀ ਸਵੈ-ਪੜਚੋਲ ਦਾ ਵਿਸ਼ਾ ਹੈ, ਦਾਅਵਿਆਂ ਜਾਂ ਫਤਵਿਆਂ ਦਾ ਰਾਹ ਨਹੀਂ।

ਦੁਨੀਆਂ ਦਾ ਕੋਈ ਵੀ ਮਨੁੱਖ ਚਾਹੇ ਗੁਰਮਤਿ ਦਾ ਇਕ ਅਸੂਲ ਮੰਨੇ, ਦੋ ਮੰਨੇ ਜਾਂ ਵੱਧ, ਉਸਦਾ ਆਤਮਿਕ ਫਾਇਦਾ ਹੀ ਹੈ। ਪਰ ਸੁਹਿਰਦਤਾ ਤੇ ਇਮਾਨਦਾਰੀ ਇਸ ਗੱਲ ਦਾ ਤਕਾਜ਼ਾ ਕਰਦੀ ਹੈ ਕਿ ਆਪਣੇ ਆਪ ਨੂੰ ਸਿੱਖ ਮੰਨਣ ਦਾ ਪ੍ਰਸਤਾਵ ਕਰਨ ਵਾਲੇ ਇਸਦੇ ਕੁਝ ਮੁੱਢਲੇ ਅਸੂਲਾਂ ਨੂੰ ਮੰਨਣ ਦਾ ਸੁਹਿਰਦ ਪ੍ਰਣ ਤਾਂ ਕਰਨ।

ਹੁਣ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ (ਸਹਿਜਧਾਰੀ ਸਿੱਖ ਫੈਡਰੇਸ਼ਨ) ਦੀਆਂ ਦਲੀਲਾਂ ਅਤੇ ਆਧਾਰਾਂ ਦੀ ਵੀ ਸੁਹਿਰਦ ਪੜਚੋਲ ਕਰ ਲੈਂਦੇ ਹਾਂ:

‘ਸਹਿਜਧਾਰੀ ਸਿੱਖ ਫੈਡਰਸ਼ਨ ਇੰਡੀਆ’ ਇਸ ਤਬਕੇ ਦੀ ਬੁਲਾਰਾ ਬਣ ਕੇ ਉਭਰੀ ਹੈ। ਇਸ ਜਥੇਬੰਦੀ ਨੇ ਪੰਜਾਬ/ਹਰਿਆਣਾ ਹਾਈ ਕੋਰਟ ਵਿਚ ਸ਼੍ਰੋਮਣੀ ਕਮੇਟੀ ਚੌਣਾਂ ਵਿਚ ‘ਸਹਿਜਧਾਰੀ ਸਿੱਖਾਂ’ ਨੂੰ ਮਤਦਾਨ ਦਾ ਹੱਕ ਦੇਣ ਦੀ ਮੰਗ ਲਈ ਇਕ ਕੇਸ ਪਾਇਆ ਹੋਇਆ ਹੈ। ਇਸ ਫੈਡਰੇਸ਼ਨ ਦੇ ਪ੍ਰਧਾਨ (ਚੈਅਰਮੈਨ) ਪਰਮਜੀਤ ਸਿੰਘ ਜੀ ਰਾਣੂ ਹਨ। ਇਨ੍ਹਾਂ ਦੀਆਂ ਦਲੀਲਾਂ ਇਨ੍ਹਾਂ ਦੀ ਵੈਬਸਾਈਟ ਜਾਂ ਰਾਣੂ ਜੀ ਦੀਆਂ ਇੰਟਰਵਿਉਜ਼ ਤੋਂ ਭਲੀ ਭਾਂਤੀ ਪਤਾ ਚੱਲ ਜਾਂਦੀਆ ਹਨ। ਅੱਗੇ ਅਸੀਂ ਇਨ੍ਹਾਂ ਦਲੀਲਾਂ ਦੀ ਸੁਹਿਰਦ ਪੜਚੋਲ ਕਰਨ ਦਾ ਨਿਮਾਣਾ ਜਤਨ ਕਰ ਰਹੇ ਹਾਂ:

ਇਸ ਸੰਗਠਨ ਦੀ ਵੈਬਸਾਈਟ ਵਿਚਲੇ ‘ਲੇਖਾਂ’ ਵਾਲੇ ਕਾਲਮ ਵਿਚ ਪਹਿਲੇ ਨੰ: ’ਤੇ ‘ਸੁਖਦੇਵ’ (ਪੂਰਾ ਨਾਂ ਨਹੀਂ ਲਿਖਿਆ ਮਿਲਿਆ) ਜੀ ਦਾ ਇੰਗਲਿਸ਼ ਵਿਚ ਲਿਖਿਆ ਕਾਫੀ ਲੰਮਾ ਆਰਟੀਕਲ ‘LETS ROCK THE WORLD, WE ARE ALSO THE SIKHS’ ਕਿਸੇ ‘ਬਲਾਗ’ ਤੋਂ ਲੈ ਕੇ ਛਾਪਿਆ ਗਿਆ ਹੈ। ਇਸ ਲੇਖ ਵਿਚ ਵਿਦਵਾਨ ਲੇਖਕ ਨੇ ‘ਸਿੱਖ’ ਕਹਿਲਾਉਣ ਲਈ ਸਿਰਫ ਤਿੰਨ ਆਧਾਰ ਮੰਨੇ ਹਨ।

1.  ਸਿਰਫ ਇਕ ‘ਅਕਾਲ ਪੁਰਖ’ ਵਿਚ ਵਿਸ਼ਵਾਸ ਰੱਖਦਾ ਹੋਵੇ।
2.  10 ਗੁਰੂ ਸਾਹਿਬਾਨ ਦੀ ਰਹਿਬਰੀ ਵਿਚ ਵਿਸ਼ਵਾਸ ਰੱਖਦਾ ਹੋਵੇ।
3.  ਪਵਿਤ੍ਰ ਗ੍ਰੰਥ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਨੂੰ ਸੱਚੀ ਰੋਸ਼ਨੀ (ਰੱਬ ਜੀ ਦਾ ਰੂਹਾਨੀ ਪ੍ਰਕਾਸ਼, ਸਤਿਗੁਰੂ) ਦਾ ਜਿੰਦਾ ਸਰੂਪ ਮੰਨ ਕੇ ਵਿਸ਼ਵਾਸ ਰੱਖਦਾ ਹੋਵੇ।

ਲੇਖਕ ਵਲੋਂ ਦਿਤੀਆਂ, ਇਕ ‘ਸਿੱਖ’ ਲਈ ਤੈਅ ਕੀਤੀਆਂ ਇਨ੍ਹਾਂ ਮੁੱਢਲੀਆਂ ਨੀਹਾਂ ਤੋਂ ਕੋਈ ਸਮਝਦਾਰ ਸਿੱਖ (ਮਨੁੱਖ) ਮੁਨਕਰ ਨਹੀਂ ਹੋ ਸਕਦਾ। ਆਪਣੇ ਲੇਖ ਦੇ ਪਿੱਛਲੇ ਹਿੱਸੇ ਵਿਚ ਇਕ ‘ਸਿੱਖ’ ਲਈ ਵੀਚਾਰੇ ਮੁੱਢਲੇ ਸਿਧਾਂਤ ਇਨ੍ਹਾਂ ਤਿੰਨਾਂ ਦੇ ਇਰਦ-ਗਿਰਦ ਹੀ ਘੁੰਮਦੇ ਹਨ। ਪਰ ਆਪਣੇ ਲੇਖ ਵਿਚ ਲੇਖਕ ਇਹ ਆਧਾਰ ਦੱਸਣ ਦੇ ਤੁਰੰਤ ਬਾਅਦ ਇਹ ਦਾਅਵਾ ਕਰਦਾ ਹੈ ਕਿ ਉਪਰੋਕਤ ਸ਼ਰਤਾਂ ਵਿਚ ਕਿਧਰੇ ਵੀ ਕੇਸਾਧਾਰੀ ਹੋਣ ਜਾਂ ‘ਪਾਹੁਲਧਾਰੀ’ ਹੋਣ ਦੀ ਸ਼ਰਤ ਨਹੀਂ ਹੈ। ਅਸੀਂ ਪਹਿਲਾਂ ਸਮਝ ਆਏ ਹਾਂ ਕਿ ‘ਕੇਸਾਧਾਰੀ’ ਹੋਣਾ ਮੁੱਢਲੇ ਗੁਰਮਤਿ ਸਿਧਾਂਤ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (ਪੰਨਾ 1)’ ਦੀ ਸੇਧ ਹੀ ਹੈ। ਇਸੇ ਗੁਰਮਤਿ ਸੇਧ ਦੀ ਦ੍ਰਿੜਤਾ ਦਾ ਲਖਾਇਕ ਇਹ ਤੱਥ ਹੈ ਕਿ 1469 ਤੋਂ ਲੈ ਕੇ 1850 ਤੱਕ ਕੋਈ ਅਤਿ ਵਿਰਲਾ ‘ਸਿੱਖ’ (ਕਹਿਲਾਉਣ ਵਾਲਾ) ਹੀ ਕੇਸ ਕਟਵਾਉਂਦਾ ਮਿਲਦਾ ਹੈ। ਪਰ ਜਿਵੇਂ-ਜਿਵੇਂ ਸਿੱਖ ਸਮਾਜ ਦੀ ਸਿਧਾਂਤਕ ਦ੍ਰਿੜਤਾ ਘੱਟਦੀ ਗਈ, ਤਿਵੇਂ-ਤਿਵੇਂ ‘ਕੇਸ ਕਟਵਾਉਣ’ ਦੀ ਪ੍ਰਵਿਰਤੀ ਵੱਧਦੀ ਗਈ।  ‘ਕੇਸ ਕਟਵਾਉਣ’ ਲਈ ‘ਕੇਸ ਕਤਲ’ ਕਰਵਾਉਣ ਦੇ ਲਫਜ਼ ਵਰਤੇ ਜਾਣੇ ਹੀ ਇਸ ਸਿਧਾਂਤ ਦੇ ਸਿੱਖ ਮਾਨਸਿਕਤਾ ਵਿਚ ਦ੍ਰਿੜ ਹੋਣ ਦਾ ਇਕ ਹੋਰ ਲਖਾਇਕ ਹੈ। ਕੇਸ ਕਟਵਾਉਣ ਨੂੰ ਸਿੱਖੀ ਦਾ ਅੰਗ ਮੰਨਣ ਵਾਲੇ ਸਿੱਖ ਆਪਣੀ ਦਲੀਲ ਦੇ ਹੱਕ ਵਿਚ ‘ਗੁਰਵਾਕ’ ਦੀ ਇਹ ਤੁੱਕ ਆਮ ਵਰਤਦੇ ਮਿਲਦੇ ਹਨ:

ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥25॥ (ਪੰਨਾ 1365)

ਕਿਸੇ ਸ਼ਬਦ ਦੀ ਇਕ ਤੁੱਕ ਨੂੰ ਚੁੱਕ ਕੇ ਆਪਣੀ ਮਰਜ਼ੀ ਦੇ ਅਰਥ ਘੱੜ ਲੈਣ ਦੀ ਪ੍ਰਵਿਰਤੀ ਨਵੀਂ ਨਹੀਂ ਹੈ। ਪਰ ਸੁਹਿਰਦਤਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਸ਼ਬਦ ਦੇ ਸਹੀ ਅਰਥ ਉਸ ਨੂੰ ਪੂਰਾ ਪੜ੍ਹ ਕੇ, ਚਲ ਰਹੇ ਪ੍ਰਸੰਗ ਅਨੁਸਾਰ ਹੀ ਹੋ ਸਕਦੇ ਹਨ। ਪ੍ਰਸੰਗ ਤੋਂ ਹੱਟ ਕੇ ਅਰਥਾਉਣ ਨਾਲ ਕਈਂ ਵਾਰ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਹਨ।

ਇਹ ਗੁਰਵਾਕ ਭਗਤ ਕਬੀਰ ਜੀ ਦਾ ਹੈ। ਇਸ ਵਿਚ ਬਾਹਰੀ ਭੇਖ ਮਾਤਰ ਨੂੰ ਹੀ ਧਰਮ ਮੰਨਣ ਵਾਲੀ ਪ੍ਰਵਿਰਤੀ ਦਾ ਖੰਡਨ ਹੈ। ਉਸ ਵੇਲੇ ਭਾਰਤੀ ਸਮਾਜ ਵਿਚ ‘ਧਰਮ’ ਦੇ ਨਾਂ ’ਤੇ ਅਨੇਕਾਂ ਮੱਤ ਪ੍ਰਚਲਿਤ ਸਨ। ਉਨ੍ਹਾਂ ਮੱਤਾਂ ਦੀਆਂ ਗਲਤ ਮਨੌਤਾਂ ਦਾ ਖੰਡਨ ਗੁਰਬਾਣੀ ਵਿਚ ਅਨੇਕਾਂ ਥਾਂ ਕੀਤਾ ਮਿਲਦਾ ਹੈ। ਐਸਾ ਹੀ ਇਕ ਮੱਤ ਸੀ ‘ਜਟਾਧਾਰੀ ਸਾਧੂਆਂ’ (ਲਾਂਬੇ ਕੇਸ) ਅਤੇ ਦੂਜੀ ਤਰਫ ਜ਼ਿਕਰ ਸੀ ਪੂਰੀ ਤਰਾਂ ਰੁੰਡ-ਮਰੁੰਡ ‘ਦੰਡੀ ਸੰਨਿਆਸੀਆਂ, ਜੋਗੀਆਂ ਜਾਂ ਜੈਨੀਆਂ’ ਦਾ (ਘਰੜ ਮੁੰਡਾਏ)। ਭਗਤ ਕਬੀਰ ਜੀ ਨੇ ਉਪਰੋਕਤ ਸਲੋਕ ਵਿਚ ਬਹੁਤ ਹੀ ਸਰਲ ਅਤੇ ਸਪਸ਼ਟ ਤਰੀਕੇ ਦੱਸਿਆ ਹੈ ਕਿ ‘ਸਿਰਫ ਇਕ ਰੱਬ ਜੀ ’ਤੇ ਟੇਕ ਰੱਖ, ਇਸ ਨਾਲ ਹੋਰ ਸਾਰੀ ਦੁਬਿਧਾਵਾਂ ਖਤਮ ਹੋ ਜਾਣਗੀਆਂ। ਇਸ ਰੱਬ ਜੀ ਨਾਲ ਪ੍ਰੀਤ ਤੋਂ ਬਿਨਾਂ ‘ਧਰਮ’ ਕਮਾਉਣ ਦਾ ਹੋਰ ਕੋਈ ਤਰੀਕਾ ਨਹੀਂ। ਸਿਰਫ ਜਟਾਧਾਰੀ ਹੋ ਜਾਣ ਨਾਲ ਜਾਂ ਰੁੰਡ-ਮਰੁੰਡ ਹੋ ਜਾਣ ਨਾਲ ਧਰਮੀ ਨਹੀਂ ਬਣ ਜਾਈਦਾ’। ਇਸ ਦਾ ਭਾਵ ਹੈ ਕਿ ‘ਧਰਮ’ ਦਾ ਵਿਖਾਵੇ ਦੇ ਬਾਹਰੀ ਚਿੰਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇੱਥੇ ਇਹ ਦਿਲਚਸਪ ਨੁਕਤਾ ਵਿਚਾਰਨਾ ਅਤਿ ਜ਼ਰੂਰੀ ਹੈ ਕਿ ਗੁਰਮਤਿ ਤੋਂ ਪਹਿਲਾਂ ਕਿਸੇ ਵੀ ਮੱਤ ਨੇ ਕੇਸ ਸਾਬਿਤ ਰੱਖਣ ’ਤੇ ਇਤਨੀ ਦ੍ਰਿੜਤਾ ਨਾਲ ਜ਼ੋਰ ਨਹੀਂ ਦਿੱਤਾ। ਸੋ ਸਪਸ਼ਟ ਹੈ ਕਿ ਕਬੀਰ ਜੀ ਦੇ ਸਮੇਂ ਵਿਚ ਕੇਸਾਂ ਨੂੰ ਸਾਬਿਤ ਰੱਖਣ ’ਤੇ ਜ਼ੋਰ ਦੇਣ ਵਾਲਾ ਕੋਈ ਮੱਤ ਪ੍ਰਚਲਿਤ ਨਹੀਂ ਸੀ, ਸਿਵਾਏ ਜਟਾਧਾਰੀ ਸਾਧਾਂ ਦੇ। ਸੋ ਸਪਸ਼ਟ ਹੈ ਕਿ ਜੋ ਬਾਹਰੀ ਭੇਖ ਨੂੰ ਹੀ ‘ਧਰਮ’ ਪ੍ਰਚਾਰਦੇ ਸਨ।

ਪਹਿਲਾਂ ਕੀਤੀ ਵਿਚਾਰ ਵਿਚ ਸਮਝ ਆਏ ਹਾਂ ਕਿ ‘ਕੇਸ’ ਇਕ ਧਾਰਮਿਕ ਚਿੰਨ੍ਹ ਨਹੀਂ ਹਨ, ਬਲਕਿ ਕੇਸਾਧਾਰੀ ਹੋਣਾ ਪ੍ਰਮਾਤਮਾ ਦੇ ਹੁਕਮ ਵਿਚ ਤੁਰਨ ਦਾ ਇਕ ਇਲਾਹੀ ਸਿਧਾਂਤ ਹੈ। ਕੇਸਾਧਾਰੀ ਹੋਣਾ ਹਰ ਮਨੁੱਖ ਲਈ ਅਨੇਕਾਂ ਤਰ੍ਹਾਂ ਲਾਹੇਵੰਦ ਹੈ ਅਤੇ ਇਹ ‘ਸਚਿਆਰ ਮਨੁੱਖ’ ਦਾ ਇਕ ਮੁੱਢਲਾ ਗੁਣ ਹੈ। ਪਰ ‘ਕੇਸਾਂ’ ਨੂੰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੋਣ ਦਾ ਗਲਤ ਪ੍ਰਚਾਰ ਵੀ ਇਸ ਦੁਬਿਧਾ ਦਾ ਇਕ ਕਾਰਨ ਹੈ, ਕਿਉਂਕਿ ਚਿੰਨ੍ਹ ਮਾਤਰ ਨੂੰ ਧਰਮ ਮੰਨਣਾ, ਗੁਰਮਤਿ ਤੋਂ ਉਲਟ ਹੈ। ਇਹ ਗੱਲ ਉੱਪਰ ਕਬੀਰ ਜੀ ਦੇ ਸਲੋਕ ਵਿਚ ਸਮਝ ਆਏ ਹਾਂ। ਇਸ ਲਈ ਜੇ ਕੋਈ ਐਸਾ ਸਮਝਦਾ ਹੈ ਕਿ ਸਿਰਫ ਕੇਸਾਧਾਰੀ ਹੋਣਾ ਹੀ ਸਿੱਖੀ ਦੀ ਇਕੋ ਇਕ ਨਿਸ਼ਾਨੀ ਹੈ, ਤਾਂ ਉਹ ਗੁਰਮਤਿ ਤੋਂ ਉਲਟ ਸੋਚਦਾ ਹੋਇਆ, ਵੱਡੇ ਭੁਲੇਖੇ ਵਿਚ ਹੈ। ਇਕ ਕੇਸਾਧਾਰੀ ਵੀ ਕਿਸੇ ਕੁਕਰਮ ਲਈ ਉਤਨਾ ਹੀ ਦੋਸ਼ੀ ਹੈ, ਜਿਤਨਾ ਕੋਈ ਕੇਸਾਂ ਤੋਂ ਬਿਨਾਂ। ‘ਕੇਸ’ ਸਿੱਖੀ ਦਾ ਚਿੰਨ੍ਹ ਨਹੀਂ ਬਲਕਿ ਹਰ ਸਚਿਆਰੇ ਮਨੁੱਖ ਦੀ ਇਕ ਲੋੜ ਹਨ।

ਹੁਣ ਵਿਚਾਰ ਕਰਦੇ ਹਾਂ ‘ਪਾਹੁਲਧਾਰੀ’ ਦੀ। ਵਿਦਵਾਨ ਲੇਖਕ ਦਾ ਇਹ ਮੱਤ ਕਿਸੇ ਹੱਦ ਤੱਕ ਠੀਕ ਹੈ ਕਿ ਹਰ ਸਿੱਖ ਲਈ ‘ਖੰਡੇ ਦੀ ਪਾਹੁਲ’ ਜ਼ਰੂਰੀ ਹੋਣ ਦਾ ਜ਼ਿਕਰ ਗੁਰਬਾਣੀ ਵਿਚ ਨਹੀਂ ਮਿਲਦਾ। ਸ਼ੁਰੂ ਵਿਚ ਅਸੀਂ ਇਹ ਵਿਚਾਰ ਆਏ ਹਾਂ ਕਿ ਗੁਰਮਤਿ ਇਨਕਲਾਬ ਦੇ ਇਸ ਸਫਰ ਵਿਚ ਅਨੇਕਾਂ ਤਰੀਕੇ ਵਿਚਾਰਧਾਰਕ ਧੁੰਧਲਕਾ ਫੈਲਿਆ/ਫੈਲਾਇਆ ਗਿਆ। ਐਸੇ ਦੌਰ ਵਿਚ ਵੀ ਇਹ ਗੱਲ ਪ੍ਰਚਲਿਤ ਹੋ ਗਈ ਕਿ ‘ਪਾਹੁਲਧਾਰੀ ਸਿੱਖ’ ਵੱਖਰਾ ਹੈ ਅਤੇ ਆਮ ਸਿੱਖ ਵੱਖਰਾ। ਇੱਸੇ ਧੁੰਧਲਕੇ ਵਿਚ ਇਹ ਵਿਚਾਰ ਵੀ ਪਨਪ (ਜਾਂ ਪਨਪਾ ਦਿੱਤਾ) ਗਿਆ ਕਿ ‘ਖੰਡੇ ਦੀ ਪਾਹੁਲ’ ਸਿੱਖ ਧਰਮ ਵਿਚ ਸ਼ਾਮਿਲ ਹੋਣ ਦੀ ਰਸਮ ਹੈ। ਇਸੇ ਪ੍ਰਭਾਵ ਹੇਠ ‘ਪਾਹੁਲਧਾਰੀ’ ਲਈ ਵੱਖਰੀ ‘ਰਹਿਤ’ ਬਣਾ ਦਿੱਤੀ ਗਈ ਅਤੇ ਆਮ ਸਿੱਖ ਲਈ ਵੱਖਰੀ। ਐਸੀ ਹੀ ਸੋਚ ਦੇ ਪਰਛਾਵੇਂ ਵਿਚ ਸਾਹਮਣੇ ਆਈ ‘ਸਿੱਖ ਰਹਿਤ ਮਰਿਯਾਦਾ’ ਵਿਚ ਮੂਲ ਗੁਰਮਤਿ ਸਿਧਾਂਤਾਂ ਨੂੰ ‘ਪਾਹੁਲਧਾਰੀ ਸਿੱਖਾਂ’ ਤੱਕ ਸੀਮਿਤ ਕਰਨ ਦਾ ਆਭਾਸ ਵੀ ਮਿਲਦਾ ਹੈ।

ਉੱਪਰ ਅਸੀਂ ਵਿਚਾਰ ਆਏ ਹਾਂ ਕਿ ਗੁਰਮਤਿ ਫਲਾਸਫਾ (ਸਿਧਾਂਤ) ਸਮੁੱਚੀ ਮਨੁੱਖਤਾ ਲਈ ਇਕਸਾਰ ਹਨ, ਕਿਸੇ ਫਿਰਕੇ, ਗਰੁੱਪ ਜਾਂ ਜੱਥੇ ਲਈ ਵੱਖਰੇ ਨਹੀਂ। ਗੁਰਮਤਿ ਅਤੇ ਦਲੀਲ ਦੀ ਕਸਵੱਟੀ ’ਤੇ ‘ਪਾਹੁਲਧਾਰੀ ਸ਼੍ਰੇਣੀ’ ਇਨਕਲਾਬ ਨੂੰ ਸਮਰਪਿਤ ਸਿੱਖਾਂ ਦੀ ਹੈ, ਨਾ ਕਿ ਪਵਿਤ੍ਰ ਜਾਂ ਉੱਚੇ ਸਿੱਖਾਂ ਦੀ। ਗੁਰਮਤਿ ਦੇ ਸਾਰੇ ਸਿਧਾਂਤ ਹਰ ਸਿੱਖ ਸਮੇਤ ਸਾਰੀ ਮਨੁੱਖਤਾ ’ਤੇ ਇਕਸਾਰ ਲਾਗੂ ਹੁੰਦੇ ਹਨ। (ਆਮ) ਸਿੱਖ ਗੁਰਮਤਿ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦਾ ਹਾਮੀ ਹੈ, ਜਦਕਿ ‘ਪਾਹੁਲਧਾਰੀ ਸਿੱਖ’ ਇਸ ਗੁਰਮਤਿ ਇਨਕਲਾਬ ਨੂੰ ਅੱਗੇ ਪਹੁੰਚਾਣ ਦੇ ਕਾਰਜ ਨੂੰ ਵੀ ਸਮਰਪਿਤ ਹੋਣ ਦੀ ਪਛਾਣ ਹੈ।

ਸੋ ਸਪਸ਼ਟ ਹੈ ਕਿ ‘ਸੁਖਦੇਵ’ ਨਾਮਕ ਲੇਖਕ ਦੇ ਇਸ ਲੇਖ ਵਿਚਲੇ ਨਤੀਜੇ ਠੋਸ ਤੱਥਾਂ ਦੀ ਥਾਂ ਆਪਣੇ ਮਨ ਦੇ ਵਲਵਲਿਆਂ ’ਤੇ ਹੀ ਆਧਾਰਿਤ ਹੈ। ਉਨ੍ਹਾਂ ਦੇ ਇਨ੍ਹਾਂ ਵਲਵਲਿਆਂ ਪਿੱਛੇ ਇਕ ਕਾਰਨ ਸਿੱਖ ਸਮਾਜ ਵਿਚ ‘ਪਾਹੁਲਧਾਰੀਆਂ’ ਪ੍ਰਤੀ ਪ੍ਰਚਲਿਤ ਹੋ ਚੁੱਕੀਆਂ ਗਲਤ ਮਾਨਤਾਵਾਂ ਵੀ ਹੋ ਸਕਦੀਆਂ ਹਨ। ਇਸ ਲੇਖਕ ਦੇ ਲੇਖ ਦੇ ਨਤੀਜਿਆਂ ਦੀ ਕੱਚਿਆਈ ਇਸ ਵਲੋਂ ਦਿੱਤੀ ਮਿਸਾਲ ਤੋਂ ਹੀ ਸਾਬਿਤ ਹੋ ਜਾਂਦੀ ਹੈ। ਇਕ ਥਾਂ ਲੇਖਕ ‘ਸਹਿਜਧਾਰੀ ਸਿੱਖ’ ਦੀ ਮਿਸਾਲ ਲਈ ‘ਸਿੰਧੀ ਭਾਈਚਾਰੇ’ ਦਾ ਹਵਾਲਾ ਦਿੰਦਾ ਹੈ। ਪਰ ਸਿੰਧੀ ਭਾਈਚਾਰੇ ਦੀ ਜੀਵਨ ਜਾਚ ਇੱਸੇ ਲੇਖਕ ਵਲੋਂ ਸਿੱਖੀ ਦੀ ਨੀਂਵ ਲਈ ਦਰਸਾਈਆਂ ਤਿੰਨ ਇੱਟਾਂ ਦੀ ਕਸਵੱਟੀ ’ਤੇ ਹੀ ਫੇਲ ਸਾਬਿਤ ਹੋ ਜਾਂਦੀ ਹੈ (ਜੇ ਕੇਸਾਧਾਰੀ ਹੋਣ ਦੀ ਸ਼ਰਤ ਦੀ ਗੱਲ ਇੱਥੇ ਨਾ ਵੀ ਕਰੀਏ ਤਾਂ)। ਲੇਖਕ ਅਨੁਸਾਰ ਇਕ ਸਿੱਖ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਵਿਸ਼ਵਾਸ ਹੋਣਾ ਜ਼ਰੂਰੀ ਹੈ। ਸਿੰਧੀ ਭਾਈਚਾਰੇ ਦੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ‘ਸ਼ਰਧਾ’ ਤਾਂ ਹੋ ਸਕਦੀ ਹੈ, ਪਰ ਉਨ੍ਹਾਂ ਦਾ ਇਸ ਵਿਚ ਵਿਸ਼ਵਾਸ (ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ) ਨਹੀਂ ਹੈ। ‘ਗੁਰਬਾਣੀ’ ਵਿਚ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਦੀ ਬ੍ਰਾਹਮਣੀ ਅਵਤਾਰਵਾਦ, ਦੇਵੀ ਦੇਵਤਿਆਂ ਦੀ ਪੂਜਾ ਅਰਚਨਾ ਨੂੰ ਮਾਨਤਾ ਨਹੀਂ ਦੇ ਸਕਦਾ। ਪਰ ਸਿੰਧੀ ਭਾਈਚਾਰੇ ਵਿਚ ਬ੍ਰਾਹਮਣੀ ਵਿਸ਼ਵਾਸਾਂ ਦੀ ਭਰਮਾਰ ਹੈ। ਲਛਮਨ ਚੇਲਾ ਰਾਮ ਜੀ ਸਿੰਧੀ (ਜਿਨ੍ਹਾਂ ਨੂੰ ‘ਆਦਰਸ਼ ਸਹਿਜਧਾਰੀ ਸਿੱਖ’ ਵਜੋਂ ਕਈ ਧਿਰਾਂ ਦਰਸਾਉਂਦੀਆਂ ਹਨ) ਦਾ ਦਿੱਲੀ ਵਿਚਲਾ ਆਸ਼ਰਮ ‘ਨਿੱਜ ਥਾਉਂ ਮੰਦਿਰ’ ਇਸ ਦੀ ਜ਼ਿੰਦਾ ਮਿਸਾਲ ਹੈ। ਇਸ ਡੇਰੇ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿਚ ਦੇਵੀ ਦੇਵਤਿਆਂ ਦੀ ਪੂਜਾ ਸਮੇਤ ਅਨੇਕਾਂ ਕਰਮਕਾਂਡ ਕੀਤੇ ਜਾਂਦੇ ਸਨ। ਕੁਝ ਸਮਾਂ ਪਹਿਲਾਂ ਦਿੱਲੀ ਵਿਚ ਕੁਝ ਨੌਜਵਾਨ ਸਿੱਖਾਂ ਵਲੋਂ ਇਨ੍ਹਾਂ ਮਨਮੱਤਾਂ ਕਾਰਨ ਉਸ ਡੇਰੇ ਵਿਚੋਂ ਸਰੂਪ ਲੈ ਆਉਣ ਦੀ ਚਰਚਾ ਵੀ ਤੁਰੀ ਸੀ। ਉਸ ਡੇਰੇ ਵਿਚ ਹੁੰਦੀਆਂ ਮਨਮੱਤਾਂ ਦੇ ਵੀਡੀਉ ਕਲਿੱਪ ਵੀ ਇੰਟਰਨੈਟ ’ਤੇ ਵੇਖੇ ਜਾ ਸਕਦੇ ਹਨ। ਸਪਸ਼ਟ ਹੈ ਕਿ ਸਿੰਧੀ ਭਾਈਚਾਰੇ ਵਿਚ ਸਿੱਖੀ ਪ੍ਰਤੀ ‘ਸ਼ਰਧਾ’ ਤਾਂ ਜ਼ਰੂਰ ਹੈ, ਪਰ ਵਿਸ਼ਵਾਸ ਨਹੀਂ। ਸਿੰਧੀ ਭਾਈਚਾਰੇ ਸਮੇਤ ਸਿੱਖੀ ਦਾ ਦਰ ਹਰ ਇਕ ਲਈ ਖੁੱਲਾ ਹੈ, ਪਰ ਸਿੱਖੀ ਦੇ ਮੁੱਢਲੇ ਅਸੂਲਾਂ ਦਾ ਧਾਰਨੀ ਹੋਣਾ ਤਾਂ ਸੁਹਿਰਦਤਾ ਦੀ ਮੰਗ ਹੈ। ਆਪਣੇ ਲੇਖ ਵਿਚ ‘ਸੁਖਦੇਵ ਜੀ’ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਦੀ ਗੱਲ ਸੁਣਨ ਤੋਂ ਪਹਿਲਾਂ ਦਿਮਾਗ ਦੇ ਪਿੱਛਲੇ ਵਿਚਾਰ ਬਾਹਰ ਕੱਢ ਦਿਤੇ ਜਾਣ (Un-Learing and Re-learning )। ਇਸ ਦਾ ਇਕ ਭਾਵ ਇਹ ਵੀ ਨਿਕਲਦਾ ਹੈ ਕਿ ਜੇ ਖਾਲੀ ਦਿਮਾਗ ਹੋਵੇਗਾ ਤਾਂ ਇਨ੍ਹਾਂ ਦੀਆਂ ਦਲੀਲਾਂ ਨੂੰ ਇੰਨ-ਬਿੰਨ ਸਹੀ ਮੰਨ ਲਵੇਗਾ। ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਲੇਖਕ ਵਲੋਂ ਕੱਢੇ ਨਤੀਜੇ ਉਨ੍ਹਾਂ ਵਲੋਂ ਦਿੱਤੀ ਆਪਣੀ ਕਸਵੱਟੀ ਅਤੇ ਤੱਥਾਂ ਤੋਂ ਉਲਟ ਮਨ ਦੇ ਵਲਵਲਿਆਂ ਤੇ ਅਧਾਰਿਤ ਹਨ, ਜੋ ਸੱਚ ਤੋਂ ਬਹੁਤ ਦੂਰ ਹਨ।

ਇਸ ਲੇਖਕ ਦੀ ਦੂਜੀ ਦਲੀਲ ਹੈ ਕਿ ਬਜਰ ਕੁਰਹਿਤਾਂ ਸਿਰਫ ‘ਪਾਹੁਲਧਾਰੀ ਸਿੱਖਾਂ’ ਲਈ ਹਨ, ਇਸ ਲਈ ਕੇਸ ਕਟਵਾਉਣਾ ਗਲਤ ਨਹੀਂ ਹੈ। ਬਿਲਕੁਲ ਇਹੀ ਦਲੀਲ ਪਰਮਜੀਤ ਸਿੰਘ ਜੀ ਰਾਣੂ ਵੀ ਟੀ. ਵੀ. ਵਿਚ ਦਿੱਤੇ ਇੰਟਰਵਿਉਜ਼ ਵਿਚ ਅਕਸਰ ਦੁਹਰਾਉਂਦੇ ਹਨ। ਉੱਪਰ ਵਿਚਾਰ ਆਏ ਹਾਂ ਕਿ ਸਿਧਾਂਤਕ ਖੇਤਰ ਵਿਚ ਪਏ ਧੁੰਧਕਾਰੇ ਕਾਰਨ ‘ਪਾਹੁਲਧਾਰੀ’ ਦੀ ਵਿਆਖਿਆ ਹੀ ਗਲਤ ਪ੍ਰਚਲਿਤ ਕਰ ਦਿੱਤੀ ਗਈ। ਪਰ ਸੱਚਾਈ ਇਹ ਹੈ ਕਿ ਗੁਰਮਤਿ ਦਾ ਹਰ ਅਸੂਲ ਸਾਰੀ ਮਨੁੱਖਤਾ ਲਈ ਇਕਸਾਰ ਹੈ, ‘ਪਾਹੁਲਧਾਰੀਆਂ’ ਲਈ ਕੋਈ ਖਾਸ ਨਹੀਂ। ਬਜਰ ਕੁਰਹਿਤਾਂ ਦੀ ਮਿਸਾਲ ਲੈ ਕੇ ਹੀ ਇਸ ਨੁਕਤੇ ਨੂੰ ਵਿਚਾਰਦੇ ਹਾਂ। ਪ੍ਰਚਲਿਤ ਬਜ਼ਰ ਕੁਰਿਹਤਾਂ ਇਹ ਹਨ:

1. ਪਰ-ਪੁਰਸ਼ ਪਰ ਇਸਤਰੀ ਦਾ ਸੰਗ ਕਰਨਾ
2.  ਤੰਬਾਕੂ ਦਾ ਸੇਵਨ
3.  ਕੁੱਠਾ/ਹਲਾਲ ਦਾ ਸੇਵਨ
4.  ਕੇਸ ਕਟਵਾਉਣਾ

ਨੁਕਤਾਵਾਰ ਵਿਚਾਰ:

1. ਪਰ-ਪੁਰਸ਼ ਪਰ ਇਸਤਰੀ ਦਾ ਸੰਗ ਕਰਨਾ

ਵਿਚਾਰ:-  ਕੀ ਪਰ-ਪੁਰਸ਼ ਜਾਂ ਪਰ ਇਸਤਰੀ ਦਾ ਸੰਗ ਕਰਨਾ ਸਿਰਫ ‘ਪਾਹੁਲਧਾਰੀਆਂ’ ਲਈ ਹੀ ਗਲਤ ਹੈ? ਕੀ ਸਹਿਜਧਾਰੀ ਕਹਿਲਾਉਂਦੇ ਵੀਰਾਂ/ਭੈਣਾਂ ਸਮੇਤ ਹੋਰ ਸਾਰੇ ਮਨੁੱਖਾਂ ਲਈ ‘ਪਰ ਪੁਰਸ਼/ਇਸਤਰੀ ਦਾ ਸੰਗ’ ਗਲਤ ਨਹੀਂ ਹੈ? ਐਸਾ ਨਹੀਂ ਹੈ, ਇਹ ਰੋਗ ਤਾਂ ਸਾਰਿਆਂ ਲਈ ਹੀ ਗਲਤ ਹੈ। ਕੀ ਸਹਿਜਧਾਰੀ ਹੋਣ ਦਾ ਦਾਅਵਾ ਕਰ ਰਹੇ ਵੀਰ ‘ਖੁੱਲੇ ਸੈਕਸ’ ਦੀ ਆਪਣੇ ਲਈ ਛੂਟ ਚਾਹੁੰਦੇ ਹਨ?

2.  ਤੰਬਾਕੂ ਦਾ ਸੇਵਨ

ਵਿਚਾਰ:- ਕੀ ਤੰਬਾਕੂ ਦਾ ਸੇਵਨ ਸਿਰਫ ‘ਪਾਹੁਲਧਾਰੀਆਂ’ ਲਈ ਹੀ ਗਲਤ ਹੈ? ਕੀ ਤੰਬਾਕੂ ਦਾ ਸੇਵਨ ‘ਸਹਿਜਧਾਰੀ’ ਹੋਣ ਦਾ ਦਾਅਵਾ ਕਰ ਰਹੇ ਵੀਰਾਂ/ਭੈਣਾਂ ਸਮੇਤ ਪੂਰੀ ਮਨੁੱਖਤਾ ਲਈ ਗਲਤ ਨਹੀਂ ਹੈ? ਬੇਸ਼ਕ ਤੰਬਾਕੂ ਦਾ ਸੇਵਨ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।

3.  ਕੁੱਠਾ/ਹਲਾਲ ਦਾ ਸੇਵਨ

ਵਿਚਾਰ:- ਮੁਗਲ ਸ਼ਾਸ਼ਕਾਂ ਵਲੋਂ ਪੰਥ ’ਤੇ ਲੰਮਾਂ ਸਮਾਂ ਕੀਤੇ ਜ਼ੁਲਮਾਂ ਕਾਰਨ ਕਈਂ ਸਿੱਖਾਂ ਦੇ ਮਨਾਂ ਵਿਚ ਭੁਲੇਖੇ ਅਧੀਨ ਇਸਲਾਮ ਪ੍ਰਤੀ ਨਫਰਤ ਪੈਦਾ ਹੋ ਗਈ ਜਾਂ ਕਰ ਦਿੱਤੀ ਗਈ। ਇਸੇ ਨਫਰਤ ਕਾਰਨ ‘ਕੁੱਠੇ’ ਦੀ ਪਰਿਭਾਸ਼ਾ ਵੀ ਸਮੇਂ ਨਾਲ ਬਦਲ ਦਿੱਤੀ ਗਈ। ਸਾਡੀ ਸਮਝ ਅਨੁਸਾਰ ‘ਕੁੱਠੇ’ ਤੋਂ ਅਸਲ ਭਾਵ ਉਸ ਮਾਸ ਤੋਂ ਹੈ, ਜੋ ਧਰਮ ਨਾਲ ਜੋੜ ਕੇ ‘ਪਵਿਤ੍ਰ’ ਹੋਇਆ ਮੰਨ ਲਿਆ ਜਾਂਦਾ ਹੈ। ਇਸ ਵਿਚ ਇਸਲਾਮ ਦਾ ਹਲਾਲ ਅਤੇ ਹਿੰਦੂ-ਮੱਤ ਦਾ ਬਲੀ ਚੜ੍ਹਾਇਆ ਮਾਸ ਦੋਵੇਂ ਆ ਜਾਂਦੇ ਹਨ। ਇਹੀ ਸ਼ਰਤ ਕਿਸੇ ਮੱਤ ਵਲੋਂ ਵੀ ਧਰਮ ਦੇ ਨਾਂ ’ਤੇ ਦਿੱਤੀ ਬਲੀ ਵਾਲੇ ‘ਅੰਧ-ਵਿਸ਼ਵਾਸ’ ’ਤੇ ਲਾਗੂ ਹੁੰਦੀ ਹੈ। ਸਮੇਂ ਨਾਲ ਸਾਜਿਸ਼ ਹੇਠ ਇਸ ਪਰਿਭਾਸ਼ਾ ਨੂੰ ਸਿਰਫ ਇਸਲਾਮ ਦੇ ‘ਹਲਾਲ’ ਤੱਕ ਸੀਮਿਤ ਕਰ ਦਿੱਤਾ ਗਿਆ। ਹਿੰਦੂ-ਮੱਤ ਦੀ ਨਕਲ ਹੇਠ ਕੁਝ ‘ਗੁਰਦੁਆਰਿਆਂ’ (ਜਿਵੇਂ ਨਾਂਦੇੜ) ਵਿਚ ਵੀ ਜਾਨਵਰਾਂ ਦੀ ਬਲੀ ਚੜ੍ਹਾਉਣ ਦੀ ਮਨਮੱਤ ਸ਼ੁਰੂ ਕਰ ਦਿੱਤੀ ਗਈ।

ਸੱਚਾਈ ਇਹ ਹੈ ਕਿ ਧਰਮ ਦੇ ਨਾਂ ’ਤੇ ਬਲੀ ਚੜ੍ਹਾ ਕੇ ਮਾਸ ਨੂੰ ‘ਪਵਿਤ੍ਰ’ ਸਮਝ ਲੈਣ ਦਾ ‘ਅੰਧ-ਵਿਸ਼ਵਾਸ’ ਦੁਨੀਆਂ ਦੇ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਇਹ ਗੱਲ ਸਹਿਜਧਾਰੀ ਹੋਣ ਦਾ ਦਾਅਵਾ ਕਰਨ ਵਾਲੇ ਸਾਡੇ ਵੀਰਾਂ/ਭੈਣਾਂ ਲਈ ਵੀ ਗਲਤ ਹੈ।

4.  ਕੇਸ ਕਟਵਾਉਣਾ

ਵਿਚਾਰ:- ਪਹਿਲਾਂ ਸਪਸ਼ਟ ਕਰ ਆਏ ਹਾਂ ਕਿ ਕੇਸ ਸਾਬਿਤ ਰੱਖਣਾ ‘ਰੱਬ ਜੀ ਦੀ ਰਜ਼ਾ ਵਿਚ ਤੁਰਨ’ ਦੇ ਇਲਾਹੀ ਅਸੂਲਾਂ ਦਾ ਅੰਗ ਹੈ। ਕੇਸਾਧਾਰੀ ਹੋਣ ਦੇ ਲਾਭ ਸਾਰੇ ਮਨੁੱਖਾਂ ਲਈ ਇਕਸਾਰ ਹਨ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।  ਹਾਂ ਇਹ ਪ੍ਰਚਾਰ ਵੀ ਗਲਤ ਹੈ ਕਿ ਕੇਸ ਸਿਰਫ ਸਿੱਖ ਧਰਮ ਦਾ ਚਿੰਨ੍ਹ/ਨਿਸ਼ਾਨੀ ਹਨ, ਕਿਉਂਕਿ ਗੁਰਮਤਿ ਧਰਮ ਦੇ ਨਾਂ ’ਤੇ ਫੈਲਾਏ ਚਿੰਨ੍ਹ-ਵਾਦ ਨੂੰ ਰੱਦ ਕਰਦੀ ਹੈ।

ਇਹ ਤਾਂ ਗੱਲ ਹੋਈ ਬਜਰ ਕੁਰਿਹਤਾਂ ਦੀ। ਹੁਣ ਲਗਦੇ ਹੱਥ ਕੱਕਾਰਾਂ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ। ਪੰਜ ਕੱਕਾਰ ਇਹ ਹਨ:

1. ਕੇਸਕੀ :- ਸਮੇਂ ਦੇ ਨਾਲ ‘ਕੇਸਾਂ’ ਨੂੰ ਕਕਾਰ ਵਜੋਂ ਪ੍ਰਚਲਿਤ ਕਰ ਦਿੱਤਾ ਗਿਆ ਪਰ ਇਹ ਇਕ ਭੁਲੇਖੇ/ਸਾਜਿਸ਼ ਅਧੀਨ ਹੀ ਹੋਇਆ। ਕੱਕਾਰ ਸ਼ਰੀਰ ਤੇ ਬਾਹਰੋਂ ਧਾਰਨ ਕੀਤੇ ਜਾਂਦੇ ਹਨ, ਜਦੋਂ ਕਿ ਕੇਸ ਤਾਂ ਸ਼ਰੀਰ ਦਾ ਹਿੱਸਾ ਹਨ। ਇਸ ਲਈ ਕਕਾਰ ਅਸਲ ਵਿਚ ਕੇਸਕੀ ਹੈ। ਕੇਸਕੀ ਦਾ ਭਾਵ ਹੈ ਸਿਰ ਦੇ ਕੇਸਾਂ ਦੀ ਸੰਭਾਲ (ਢੱਕਣ) ਲਈ ਵਰਤਿਆ ਜਾਂਦਾ ਵਸਤਰ। ਇਸ ਵਿਚ ਦਸਤਾਰ, ਸਕਾਰਫ ਜਾਂ ਚੁੰਨੀ ਆਦਿ ਆ ਜਾਂਦੇ ਹਨ। ਉੱਪਰ ਅਸੀਂ ਸਪਸ਼ਟ ਕਰ ਆਏ ਹਾਂ ਕਿ ਕੇਸਾਧਾਰੀ ਹੋਣਾ ਹਰ ‘ਸਚਿਆਰੇ ਮਨੁੱਖ’ ਦਾ ਇਕ ਗੁਣ ਹੈ। ਸੋ ਕੇਸਕੀ ਵੀ ਹਰ ‘ਸਚਿਆਰ ਮਨੁੱਖ’ ਦੀ ਇਕ ਲੋੜ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਦੀ।

2.  ਕੰਘਾ:- ਸਿਰ ਦੇ ਕੇਸ ਤਕਰੀਬਨ ਹਰ ਮਨੁੱਖ ਦਾ ਹਿੱਸਾ ਹਨ। ਸੋ ਕੇਸਾਂ ਦੀ ਸੰਭਾਲ ਲਈ ਕੰਘਾ/ਕੰਘੀ (ਵੱਖਰੇ-ਵੱਖਰੇ ਰੂਪਾਂ ਦਾ) ਲਗਭਗ ਹਰ ਮਨੁੱਖ ਵਰਤਦਾ ਹੈ। ਮਨੁੱਖ ਸਾਬਤ ਸੂਰਤ ਹੋਵੇ ਜਾਂ ਨਹੀਂ, ਪਰ ਕੰਘਾ/ਕੰਘੀ ਤਾਂ ਲਗਭਗ ਹਰ ਮਨੁੱਖ ਵਰਤਦਾ ਹੈ। ਕੇਸ ਕਟਵਾਏ ਹੋਏ ਵੀਰਾਂ ਦੇ ਪਰਸ/ਜੇਬ ਵਿਚ ਕੰਘਾ/ਕੰਘੀ ਆਮ ਮਿਲ ਜਾਂਦਾ ਹੈ। ਬੀਬੀਆਂ ਵੀ ਲਗਭਗ ਸਾਰੀਆਂ ਆਪਣੇ ਪਰਸ ਵਿਚ ਕੰਘੀ/ਕੰਘਾ ਰੱਖਦੀਆਂ ਹਨ।

ਸੋ ਸਪਸ਼ਟ ਹੈ ਕਿ ਕੇਸਾਂ ਦੀ ਸੰਭਾਲ ਲਈ ਕੰਘੇ ਦੀ ਲੋੜ ਤਾਂ ਹਰ ਮਨੁੱਖ ਨੂੰ ਹੀ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਨੂੰ। ਹਾਂ ਕੰਘੇ ਦਾ ਸਰੂਪ ਅਤੇ ਰੱਖਣ ਦੀ ਥਾਂ ਸਮੇਂ-ਸਮੇਂ ਨਾਲ ਬਦਲਦੀ ਰਹਿੰਦੀ ਹੈ।

3.  ਕਛਹਿਰਾ:- ਮਨੁੱਖੀ ਸਭਿਅਤਾ ਦੀ ਸ਼ੁਰੂਆਤ ਤੋਂ ਬਾਅਦ ਜਿਵੇਂ ਹੀ ਮਨੁੱਖ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਤਾਂ ‘ਗੁਪਤ-ਅੰਗਾਂ’ ਨੂੰ ਛੁਪਾ ਕੇ ਰੱਖਣ ਦੀ ਸੋਝੀ/ਪ੍ਰਵਿਰਤੀ ਮੁੱਢਲੀਆਂ ਪਰਤਾਂ ਵਿਚੋਂ ਇਕ ਸੀ। ਨੰਗੇਜ਼ ਨੂੰ ਢੱਕਣ ਦੀ ਸ਼ੁਰੂਆਤ ਪੱਤਿਆਂ ਨਾਲ ਹੋਈ ਸੀ, ਪਰ ਵਿਕਾਸ ਦੇ ਨਾਲ-ਨਾਲ ਇਨ੍ਹਾਂ ਵਸਤਰਾਂ ਦਾ ਰੂਪ ਬਦਲਦਾ ਗਿਆ। ਗੁਰਮਤਿ ਇਨਕਲਾਬ ਦੇ ਮੁੱਢਲੇ ਵਿਕਾਸ ਦੇ ਦੌਰ ਵਿਚ ਇਹ ‘ਕਛਿਹਰੇ’ ਦੇ ਰੂਪ ਵਿਚ ਪ੍ਰਚਲਿਤ ਹੋ ਗਿਆ। ਆਪਣੇ ਆਕਾਰ ਅਤੇ ਬਣਤਰ ਕਾਰਨ ਇਹ ਬਹੁਤ ਵਧੀਆ ਅਤੇ ਆਰਾਮ ਦਾਇਕ ਸੀ। ਉਸ ਸਮੇਂ ਆਮ ਨਹਾਉਣਾ ਤਲਾਬਾਂ ਜਾਂ ਖੂਹਾਂ ਤੇ ਖੁੱਲੇ ਵਿਚ ਹੁੰਦਾ ਸੀ, ਸੋ ਕਛਹਿਰਾ ਬਹੁਤ ਢੁੱਕਵਾਂ ਵਸਤਰ ਰਿਹਾ। ਸਮੇਂ ਨਾਲ ਵਿਕਾਸ ਹੋਇਆ ਅਤੇ ਬਹੁਤ ਲੋਕਾਂ ਦਾ ਨਹਾਉਣਾ ‘ਬਾਥਰੂਮਾਂ’ ਵਿਚ ਹੋਣ ਲੱਗ ਪਿਆ ਹੈ। ਸੋ ਸਮੇਂ ਨਾਲ ਨੰਗੇਜ਼ ਢੱਕਣ ਦੇ ਵਸਤਰਾਂ ਦਾ ਰੂਪ ਵੀ ਬਦਲ ਰਿਹਾ ਹੈ। ਕਛਹਿਰੇ ਦਾ ਮੁੱਢਲਾ ਰੂਪ ਅੱਜ ਵੀ ਬਹੁਤ ਆਰਾਮਦਾਇਕ ਅਤੇ ਆਪਣੇ ਆਪ ਵਿਚ ਇਕ ਪੂਰਨ ਥੱਲੇ ਦਾ ਵਸਤਰ ਹੈ। ਅੱਜ ਕਲ ਜੋ ‘ਸ਼ਾਰਟ/ਬਰਮੁੱਢਾ’ ਦਾ ਫੈਸ਼ਨ ਚਲ ਰਿਹਾ ਹੈ, ਉਹ ਆਕਾਰ ਪੱਖੋਂ ਕਛਿਹਰੇ ਦਾ ਹੀ ਵਿਕਸਿਤ ਰੂਪ ਹੈ। ਖੈਰ ਅਸਲ ਨੁਕਤਾ ਨੰਗੇਜ਼ ਢੱਕਣ ਦਾ ਹੈ। ਅਜ ਵੀ ਰੂਪ ਅਤੇ ਆਕਾਰ ਪੱਖੋਂ ਕਛਿਹਰਾ ਸਭ ਤੋਂ ਢੱਕਵਾਂ ਅਤੇ ਬੇਹਤਰੀਨ ਅੰਦਰੂਨੀ ਵਸਤਰ (ਅੰਡਰ ਗਾਰਮੈਂਟ) ਹੈ। 

ਪਰ ਇਹ ਗੱਲ ਤਾਂ ਸਪਸ਼ਟ ਹੈ ਕਿ ਨੰਗੇਜ਼ ਢੱਕਣਾ ਹਰ ਇਕ ਮਨੁੱਖ ਦੀ ਮੁੱਢਲੀ ਲੋੜ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਦੀ। ਸੋ ਕਛਹਿਰੇ (ਅੰਡਰ ਗਾਰਮੈਂਟ) ਦੀ ਲੋੜ ਹਰ ਇਕ ਮਨੁੱਖ ਨੂੰ ਹੈ, ਨਾ ਕਿ ਸਿਰਫ ਪਾਹੁਲਧਾਰੀਆਂ ਨੂੰ। ਸਹਿਜਧਾਰੀ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰ/ਭੈਣ ਕੀ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨੰਗੇਜ਼ ਢੱਕਣ ਲਈ ਕਿਸੇ ਵਸਤਰ ਦੀ ਲੋੜ ਨਹੀਂ ਹੈ?, ਕਿਉਂਕਿ ‘ਕੱਕਾਰਾਂ’ ਦੀ ਲੋੜ ਤਾਂ ਸਿਰਫ ‘ਪਾਹੁਲਧਾਰੀਆਂ’ ਨੂੰ ਹੈ।

4.  ਕਿਰਪਾਨ:- ਕਿਰਪਾਨ ਹਥਿਆਰ ਦਾ ਇਕ ਰੂਪ ਹੈ। ਹਥਿਆਰ ਸਵੈ-ਰੱਖਿਆ ਲਈ ਹਮੇਸ਼ਾਂ ਹੀ ਸਹਾਇਕ ਰਹੇ ਹਨ। ਨਾਲ ਹੀ ਕਿਸੇ ਮਜ਼ਲੂਮ ’ਤੇ ਹੋ ਰਹੇ ਜ਼ੁਲਮ ਨੂੰ ਫੌਰੀ ਤੌਰ ’ਤੇ ਠੱਲ ਪਾਉਣ ਲਈ ਵੀ ਹਥਿਆਰ ਸਹਾਇਕ ਹੁੰਦੇ ਹਨ। ਹਥਿਆਰ ਆਪਣੇ ਆਪ ਵਿਚ ਚੰਗਾ ਜਾਂ ਮਾੜਾ ਨਹੀਂ ਹੁੰਦਾ, ਉਸ ਦੀ ਵਰਤੋਂ ਚੰਗੀ ਜਾਂ ਮਾੜੀ ਹੁੰਦੀ ਹੈ। ਮਿਸਾਲ ਲਈ ਜੇ ਕੁਝ ਬਦਮਾਸ਼ ਕਿਸੇ ਬੀਬੀ ਦੀ ਇੱਜ਼ਤ ਲੁੱਟ ਰਹੇ ਹੋਣ ਤਾਂ ਉਸ ਦ੍ਰਿਸ਼ ਨੂੰ ਵੇਖ ਕੇ ਕਿਸੇ ਵੀ ਸੁਹਿਰਦ ਮਨੁੱਖ ਦਾ ਖੁਨ ਖੌਲ ਜਾਂਦਾ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਦਾ। ਐਸੇ ਵਿਚ ਉਸ ਕੁਕਰਮ ਨੂੰ ਠੱਲ ਪਾਉਣ (ਰੋਕਣ) ਲਈ ਹਥਿਆਰ ਸਹਾਇਕ ਹੁੰਦੇ ਹਨ। ਕਿਰਪਾਨ (ਵੱਖਰੇ-ਵੱਖਰੇ ਰੂਪ ਵਿਚ) ਇਕ ਮੂਲ ਹਥਿਆਰ ਵਜੋਂ ਹਮੇਸ਼ਾਂ ਤੋਂ ਵਰਤੀ ਜਾਂਦੀ ਰਹੀ ਹੈ। ਆਧੁਨਿਕ ਰਾਈਫਲਾਂ ਦੇ ਦੌਰ ਵਿਚ ਫੌਜੀਆਂ ਨੂੰ ਰਾਈਫਲ ਨਾਲ ਇਕ ‘ਬਾਇਉ ਨੇਟ’ (ਕਿਰਪਾਨ ਦਾ ਇਕ ਰੂਪ ਜੋ ਰਾਈਫਲ ਦੇ ਅੱਗੇ ਜੁੜਦਾ ਹੈ) ਜਾਂ ਖੁਖਰੀ ਦਿੱਤੀ ਜਾਂਦੀ ਹੈ ਤਾਂ ਕਿ ਜੇ ਨੌਬਤ ਹੱਥੋ-ਹੱਥ ਲੜਾਈ ਦੀ ਆ ਜਾਵੇ ਤਾਂ ਇਨ੍ਹਾਂ ਤੋਂ ਸਹਾਇਤਾ ਮਿਲ ਸਕੇ। ਇਸ ਦੌਰ ਵਿਚ ਵੀ ਕੁਝ ‘ਪਾਹੁਲਧਾਰੀ’ ਬੀਬੀਆਂ ਵਲੌਂ ਕਿਰਪਾਨ ਦੀ ਮਦਦ ਨਾਲ ਹਨੇਰੇ ਵਿਚ ਕੁਝ ਬਦਮਾਸ਼ਾਂ ਨੂੰ ਖਦੇੜਨ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਰਹੀਆਂ ਹਨ।

ਅੱਜ ਵੀ ਸਮਾਜ ਵਿਚ ਅਨੇਕਾਂ ਲੋਕਾਂ ਵਲੋਂ ‘ਸਵੈ-ਰੱਖਿਆ’ ਲਈ ਹਥਿਆਰਾਂ ਦੇ ਲਾਈਸੈਂਸ ਲਏ ਜਾਂਦੇ ਹਨ। ਸਪਸ਼ਟ ਹੈ ਕਿ ਸਵੈ-ਰੱਖਿਆ ਲਈ ਹਥਿਆਰ ਦੀ ਲੋੜ ਹਰ ਇਕ ਮਨੁੱਖ ਨੂੰ ਪੈ ਸਕਦੀ ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਨੂੰ। ਕਿਉਂਕਿ ਕਿਰਪਾਨ ਇਕ ਮੂਲ ਹਥਿਆਰ ਹੈ, ਇਸ ਲਈ ਇਹ ਹਰ ਮਨੁੱਖ ਲਈ ਲਾਹੇਵੰਦ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।  ਕੀ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਵੀਰ ਇਹ ਕਹਿਣਾ ਚਾਹੁੰਦੇ ਹਨ ਕਿ ‘ਸਵੈ-ਰੱਖਿਆ’ ਲਈ ਕਿਸੇ ਹਥਿਆਰ ਦੀ ਲੋੜ ਸਿਰਫ ‘ਪਾਹੁਲਧਾਰੀਆਂ’ ਨੂੰ ਹੀ ਹੁੰਦੀ ਹੈ?

5. ਕੜਾ:- ਕੜਾ ਵੀ ਮੁੱਢਲੇ ਤੌਰ ’ਤੇ ਇਕ ਸਵੈ-ਰੱਖਿਆ ਲਈ ਬਣਿਆ ਹਥਿਆਰ ਹੀ ਹੈ। ਪਰ ਸ਼ਾਇਦ ਬਿਖੜੇ ਪੈਂਡਿਆਂ ਦੇ ਦੌਰ ਵਿਚ ਇਸ ਦਾ ਮਕਸਦ ਬਦਲ ਕੇ ‘ਵਹਿਮਾਂ-ਭਰਮਾਂ’ ਤੋਂ ਬੱਚੇ ਰਹਿਣ ਦਾ ਚੇਤਾ ਕਰਵਾਉਂਦੀ ਇਕ ਨਿਸ਼ਾਨੀ ਪ੍ਰਚਾਰਿਆ ਜਾਣ ਲਗ ਪਿਆ। ਇਸ ਨਾਲ ਸੰਬੰਧਿਤ ਇਕ ਸਾਖੀ ਵੀ ਪ੍ਰਚਲਿਤ ਕਰ ਦਿੱਤੀ ਗਈ। ਲੋਹੇ ਦਾ ਕੜਾ ਹੋਣ ਦਾ ਕਾਰਨ ਵੀ ਇਹੀ ਜਾਪਦਾ ਹੈ ਕਿ ਲੋਹੇ ਦਾ ਕੜਾ ਹੀ ਇਕ ਚੰਗਾ ਹਥਿਆਰ ਬਣ ਸਕਦਾ ਹੈ, ਸੋਨੇ ਜਾਂ ਚਾਂਦੀ ਦਾ ਨਹੀਂ। ਵੈਸੇ ਇਸ ਨੂੰ ਸਿਰਫ ਸਿੱਖੀ ਦਾ ਇਕ ਚਿੰਨ੍ਹ ਮੰਨਣ ਦੀ ਸੋਚ ਗੁਰਮਤਿ ਅਨੁਸਾਰੀ ਨਹੀਂ। ਨਾ ਹੀ ਸਿਰਫ ਕੜਾ ਪਾ ਕੇ ਵਹਿਮਾਂ/ਭਰਮਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਕ ਸਿੱਖ ਨੂੰ ਗੁਰ-ਉਪਦੇਸ਼ ਚੇਤੇ ਰੱਖਣ ਲਈ ਕਿਸੇ ਚਿੰਨ੍ਹ ਦੀ ਲੋੜ ਨਹੀਂ ਹੈ। ਕੜਾ ਪਾਏ ਹੋਏ ਬਹੁਤਾਦ ਲੋਕ ਅੰਧਵਿਸ਼ਵਾਸਾਂ ਦੇ ਸ਼ਿਕਾਰ ਵੇਖੇ ਜਾ ਸਕਦੇ ਹਨ।

ਸੋ ਇਕ ਮੁੱਢਲੇ ਹਥਿਆਰ ਵਜੋਂ ਕੜਾ ਵੀ ਹਰ ਮਨੁੱਖ ਨੂੰ (ਸਮੇਤ ਸਹਿਜਧਾਰੀ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਵੀਰਾਂ ਦੇ) ਸਵੈ-ਰੱਖਿਆ ਲਈ ਸਹਾਇਕ ਹੋ ਸਕਦਾ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ਨੂੰ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਕਹਿਣਾ (ਜਾਂ ਪ੍ਰਚਾਰ) ਗਲਤ ਹੈ ਕਿ ਬਜਰ ਕੁਰਹਿਤਾਂ ਸਮੇਤ ਗੁਰਬਾਣੀ ਦਾ ਕੋਈ ਵੀ ਉਪਦੇਸ਼ ਸਿਰਫ ‘ਪਾਹੁਲਧਾਰੀ ਸਿੱਖਾਂ’ ਲਈ ਹੈ। ਸੱਚਾਈ ਹੈ ਕਿ ਗੁਰਬਾਣੀ ਦਾ ਹਰ ਉਪਦੇਸ਼ ਸੰਸਾਰ ਦੇ ਹਰ ਮਨੁੱਖ ਲਈ ਸਾਂਝਾ ਹੈ। ਵਿਚਾਰ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ‘ਕੱਕਾਰ’ ਵੀ ਹਰ ਮਨੁੱਖ ਲਈ ਲਾਹੇਵੰਦ ਹਨ ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ।

ਸਹਿਜਧਾਰੀ ਸਿੱਖ ਫੈਡਰੇਸ਼ਨ ਨਾਲ ਜੁੜੇ ਸੱਜਣਾਂ ਦੀ ਇਕ ਹੋਰ ਦਲੀਲ ਹੈ ਕਿ ਇਸ ਸਮੇਂ ਲਗਭਗ 80% ਸਿੱਖ ਕਿਸੇ ਨਾ ਕਿਸੇ ਰੂਪ ਵਿਚ ਕੇਸ ਕਟਵਾਉਂਦੇ ਹਨ, ਇਸ ਲਈ ਜੇ ਸਿੱਖ ਧਰਮ ਨੂੰ ਫੈਲਾਉਣਾ ਹੈ ਤਾਂ ਸਾਨੂੰ ਇਹ ਬੰਦਿਸ਼ ਖਤਮ ਕਰਨੀ ਪਵੇਗੀ।

ਵਿਚਾਰ:- ਧਰਮ ਇਕ ਸਵੈ-ਇੱਛਾ ਦਾ ਮਸਲਾ ਹੈ। ਇਹ ਕਿਸੇ ’ਤੇ ਥੋਪਿਆ ਨਹੀਂ ਜਾ ਸਕਦਾ। ਜੇ ਸਹਿਜਧਾਰੀ ਸਿੱਖ ਫੈਡਰੇਸ਼ਨ ਵਾਲੇ ਸੱਜਣਾਂ ਦੇ ਇਹ ਆਂਕੜੇ ਠੀਕ ਵੀ ਹਨ ਤਾਂ ਇਹ ਛੋਟ ਦੇਣ ਲਈ ਕੋਈ ਵਜ਼ਨਦਾਰ ਦਲੀਲ ਨਹੀਂ ਲਗਦੀ। ਸੰਸਾਰ ਵਿਚ ਜੇ 80% ਜਾਂ ਵੱਧ ਲੋਕ ਨਸ਼ੇ ਜਾਂ ਤੰਬਾਕੂ ਦਾ (ਕਿਸੇ ਨਾ ਕਿਸੇ ਰੂਪ ਵਿਚ) ਸੇਵਨ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਸਿੱਖ ਫਲਸਫੇ ਵਿਚ ਬਦਲਾਅ ਕਰਕੇ ਨਸ਼ੇ/ਤੰਬਾਕੂ ਸੇਵਨ ਦੀ ਛੂਟ ਦੇ ਦਿੱਤੀ ਜਾਵੇ।

ਗੁਰਮਤਿ ਇਨਕਲਾਬ ਦਾ ਮਤਲਬ ਸਿਰਫ ਆਪਣੇ ਮੱਤ ਦੇ ਲੋਕਾਂ ਦੀ ਗਿਣਤੀ ਵਧਾਉਣਾ ਨਹੀਂ, ਬਲਕਿ ਸੰਸਾਰ ਦੇ ਹਰ ਮਨੁੱਖ ਨੂੰ ‘ਸਚਿਆਰਾ’ ਬਨਣ ਲਈ ਪ੍ਰੇਰਣਾ ਹੈ। ਬੇਸ਼ਕ ਹੋਰ ਮਤਾਂ ਵਾਲੇ ਕਿਸੇ ਗਲਤ ਪ੍ਰੇਰਨਾ ਹੇਠ ਆਪਣੇ ਵਿਸ਼ਵਾਸ ਵਾਲਿਆਂ ਦੀ ਗਿਣਤੀ ਵਧਾਉਣ ਲਈ ਜਾਇਜ਼/ਨਜਾਇਜ਼  ਹਰ ਤਰੀਕਾ ਵਰਤਦੇ ਹੋਣਗੇ ਜਾਂ ਐਸੀਆਂ ਛੂਟਾਂ ਦੇ ਆਫਰ ਦੇਂਦੇ ਹੋਣਗੇ। ਪਰ ਗੁਰਮਤਿ ਵਿਚ ਐਸਾ ਨਹੀਂ ਹੈ, ਕਿਉਂਕਿ ਗੁਰਮਤਿ ਫਲਸਫੇ ਮੁਤਾਬਕ ਅਸਲ ਧਰਮ ਇਕ ਹੀ ਹੈ, ਜਿਸ ਬਾਰੇ ਗੁਰਬਾਣੀ ਸਮਝਾਉਂਦੀ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (ਪੰਨਾ 266)

ਗੁਰਮਤਿ ਇਨਕਲਾਬ ਦਾ ਮਕਸਦ ਹਰ ਮਨੁੱਖ ਨੂੰ ਇਸ ਧਰਮ (ਸਚਿਆਰ ਮਨੁੱਖ) ਬਣਨ ਲਈ ਪ੍ਰੇਰਣਾ ਹੈ, ਨਾ ਕਿ ਇਕ ਲੇਬਲ ਹੇਠ ਗਿਣਤੀ ਵਧਾਉਣਾ। ਸੋ ਗੁਰਮਤਿ ਇਨਕਲਾਬ ਬੰਦਿਆਂ ਦੇ ਅਨੁਸਾਰ ‘ਸਿਧਾਂਤ’ ਨਹੀਂ ਬਦਲਦਾ, ਬਲਕਿ ਬੰਦਿਆਂ ਨੂੰ ‘ਸਿਧਾਂਤ’ ਅਨੁਸਾਰ ਬਦਲਣ ਦੀ ਪ੍ਰੇਰਨਾ ਕਰਦਾ ਹੈ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਗਈ, ਉਹ ਆਪੇ ‘ਸਿੱਖੀ’ ਦੇ ਰਾਹ ਤੁਰ ਪਵੇਗਾ, ਛੂਟਾਂ ਮੰਗ ਕੇ ਮੋਲ-ਤੋਲ ਨਹੀਂ ਕਰੇਗਾ।

ਸੋ ਸਪਸ਼ਟ ਹੈ ਕਿ ਕਿਸੇ ਗਲਤ ਗੱਲ ਦੇ ਬਹੁਤਾਤ ਵਿਚ ਪ੍ਰਚਲਿਤ ਹੋ ਜਾਣ ਦਾ ਆਧਾਰ ਦੇ ਕੇ ਸਿਧਾਂਤਾਂ ਵਿਚ ਬਦਲਾਅ ਦੀ ਮੰਗ ਕੋਈ ਠੋਸ ਆਧਾਰ ਨਹੀਂ ਹੈ। ਇਹ ਮੰਗ ਕਿਸੇ ਵੀ ਲਿਹਾਜ਼ ਨਾਲ ਜਾਇਜ਼ ਨਹੀਂ ਹੈ।

‘ਸੁਖਦੇਵ (ਸਿੰਘ)’ ਨਾਂ ਦੇ ਇਸ ਵਿਦਵਾਨ ਨੇ ਆਪਣੇ ਇਸ ਲੇਖ ਵਿਚ ਅੱਗੇ ਜਾ ਕੇ ਕਿਸੇ ਵਿਦਵਾਨ ਪ੍ਰੋ. ਸੁਰਿੰਦਰ ਸਿੰਘ ਜੀ ਦੀ ਬਾਬਾ ਨਾਨਕ ਜੀ ਦੀਆਂ ਉਦਾਸੀਆਂ ਬਾਰੇ ਲਿਖੀ ਇਕ ਪੁਸਤਕ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ‘ਬੁਖਾਰਾ’ ਇਲਾਕੇ ਵਿਚ ਕਈਂ ਲੋਕ ਹਨ, ਜੋ ‘ਬਾਬਾ ਨਾਨਕ’ ਜੀ ਨੂੰ ਪੀਰ ਮੰਨ ਕੇ ਉਨ੍ਹਾਂ ਵਿਚ ਸ਼ਰਧਾ ਰੱਖਦੇ ਹਨ। ਵਿਦਵਾਨ ਲੇਖਕ ਨੂੰ ਇਤਨਾ ਤਾਂ ਪਤਾ ਹੀ ਹੈ ਕਿ ਸਿੱਖੀ ਗਿਆਨ ਦਾ ‘ਧਰਮ’ ਹੈ, ਅੰਨ੍ਹੀ ਸ਼ਰਧਾ ਦਾ ਨਹੀਂ। ਲੇਖਕ ਵਲੋਂ ਹਵਾਲੇ ਵਜੋਂ ਵਰਤੀ ਘਟਨਾ ਵਿਚ ਉੱਥੇ ਦੇ ਲੋਕਾਂ ਦਾ ਇਹ (ਅੰਧ) ਵਿਸ਼ਵਾਸ ਦਰਸਾਇਆ ਗਿਆ ਹੈ, ਜਦੋਂ ਨਾਨਕ ਪਾਤਸ਼ਾਹ ਜੀ ਉੱਥੇ ਆਏ ਤਾਂ ਭਾਈ ਮਰਦਾਨਾ ਜੀ ਨੂੰ ਨੇੜੇ ਵਸਦੇ ਕਿਸੇ ਪੀਰ/ਫਕੀਰ ਕੋਲੋਂ ਪਾਣੀ ਲਿਆਉਣ ਲਈ ਭੇਜਿਆ, ਪਰ ਉਸ ਫਕੀਰ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਫੇਰ ਬਾਬਾ ਨਾਨਕ ਜੀ ਨੇ ‘ਭਾਈ ਬਾਲਾ ਜੀ’ ਨੂੰ ਇਕ ਛੜੀ ਦੇ ਕੇ 12 ਮੀਲ ਦੂਰ ਸਥਿਤ ਇਕ ਨਦੀ ’ਤੇ ਭੇਜਿਆ ਅਤੇ ਕਿਹਾ ਕਿ ਉਥੋਂ ਵਾਪਿਸ ਮੁੜਦੇ ਹੋਏ, ਇਸ ਛੜੀ ਨਾਲ ਇਕ ਲੀਕ ਖਿੱਚਦੇ ਆਣਾ। ਸਾਖੀ ਅਨੁਸਾਰ ਭਾਈ ਬਾਲਾ ਵਲੋਂ ਖਿੱਚੀ ਜਾ ਰਹੀ ਲੀਕ ਦੇ ਨਾਲ-ਨਾਲ ਨਦੀ ਨੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਦਾ (ਅੰਧ) ਵਿਸ਼ਵਾਸ ਹੈ ਕਿ ਸ਼ਹਿਰ ਵਿਚ ਨਦੀ ਭਾਈ ਬਾਲੇ ਵਲੋਂ ਲੀਕ ਡਾਹ ਕੇ ਲਿਆਂਦੀ ਉਹੀ ਨਦੀ ਹੈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਬਾਬਾ ਨਾਨਕ ਜੀ ਦੀਆਂ ਦੂਰ ਦੁਰਾਡੇ ਦੀਆਂ ਪ੍ਰਚਾਰ ਫੇਰੀਆਂ ਦੌਰਾਨ ਬਹੁਤ ਲੋਕਾਂ ਦੀ ਸ਼ਰਧਾ ਉਨ੍ਹਾਂ ਵਿਚ ਪੈਦਾ ਹੋਈ। ਪਰ ਸੱਚਾਈ ਇਹ ਵੀ ਹੈ ਕਿ ਬਹੁਤਾਤ ਵਿਚ ਇਹ ਸਿਰਫ ‘ਸ਼ਰਧਾ’ ਹੀ ਰਹੀ, ‘ਗਿਆਨ’ (ਸਿੱਖੀ) ਨਹੀਂ ਬਣ ਪਾਈ ਜਾਂ ਸੱਚ ਇਹ ਹੋ ਸਕਦਾ ਹੈ ਕਿ ਸਮੇਂ ਨਾਲ ਸਿਰਫ ਉਨ੍ਹਾਂ ਵਿਚ ‘ਸ਼ਰਧਾ’ ਹੀ ਰਹਿ ਗਈ, ਗਿਆਨ (ਅਸਲ ਸਿੱਖੀ) ਦਾ ਅੰਸ਼ ਬਹੁਤ ਹੱਦ ਤੱਕ ਖਤਮ ਹੋ ਗਿਆ। ਹੁਣ ਵੀ ਐਸੇ ਲੋਕਾਂ ਵਿਚ ਬਾਬਾ ਨਾਨਕ ਜੀ ਪ੍ਰਤੀ (ਵੱਖ-ਵੱਖ ਨਾਵਾਂ ਹੇਠ) ਸ਼ਰਧਾ ਤਾਂ ਜ਼ਰੂਰ ਮਿਲਦੀ ਹੈ, ਪਰ ਉਨ੍ਹਾਂ ਦੀ ਜੀਵਨ-ਜਾਚ ਗੁਰਮਤਿ ਦੇ ਮੁੱਢਲੇ ਅਸੂਲਾਂ ਦੇ ਕਾਫੀ ਉਲਟ ਹੈ। ਸਿੱਖੀ ਤਾਂ ਹੈ ਹੀ ‘ਗਿਆਨ ਅਤੇ ਅਮਲ’ ਦਾ ਨਾਮ, (ਗਿਆਨ ਅਤੇ ਅਮਲ ਵਿਹੂਣੀ) ਨਿਰੀ ਸ਼ਰਧਾ ਸਿੱਖੀ ਨਹੀਂ ਕਹੀ ਜਾ ਸਕਦੀ। ਇਸ ਬਾਰੇ ਕਬੀਰ ਸਾਹਿਬ ਦਾ ਬਹੁਤ ਹੀ ਸਪਸ਼ਟ ਗੁਰਵਾਕ ਹੈ:

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥155॥ (ਪੰਨਾ 1372)

ਐਸੇ ਬਹੁਤਾਤ ‘ਸ਼ਰਧਾਲੂ’ ਤਾਂ ਇਸ ਲੇਖਕ ਵਲੋਂ ਦਿੱਤੀਆਂ ਸਿੱਖੀ ਦੀਆਂ ਤਿੰਨ ਮੂਲ ਸ਼ਰਤਾਂ ’ਤੇ ਹੀ ਖਰੇ ਨਹੀਂ ਉਤਰਦੇ।
ਪਰਮਜੀਤ ਸਿੰਘ ਜੀ ਰਾਣੂ ਸਮੇਤ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਸੱਜਣਾਂ ਦੀ ਇਕ ਦਲੀਲ ਇਹ ਵੀ ਹੈ ਕਿ ‘ਸਹਿਜਧਾਰੀ ਸਿੱਖ’ ਦਾ ਭਾਵ ਉਹ ਮਨੁੱਖ ਹੈ, ਜੋ ਹੋਲੀ-ਹੋਲੀ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਵੱਲ ਵੱਧ ਰਿਹਾ ਹੈ। ਇਸ ਪਹੁੰਚ ਵਿਚ ਕੋਈ ਗਲਤੀ ਨਹੀਂ ਹੈ, ਪਰ ਇਹ ਸਵੈ-ਪੜਚੋਲ ਦਾ ਵਿਸ਼ਾ ਹੈ ਕਿ ਉਸ ਨੂੰ ਸਿੱਖ ਹੋਣ ਦਾ ਦਾਅਵਾ (ਵੈਸੇ ਦਾਅਵੇ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸਿੱਖੀ ਮਨ ਦੀ ਖੇਡ ਹੈ) ਤਾਂ ਹੀ ਹੋਣਾ ਚਾਹੀਦਾ ਹੈ, ਜਦੋਂ ਉਹ ਗੁਰਮਤਿ ਦੇ ਮੂਲ ਸਿਧਾਂਤਾਂ ਦਾ ਧਾਰਨੀ ਹੋ ਜਾਂਦਾ ਹੈ। ਬਾਕੀ ਇਕ ਸਿੱਖ ਤਾਂ ਹਮੇਸ਼ਾਂ ਹੀ ਸਿੱਖਆਰਥੀ ਰਹਿੰਦੇ ਹੋਏ ਸਿੱਖਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਅੱਜ ਸਿੱਖ ਹੋਣ ਦਾ ਦਾਅਵਾ ਕਰ ਰਹੇ ਸੱਜਣਾਂ ਨੂੰ ਨਿਮਰਤਾ ਸਹਿਤ ਇਹ ਸਵੈ-ਪੜਚੋਲ ਕਰਨ ਦੀ ਬੇਨਤੀ ਹੈ ਕਿ ਕੀ ਉਹ ਇਸ ਸ਼੍ਰੇਣੀ ਦੇ ਘੇਰੇ ਵਿਚ ਆਉਂਦੇ ਹਨ? ਕਿਉਂਕਿ ਇਸ ਸ਼੍ਰੇਣੀ ਦੇ ਘੇਰੇ ਵਿਚ ਉਹੀ ਇਨਸਾਨ ਆਉਂਦੇ ਹਨ, ਜੋ ਕਿਸੇ ਹੋਰ ਮੱਤ ਵਲੋਂ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਹਨ। ਪਰ ਅੱਜ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰ ਰਹੇ ਬਹੁਤਾਤ ਸੱਜਣ ਉਹ ਹਨ, ਜੋ ਮੂਲ ਤੌਰ ’ਤੇ ‘ਸਿੱਖ ਪਰਿਵਾਰਾਂ’ ਵਿਚੋਂ ਹੀ ਹਨ ਅਤੇ ਜਿਨ੍ਹਾਂ ਨੇ ਫੈਸ਼ਨ ਦੀ ਹੋੜ (ਜਾਂ ਕਿਸੇ ਹੋਰ ਪ੍ਰਭਾਵ ਹੇਠ) ਕੇਸ ਕਟਵਾਉਣ ਸਮੇਤ ਹੋਰ ਕਮਜ਼ੋਰੀਆਂ ਅਪਨਾ ਲਈਆਂ ਹਨ।
ਪਰਮਜੀਤ ਸਿੰਘ ਜੀ ਰਾਣੂ ਸਮੇਤ ਕੁਝ ਸੱਜਣਾਂ ਦੀ ਇਹ ਵੀ ਦਲੀਲ ਹੈ ਕਿ ਕਿਉਂਕਿ ਅਸੀਂ ਸਿੱਖ ਖਾਨਦਾਨਾਂ ਵਿਚੋਂ ਹਾਂ, ਇਸ ਲਈ ਜੇ ‘ਮੂਲ ਸਿਧਾਂਤ’ ਨਹੀਂ ਵੀ ਅਪਨਾਏ ਤਾਂ ਵੀ ‘ਸਹਿਜਧਾਰੀ ਸਿੱਖ’ ਹਾਂ, ਕਿਉਂਕਿ ਸਾਡਾ ਕੋਈ ਹੋਰ ਧਰਮ ਨਹੀਂ ਹੈ। ਐਸੇ ਸੱਜਣਾਂ ਨੂੰ ਨਿਮਰਤਾ ਸਹਿਤ ਇਤਿਹਾਸ ਦੇ ਉਹ ਵਰਕੇ ਵਾਚ ਕੇ ਸਵੈ-ਪੜਚੋਲ ਕਰਨ ਦੀ ਬੇਨਤੀ ਹੈ, ਜਿਨ੍ਹਾਂ ਅਨੁਸਾਰ ਬਾਬਾ ਨਾਨਕ ਜੀ ਨੇ ਆਪਣੇ ਪੁੱਤਰ (ਸ੍ਰੀ ਚੰਦ ਜੀ) ਨੂੰ ਗੁਰਮਤਿ ਦੇ ‘ਮੂਲ ਸਿਧਾਂਤਾਂ’ ਤੋਂ ਬਾਗੀ ਹੋਣ ਕਰਕੇ ਪ੍ਰਵਾਨ ਨਹੀਂ ਕੀਤਾ ਸੀ। ਕਿਉਂਕਿ ਸਿੱਖੀ ‘ਗਿਆਨ ਅਤੇ ਅਮਲ’ ਦਾ ਧਰਮ ਹੈ, ਪਿਤਾ-ਪੁਰਖੀ ਦਾਅਵਾ ਨਹੀਂ।

ਪਤਿਤ

‘ਸਹਿਜਧਾਰੀ ਸਿੱਖ’ ਅਖਵਾਉਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਦਾ ਇਕ ਗਿਲਾ ਇਹ ਵੀ ਹੈ ਕਿ ਸਿੱਖ ਉਨ੍ਹਾਂ ਨੂੰ ‘ਪਤਿਤ ਸਿੱਖ’ ਕਹਿ ਕੇ ਦੁਰਕਾਰਦੇ ਹਨ, ਜਦਕਿ ‘ਪਤਿਤ ਸਿੱਖ’ ਉਹ ਹੁੰਦਾ ਹੈ, ਜੋ ‘ਖੰਡੇ ਦੀ ਪਾਹੁਲ’ ਕਰਕੇ ਕੁਰਿਹਤ ਕਰਦਾ ਹੈ। ਜਿੱਥੋਂ ਤੱਕ ਦੁਰਕਾਰੇ ਜਾਣ ਦਾ ਸਵਾਲ ਹੈ ਤਾਂ ਇਹ ਬਹੁਤ ਹੀ ਗਲਤ ਸੋਚ ਹੈ। ਜੋ ਵੀ ਐਸਾ ਕਰਦਾ ਹੈ, ਉਹ ਬੇਸ਼ਕ ਗੁਰਮਤਿ ਤੋਂ ਉਲਟ ਵਰਤਾਰਾ ਕਰ ਰਿਹਾ ਹੈ। ਪਹਿਲਾਂ ਕੀਤੀ ਵਿਚਾਰ ਅਨੁਸਾਰ ‘ਸਿੱਖੀ’ ਸਵੈ-ਪੜਚੋਲ ਦਾ ਵਿਸ਼ਾ ਹੈ, ਫਤਵਿਆਂ ਜਾਂ ਦਾਅਵਿਆਂ ਦਾ ਨਹੀਂ। ਸੋ ਕਿਸੇ ਨੂੰ ਕਿਸੇ ਵੀ ਵਜ੍ਹਾਂ ਨਾਲ ਨੀਂਵਾਂ ਜਾਂ ਪਾਪੀ ਹੋਣ ਦਾ ਫਤਵਾ ਜਾਰੀ ਕਰਨਾ ਸਿੱਖੀ ਨਹੀਂ ਹੈ। ਸਿੱਖੀ ਤਾਂ ਹਰ ਇਕ ਮਨੁੱਖ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਹੀ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਨ ਦੀ ਸੋਚ ਹੈ, ਨਾ ਕਿ ਦੁਰਕਾਰ ਕੇ ਦੂਰ ਕਰਨ ਦੀ।

ਪਹਿਲਾਂ ਅਸੀਂ ਇਹ ਵਿਚਾਰ ਆਏ ਹਾਂ ਕਿ ਗੁਰਮਤਿ ਦਾ ਹਰ ਸਿਧਾਂਤ ਹਰ ਮਨੁੱਖ ’ਤੇ ਇਕਸਾਰ ਲਾਗੂ ਹੁੰਦਾ ਹੈ, ਇਸ ਲਈ ਇਹ ਗੱਲ ਵੀ ਸਹੀ ਨਹੀਂ ਹੈ ਕਿ ‘ਪਤਿਤ’ ਸਿਰਫ ਉਹ ਹੁੰਦਾ ਹੈ, ਜੋ ‘ਖੰਡੇ ਦੀ ਪਾਹੁਲ’ ਲੈ ਕੇ ਕੁਰਹਿਤ ਕਰਦਾ ਹੈ। ਇਹ ਵੀ ਅਸੀਂ ਵਿਸਤਾਰ ਵਿਚ ਸਮਝ ਆਏ ਹਾਂ ਕਿ ਬਜਰ ਕੁਰਹਿਤਾਂ ਸਮੇਤ ਹਰ ਕੁਰਹਿਤ ਹਰ ਮਨੁੱਖ ਲਈ ਗਲਤ (ਕਮਜ਼ੋਰੀ) ਹੈ ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਮਿਸਾਲ ਲਈ ਤੰਬਾਕੂ ਦਾ ਸੇਵਨ ਹਰ ਮਨੁੱਖ ਲਈ ਗਲਤ ਹੈ, ਨਾ ਕਿ ਸਿਰਫ ‘ਪਾਹੁਲਧਾਰੀਆਂ’ ਲਈ। ਐਸੀਆਂ ਕੱਚੀਆਂ ਦਲੀਲਾਂ ਸਿਰਫ ਮਨ ਦੀਆਂ ਚਤੁਰਾਈਆਂ ਤੋਂ ਵੱਧ ਕੁਝ ਨਹੀਂ ਹਨ।

ਜੇ ਗੁਰਬਾਣੀ ਦੇ ਆਧਾਰ ’ਤੇ ‘ਪਤਿਤ’ ਬਾਰੇ ਸਮਝਣ ਦਾ ਯਤਨ ਕਰੀਏ ਤਾਂ ਇਸ ਬਾਰੇ ਸੋਝੀ ਦਿੰਦੇ ਕੁਝ ਗੁਰਵਾਕ ਇਸ ਤਰਾਂ ਹਨ:

ਹਰਿ ਕੈ ਮਾਰਗਿ ਪਤਿਤ ਪੁਨੀਤ ॥ ਪੂਰੀ ਸੋਭਾ ਪੂਰਾ ਲੋਕੀਕ ॥3॥ (ਪੰਨਾ 188)
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ (ਪੰਨਾ 250)

ਗੁਰਬਾਣੀ ਦੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਵਿਚ ‘ਪਤਿਤ’ ਬਹੁਤਾਤ ਵਿਚ ਬੇਨਤੀ ਵਜੋਂ ਆਪਣੇ ਲਈ ਆਇਆ ਹੈ ਜਾਂ ਮਨ ਨੂੰ ਸਵੈ-ਪੜਚੋਲ ਕਰਨ ਦੀ ਪ੍ਰੇਰਨਾ ਕਰਨ ਖਾਤਿਰ ਹੀ ਆਇਆ ਹੈ। ਕਿਸੇ ਨੂੰ ‘ਪਤਿਤ’ ਐਲਾਨਦਾ ‘ਫਤਵਾ’ ਜਾਰੀ ਕਰਨ ਦੇ ਭਾਵ ਵਿਚ ਗੁਰਬਾਣੀ ਵਿਚ ਇਹ ਵਰਤਿਆ ਨਹੀਂ ਮਿਲਦਾ। ਸਿੱਖ ਰਹਿਤ ਮਰਿਯਾਦਾ ਵਿਚ ਵੀ ਗਲਤ ਪ੍ਰਚਲਿਤ ਹੋ ਚੁੱਕੀ ਸੋਚ ਕਾਰਨ ‘ਪਤਿਤ’ ਹੋਣ ਦਾ ਸੰਬੰਧ ਭੁਲੇਖੇ ਵਿਚ ‘ਪਾਹੁਲਧਾਰੀ ਸਿੱਖ’ ਨਾਲ ਜੋੜ ਦਿੱਤਾ ਗਿਆ ਹੈ, ਪਰ ੳਥੇ ਵੀ ਇਹ ਫਤਵੇ ਦੇ ਤੌਰ ’ਤੇ ਨਹੀਂ, ਬਲਕਿ ਸਵੈ-ਪੜਚੋਲ ਦੀ ਪ੍ਰੇਰਨਾ ਲਈ ਹੀ ਆਇਆ ਹੈ।

ਵੋਟ ਦਾ ਹੱਕ

‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਦੀ ਇਕ ਵੱਡੀ ਮੰਗ ਇਹ ਹੈ ਕਿ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੀਆਂ ਚੌਣਾਂ ਵਿਚ ਮਤਦਾਨ ਦਾ ਅਧਿਕਾਰ ਮਿਲਨਾ ਚਾਹੀਦਾ ਹੈ। ਮੌਜੂਦਾ ਸਮੇਂ ਵਿਚ ਇਹ ਮਸਲਾ ਉੱਠਣ ਦਾ ਮੁੱਖ ਕਾਰਨ ਇਹੀ ਮੰਗ ਹੈ। ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰਮਤਿ ਇਨਕਲਾਬ ਦੇ ਰਾਹ ਵਿਚ ਇਹ ਵੋਟਾਂ ਦਾ ਸਿਸਟਮ ਕਿਵੇਂ ਆ ਗਿਆ ? ਗੁਰਮਤਿ ਤਾਂ ‘ਗੁਣਤੰਤਰ’ ਨੂੰ ਮਾਨਤਾ ਦਿੰਦੀ ਹੈ, ‘ਗਣਤੰਤਰ’ (ਸਿਰਾਂ ਦੀ ਗਿਣਤੀ) ਨੂੰ ਨਹੀਂ। ਨਾਨਕ ਸਰੂਪਾਂ ਨੇ ਉਤਰਾਧਿਕਾਰੀ ਚੁਣਨ ਲਈ ਕਿਹੜੀਆਂ ਵੋਟਾਂ ਪਵਾਈਆਂ ਸਨ ? ਕੌਮ ਦੇ ਅਦਾਰਿਆਂ ਦਾ ਜਿਤਨਾ ਨੁਕਸਾਨ ਇਸ ‘ਵੋਟ ਸਿਸਟਮ’ ਨੇ ਕੀਤਾ ਹੈ, ਉੱਤਨਾ ਸ਼ਾਇਦ ਹੀ ਕਿਸੇ ਹੋਰ ਸਿਸਟਮ ਨੇ ਕੀਤਾ ਹੋਵੇ। ਇਸ ‘ਵੋਟ ਸਿਸਟਮ’ ਦੀ ਹੀ ਦੇਣ ਹੈ ਕਿ ਅੱਜ ਗੁਰਦਵਾਰਿਆਂ ਵਿਚ ਪ੍ਰਬੰਧਕ (ਸੇਵਾਦਾਰ ?) ਬਣਨ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ (?) ਵਿਚ ਇਕ-ਦੂਜੇ ’ਤੇ ਕਿਰਪਾਨਾਂ ਸੂਤੀਆਂ ਜਾ ਰਹੀਆਂ ਹਨ, ਪੁਲਿਸ ਇਨ੍ਹਾਂ ‘ਭੇੜੀਆਂ’ ਨੂੰ ਕੰਟਰੋਲ ਕਰਨ ਲਈ ਗੁਰਦਵਾਰਿਆਂ ਵਿਚ ਆ ਰਹੀ ਹੈ। ਅੱਜ ਕੌਮ ਦੇ ਕੇਂਦਰੀ ਅਦਾਰੇ ਜੇ ਆਰ. ਐਸ. ਐਸ. ਜੈਸੀਆਂ ਸੰਸਥਾਵਾਂ ਦੇ ਕਬਜ਼ੇ ਹੇਠ ਨਜ਼ਰ ਆ ਰਹੇ ਹਨ ਤਾਂ ਇਸ ਪਿੱਛੇ ਵੀ ਕਾਰਨ ਇਹ ‘ਚੌਣ ਸਿਸਟਮ’ ਹੀ ਹੈ। ਸਿੰਘ ਸਭਾ ਲਹਿਰ (ਗੁਰਦੁਆਰਾ ਸੁਧਾਰ ਲਹਿਰ) ਨੇ ਗੁਰਦੁਆਰੇ ਕੁਝ ਹੱਦ ਤਾਂ ਆਜ਼ਾਦ ਤਾਂ ਬੇਸ਼ਕ ਕਰਵਾ ਲਏ, ਪਰ ਅਣਗਹਿਲੀ ਕਾਰਨ ‘ਗੁਰਦਵਾਰਾ ਐਕਟ’ ਦੇ ਰੂਪ ਵਿਚ ਚੌਣਾਂ ਦਾ ਉਹ ਸਰਕਾਰੀ ਸੰਗਲ ਪਵਾ ਲਿਆ, ਜਿਸ ਦੀ ਜਕੜ ਗੁਰਮਤਿ ਇਨਕਲਾਬ ਦਾ ਸੰਘ ਦਿਨੋਂ ਦਿਨ ਘੁੱਟੀ ਜਾ ਰਹੀ ਹੈ। ਇਸ ਸਿਸਟਮ ਨੇ ਗੁਰਦੁਆਰਿਆਂ ਉੱਤੇ ਐਸੇ ਲੋਕ ਕਾਬਜ਼ ਕਰਵਾ ਦਿੱਤੇ ਹਨ, ਜੋ ‘ਮਹੰਤਾਂ’ ਨੂੰ ਵੀ ਮਾਤ ਪਾ ਰਹੇ ਹਨ ਅਤੇ ਜਿਨ੍ਹਾਂ ਤੋਂ ਆਜ਼ਾਦੀ ਦਾ ਰਾਹ ਲੱਭਿਆਂ ਨਹੀਂ ਲੱਭ ਰਿਹਾ।

ਸੋ ‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣੋ! ‘ਪੂਰਨ ਸਿੱਖ’ ਅਖਵਾਉਂਦੇ ਲੋਕਾਂ ਨੇ ਇਤਨੇ ਸਾਲਾਂ ਤੋਂ ਵੋਟਾਂ ਪਾ ਕੇ ਕਿਹੜਾ ਚੰਨ੍ਹ ਚਾੜ੍ਹ ਲਿਆ, ਜਿਹੜਾ ਤੂਸੀ ਵੋਟਾਂ ਪਾ ਕੇ ਚਾੜ੍ਹ ਲੈਣਾ ਹੈ? ਅੱਜ ਤਾਂ ਹਰ ਸੁਚੇਤ ਸਿੱਖ ਦਾ ਹਿਰਦਾ ਕੂਕ-ਕੂਕ ਕੇ ਕਹਿ ਰਹਿ ਹੈ, “ਗਣਤੰਤਰ ਭਜਾਉ, ਗੁਣਤੰਤਰ ਲਿਆਉ, ਪੰਥ ਬਚਾਉ”। ਸੋ ਬੇਨਤੀ ਹੈ ਕਿ ਆਪ ਵੀ ਐਸੇ ਦਾਅਵਿਆਂ ਨੂੰ ਛੱਡ ਕੇ ਸੁਚੇਤ ਪੰਥ ਦੀ ਅਵਾਜ਼ ਨਾਲ ਅਵਾਜ਼ ਮਿਲਾਉ ਤਾਂ ਕਿ ਇਸ ਮੰਦ-ਸਿਸਟਮ ਤੋਂ ਛੁਟਕਾਰਾ ਪਾ ਸਕੀਏ।

ਉਪਰੋਕਤ ਕੀਤੀ ਖੁੱਲੀ ਵਿਚਾਰ ਤੋਂ ਤਾਂ ਤੁਹਾਡੇ ਸਮੇਤ ਹਰ ਸੁਹਿਰਦ ਮਨੁੱਖ (ਸਿੱਖ) ਇਸ ਗੱਲ ’ਤੇ ਤਾਂ ਸਹਿਮਤ ਹੋਵੇਗਾ ਕਿ ਇਸ ‘ਗੁਣਤੰਤਰ’ ਵਿਚ ਆਗੂ ਬਨਣ ਦਾ ਹੱਕ ਉਨ੍ਹਾਂ ਨੂੰ ਹੀ ਮਿਲਣਾ ਚਾਹੀਦਾ ਹੈ, ਜੋ ਗੁਰਮਤਿ ਇਨਕਲਾਬ ਨੂੰ ਸਮਰਪਿਤ (ਖਾਲਸਾ) ਹਨ। ਅਸੀਂ ਐਸੇ ਆਗੂ (ਪ੍ਰਬੰਧਕ) ਚੁੱਣ ਕੇ ਉਨ੍ਹਾਂ ਦੀ ਤਾਕਤ ਅਤੇ ਨਿਗਰਾਨ ਬਨਣਾ ਹੈ। ਆਉ! ਸਾਰੇ ਰਲ-ਮਿਲ ਨਾਨਕ ਸਰੂਪਾਂ ਵਲੋਂ ਬਖਸ਼ੇ ‘ਗੁਣਤੰਤਰ’ ਸਿਸਟਮ ਨੂੰ ਪੰਥ ਵਿਚ ਦੁਬਾਰਾ ਪ੍ਰਚਲਿਤ ਕਰਨ ਦਾ ਬਾਨਣੂ ਬਨੀਏ।

ਅੰਤਿਕਾ

ਉਪਰੋਕਤ ਸੁਹਿਰਦ, ਨਿਸ਼ਕਾਮ ਅਤੇ ਨਿਰਪੱਖ ਖੁੱਲੀ ਵਿਚਾਰ ਰਾਹੀਂ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ ਕਿ ‘ਸਿੱਖੀ’ ਦਾਅਵਿਆਂ ਜਾਂ ਫਤਵਿਆਂ ਦਾ ਵਿਸ਼ਾ ਨਹੀਂ, ਬਲਕਿ ਸਵੈ-ਪੜਚੋਲ ਦਾ ਵਿਸ਼ਾ ਹੈ। ਗੁਰਮਤਿ ਫਲਸਫੇ ਅਤੇ ਮੁੱਢਲੇ ਪ੍ਰਮਾਣਿਕ ਸਿੱਖ ਇਤਿਹਾਸ ਦੇ ਅਧਿਐਨ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਕੌਮ ਵਿਚ ‘ਸਹਿਜਧਾਰੀ ਸਿੱਖ’ ਦਾ ਸੰਕਲਪ ਉਸ ਰੂਪ ਵਿਚ ਕਿਧਰੇ ਵੀ ਨਹੀਂ ਮਿਲਦਾ, ਜਿਸ ਦਾ ਦਾਅਵਾ ਕੁਝ ਸੱਜਣ ਅੱਜ ਕਰ ਰਹੇ ਹਨ। ਉਨ੍ਹਾਂ ਸੱਜਣਾਂ ਵਲੋਂ ਦਿੱਤੀਆਂ ਜਾਂਦੀਆਂ ਦਲੀਲਾਂ ਦੀ ਸੁਹਿਰਦ ਪੜਚੋਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਦਲੀਲਾਂ ਠੋਸ ਅਤੇ ਨਿਆਂ-ਪੂਰਨ ਨਹੀਂ ਹਨ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੌਮ ਦੇ ਬਿਖੜੇ ਪੈਂਡਿਆਂ ਦੇ ਦੌਰ ਵਿਚ ਹੋਈਆਂ ਸਾਜਿਸ਼ਾਂ ਕਾਰਨ ‘ਸਿਧਾਂਤਕ ਧੁੰਧਲਕੇ’ ਦਾ ਇਕ ਐਸਾ ਗੁਬਾਰ ਵੀ ਛਾਇਆ, ਜਿਸ ਦਾ ਅਸਰ ਪੰਥਕ ਸਿਸਟਮ ਦੇ ਹਰ ਅਦਾਰੇ ਅਤੇ ਅਸੂਲ ਉੱਤੇ ਪਿਆ। ਇਸ ਦੀ ਪਰਛਾਈ ‘ਸਿੱਖ ਰਹਿਤ ਮਰਿਯਾਦਾ’ ਤੇ ਵੀ ਵੇਖੀ ਜਾ ਸਕਦੀ ਹੈ। ਇਸ ਧੁੰਧਲਕੇ ਦਾ ਅਸਰ ‘ਸਿੱਖ’ ਦੀ ਪਰਿਭਾਸ਼ਾ ’ਤੇ ਵੀ ਪਿਆ।

ਰੱਬ ਜੀ ਦੀ ਮਿਹਰ ਸਦਕਾ, ਗੁਰਮਤਿ ਦੀ ਰੋਸ਼ਨੀ ਵਿਚ, ਅਸੀਂ ਆਪਣੀ ਨਿਮਾਣੀ ਸਮਝ ਮੁਤਾਬਕ, ‘ਸਿੱਖ’ ਦੀ ਰੂਪ-ਰੇਖਾ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ। ਇਸ ਵਿਚਾਰ ਤੋਂ ਸ਼ਾਇਦ ਹੀ ਕੋਈ ਸੁਹਿਰਦ ਅਤੇ ਸੁਚੇਤ ਸਿੱਖ ਮੁਨਕਰ ਹੋਵੇ ਕਿ ਗੁਰਮਤਿ ਦਾ ਹਰ ਅਸੂਲ ਕਾਇਨਾਤ ਦੇ ਹਰ ਮਨੁੱਖ ਲਈ ਇਕਸਾਰ ਹੈ, ਨਾ ਕਿ ਵੱਖ-ਵੱਖ ਲੇਬਲਾਂ ਲਈ ਵੱਖ-ਵੱਖ। ਅਸੀਂ ਇਹ ਵੀ ਵਿਚਾਰਨ ਦਾ ਯਤਨ ਕੀਤਾ ਕਿ ਸਾਜਿਸ਼ਾਂ ਅਤੇ ਅਣਗਹਿਲੀ ਦੇ ਦੌਰ ਵਿਚ ‘ਖੰਡੇ ਦੀ ਪਾਹੁਲ ਦੇ ਕੌਤਕ’ (ਇਸੇ ਧੁੰਧਲਕੇ ਦੇ ਅਸਰ ਹੇਠ ਇਸ ਦਾ ਨਾਮ ‘ਅੰਮ੍ਰਿਤ ਸੰਸਕਾਰ’ ਗਲਤ ਪ੍ਰਚਲਿਤ ਕਰ ਦਿੱਤਾ ਗਿਆ ਲਗਦਾ ਹੈ) ਦਾ ਸਰੂਪ ਅਤੇ ਮਕਸਦ ਵੀ ਬਦਲ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੀ ਵਜਹਿ ਨਾਲ ‘ਸਿੱਖ’ ਦੇ ਭਾਵ ਬਾਰੇ ਵੀ ਅਨੇਕਾਂ ਭੁਲੇਖੇ ਖੜੇ ਹੋ/ਕੀਤੇ ਗਏ। ਇਹ ਵਿਚਾਰ ਵੀ ਸਪਸ਼ਟ ਹੋ ਗਿਆ ਕਿ ਸਿੱਖੀ ਵਿਚ ਸ਼ਰਧਾ ਨਹੀਂ, (ਸੱਚ ਦੇ) ਗਿਆਨ ਨੂੰ ਵੱਧ ਮਾਨਤਾ ਦਿੱਤੀ ਗਈ ਹੈ। ਗਿਆਨ ਵਿਹੂਣੀ ਸ਼ਰਧਾ ਲਈ ਗੁਰਮਤਿ ਇਨਕਲਾਬ (ਸਿੱਖੀ) ਵਿਚ ਕੋਈ ਥਾਂ ਨਹੀਂ ਹੈ।

ਇਸ ਵਿਚਾਰ ਤੋਂ ਇਹ ਤਸਵੀਰ ਸਾਹਮਣੇ ਆਉਂਦੀ ਹੈ ਕਿ ਹਰ ਮਨੁੱਖ ਲਈ ਗੁਰਮਤਿ ਦਾ ਦਵਾਰਾ ਖੁੱਲਾ ਹੈ, ਉਹ ਜਿਤਨਾ ਚਾਹੇ ਇਸ ਨੂੰ ਅਪਨਾ ਲਵੇ, ਉਸ ਲਈ ਲਾਹੇਵੰਦ ਹੈ। ਗੁਰਮਤਿ ਦਾ ਮਕਸਦ ਇਕ ‘ਸਚਿਆਰੇ ਮਨੁੱਖ’ ਦੀ ਘਾੜਤ ਹੈ। ਇਹ ਵੀ ਸੱਚ ਹੈ ਕਿ ਕੋਈ ਵੀ ਮਨੁੱਖ ਪੂਰਨ ਨਹੀਂ ਹੁੰਦਾ ਹੈ। ਪਰ ਇਹ ਵੀ ਸੱਚਾਈ ਹੈ ਕਿ ‘ਸਿੱਖ’ ਬਣਨ ਲਈ ਗੁਰਮਤਿ ਦੇ ਕੁਝ (ਮੁੱਢਲੇ) ਅਸੂਲਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਸਿੱਖੀ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਹਰ ਮਨੁੱਖ ਨੂੰ ‘ਦਾਅਵਾ’ ਕਰਨ ਦੀ ਥਾਂ ਇਨ੍ਹਾਂ ਅਸੂਲਾਂ ਦੀ ਸੇਧ ਵਿਚ ‘ਸਵੈ-ਪੜਚੋਲ’ ਕਰਨ ਦੀ ਲੋੜ ਹੈ। ਆਪਣੀਆਂ ਮਾਨਸਿਕ ਕਮਜ਼ੋਰੀਆਂ ਨੂੰ ਕਬੂਲਣ ਦੀ ਪ੍ਰਵਿਰਤੀ ਧਾਰਨ ਕਰਨੀ ਚਾਹੀਦੀ ਹੈ। ਕਿਸੇ ਦੂਜੇ ਦੇ ਗੁਨਾਹਾਂ ਨੂੰ ਗਿਣਵਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਾ ਹੀ ਗੁਰਮਤਿ ਹੈ, ਨਾ ਹੀ ਸੁਹਿਰਦਤਾ। ਦੂਜੀ ਤਰਫ, ਕਿਸੇ ਨੂੰ ਉਸ ਦੀਆਂ ਕਮਜ਼ੋਰੀਆਂ ਵੱਲ ਇਸ਼ਾਰਾ ਕਰਕੇ ਪਤਿਤ, ਗੈਰ-ਸਿੱਖ, ਪੰਥ-ਦੋਖੀ ਆਦਿ ਹੋਣ ਦੇ ਫਤਵੇ ਜ਼ਾਰੀ ਕਰਨਾ ਵੀ ‘ਸਿੱਖੀ’ (ਗੁਰਮਤਿ) ਨਹੀਂ। ਸਾਡਾ ਯਤਨ ਸੁਧਾਰ ਦਾ ਹੋਣਾ ਚਾਹੀਦਾ ਹੈ, ਬਾਈਕਾਟ ਦਾ ਨਹੀਂ।

ਇਹ ਗੱਲ ਸੱਚ ਹੈ ਕਿ ‘ਸਿੱਖੀ’ ਸਭ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ ਇਨਕਲਾਬ ਹੈ, ਦੂਰ ਧਕੇਲਨ ਵਾਲਾ ਨਹੀਂ। ਪਰ ਇਹ ਵੀ ਉਤਨਾ ਹੀ ਸੱਚ ਹੈ ਕਿ ਇਸ ਕਲਾਵੇ ਵਿਚ ਲੈਣ ਦਾ ਭਾਵ ਸੁਧਾਰ ਰਾਹੀਂ ਹੈ, ਛੂਟਾਂ ਰਾਹੀਂ ਨਹੀਂ। ਮਿਸਾਲ ਲਈ ਜੇ ਸੰਸਾਰ ਦੇ 90% ਲੋਕ ਤੰਬਾਕੂ (ਜਾਂ ਹੋਰ ਨਸ਼ਿਆਂ) ਦੀ ਵਰਤੋਂ ਕਰਨ ਲੱਗ ਪਏ/ਪੈਂਦੇ ਹਨ ਤਾਂ ਉਨ੍ਹਾਂ ਨੂੰ ਕਲਾਵੇ ਵਿਚ ਲੈਣ ਲਈ ‘ਤੰਬਾਕੂ/ਨਸ਼ਿਆਂ ਦਾ ਸੇਵਨ’ ਗੁਰਮਤਿ ਅਨੁਸਾਰ ਜ਼ਾਇਜ ਕਰਾਰ ਨਹੀਂ ਦਿੱਤਾ ਜਾ ਸਕਦਾ ਹੈ। ਗੁਰਮਤਿ ਦਾ ਮੁੱਢਲਾ ਅਸੂਲ ਹੋਣ ਕਾਰਨ ਕੇਸਾਧਾਰੀ ਹੋਣ ’ਤੇ ਵੀ ਇਹੀ ਕਸਵੱਟੀ ਢੁੱਕਦੀ ਹੈ। ਬਾਬਾ ਨਾਨਕ ਜੀ ਨੇ ਸੱਜਣ ਠੱਗ ਨੂੰ ਸੁਧਾਰਿਆ ਸੀ, ਉਸ ਦੀਆਂ ਠੱਗੀਆਂ ਨੂੰ ਗੁਰਮਤਿ ਦਾ ਅੰਗ ਨਹੀਂ ਮੰਨ ਲਿਆ ਸੀ।

ਲੇਖ ਵਿਚਲੀ ਵਿਚਾਰ ਤੋਂ ਇਹ ਵੀ ਤੱਥ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਕਿ ਸਿੱਖ ਸਮਾਜ ਵਿਚ ਹਮੇਸ਼ਾਂ ਤੋਂ ਹੀ ਦੋ ਸ਼੍ਰੇਣੀਆਂ ਰਹੀਆਂ ਹਨ। ਪਰ ਧੁੰਧਲਕੇ ਦੇ ਪ੍ਰਭਾਵ ਹੇਠ ਉਨ੍ਹਾਂ ਦਾ ਸਰੂਪ ਵਿਗਾੜ ਕੇ ਪੇਸ਼ ਕੀਤਾ ਜਾਣ ਲੱਗ ਪਿਆ। ਜੋ ਕਈਂ ਭੁਲੇਖਿਆਂ ਅਤੇ ਨਫਰਤ ਦਾ ਕਾਰਨ ਬਣਿਆ। ਇਹ ਸ਼੍ਰੇਣੀਆਂ ਹਨ, ਸਿੱਖ ਅਤੇ ਖਾਲਸਾ। ਸਰੂਪ, ਸਿਧਾਂਤਾਂ, ਸਟੇਟਸ ਪੱਖੋਂ ਦੋਵੇਂ ਸ਼੍ਰੇਣੀਆਂ ਬਿਲਕੁਲ ਬਰਾਬਰ ਹਨ। ਫਰਕ ਸਿਰਫ ਇਤਨਾ ਹੈ ਕਿ ‘ਖਾਲਸਾ’ ਉਹ ਸ਼੍ਰੇਣੀ ਹੈ, ਜੋ ‘ਗੁਰਮਤਿ ਇਨਕਲਾਬ’ ਦੇ ਪ੍ਰਸਾਰ ਨੂੰ ਸਮਰਪਿਤ ਹੈ। ‘ਖੰਡੇ ਦੀ ਪਾਹੁਲ’ ਵਾਲਾ ਕੌਤਕ ਵੀ ਇਸੇ ਸ਼੍ਰੇਣੀ ਦੀ ਪਹਿਚਾਣ ਦਾ ਇਕ ਵਸੀਲਾ ਸੀ/ਹੈ।

‘ਵੋਟਾਂ ਦੇ ਹੱਕ’ ਵਾਲੇ ਦਾਅਵੇ ਦੇ ਸੰਬੰਧ ਵਿਚ ਵੀ ਇਹ ਵਿਚਾਰ ਆਏ ਹਾਂ ਕਿ ਲੋੜ ਇਸ ਸਿਸਟਮ ਤੋਂ ਨਿਜ਼ਾਤ ਪਾਉਣ ਦੀ ਹੈ, ਨਾ ਕਿ ਇਸ ਨੂੰ ਬੜ੍ਹਾਵਾ ਦੇਣ ਦੀ। ਗੁਰਮਤਿ ਵਿਚ ‘ਗੁਣਤੰਤਰ’ ਹੀ ਪ੍ਰਵਾਨ ਹੈ, ‘ਗਣਤੰਤਰ’ ਨਹੀਂ। ਇਸ ਵਿਚ ਵੀ ਕਿਸੇ ਸੁਹਿਰਦ ਸਿੱਖ ਨੂੰ ਆਪੱਤੀ ਨਹੀਂ ਹੋਣੀ ਚਾਹੀਦੀ ਕਿ ਕੌਮ ਦੇ ਆਗੂ ਅਤੇ ਪ੍ਰਬੰਧਕ ਬਣਨ ਲਈ ਸਮਰਪਿਤ ਸ਼੍ਰੇਣੀ (ਖਾਲਸਾ) ਹੀ ਯੋਗ ਹੈ। ਪਰ ਅਸੀਂ ਡੁੰਘੀ ਵਿਚਾਰ ਉਪਰੰਤ ਐਸਾ ਸਿਸਟਮ ਅਪਨਾਉਣਾ ਹੈ ਕਿ ਆਗੂ ਅਤੇ ਪ੍ਰਬੰਧਕ ਭਟਕ ਨਾ ਜਾਣ ਅਤੇ ਜੇ ਭਟਕ ਰਹੇ ਹਨ ਤਾਂ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਲਾਂਬੇ ਕਰਕੇ ਨਵੇਂ ਬੰਦੇ ਅੱਗੇ ਲਿਆਏ ਜਾਣ।

‘ਸਹਿਜਧਾਰੀ ਸਿੱਖ’ ਹੋਣ ਦਾ ਦਾਅਵਾ ਕਰਨ ਵਾਲੇ ਸੱਜਣਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਦਾਅਵੇ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਸਵੈ-ਪੜਚੋਲ ਕਰਨ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਕਰਨ ਦੀ ਪ੍ਰਵਿਰਤੀ ਧਾਰਨ ਕਰਨ। ਉਹ ਆਪ ਹੀ ਇਹ ਵਿਚਾਰਨ ਦਾ ਯਤਨ ਕਰਨ ਕਿ ਕੀ ਕਿਸੇ ਹੋਰ ਦੀਆਂ ਕਮਜ਼ੋਰੀਆਂ ਗਿਣਵਾ ਕੇ ਆਪਣੀਆਂ ਕਮਜ਼ੋਰੀਆਂ ਨੂੰ ਜਾਇਜ਼ ਠਹਿਰਾਉਣ ਦੀ ਪਹੁੰਚ ਸੁਹਿਰਦ ਹੈ ? ਨਿਸ਼ਕਾਮ ਅਤੇ ਨਿਮਰ ਬੇਨਤੀ ਹੈ ਕਿ ਐਸੇ ਸੱਜਣ ਸਿੱਖ ਸਮਾਜ ਦੇ ਪੁਨਰਜਾਗਰਨ ਦਾ ਹਿੱਸਾ ਬਨਣ। ਐਸੀ ਸੁਹਿਰਦ ਪਹੁੰਚ ਵਾਲੇ ਹਰ ਮਨੁੱਖ ਦਾ ਸੁਆਗਤ ਕਰਨਾ ਬਣਦਾ ਹੈ। 

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ