Sunday, 1 April 2012

ਸਿੱਖੀ ਨਾਲ ਸਬੰਧਤ ਕੁਝ ਕਿਤਾਬਾਂ (ਗ੍ਰੰਥਾਂ) ਤੇ ਆਧਾਰਿਤ ਜਾਣਕਾਰੀ


ਸਿੱਖੀ ਨਾਲ ਸਬੰਧਤ ਕੁਝ ਕਿਤਾਬਾਂ (ਗ੍ਰੰਥਾਂ) ਤੇ ਆਧਾਰਿਤ ਜਾਣਕਾਰੀ



    1 ,   ਕਿਤਾਬ:-                ਗੁਰ-ਬਿਲਾਸ ਪਾਤਸ਼ਾਹੀ 10 ।
             ਲੇਖਕ :-                ਭਾਈ ਕੋਇਰ ਸਿੰਘ ।
             ਲਿਖਣ ਵਰ੍ਹਾ :-           1751                         ਇਸ ਵਿਚ
    ੳ ,  ਬਚਿੱਤਰ ਨਾਟਕ ਅਤੇ ਗੁਰ-ਸੋਭਾ ਦਾ ਜ਼ਿਕਰ ਪਹਿਲੀ ਵਾਰ ।
    ਅ ,  1699 ਦੀ ਵੈਸਾਖੀ ਵਿਚ ਦਰਬਾਰ ਸਜਾ ਕੇ , ਸਿਰ ਮੰਗਣ ਦਾ ਵੇਰਵਾ ਪਹਿਲੀ ਵਾਰ ।
    ੲ ,  ਇਕੱਲੇ-ਇਕੱਲੇ ਸਿੱਖ ਨੂੰ ਤੰਬੂ ਵਿਚ ਲਿਜਾਣ ਦੀ ਗੱਲ ਪਹਲੀ ਵਾਰ ।
    ਸ ,  ਲਹੂ ਭਿੱਜੀ ਤਲਵਾਰ ਵਿਖਾਉਣ ਦੀ ਗੱਲ ਪਹਿਲੀ ਵਾਰ ।
    ਹ ,  ਅੰਮ੍ਰਿਤ ਦੀ ਗੱਲ ਪਹਿਲੀ ਵਾਰ ।
    ਕ ,  ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਛਕਣ ਦੀ ਗੱਲ ਪਹਿਲੀ ਵਾਰ । ਜਿਸ ਤੋਂ ਆਪੇ ਗੁਰ-ਚੇਲਾ ਦੀ ਗੱਲ ਚੱਲੀ ।
    ਖ ,  ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛਕਣ ਵਾਲਿਆਂ ਲਈ ਰਹਿਤ ਪਹਿਲੀ ਵਾਰ ।


       2 , 
  ਕਿਤਾਬ:-                ਬੰਸਾਵਲੀ ਨਾਮਾ ।
              ਲੇਖਕ:-                 ਕੇਸਰ ਸਿੰਘ ਛਿੱਬਰ ।
              ਲਿਖਣ ਵਰ੍ਹਾ:-            1758                        ਇਸ ਵਿਚ
    ੳ ,  ਦੋ ਗ੍ਰੰਥਾਂ ਦਾ ਵੇਰਵਾ ਪਹਿਲੀ ਵਾਰ ।
    ਅ ,  ਆਦਿ ਬੀੜ ਨੂੰ ਧੀਰਮੱਲ ਕੋਲੋਂ ਮੰਗਵਾਉਣ ਦੀ ਗੱਲ ਪਹਿਲੀ ਵਾਰ ।
    ੲ ,  ਧੀਰਮੱਲ ਦੇ ਮਨ੍ਹਾ ਕਰਨ ਤੇ , ਗੁਰੂ ਗੋਬਿੰਦ ਸਿੰਘ ਜੀ ਵਲੋਂ ਜ਼ਬਾਨੀ ਬੀੜ ਲਿਖਵਾਉਣ ਦੀ ਗੱਲ ਪਹਿਲੀ ਵਾਰ ।
(ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਉਤਾਰੇ ਨਹੀਂ ਹੋਏ ਸਨ ?)           
    ਸ਼ ,  ਆਦਿ ਗ੍ਰੰਥ ਨੂੰ ਹੀ ਉਸ ਨੇ ਸਮੁੰਦ-ਸਾਗਰ ਲਿਖਿਆ ਹੈ ।
    ਹ ,  ਦੂਸਰੇ (ਬੇਨਾਮਾ) ਗ੍ਰੰਥ ਵਿਚ , (ਜੋ ਪਹਿਲੇ ਨਾਲੋਂ ਵੱਖਰਾ ਸੀ ) ਅਵਤਾਰ ਲੀਲਾ ਵੀ ਵਰਣਿਤ ਦੱਸੀ ਹੈ ।
    ਕ ,  ਦੋਵੇਂ ਗ੍ਰੰਥ ਸਰਸਾ ਨਦੀ ਦੀ ਭੇਂਟ ਹੋ ਗਏ । ਪਹਿਲੇ ਗ੍ਰੰਥ ਦਾ ਕੋਈ ਕੋਈ ਪਤਰਾ ਸਿੰਘਾਂ ਦੇ ਹੱਥ ਲੱਗਾ , ਜਿਸ ਦੀਆਂ 91 ਸਤਰਾਂ ਛਿਬਰ ਨੇ ਵੇਖੀਆਂ ਦਸਦਾ ਹੈ ।ਦੂਸਰੇ ਗ੍ਰੰਥ ਦੇ 7 ਪਤਰੇ ਲਾਹੌਰ ਦੇ ਇਕ      ਸਿੱਖ  ਦੇ ਹੱਥ ਲੱਗੇ , ਜਿਨ੍ਹਾਂ ਨੂੰ ਛਿਬਰ ਨੇ ਵੇਖਿਆ ।                    

ਇਸ ਪ੍ਰਤੀ ਕੁਝ ਪ੍ਰਤੀ-ਕਰਮ ।

    1 ,  ਬੰਸਾਵਲੀ ਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ ਪੈਦਾਵਾਰ ।   ( ਪ੍ਰੋ. ਗਰੇਵਾਲ )
    2 ,  ਬੰਸਾਵਲੀ ਨਾਮਾ ਵਿਚ ਜਿਨ੍ਹਾਂ ਦੋ ਗ੍ਰੰਥਾਂ ਦਾ ਜ਼ਿਕਰ ਹੈ , ਉਹ ਵੀ ਛਿਬਰ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ ਪੈਦਾਵਾਰ ।      ( ਪ੍ਰੋ. ਗਰੇਵਾਲ )
    3 ,  ਛਿਬਰ ਨੇ ਇਤਿਹਾਸਕਾਰੀ ਦੀ ਚਿੱਟੀ ਚਾਦਰ ਤੇ ਖਾਮਖਾਹ ਪੁਰਾਣਕ ਗੱਪਾਂ ਦਾ ਕਲੰਕ ਲਾ ਦਿੱਤਾ ਹੈ ।
   ( ਪ੍ਰੋ. ਪਿਆਰਾ ਸਿੰਘ ਪਦਮ )                                   
    4 ,  ਛਿਬਰ ਨੇ ਇਹ ਵੀ ਲਿਖਿਆ ਹੈ ਕਿ , ਔਰੰਗਜ਼ੇਬ ਕਿਸੇ ਛੱਪੜ ਵਿਚ ਕੱਛੂ ਬਣ ਕੇ ਵਿਚਰ ਰਿਹਾ ਸੀ , ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰ ਦਿੱਤਾ । ਹੁਣ ਔਰੰਗਜ਼ੇਬ ਨੇ ਬਾਦਸ਼ਾਹ ਬਣ ਕੇ ਉਸ ਦਾ ਬਦਲਾ ਲਆ ਹੈ । (ਯਾਨੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ , ਹਿੰਦੂ ਧਰਮ ਦੀ ਰੱਖਿਆ ਲਈ ਨਹੀਂ , ਬਲਕਿ ਆਪਣੇ ਕੀਤੇ ਦੀ ਸਜ਼ਾ ਹੈ) ਉਹ ਥਾਂ ਪਰ ਥਾਂ ਬ੍ਰਾਹਮਣ ਦੀ ਵਡਿਆਈ ਵੀ ਕਰਦਾ ਹੈ ਅਤੇ ਹੋਰ ਵੀ ਗਲਤ ਬਿਆਨੀਆਂ ਕਰਦਾ ਹੈ ।



       3 ,   ਕਿਤਾਬ:-                ਮਹਿਮਾ ਪ੍ਰਕਾਸ਼ ।
              ਲੇਖਕ:-                 ਸਰੂਪ ਦਾਸ ਭੱਲਾ ।
              ਲਿਖਣ ਵਰ੍ਹਾ:-           1776                         ਇਸ ਵਿਚ
    ੳ ,  ਸਰੂਪ ਦਾਸ ਭੱਲਾ , ਪਹਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਕਿਸੇ “ਵਿਦਿਆ ਸਾਗਰ ”  ਗ੍ਰੰਥ ਦੀ ਗੱਲ ਕਰਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਆਪ ਪੰਜਾਬੀ ਵਿਚ ਅਨੁਵਾਦ ਕਰ ਕੇ “ ਵਿਦਿਆ ਸਾਗਰ ”  ਗ੍ਰੰਥ ਬਣਾਇਆ । ਬਨਾਰਸ ਤੋਂ ਬੁਲਾਏ ਪੰਡਿਤਾਂ ਨੇ , ਜੋ ਆਪਣੇ ਨਾਲ 4 ਵੇਦ , 18 ਪੁਰਾਣ ,6 ਸ਼ਾਸਤਰ , ਸਿਮਰਤੀਆਂ , ਚੌਬੀਸ ਅਵਤਾਰ ਅਤੇ 404 ਨਵੇਂ ਤ੍ਰਿਆ-ਚ੍ਰਿਤ੍ਰ (ਮਤਲਬ ਕੁਝ ਚ੍ਰਿਤ੍ਰ ਗੁਰੂ ਸਾਹਿ ਕੋਲ ਪਹਿਲਾਂ ਵੀ ਸਨ) ਲਿਆਏ । ਜਿਨ੍ਹਾਂ ਨੂੰ ਪੰਡਿਤਾਂ ਨੇ ਪੜ੍ਹਿਆ ,ਗੁਰੂ ਸਾਹਿਬ ਨੇ ਅਨੁਵਾਦ ਕੀਤਾ ਅਤੇ ਸਿੰਘਾਂ ਨੇ ਪੰਜਾਬੀ ਵਿਚ ਲਿਖਿਆ । ਇਹੀ ਵਿਦਿਆ ਸਾਗਰ ਗ੍ਰੰਥ ਸੀ । (ਵਿਚਾਰਨ ਵਾਲੀ ਗੱਲ ਹੈ ਕਿ ਲਿਖਣ ਵਾਲੇ ਸਿੰਘ , ਗੁਰੂ ਸਾਹਿਬ ਦੇ ਨਿਕਟ-ਵਰਤੀਆਂ ਵਿਚੋਂ ਹੀ ਹੋਣਗੇ , ਪਰ ਭਾਈ ਨੰਦ ਲਾਲ ਜੀ , ਭਾਈ ਚੌਪਾ ਸਿੰਘ ਜੀ ,ਭਾਈ ਸੈਨਾਪਤਿ ਜੀ , ਭਾਈ ਮਨੀ ਸਿੰਘ ਜੀ ਵਿਚੋਂ ਕਿਸੇ ਨੇ ਵੀ , ਕਿਸੇ ਅਜਹੇ ਗ੍ਰੰਥ ਦਾ ਜ਼ਿਕਰ ਨਹੀਂ ਕੀਤਾ । ਜੇ ਕੋਈ ਅਜਹਾ ਗ੍ਰੰਥ ਸੀ ਵੀ ਤਾਂ ਦੂਸਰੇ ਸਾਹਿਤ ਵਾਙ ਇਹ ਵੀ ਸਰਸਾ ਨਦੀ ਦੀ ਭੇਂਟ ਹੋ ਗਿਆ ਹੋਵੇਗਾ)



       4 ,    ਕਿਤਾਬ:-                ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ।
              ਲੇਖਕ:-                  ਕਵੀ ਸੰਤੋਖ ਸਿੰਘ ।
              ਲਿਖਣ ਵਰ੍ਹਾ:-            1843                        ਇਸ ਵਿਚ
    ੳ ,  ਗੁਰੂ ਸਾਹਿਬ ਦੇ ਦਰਬਾਰ ਵਿਚਲੇ 52 ਕਵੀਆਂ ਦਾ ਜ਼ਿਕਰ ਪਹਿਲੀ ਵਾਰੀ ।
    ਅ ,  ਗੁਰੂ ਸਾਹਿਬ ਵਲੋਂ ਲਿਖੇ  “ ਵਿਦਿਆ ਧਰ ਗਰੰਥ ”  ਦਾ ਜ਼ਿਕਰ ਪਹਿਲੀ ਵਾਰੀ। ਜਿਸ ਦਾ ਬ੍ਰੀਕ ਅੱਖਰਾਂ ਵਿਚ ਲਿਖੇ ਹੋਣ ਤੇ ਵੀ ਭਾਰ 9 ਮਣ ਸੀ ।
    ੲ ,  ਸੰਤੋਖ ਸਿੰਘ ਜੀ ਆਪ ਹੀ ਲਿਖਦੇ ਹਨ ਕਿ ਲੜਾਈ ਛਿੜਨ ਕਾਰਨ , ਇਹ ਗ੍ਰੰਥ ਅਧੂਰਾ ਰਹਿ ਗਿਆ , ਅਤੇ ਉਹ ਵੀ ਲੜਾਈ ਵੇਲੇ ਗੁਆਚ ਗਿਆ । ਜਿਸ ਵਿਚੋਂ 62 ਪੱਤਰੇ ਬਚੇ ਸਨ , ਜਿਨ੍ਹਾਂ ਦੇ ਆਧਾਰ ਤੇ ਸੰਤੋਖ ਸਿੰਘ ਨੇ ਇਹ ਰਚਨਾ ਰਚੀ , ਪਰ ਸੰਤੋਖ ਸਿੰਘ ਇਸ ਬਾਰੇ ਬਿਲਕੁਲ ਚੁੱਪ ਹੈ ਕਿ , ਇਹ ਪੱਤਰੇ ਕਿਵੇਂ ਬਚ ਗਏ ?  142 ਸਾਲ ਮਗਰੋਂ ਸੰਤੋਖ ਸਿੰਘ ਨੂੰ ਇਹ ਪੱਤਰੇ , ਕਿਸ ਕੋਲੋਂ , ਕਿਵੇਂ ਅਤੇ ਕਿੱਥੇ ਮਿਲੇ  ?



       5 ,    ਕਿਤਾਬ:-                ਪੰਥ ਪ੍ਰਕਾਸ਼ ।
               ਲਿਖਾਰੀ:-               ਗਿਆਨੀ ਗਿਆਨ ਸਿੰਘ ।
               ਲਿਖਣ ਵਰ੍ਹਾ:-            1880                       ਇਸ ਵਿਚ
    ੳ ,   ਪਹਿਲੀ ਵਾਰ ਦਸਮ ਗ੍ਰੰਥ ਦਾ ਜ਼ਿਕਰ ਕਰਦਾ ਹੈ । ਇਹ ਵੀ ਲਿਖਦਾ ਹੈ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ , ਹੋਰ ਕਿਸੇ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ ।
    ਅ ,   ਇਹ ਵੀ ਲਿਖਦਾ ਹੈ ਕਿ ਗੁਰੂ ਜੀ ਦਾ ਦਸਮ ਗ੍ਰੰਥ ਅਲੱਗ-ਅਲੱਗ ਪੋਥੀਆਂ ਵਿਚ ਸੀ , ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸਾਂਭੀ ਪਈ ਸੀ ।
    ੲ ,   ਇਹ ਵੀ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ , ਇਹ ਬੀੜ ਸੁੱਖਾ ਸਿੰਘ ਗਰੰਥੀ ਨੇ ਪਟਨਾ ਵਿਖੇ ਰਚੀ । ਫਿਰ ਉਸ ਦੇ ਪੁੱਤਰ ਚੜ੍ਹਤ ਸਿੰਘ ਨੇ , ਗੁਰੂ ਸਾਹਿਬ ਵਾਙ ਲਿਖਾਈ ਕਰ ਕੇ , ਇਹ ਗ੍ਰੰਥ ਤਿਆਰ ਕੀਤਾ , ਜਿਸ ਵਿਚ ਪੰਜ ਪੱਤਰੇ ਆਪਣੇ ਕੋਲੋਂ ਲਿਖ ਕੇ ਜੋੜ ਦਿੱਤੇ , ਅਤੇ ਹੋਰ ਵੀ ਵਾਧੇ ਕੀਤੇ । ਉਸ ਦਾ ਉਤਾਰਾ ਕਰ ਕੇ ,ਇਕ ਹੋਰ ਗ੍ਰੰਥ ਤਿਆਰ ਕੀਤਾ , ਜੋ ਬਾਬਾ ਹਾਕਮ ਸਿੰਘ ਨੂੰ ਦਿੱਤਾ । ਇਹ ਗ੍ਰੰਥ ਮੋਤੀ
ਬਾਗ ਵਾਲੇ ਗੁਰਦਵਾਰੇ ਵਿਚ ਹੈ ਜਿਸ ਨੂੰ ਮੈਂ ਵੇਖਿਆ ਹੈ । ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ , ਗੁਰੂ ਸਾਹਬ ਨਾਲ ਮਲਦੀ ਸੀ , ਇਸ ਲਈ ਕਈ ਤਰ੍ਹਾਂ ਦੇ ਹੋਰ ਗ੍ਰੰਥ ਵੀ ਬਣਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਖਤਾਂ ਦੀ ਨਕਲ ਕਰ ਕੇ , ਪਟਨੇ ਦੇ ਸਾਧਾਂ ਨੇ ਚੌਗਣੀ ਕਮਾਈ ਕੀਤੀ ।        ਇਸ ਤਰ੍ਹਾਂ .


    1 ,  ਜੋ ਗ੍ਰੰਥ ਮੋਤੀ ਬਾਗ , ਪਟਨਾ ਸਾਹਿਬ , ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ,ਉਹ ਪਟਨਾ ਦੇ ਸਾਧਾਂ ਵਲੋਂ , ਕਮਾਈ ਕਰਨ ਲਈ ਲਿਖੇ ਗਏ ਹਨ ।
    2 ,  ਚੜ੍ਹਤ ਸਿੰਘ , ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ , ਨਕਲੀ ਬਾਣੀ ਦੇ ਉਤਾਰੇ ਕਰ ਕੇ , ਸਿੱਖਾਂ ਕੋਲ ਵੇਚਦਾ ਸੀ । ਇਸ ਤਰ੍ਹਾਂ ਭਿੰਨ-ਭਿੰਨ ਲਿਖਤਾਂ ਦੇ ਜੋੜ ਨਾਲ , ਵਡ ਅਕਾਰੀ ਗ੍ਰੰਥ  “ ਨਾਨਕ ਪੰਥੀ ਕਾਵਿ ”  ਬਣ ਗਿਆ । ਨਿਰਮਲਿਆਂ ਨੇ  ਇਸ ਨੂੰ ਗੁਰਮੁਖੀ ਵਿਚ ਲਿਪੀ-ਬੱਧ ਕਰ ਕੇ , ਇਸ ਦਾ ਨਾਮ  “ ਗੁਰਮੁਖੀ ਗ੍ਰੰਥ ਦਸਵਾਂ ਪਾਤਸ਼ਾਹੀ ”  ਰੱਖਿਆ । ਇਹੀ  “ ਬ੍ਰਿਟਿਸ਼ ਲਾਇਬਰੇਰੀ ”  ਕਲਕੱਤਾ ਵਿਚ ਰੱਖਆ
ਹੋਇਆ ਹੈ । ਜਿਸ ਨੂੰ   ਜੌਹਨ ਮੈਲਕਮ ਨੇ ਆਪਣੀ ਪੁਸਤਕ ,
Sketch of the Sikhs (1810-1812) ਲਿਖਣ ਲਈ ਵਰਤਿਆ ਹੈ । ਬੜੇ ਯੋਜਨਾ-ਬੱਧ ਢੰਗ ਨਾਲ , ਇਸ ਗ੍ਰੰਥ ਦੀਆਂ ਨਕਲਾਂ , ਪੰਜਾਬ ਵਿਚ ਅਪੜਾਈਆਂ ਗਈਆਂ ।   1847 ਵਿਚ ਇਸ ਦਾ ਹਿੰਦੀ ਉਲੱਥਾ ਕੀਤਾ ਗਿਆ ।
    ਜੋਹਨ ਮੈਲਕਮ ਆਪਣੀ ਕਿਤਾਬ
Sketch of the Sikhsਵਿਚ ਲਿਖਦਾ ਹੈ ਕਿ , ਉਸ ਨੂੰ 1805 ਵਿਚ , ਪੰਜਾਬ ਵਿਚੋਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਮਿਲੀ ਸੀ , ਪਰ “ ਦਸਵੀਂ ਪਾਤਸ਼ਾਹੀ ਦਾ ਗ੍ਰੰਥ ”  ਦੀ ਕਾਪੀ ਕਲਕਤੇ ਤੋਂ (H.T. cole brook) ਐਚ.ਟੀ. ਕੋਲ ਬਰੁੱਕ ਕੋਲੋਂ ਮਿਲੀ , ਜਿਸ ਦੀ ਦੱਸ ਮੈਨੂੰ ਇਕ ਨਿਰਮਲੇ ਸਾਧ ਨੇ ਪਾਈ ,ਜੋ ਸਿੱਖਾਂ ਵਿਚਲੇ ਸਾਧਾਂ ਨਾਲੋਂ ਕਾਫੀ ਅਕਲਮੰਦ ਅਤੇ ਗੱਲਾਂ ਕਰਨ ਵਿਚ ਚਤੁਰ ਸੀ ।ਜੋਹਨ ਮੈਲਕਮ 1805 ਵਿਚ , ਲਾਰਡ ਲੇਕ ਨਾਲ ਪੰਜਾਬ ਆਇਆ ਸੀ , ਉਸ ਨਾਲ ਰਿਆਸਤ ਜੀਂਦ ਦਾ ਰਾਜਾ ਭਾਗ ਸਿੰਘ ਵੀ ਸੀ । ਤਦ ਤਕ ਪੰਜਾਬ ਵਿਚ  “ ਗੁਰੂ ਗ੍ਰੰਥ ਸਾਹਿਬ ”ਤੋਂ ਇਲਾਵਾ ਹੋਰ ਕੋਈ ਗ੍ਰੰਥ ਨਹੀਂ ਸੀ । ਮੈਲਕਮ ਦੀ ਛਪੀ ਕਿਤਾਬ (1810) ਵਿਚ ਪਹਿਲੀ ਵਾਰੀ  “  ਦਸਮ ਪਾਤਸ਼ਾਹ ਦਾ ਗ੍ਰੰਥ  ”  ਨਾਮ ਵਰਤਿਆ ਗਿਆ ਹੈ ।
    1812 ਵਿਚ ਇਹ ,  “  ਦਸਵੀਂ ਪਾਤਸ਼ਾਹੀ ਦਾ ਗ੍ਰੰਥ  ”  ਦੀ ਇਹ ਕਾਪੀ , “ਬ੍ਰਿਟਿਸ਼ ਲਾਇਬ੍ਰੇਰੀ ਲੰਦਨ ”  ਨੂੰ ਸੌਂਪ     ਦਿੱਤੀ ਗਈ , ਜਿਸ ਵਿਚ ਇਹ ਗਰੰਥ ਕੈਟਲਾਗ ਦੇ
Mss D5 punjabi (H. T. Cole brook)
ਨਾਂ ਹੇਠ ਦਰਜ ਹੈ । ਇਹ ਬੀੜ ਕਿਹੜੇ ਸਾਲ ? , ਕਿਸ ਕੋਲੋਂ ? , ਕਦੋਂ ਮਿਲੀ ? ਕੁਝ ਵੀ ਦਰਜ ਨਹੀਂ ਹੈ ।
    ਪਰ ਇਹ ਨਿਸਚਿਤ ਹੈ ਕਿ , ਇਹ ਗ੍ਰੰਥ , ਕੁਝ ਸਤਰਾਂ ਨੂੰ ਛੱਡ ਕੇ , ਕਥਿਤ ਗ੍ਰੰਥ ਨਾਲ ਬਿਲ-ਕੁਲ ਮਿਲਦੀ ਹੈ ।
   (ਇਨ੍ਹਾਂ ਬੀੜਾਂ ਦਾ ਆਪਸੀ ਮਿਲਾਨ ਅਗਲੀ ਕਿਸਤ ਵਿਚ ਦਿੱਤਾ ਜਾਵੇਗਾ)
   
ਅਮਰ ਜੀਤ ਸਿੰਘ ਚੰਦੀ

ਭਾਈ ਰਾਜੋਆਣੇ ਦੇ ਮਸਲੇ ਵਿਚ ਉੱਠੀ ਕੌਮੀ ਲਹਿਰ ਵਿਚ ਰਿਹਾ ਬ੍ਰਾਹਮਣਵਾਦ ਭਾਰੂ:


ਭਾਈ ਰਾਜੋਆਣੇ ਦੇ ਮਸਲੇ ਵਿਚ ਉੱਠੀ ਕੌਮੀ ਲਹਿਰ ਵਿਚ ਰਿਹਾ ਬ੍ਰਾਹਮਣਵਾਦ ਭਾਰੂ:

“ਸਚੁ ਸੁਣਾਇਸੀ ਸਚ ਕੀ ਬੇਲਾ”

(ਤੱਤ ਗੁਰਮਤਿ ਪਰਿਵਾਰ)


ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਸਿੱਖ ਕੌਮ ਵਿਚ ਇਕ ਲਹਿਰ ਪੈਦਾ ਹੋ ਗਈ। ਭਾਈ ਰਾਜੋਆਣੇ ਸਮੇਤ ਸਿੱਖ ਖਾੜਕੂਆਂ ਨੂੰ ਭਿਆਨਕ ਲੰਮੀਆਂ ਸਜਾਵਾਂ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸ਼ਰੇਆਮ ਘੁੰਮਣਾ ਭਾਰਤੀ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਦੇ ਦਾਅਵੇ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਮਸਲੇ ’ਤੇ ਕੌਮ ਦਾ ਇਕਮੁੱਠ ਹੋ ਕੇ ਲਹਿਰ ਚਲਾਣਾ ਵੀ ਇੱਕ ਚੰਗਾ ਸੰਕੇਤ ਹੈ। ਰੋਜ਼ਾਨਾ ਸਪੋਕਸਮੈਨ
ਸਮੇਤ ਕੁਝ ਅਖਬਾਰਾਂ ਵਲੋਂ ਇਸ ਮਸਲੇ ਦੀ ਪੂਰੀ ਕਵਰੇਜ ਅਤੇ ਆਪਣੇ ਸੰਪਾਦਕੀਆਂ ਰਾਹੀਂ ਦਿੱਤਾ ਸਮਰਥਨ ਵੀ  ਪ੍ਰਸ਼ੰਸਾ ਦਾ ਪਾਤਰ ਹੈ, ਜਦਕਿ ਨੈਸ਼ਨਲ ਮੀਡੀਆ ’ਤੇ ਭਾਰੂ ਭਗਵਾਂ ਲਾਬੀ ਨੇ ਇਸ ਅਹਿਮ ਮੁੱਦੇ ਨੂੰ ਬਹੁਤ ਹੱਦ ਤੱਕ ਨਜ਼ਰਅੰਦਾਜ਼ ਕਰੀ ਰੱਖਿਆ। ਹੋਰ ਵੀ ਸਾਰੀਆਂ ਪੰਥਕ ਧਿਰਾਂ ਨੇ ਇਸ ਸੰਬੰਧੀ ਬਹੁਤ ਸਰਗਰਮੀ ਨਾਲ ਆਪਣਾ ਯੋਗਦਾਨ ਪਾਇਆ। ਨਤੀਜਤਨ ਲੋਕ ਭਾਵਨਾਵਾਂ ਦੇ ਪ੍ਰਭਾਵ ਹੇਠ, ਆਪਣੇ ਰਾਜਨੀਤਕ ਸਵਾਰਥ ਵੱਲ ਵੇਖਦੇ ਹੋਏ, ਅਕਾਲੀ ਸਰਕਾਰ ਨੇ ਵੀ ਰਾਜੋਆਣਾ ਦੀ ਫਾਂਸੀ ਫਿਲਹਾਲ ਟਲਵਾਉਣ ਲਈ ਸਰਗਰਮੀ ਵਿਖਾਈ, ਕਿਉਂਕਿ ਇਸ ਮਸਲੇ ’ਤੇ ਪੰਜਾਬ ਕਾਂਗਰਸ ਨੇ ਵੀ ਫਾਂਸੀ ਦੇ ਵਿਰੁਧ ਸਟੈਂਡ ਲੈ ਲਿਆ ਸੀ। ਫੇਰ ਵੀ ਬਾਦਲ ਸਰਕਾਰ ਦੀ ਵੀ ਇਸ ਮਸਲੇ ’ਤੇ ਤਾਰੀਫ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਇਸ ਮਸਲੇ ਨੂੰ ਰਾਸ਼ਟਰਪਤੀ ਕੌਲ ਉਠਾਇਆ। ਜੇ ਪ੍ਰਕਾਸ਼ ਸਿੰਘ ਬਾਦਲ ਵਕਤੀ ਰਾਜਨੀਤਕ ਸੁਆਰਥਾਂ ਦੇ ਪ੍ਰਭਾਵ ਤੋਂ ਉਪਰ ਉੱਠ ਕੇ ਕੁੱਝ ਕਰਨ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਰਾਜੋਆਣਾ ਸਮੇਤ ਉਨ੍ਹਾਂ ਸਾਰਿਆਂ ਸਿੱਖਾਂ ਨੂੰ ਰਿਹਾ ਕਰਵਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਜੋ 1984 ਸਾਕੇ ਨਾਲ ਸੰਬੰਧਿਤ ਸੰਘਰਸ਼ ਕਾਰਨ ਆਪਣੀਆਂ ਉਮਰਾਂ ਜੇਲਾਂ ਵਿਚ ਗਾਲ ਰਹੇ ਹਨ।
ਪੰਜਾਬ ਦਾ ਮਾਹੌਲ਼ ਸ਼ਾਂਤ ਹੈ ਅਤੇ ਐਸੇ ਸੁਹਿਰਦ ਕਦਮ ਹੀ ਸਿੱਖਾਂ ਦਾ ਵਿਸ਼ਵਾਸ ਜਿੱਤਣ ਵਿਚ ਕਾਰਗਰ ਸਾਬਿਤ ਹੋ ਸਕਦੇ ਹਨ। ਪਰ ਪੰਜਾਬ ਵਿਚ ਸ਼ਿਵ-ਸੈਨਾ ਵਲੋਂ ਸਿੱਖ ਭਾਵਨਾਵਾਂ ਦਾ ਵਿਰੋਧ ਕਰਕੇ ਪੈਦਾ ਕੀਤੀ ਜਾ ਰਹੀ ਭੜਕਾਹਟ ਉਪਰੰਤ ਪੁਲਿਸ ਵਲੋਂ ਕੀਤੀ ਫਾਇਰੰਗ ਵਿਚ ਕੁਝ ਨੌਜਵਾਨਾਂ ਦੀ ਹੋਈ ਮੌਤ ਪੰਜਾਬ ਸਰਕਾਰ ਦੇ ਇਰਾਦਿਆਂ ’ਤੇ ਸ਼ੱਕ ਪੈਦਾ ਕਰਦੀ ਹੈ।
ਭਾਈ ਰਾਜੋਆਣਾ ਦੀ ਫਾਂਸੀ ’ਤੇ ਲੱਗੀ ਰੋਕ ਆਰਜ਼ੀ ਹੈ। ਕੁਝ ਜਾਣਕਾਰ ਧਿਰਾਂ ਵਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਆਰਜ਼ੀ ਰੋਕ ਕੌਮ ਵਿਚ ਪੈਦਾ ਹੋਏ ਰੋਸ ਨੂੰ ਸ਼ਾਂਤ ਕਰਕੇ ਚੁੱਪ-ਚੁੱਪੀਤੇ ਫਾਂਸੀ ਦੇਣ ਦੀ ਇਕ ਨਾਪਾਕ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਭਾਈ ਸੁਖੇ-ਜਿੰਦੇ ਦੀ ਵਾਰੀ ਵੀ ਇੱਦਾਂ ਹੀ ਕੀਤਾ ਗਿਆ ਸੀ। ਜੇ ਐਸਾ ਕੁਝ ਹੋਇਆ ਤਾਂ ਇਹ ਪੰਥ ਦੇ ਸੁਚੇਤ ਤਬਕੇ ਦੇ ਇਸ ਯਕੀਨ ਨੂੰ ਹੋਰ ਪੱਕਾ ਕਰ ਦੇਵੇਗਾ ਕਿ ਬਾਦਲ (ਸਰਕਾਰ) ਆਰ. ਐਸ. ਐਸ. ਦੇ ਇਸ਼ਾਰੇ ’ਤੇ ਹੁਣ ਪੰਜਾਬ ਅਤੇ ਸਿੱਖ ਕੌਮ ਦੇ ਵਿਰੁਧ ਹੀ ਕੰਮ ਕਰਦੀ ਹੈ। ਇਸ ਅੰਦੇਸ਼ੇ ਨੂੰ ਝੂਠਲਾਉਣ ਲਈ ਬਾਦਲ ਨੂੰ ਆਪਣੀ ਪੂਰਨ ਬਹੁਮਤ ਵਾਲੀ ਸਰਕਾਰ ਵਲੋਂ ਸੁਹਿਰਦਤਾ ਨਾਲ ਘੱਟੋ-ਘੱਟ ਪੰਜਾਬ ਵਿਚਲੀਆਂ ਜੇਲਾਂ ਵਿਚ ਬੰਦ ਸਿੱਖ ਸੰਘਰਸ਼ ਨਾਲ ਜੁੜੇ ਅਤੇ ਲੰਮੀਆਂ ਜੇਲ੍ਹਾਂ ਕੱਟ ਚੁੱਕੇ ਕੈਦੀਆਂ ਨੂੰ ਰਿਹਾ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਬਾਕੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਭਾਈ ਰਾਜੋਆਣਾ ਦੇ ਮਸਲੇ ’ਤੇ ਸਾਰੀ ਕੌਮ ਵਲੋਂ ਇਕ ਸਾਂਝੀ ਆਵਾਜ ਬੁਲੰਦ ਕਰਨ ਨਾਲ ਰਾਜੋਆਣਾ ਦੀ ਫਾਂਸੀ ਫਿਲਹਾਲ ਟੱਲ ਗਈ। ਇਸ ਆਰਜ਼ੀ ਕਾਮਯਾਬੀ ਲਈ ਇਸ ਲਹਿਰ ਨਾਲ ਜੁੜੀਆਂ ਸਾਰੀਆਂ ਸੁਹਿਰਦ ਧਿਰਾਂ ਵਧਾਈ ਦੀਆਂ ਪਾਤਰ ਹਨ। ਜੇ ਇਸ ਮਸਲੇ ’ਤੇ ਐਸੀ ਕੌਮੀ ਏਕਤਾ ਕਾਰਨ ਭਾਈ ਰਾਜੋਆਣਾ ਸਮੇਤ ਸਿੱਖ ਸੰਗਠਨਾਂ ਨਾਲ ਜੁੜੇ ਸਾਰੇ ਨੌਜਵਾਨਾਂ ਦੀ ਰਿਹਾਈ ਕਰਵਾਉਣ ਲਈ ਇਹ ਸਾਝੀ ਕੌਮੀ ਲਹਿਰ ਕਾਮਯਾਬ ਹੋਵੇਗੀ, ਇਹੀ ਆਸ ਹੈ। ਕੌਮ ਨੂੰ ਹਰ ਮਸਲੇ ’ਤੇ ਐਸੀ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਮੁੱਢਲੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਭਾਈ ਰਾਜੋਆਣਾ ਵਲੋਂ ਵਿਖਾਈ ਜਾ ਰਹੀ ਦਲੇਰੀ ਅਤੇ ਪੰਥ ਪ੍ਰਸਤੀ ’ਤੇ ਕੌਮ ਸਮੇਤ ਸਾਰੀ ਮਨੁੱਖਤਾ ਨੂੰ ਮਾਣ ਹੈ।   

ਇਸ ਲਹਿਰ ਵਿਚਲੇ ਠੋਸ ਬ੍ਰਾਹਮਣਵਾਦੀ ਅੰਸ਼ਾਂ ਦੀ ਗੁਰਮਤਿ ਪੜਚੋਲ:

ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਰਾਜੋਆਣਾ ਦੇ ਮਸਲੇ ਕਾਰਨ ਉੱਠੀ ਲਹਿਰ ਨੇ ਸਮੁੱਚੀ ਕੌਮ ਨੇ ਏਕਤਾ ਦੀਆਂ ਸੰਭਾਵਨਾਵਾਂ ਦਾ ਆਧਾਰ ਪੈਦਾ ਕੀਤਾ, ਜੋ ਇਕ ਬਹੁਤ ਹੀ ਚੰਗਾ ਸੰਕੇਤ ਹੈ। ਪਰ ਇਸ ਹਕੀਕਤ ਨੂੰ ਵੀ ਝੂਠਲਾਇਆ ਨਹੀਂ ਜਾ ਸਕਦਾ ਕਿ ਇਹ ਲਹਿਰ ਸ਼ੁਰੂ ਤੋਂ ਹੀ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੇ ਰੰਗ ਵਿਚ ਰੰਗੀ ਹੋਈ ਹੈ। ਇਸ ਅਹਿਮ ਪੱਖ ਨੂੰ ਲਗਭਗ ਸਾਰੀਆਂ ਪੰਥਕ ਧਿਰਾਂ ਨੇ ਅਣਗੌਲਿਆ ਕਰੀ ਰੱਖਿਆ। ਜਦਕਿ ਸਿੱਖ ਕੌਮ ਨਾਲ ਸੰਬਧਿਤ ਕਿਸੇ ਵੀ ਲਹਿਰ ਦਾ ‘ਗੁਰਮਤਿ’ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਤੋਂ ਸੇਧਿਤ ਹੋਣਾ ਅਤਿ ਜ਼ਰੂਰੀ ਹੈ। ‘ਤੱਤ ਗੁਰਮਤਿ ਪਰਿਵਾਰ’ ਦਾ ਮੁੱਖ ਮਕਸਦ ਹੀ ਨਿਰੋਲ ਗੁਰਮਤਿ ਦੀ ਸੇਧ ਵਿਚ ਸਿੱਖ ਸਮਾਜ ਵਿਚ ਘਰ ਕਰ ਚੁੱਕੇ ਬ੍ਰਾਹਮਣਵਾਦ/ਪੁਜਾਰੀਵਾਦ ਦੀ ਪਛਾਣ ਕਰਕੇ, ਖਰਾ ਸੱਚ ਸਾਹਮਣੇ ਲਿਆ ਕੇ ਅਪਣਾਉਂਦੇ ਹੋਏ ਸਿੱਖ ਸਮਾਜ ਸਮੇਤ ਸਮੁੱਚੀ ਲੋਕਾਈ ਤੱਕ ਪਹੁੰਚਾਉਣਾ ਹੈ।
ਇਸੇ ਮਕਸਦ ’ਤੇ ਨਜ਼ਰ ਰੱਖਦੇ ਹੋਏ ਅਸੀਂ ਇਸ ਲਹਿਰ ਨਾਲ ਜੁੜੇ ਬ੍ਰਾਹਮਣਵਾਦੀ ਅਤੇ ਪੁਜਾਰੀਵਾਦੀ ਅੰਸ਼ਾਂ ਬਾਰੇ ਪੜਚੋਲ ਕਰ ਰਹੇ ਹਾਂ ਤਾਂ ਕਿ ਇਸ ਲਹਿਰ ਦੇ ਆਗੂ (ਜੇ ਸੁਚੇਤ ਹੋਣ ਤਾਂ) ਇਨ੍ਹਾਂ ਪੱਖਾਂ ਤੋਂ ਪੜਚੋਲ ਕਰ ਸਕਣ।
ਇਸ ਲਹਿਰ ਦਾ ਧੁਰਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਭਾਈ ਰਾਜੋਆਣਾ ਵਿਚ ਦਲੇਰੀ ਦਾ ਗੁਣ ਕੁੱਟ-ਕੁੱਟ ਕੇ ਭਰਿਆ ਹੈ, ਜਿਸ ਕਾਰਨ ਉਹ ਮੌਤ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਦੇ ਹਨ। ਉਨ੍ਹਾਂ ਵਿਚ ਪੰਥ ਦਰਦ ਵੀ ਠਾਠਾਂ ਮਾਰਦਾ ਹੈ। ਪਰ ਜਿਥੋਂ ਤੱਕ ਗੁਰਮਤਿ ਸਿਧਾਂਤਾਂ ਦੀ ਸੋਝੀ ਅਤੇ ਉਨ੍ਹਾਂ ’ਤੇ ਪਹਿਰਾ ਦੇਣ ਦੀ ਗੱਲ ਹੈ, ਇਸ ਪੱਖੋਂ ਭਾਈ ਰਾਜੋਆਣਾ ਦੀ ਸੋਚ ਗੁਰਮਤਿ ਦੀ ਥਾਂ ਸੰਪਰਦਾਇਕਤਾ ਦੇ ਪ੍ਰਭਾਵ ਹੇਠ ਲਗਦੀ ਹੈ। ਹੁਣ ਤੱਕ ਸਾਹਮਣੇ ਆਏ ਉਨ੍ਹਾਂ ਦੇ ਬਿਆਨਾਂ ਦੇ ਕਈਂ ਅੰਸ਼ ਸੰਪਰਦਾਈ (ਬ੍ਰਾਹਮਣਵਾਦੀ) ਸੋਚ ਦਾ ਪ੍ਰਗਟਾਵਾ ਕਰਦੇ ਹਨ।
ਜਿਥੋਂ ਤੱਕ ਮੌਤ ਨੂੰ ਟਿੱਚ ਜਾਣਨ ਜਿਹੀ ਦਲੇਰੀ ਦੇ ਗੁਣ ਦੀ ਗੱਲ ਹੈ, ਦੁਨੀਆਵੀ ਘਟਨਾਕ੍ਰਮ ਦੀ ਪੜਚੋਲਾਤਮਕ ਜਾਣਕਾਰੀ ਰੱਖਣ ਵਾਲਾ ਹਰ ਸੁਚੇਤ ਮਨੁੱਖ ਜਾਣਦਾ ਹੈ ਕਿ ਕਿਸੇ ਖਾਸ ਮਕਸਦ (ਮਿਸ਼ਨ) ਦੀ ਪ੍ਰਾਪਤੀ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਮਨੁੱਖ ਐਸੀ ਦਲੇਰੀ ਅਨੇਕਾਂ ਵਾਰ ਵਿਖਾਉਂਦੇ ਰਹੇ ਹਨ। ਇਹ ਪਹੁੰਚ ਸਿਰਫ ਸਿੱਖਾਂ ਵਿਚ ਹੀ ਨਹੀਂ, ਅਨੇਕਾਂ ਹੋਰ ਮੱਤਾਂ ਵਿਚ ਵੀ ਮਿਲਦੀ ਹੈ। ਭਗਤ ਸਿੰਘ ਦੀ ਮਿਸਾਲ ਸਭ ਦੇ ਸਾਹਮਣੇ ਹੈ। ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਿਸੇ ਪ੍ਰਚਲਿਤ ਧਾਰਮਿਕ ਮੱਤ ਨੂੰ ਨਹੀਂ ਮੰਨਦਾ ਸੀ (ਭਾਵ
ਨਾਸਤਿਕ ਸੀ)। ਪਰ ਫੇਰ ਵੀ ਉਸ ਦੇ ਖਿੜੇ ਮੱਥੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ 9/11 ਨੂੰ ਹਵਾਈ ਜਹਾਜਾਂ ਵਿਚ ਪਾਇਲਟ ਬਣ ਕੇ ਅਮਰੀਕਾ ਵਿਚਲੀਆਂ ਦੋ ਉੱਚੀਆਂ ਇਮਾਰਤਾਂ ਨੂੰ ਮਿੱਟੀ ਵਿਚ ਮਿਲਾਉਂਦੇ ਹੋਏ ਆਪਣੀ ਜਾਨ ਦੀ ਬਾਜ਼ੀ ਲਾ ਦੇਣ ਨੌਜਵਾਨਾਂ ਵਿਚ ਵੀ ਕਿਸੇ ਮਕਸਦ ਪ੍ਰਤੀ ਜਨੂੰਨ ਕਾਰਨ ‘ਦਲੇਰੀ’ ਦਾ ਗੁਣ ਮੌਜੂਦ ਸੀ। ਅਨੇਕਾਂ ਮੱਤਾਂ ਦੇ ਲੋਕਾਂ ਵਲੋਂ ਕੌਮੀ ਸੰਘਰਸ਼ ਦੌਰਾਣ ਮਾਨਵ ਬੰਬ ਬਨਣ ਦੀਆਂ ਆਏ ਦਿਨ ਹੁੰਦੀਆਂ ਘਟਨਾਵਾਂ ਵੀ ਉਨ੍ਹਾਂ ਵਿਚਲੇ ਦਲੇਰੀ (ਮੌਤ ਨੂੰ ਟਿੱਚ ਜਾਣਨ) ਦੇ ਗੁਣ ਨੂੰ ਉਜਾਗਰ ਕਰਦੀਆਂ ਹਨ। ਕਹਿਣ ਦਾ ਭਾਵ ਹੈ ਕਿ ਕਿਸੇ ਮਕਸਦ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਹੋ ਕੇ ਮੌਤ ਨੂੰ ਖਿੜੇ ਮੱਥੇ ਗਲੇ ਲਾ ਲੈਣ ਦਾ ਗੁਣ ਲਗਭਗ ਹਰ ਮੱਤ ਵਿਚ ਪਾਇਆ ਜਾਂਦਾ ਹੈ। ਹਾਂ ਕਿਸੇ ਕੌਮ ਵਿਚ ਐਸੇ ਆਸ਼ਿਕ ਘੱਟ ਹੋ ਸਕਦੇ ਹਨ, ਕਿਸੇ ਵਿਚ ਵੱਧ। ਦਲੇਰੀ ਦੇ ਹਰ ਐਸੇ ਪ੍ਰਗਟਾਵੇ ਦੇ ਠੀਕ ਜਾਂ ਗਲਤ ਹੋਣ ਦੀ ਕਸਵੱਟੀ ਇਸ ਗੱਲ ’ਤੇ ਨਿਰਭਰ ਕਰਦੀ ਹੈ, ਉਸ ਦਾ ਮਨੁੱਖਤਾ ਨੂੰ ਨੁਕਸਾਨ ਹੋਇਆ ਜਾਂ ਫਾਇਦਾ। ਮਿਸਾਲ ਲਈ 9/11 ਨੂੰ ਅਮਰੀਕਾ ਵਿਚਲੇ ਆਤੰਕੀ ਹਮਲੇ ਨੇ ਉਨ੍ਹਾਂ ਹਜ਼ਾਰਾਂ ਮਾਸੂਮ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ ਦਾ ਅਮਰੀਕਾ ਦੀਆਂ ਵਧੀਕੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਘੱਟੋ-ਘੱਟ ਗੁਰਮਤਿ ਦੀ ਸੇਧ ਤਾਂ ਐਸੇ ਵਰਤਾਰੇ ਨੂੰ ਗਲਤ ਹੀ ਮੰਨਦੀ ਹੈ। ਜਿਥੋਂ ਤੱਕ ਭਾਈ ਰਾਜੋਆਣੇ ਦੇ ਮਸਲੇ ਦੀ ਗੱਲ ਹੈ, ਉਹ ਇਸ ਪੱਖ ਤੋਂ ਸੁਰਖਰੂ ਹੈ, ਕਿਉਂਕਿ ਆਮ ਮੰਨੇ ਜਾਂਦੇ ਸੱਚ ਅਨੁਸਾਰ ਬੇਅੰਤ ਸਿੰਘ-ਕੇ. ਪੀ. ਐਸ. ਗਿੱਲ ਦੀ ਜੋੜੀ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਪੁਲਿਸ ਕਤਲੇਆਮ ਦਾ ਮੁੱਖ ਕਾਰਨ ਸੀ। ਸੋ ਇਹ ਬੇਅੰਤ ਸਿੰਘ ਦਾ ਕਤਲ ਕਿਸੇ ਬਦਲਾ ਲੈਣ ਲਈ ਨਹੀਂ, ਬਲਕਿ ਸਿੱਖ ਨੌਜਵਾਨਾਂ ਦੇ ਪੁਲਿਸ ਵਲੋਂ ਕਤਲੇਆਮ ਨੂੰ ਰੋਕਣ ਦੇ ਮਕਸਦ ਨਾਲ ਕੀਤਾ ਗਿਆ ਸੀ।

ਗੱਲ ਕਰਦੇ ਹਾਂ ਭਾਈ ਰਾਜੋਆਣੇ ਦੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ:

ਜੇ ਕੋਈ ਆਮ ਆਦਮੀ ਬ੍ਰਾਹਮਣੀ ਸੋਚ ਰੱਖਦਾ ਹੈ ਤਾਂ ਉਸ ਦਾ ਪ੍ਰਭਾਵ ਖੇਤਰ ਸੀਮਿਤ ਹੁੰਦਾ ਹੈ। ਪਰ ਜੇ ਕਿਸੇ ਲਹਿਰ ਦਾ ਹੀਰੋ (ਆਗੂ) ਐਸਾ ਕਰੇ ਤਾਂ ਉਸ ਦੀ ਪੜਚੋਲ ਫੌਰਨ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਲਹਿਰ ਨਾਲ ਜੁੜੇ ਲੋਕਾਂ ਲਈ ਉਹ ‘ਰੋਲ ਮਾਡਲ’ (ਪ੍ਰੇਰਣਾਸ੍ਰੋਤ) ਬਣ ਜਾਂਦਾ ਹੈ। ਇਸ ਲਹਿਰ ਵਿਚੋਂ ਉੱਠ ਰਹੇ ਜ਼ਜਬਾਤੀ ਨਾਹਰੇ “ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ” ਵੀ ਇਸ ਦੀ ਮਿਸਾਲ ਹੈ।  ਜਦਕਿ ਸਿੱਖ ਕੌਮ ਨਾਲ ਜੁੜੀ ਹਰ ਲਹਿਰ ਦਾ ਨਾਅਰਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈ:
“ਗੁਰਮਤਿ ਦੀ ਸੋਚ (ਸੇਧ) ’ਤੇ, ਪਹਿਰਾ ਦਿਆਂਗੇ ਠੋਕ ਕੇ”
ਕਿਉਂਕਿ ਕਿਸੇ ਇਕ ਆਗੂ ਦੀ ਸੋਚ ਪੂਰੀ ਤਰ੍ਹਾਂ ਗੁਰਮਤਿ ਅਨੁਸਾਰੀ ਹੋਣਾ ਬਹੁਤ ਮੁਸ਼ਕਿਲ ਹੈ। ਹੁਣ ਤੱਕ ਤਾਂ ਐਸਾ ਕੋਈ ਆਗੂ/ਰੋਲ ਮਾਡਲ ਆਧੁਨਿਕ ਸਮੇਂ ਵਿਚ ਸਾਹਮਣੇ ਨਹੀਂ ਆਇਆ। ਐਸੇ ਨਾਅਰੇ ਅਕਸਰ ਗੁਰਮਤਿ ਨੂੰ ਅਣਦੇਖਿਆ ਕਰਕੇ ਵਕਤੀ ਤੌਰ ’ਤੇ ਪੈਦਾ ਹੋਏ ਜ਼ਜਬਾਤਾਂ ਦਾ ਪ੍ਰਗਟਾਵਾ ਹੀ ਹੁੰਦੇ ਹਨ। ਐਸੇ ਨਾਅਰੇ ਲੋਕਾਈ ਦੇ ‘ਸਿਧਾਂਤ-ਪ੍ਰਸਤ’ ਹੋਣ ਦੀ ਥਾਂ ‘ਸ਼ਖਸੀਅਤ-ਪ੍ਰਸਤ’ ਹੋਣ ਦਾ ਸੁਨੇਹਾ ਹੀ ਦਿੰਦੇ ਹਨ। ਗੱਲ ਚੱਲ ਰਹੀ ਸੀ ਭਾਈ ਰਾਜੋਆਣਾ ਸੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ। ਭਾਈ ਰਾਜੋਆਣਾ ਵਲੋਂ ਕੀਤੀ ਵਸੀਅਤ ਦੇ ਇਹ ਅੰਸ਼ ਇਸ ਪੱਖੋ ਪੜਚੋਲ ਮੰਗਦੇ ਹਨ।

1.      ਮੇਰੀਆਂ ਅੱਖਾਂ (ਫਾਂਸੀ ਤੋਂ ਬਾਅਦ) ਦਰਬਾਰ ਸਾਹਿਬ ਵਿਚਲੇ ਇਕ ਸੂਰਮੇ ਰਾਗੀ ਸਿੰਘ ਨੂੰ ਦਾਨ ਕਰ ਦਿਤੀਆਂ ਜਾਣ ਤਾਂ ਕਿ ਉਨ੍ਹਾਂ ਅੱਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ।
ਪੜਚੋਲ: ਭਾਈ ਰਾਜੋਆਣਾ ਵਲੋਂ ਫਾਂਸੀ ਤੋਂ ਬਾਅਦ ਸ਼ਰੀਰ ਦੇ ਅੰਗ ਦਾਨ ਕਰਨ ਦੀ ਸੋਚ ਗੁਰਮਤਿ ਦੀ ਸੇਧ ਵਿਚ ਹੈ। ਪਰ ਕਿਸੇ ਰਾਗੀ ਨੂੰ ਸਿਰਫ ਇਸ ਕਰਕੇ ਅੱਖਾਂ ਦਾਨ ਕਰਨ ਦੀ ਇੱਛਾ ਕਿ ਕਿਸੇ ਥਾਂ (ਬਿਲਡਿੰਗ) ਖਾਸ ਦੇ ਦਰਸ਼ਨ ਹੁੰਦੇ ਰਹਿਣ ਵਾਲੀ ਸੋਚ ਗੁਰਮਤਿ ਅਨੁਸਾਰੀ ਨਹੀਂ। ਗੁਰਮਤਿ ਕਿਸੇ ਥਾਂ ਵਿਸ਼ੇਸ਼ ਦੇ ਪਵਿੱਤਰ ਮੰਨਣ ਦੀ ਸੋਚ ਦੀ ਪ੍ਰੋੜਤਾ ਨਹੀਂ, ਖਿਲਾਫਤ ਕਰਦੀ ਹੈ। ਗੁਰਬਾਣੀ ਵਿਚ ਥਾਂ-ਥਾਂ ਤੀਰਥ ਯਾਤਰਾਵਾਂ/ਇਸ਼ਨਾਨਾਂ ਦਾ ਖੰਡਨ ਕਿਸੇ ਥਾਂ ਜਾਂ ਬਿਲਡਿੰਗ ਦੇ ‘ਪਵਿੱਤਰ’ ਮੰਨਣ ਦੀ ਸੋਚ ਨੂੰ ਭਰਮ (ਗਲਤ) ਦੱਸਦੀ ਹੈ। ਦਰਬਾਰ ਸਾਹਿਬ ਕੰਪਲੈਕਸ ਦੀ ਉਸਾਰੀ ਕੌਮ ਦੇ ਇਕ ਕੇਂਦਰ ਵਜੋਂ ਕੀਤੀ ਗਈ ਸੀ ਨਾ ਕਿ ਕਿਸੇ ਤੀਰਥ ਵਾਂਗੂ। ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਉਸ ਬ੍ਰਾਹਮਣਵਾਦ ਦਾ ਪ੍ਰਗਟਾਵਾ ਹਨ, ਜੋ ਬ੍ਰਾਹਮਣੀ ਤੀਰਥਾਂ ਨੂੰ ਰੱਦ ਕਰਕੇ ਆਪਣੇ ਨਵੇਂ ਤੀਰਥ ਘੱੜ ਲੈਣ ਦੀ ਸੋਚ ਹੈ। ਇਹ ਵੀ ਅਫਸੋਸਜਨਕ ਹਕੀਕਤ ਹੈ ਕਿ ਕੌਮ ਨੇ ਕੇਂਦਰ ਦੇ ਤੌਰ ’ਤੇ ਉਸਾਰੇ ‘ਦਰਬਾਰ ਸਾਹਿਬ’ ਕੰਪਲੈਕਸ ਨੂੰ ਇਕ ਤੀਰਥ ਦਾ ਰੂਪ ਦੇਂਦੇ ਹੋਏ ਗੁਰਮਤਿ ਵੱਲ ਪਿੱਠ ਕਰ ਲਈ। ਇਹ ਤੀਰਥ ਹੁਣ ਅਨੇਕਾਂ ਮਨਮੱਤਾਂ ਦਾ ਘਰ ਬਣ
ਚੁੱਕਿਆ ਹੈ। ਤੀਰਥਾਂ ਦੀ ਸੂਚੀ ਸਿਰਫ ਅੰਮ੍ਰਿਤਸਰ ਤੱਕ ਹੀ ਸੀਮਿਤ ਨਹੀਂ ਰਹੀ, ਸਿੱਖਾਂ ਨੇ ਆਪਣੇ ਅਨੇਕਾਂ ਇਤਹਾਸਿਕ/ਮਿਥਿਹਾਸਿਕ ਸਥਾਨਾਂ ਨੂੰ ‘ਬ੍ਰਾਹਮਣੀ’ ਤਰਜ਼ ਦੇ ਤੀਰਥ ਬਣਾ ਕੇ ਗੁਰਮਤਿ ਤੋਂ ਮੂੰਹ ਫੇਰਿਆ ਹੋਇਆ ਹੈ।
ਅੱਖਾਂ ਨਾਲ ਕਿਸੇ ਬਿਲਡਿੰਗ ਦੇ ਪਵਿੱਤਰ ਦਰਸ਼ਨਾਂ ਦੀ ਤਾਂਘ ਕਰਨ ਵਾਲੀ ਸੋਚ ਅਗਰ ਗੁਰਬਾਣੀ ਦੇ ਇਹ ਅੰਸ਼ ਵਿਚਾਰ ਲਵੇ: “ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥1॥  (ਪੰਨਾ 577)” ਤਾਂ ਭਰਮ ਭੁਲੇਖੇ ਨਾ ਰਹਿਣ। ਵੈਸੇ ਵੀ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵੀ ਭਾਈ ਰਾਜੋਆਣਾ ਦੀ ਇਹ ਸੋਚ ਨਾ-ਵਾਕਿਫ ਲਗਦੀ ਹੈ। ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਰੱਖਣ ਵਾਲਾ ਹਰ ਸ਼ਖਸ ਇਹ ਜਾਣਦਾ ਹੈ ਕਿ ਸ਼ਰੀਰਕ ਅੱਖਾਂ ਸਿਰਫ ਕਿਸੇ ਵਸਤੂ ਨੂੰ ਦੇਖਣ ਦਾ ਇਕ ਸਾਧਨ ਹਨ, ਪਰ ਕਿਸੇ ਵਸਤੂ ਪ੍ਰਤੀ ਵੇਖਣ ਦਾ ਨਜ਼ਰੀਆ ਅਸਲ ਵਿਚ ‘ਦਿਮਾਗ’ ਦਾ ਹੁੰਦਾ ਹੈ। ਦਿਮਾਗ ਹੀ ਸ਼ਰੀਰ ਦੇ ਹੋਰ ਬਹੁੱਤੇ ਅੰਗਾਂ ਵਾਂਗੂ ‘ਅੱਖਾਂ’ ਨੂੰ ਕੰਟਰੋਲ ਕਰਦਾ ਹੈ। ਸੋ ਉਸ ਰਾਗੀ ਵੀਰ ਵਿਚ ਅੱਖਾਂ ਲੱਗਣ ਤੋਂ ਬਾਅਦ ਨਜ਼ਰੀਆ ਉਸ ਰਾਗੀ ਦਾ ਰਹੇਗਾ, ਨਾ ਕਿ ਭਾਈ ਰਾਜੋਆਣੇ ਦਾ। ਜਿਆਦਾ ਸਪਸ਼ਟਤਾ ਲਈ, ਮੰਨ ਲਵੋ ਭਾਈ ਰਾਜੋਆਣੇ ਦੀ ਅੱਖਾਂ ਲੱਗਣ ਤੋਂ ਬਾਅਦ ਮਿਲੀ ਰੌਸ਼ਨੀ ਨਾਲ ਉਹ ਰਾਗੀ ਸਿੰਘ ਕਿਸੇ ਇਸਤਰੀ ਵੱਲ ਗਲਤ ਨਜ਼ਰ ਨਾਲ ਵੇਖਦਾ ਹੈ ਤਾਂ ਕੀ ਇਹ ਮੰਨਿਆ ਜਾਵੇਗਾ ਕਿ ਇਹ ਗਲਤ ਨਜ਼ਰ ‘ਰਾਜੋਆਣੇ’ ਦੀ ਹੈ? ਨਹੀਂ, ਬਿਲਕੁਲ ਨਹੀਂ।
ਸੋ ਸਪਸ਼ਟ ਹੈ, ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼, ਗੁਰਮਤਿ ਦੀ ਅਗਿਆਨਤਾ/ਅਨਦੇਖੀ ਕਾਰਨ ਪੈਦਾ ਹੋਏ ਉਨ੍ਹਾਂ ਜ਼ਜਬਾਤਾਂ ਦਾ ਪ੍ਰਗਟਾਵਾ ਹਨ, ਜੋ ਅੱਜ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਹਨ। ਐਸੇ ਜ਼ਜਬਾਤਾਂ ਨੂੰ ਹੱਲਾ-ਸ਼ੇਰੀ ਦੇਣ ਦੀ ਥਾਂ ਉਨ੍ਹਾਂ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ।
2.      ਮੈਂ ਅਕਾਲ ਤਖਤ ਨੂੰ ਸਮਰਪਿਤ ਹਾਂ, ਇਸ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਨੂੰ ਹੀ ਮਿਲਣਾ ਚਾਹਾਂਗਾ।
ਪੜਚੋਲ : ਭਾਈ ਰਾਜੋਆਣਾ ਨੇ ਆਪਣੀ ਵਸੀਅਤ ਵਿਚ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਹਨ। ਗਿਆਨੀ ਗੁਰਬਚਨ ਸਿੰਘ ਸਮੇਤ ਪਿੱਛਲੇ ਸਮੇਂ ਵਿਚ ਅਕਾਲ ਤਖਤ ’ਤੇ ਕਾਬਜ਼ ਲੋਕ ‘ਜਥੇਦਾਰ’ ਨਹੀਂ, ਭ੍ਰਿਸ਼ਟ ਹਾਕਮਾਂ ਦੇ ਗੁਲਾਮ ਬੇਈਮਾਨ ‘ਪੁਜਾਰੀ’ ਹਨ। ਸੋ ਇਨ੍ਹਾਂ ਦੀ ਅਖੌਤੀ ਜਥੇਦਾਰੀ ਨੂੰ ਮਾਨਤਾ ਪ੍ਰਦਾਨ ਕਰਨਾ ਗੁਰਮਤਿ ਪ੍ਰਤੀ ਅਗਿਆਨਤਾ ਦਾ ਹੀ ਪ੍ਰਗਟਾਵਾ ਹੈ। ਜੇ ਇਸ ਪੁਜਾਰੀ ਨੂੰ ਹੀ ਅਕਾਲ ਤਖਤ (ਦਾ ਜਥੇਦਾਰ) ਮੰਨਣਾ ਹੈ ਤਾਂ ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦੇਣ, ਨਾਨਕਸ਼ਾਹੀ ਕੈਲੰਡਰ ਦੇ ਕਤਲ ਸਮੇਤ ਉਨ੍ਹਾਂ ਸਾਰੇ  ਕੂੜ ਕਰਮਾਂ ਨਾਲ ਵੀ ਭਾਈ ਰਾਜੋਆਣਾ ਦੀ ਸਹਿਮਤੀ ਮੰਨੀ ਜਾਵੇਗੀ, ਜੋ ਇਸ ਪੁਜਾਰੀ (ਜਥੇਦਾਰ) ਦੀ ਸਰਪ੍ਰਸਤੀ ਹੇਠ ‘ਅਕਾਲ ਤਖਤ’ ਦੇ ਨਾਮ ਹੇਠ ਕੀਤੇ ਹਨ।
ਖੈਰ! ਭਾਈ ਰਾਜੋਆਣਾ ਦੀ ਇਹ ਇੱਛਾ ਪੂਰੀ ਹੋ ਗਈ ਹੈ ਅਤੇ ਇਸ ਪੁਜਾਰੀ ਨੇ ‘ਪਵਿੱਤਰ ਜਲ’ ਦੀਆਂ ਕੈਨੀਆਂ ਇਸ਼ਨਾਨ ਲਈ ਬਖਸ਼ ਕੇ ਫਾਂਸੀ ਤੋਂ ਪਹਿਲਾਂ ‘ਪਵਿਤ੍ਰ’ ਹੋਣ ਦਾ ਭਰਮ ਪ੍ਰਚਾਰ ਕੇ ਆਪਣਾ ਪੁਜਾਰੀਵਾਦੀ/ਬ੍ਰਾਹਮਣਵਾਦੀ ਚਿਹਰਾ ਵੀ ਦਿਖਾ ਦਿੱਤਾ ਹੈ। ਸੋ ਸਪਸ਼ਟ ਹੈ ਕਿ ਭਾਈ ਰਾਜੋਆਣਾ ਵਲੋਂ ਅਕਾਲ ਤਖਤ ਦੇ ਨਾਮ ਹੇਠ ਪੁਜਾਰੀਆਂ ਨੂੰ ਮਾਨਤਾ ਦੇਣਾ, ਗੁਰਮਤਿ ਸੇਧ ਪ੍ਰਤੀ ਅਣਦੇਖੀ/ਅਗਿਆਨਤਾ ਕਾਰਨ ਪੈਦਾ ਹੋਏ ਵਕਤੀ ਜ਼ਜਬਾਤ ਹੀ ਹਨ।

ਇਸ ਵਸੀਅਤ ਤੋਂ ਇਲਾਵਾ ਭਾਈ ਰਾਜੋਆਣਾ ਦੇ ਸਾਹਮਣੇ ਆਏ ਬਿਆਨਾਂ ਵਿਚ ਵੀ ਕੁਝ ਅੰਸ਼ ਸੰਪਰਦਾਈ (ਬ੍ਰਾਹਮਣੀ) ਸੋਚ ਦਾ ਪ੍ਰਗਟਾਵਾ ਕਰਦੇ ਹਨ। ਮਿਸਾਲ ਲਈ:

(1)  ਫਾਂਸੀ ਤੋਂ ਪਹਿਲਾਂ ‘ਪਵਿਤ੍ਰ ਜਲ’ ਨਾਲ ਇਸ਼ਨਾਨ ਰਾਹੀਂ ਪਵਿਤ੍ਰ ਹੋਣ ਦਾ ਭਰਮ:
ਪੜਚੋਲ : ਭਾਈ ਰਾਜੋਆਣੇ ਦੇ ਅਖਬਾਰ ਵਿਚ ਆਏ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਫਾਂਸੀ (ਜੋ ਫਿਲਹਾਲ ਟਲ ਗਈ ਹੈ) ਤੋਂ ਪਹਿਲਾ ਅਕਾਲ ਤਖਤ ਦੇ ਜਥੇਦਾਰ (ਅਸਲ ਵਿਚ ਪੁਜਾਰੀ) ਵਲੋਂ ਬਖਸ਼ੇ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਣਗੇ। ਇਸ ਬਿਆਨ ਨਾਲ ਭਾਈ ਰਾਜੋਆਣਾ ਨੇ ਪੁਜਾਰੀਆਂ ਦੀ ਇਸ ਬ੍ਰਾਹਮਣੀ ਸੋਚ ਨੂੰ ਮਾਨਤਾ ਦੇ ਦਿੱਤੀ ਹੈ ਕਿ ਕਿਸੇ ‘ਵਿਸ਼ੇਸ਼ ਪਵਿੱਤਰ ਜਲ’ ਦੇ ਇਸ਼ਨਾਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ। ਬੇਸ਼ਕ ਪੁਜਾਰੀਆਂ ਦਾ ਕੰਮ ਤਾਂ ਆਦਿ ਕਾਲ ਤੋਂ ਹੀ ਐਸੇ ਭਰਮਾਂ ਦਾ ਪ੍ਰਚਾਰ ਕਰਕੇ ਲੋਕਾਈ ਦੀ
ਸਰਬਪੱਖੀ ਲੁੱਟ ਕਰਨਾ ਰਿਹਾ ਹੈ (ਜੋ ‘ਦਰਬਾਰ ਸਾਹਿਬ’ ਸਮੇਤ ਸਿੱਖ ਗੁਰਦੁਆਰਿਆਂ ਵਿਚ ਆਮ ਵੇਖੀ ਜਾ ਸਕਦੀ ਹੈ)। ਪਰ ਭਾਈ ਰਾਜੋਆਣਾ ਦਾ ਇਸ ਭਰਮ ਨੂੰ ਮਾਨਤਾ ਦੇਣਾ ਉਨ੍ਹਾਂ ਦੀ ਗੁਰਮਤਿ ਸਿਧਾਂਤਾਂ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਅਤੇ ਅਫਸੋਸਜਨਕ ਹੈ।
ਜੇ ਗੁਰਮਤਿ ਦੇ ਨਜ਼ਰੀਏ ਤੋਂ ਵੇਖੀਏ ਤਾਂ ਗੁਰਬਾਣੀ ਵਿਚ  ਕਿਸੇ ‘ਵਿਸ਼ੇਸ਼ ਜਲ’ ਦੇ ਪਵਿੱਤਰ ਇਸ਼ਨਾਨ ਦੇ ਭਰਮ ਬਾਰੇ ਖਰਾ ਸੱਚ ਪ੍ਰਕਟ ਕਰਦੇ ਐਸੇ ਅਨੇਕਾਂ ਵਾਕ ਹਨ:

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥2॥(ਪੰਨਾ 484)

ਕੀ ਦਰਬਾਰ ਸਾਹਿਬ ਦੇ ਜਲ ਨੂੰ ਪਵਿੱਤਰ ਮੰਨਣ ਦੀ ਸੋਚ ਕਿਸੇ ਖਾਸ ਨਦੀ ਦੇ ਜਲ (ਗੰਗਾ ਜਲ) ਨੂੰ ਪਵਿੱਤ੍ਰ ਮੰਨਣ ਦੀ ਸੋਚ ਦੀ ਗੁਲਾਮ ਨਹੀਂ ਹੈ? ਅਫਸੋਸ! ਅਸੀਂ ਨਾਨਕ ਸਰੂਪਾਂ ਵਲੋਂ ਸਥਾਪਿਤ ਅਦਾਰਿਆਂ/ਵਿਵਸਥਾਵਾਂ ਦੇ ਅਸਲ ਮਕਸਦ ਨੂੰ ਵਿਸਾਰ ਕੇ ਉਨ੍ਹਾਂ ਨੂੰ ਬ੍ਰਾਹਮਣੀ ਸੰਸਥਾਵਾਂ ਦਾ ਰੂਪ ਦੇ ਦਿੱਤਾ।

2.      ਕੇਸਰੀ ਰੰਗ ਦੇ ਝੰਡੇ/ਝੰਡੀਆਂ ਘਰਾਂ ’ਤੇ ਲਹਿਰਾਉਣ ਦੀ ਇੱਛਾ:
ਪੜਚੋਲ : ਗੁਰਮਤਿ ਦੇ ਨਜ਼ਰੀਏ ਤੋਂ ਪੜਚੋਲ ਕਰੀਏ ਤਾਂ ਗੁਰਮਤਿ ਕਿਸੇ ਰੰਗ ਵਿਸ਼ੇਸ਼ ਦੇ ਮਹੱਤਵ ਨੂੰ ਨਕਾਰਦੀ ਹੈ। ਕੌਮ ਦੇ ਏਕਤਾ ਨਾਲ ਜੋੜ ਕੇ ਕਿਸੇ ਇਕ ‘ਕੌਮੀ ਨਿਸ਼ਾਨ’ ਲਈ ਕਿਸੇ ਰੰਗ ਦੀ ਲੋੜ ਨੂੰ ਮੰਣਿਆ ਜਾ ਸਕਦਾ ਹੈ। ਇਸ ਪੱਖ ਤੋਂ ਵੀ ਇਤਿਹਾਸਿਕ ਤੱਥ ਪੜਚੋਲਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਜੀ ਵੇਲੇ ‘ਨਿਸ਼ਾਨ’ ਦਾ ਰੰਗ ਨੀਲਾ ਹੁੰਦਾ ਸੀ। ਸਿੱਖ ਰਹਿਤ ਮਰਿਯਾਦਾ ਵਿਚ ਵੀ ‘ਨਿਸ਼ਾਨ ਸਾਹਿਬ’ ਦੇ ਕਪੜੇ ਦਾ ਰੰਗ
‘ਬਸੰਤੀ ਜਾਂ ਸੁਰਮਈ’ ਮਿਲਦਾ ਹੈ। ਫੇਰ ਇਹ ‘ਕੇਸਰੀ’ ਰੰਗ ‘ਕੌਮੀ ਰੰਗ’ ਕਿਵੇਂ ਸਥਾਪਿਤ ਹੋ ਗਿਆ, ਜਿਸ ਨੂੰ ਨਾ ਤਾਂ ਪ੍ਰਮਾਣਿਕ ਇਤਿਹਾਸ ਮਾਨਤਾ ਦੇਂਦਾ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ? ਦਿਲਚਸਪ ਗੱਲ ਇਹ ਹੈ ਕਿ ‘ਕੇਸਰੀ’ (ਭਗਵਾਂ) ਰੰਗ ਦਾ ਸੰਬੰਧ ਬ੍ਰਾਹਮਣੀ ਜਮਾਤ ‘ਆਰ. ਐਸ. ਐਸ.’ ਨਾਲ ਜੁੜਦਾ ਹੈ, ਇਸ ਲਈ ਬ੍ਰਾਹਮਣੀਕਰਣ ਲਈ ‘ਭਗਵਾਂਕਰਣ’ ਲਫਜ਼ ਵੀ ਵਰਤਿਆ ਜਾਂਦਾ ਹੈ। ਕੀ ਇਹ ਇਸ ਤਲਖ ਹਕੀਕਤ ਨੂੰ ਬਿਆਨ ਨਹੀਂ ਕਰਦਾ ਕਿ ਸਿੱਖ ਸਮਾਜ ਦੀ ਸੋਚ ਵਾਂਗੂ ਸਿੱਖ ਕੌਮ ਦੇ ‘ਕੌਮੀ ਨਿਸ਼ਾਨ’ ਦਾ ਵੀ ‘ਭਗਵਾਂਕਰਣ’
(ਬ੍ਰਾਹਮਣੀਕਰਣ) ਹੋ ਚੁੱਕਾ ਹੈ? ਅਫਸੋਸ ! ਵਕਤੀ ਜ਼ਜਬਾਤਾਂ ਹੇਠ ਭਾਈ ਰਾਜੋਆਣਾ ਸਮੇਤ ਸਾਰੀ ਕੌਮ ਹੀ ਇਸ ਭਗਵੇਂ ਰੰਗ ਹੇਠ ਹੀ ‘ਭਗਵੇਂਕਰਣ’ (ਬ੍ਰਾਹਮਣਵਾਦ) ਖਿਲਾਫ ਲੜਾਈ ਲੜਣ ਦਾ ਭਰਮ ਪਾਲੀ ਬੈਠੇ ਹਨ।

ਇਸ ਲਹਿਰ ਨਾਲ ਜੁੜੇ ਲੀਡਰਾਂ ਦੀ ਇਸ ਨਜ਼ਰੀਏ ਤੋਂ ਪੜਚੋਲ:
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇਸ ਲਹਿਰ ਨਾਲ ਜੁੜੇ ਰਾਜਨੀਤਕਾਂ ਅਤੇ ਪੁਜਾਰੀਆਂ ਤੋਂ ਇਲਾਵਾ ਸ਼ਾਇਦ ਸਾਰਾ ਹੀ ਪੰਥ ਸੁਹਿਰਦ ਹੈ। ਇਸ ਲਹਿਰ ਨਾਲ ਕਈਂ ਪੰਥਕ ਸ਼ਖਸੀਅਤਾਂ ਵੀ ਜੁੜੀਆਂ ਹਨ। ਇਸ ਪ੍ਰਥਾਇ ਇਕ 8 ਮੈਂਬਰੀ ਅਗਵਾਈ ਵਿਚ ‘ਸੰਘਰਸ਼ ਮੋਰਚਾ’ ਵੀ ਬਣਾਇਆ ਗਿਆ। ਪਰ ਇਸ ਮੋਰਚੇ ਦੇ ਆਗੂਆਂ ਸਮੇਤ ਲਗਭਗ ਹਰ ਕੋਈ ਅਗਵਾਈ ਲਈ ਫੇਰ ਉਨ੍ਹਾਂ ਪੁਜਾਰੀਆਂ ਵੱਲ ਹੀ ਵੇਖਣ ਲੱਗ ਪਿਆ (ਬੇਨਤੀਆਂ ਕਰਨ ਲੱਗ ਪਿਆ) ਜਿਨ੍ਹਾਂ ਨੇ ‘ਅਕਾਲ ਤਖਤ’ ਦੇ ਨਾਮ ਉਤੇ ਕੌਮ ਨੂੰ ਹਮੇਸ਼ਾਂ ਨਮੋਸ਼ੀ ਦਾ ਸਾਹਮਣਾ ਹੀ ਕਰਵਾਇਆ ਹੈ। ‘ਸੌਦਾ ਸਾਧ’ ਅਤੇ ਹੋਰ ਮਾਮਲਿਆਂ ਵਿਚ ਇਨ੍ਹਾਂ ਪੁਜਾਰੀਆਂ ਦੀ ਅਗਵਾਈ ਕਾਰਨ ਆਈ ਨਮੋਸ਼ੀ ਸਭ ਦੇ ਸਾਹਮਣੇ ਸੀ। ਇਨ੍ਹਾਂ ਤੋਂ ਕਿਸੇ ਚੰਗੇ ਦੀ ਆਸ ਕਰਨਾ ਵੀ ਮੂਰਖਤਾ ਤੋਂ ਘੱਟ ਨਹੀਂ, ਕਿਉਂਕਿ ਇਨ੍ਹਾਂ ਨੇ ਆਪਣੇ ਆਕਾਵਾਂ (ਭ੍ਰਿਸ਼ਟ ਹਾਕਮਾਂ) ਦੀ ਸਵਾਰਥ ਪੂਰਤੀ ਲਈ ਹੀ ਕੰਮ ਕਰਨਾ ਹੈ, ਕੌਮ ਲਈ ਨਹੀਂ। ਹੈਰਾਨਗੀ ਦੀ ਗੱਲ ਹੈ ਪੰਥ ਦੇ ਸੁਚੇਤ ਆਗੂ ਕਹਿਲਾਉਣ ਵਾਲੇ ਹਰ ਪੰਥਕ ਮਸਲੇ ਵਿਚ ਨਮੋਸ਼ੀ ਆਉਣ ਤੋਂ ਬਾਅਦ ਇਨ੍ਹਾਂ ਪੁਜਾਰੀਆਂ ਨੂੰ ਕੋਸਦੇ ਰਹਿੰਦੇ ਹਨ, ਪਰ ਜਦੋਂ ਕੋਈ ਨਵਾਂ ਮਸਲਾ ਸਾਹਮਣੇ ਆਉਂਦਾ ਹੈ, ਉਨ੍ਹਾਂ ਪੁਜਾਰੀਆਂ ਸਾਹਮਣੇ ਹੀ ਅਗਵਾਈ ਲਈ ਲੇਲੜੀਆਂ ਕੱਢਣ ਲੱਗ ਪੈਂਦੇ ਹਨ।
ਲਹਿਰ ਨਾਲ ਜੁੜੇ ਇਨ੍ਹਾਂ ਆਗੂਆਂ ਨੇ ਵੀ ਕੌਮੀ ਰੰਗ ਦੇ ‘ਭਗਵੇਂਕਰਣ’ ਵਿਰੁਧ ਕੋਈ ਅਵਾਜ਼ ਉਠਾਉਣ ਦੀ ਥਾਂ ਇਸ ਦੇ ਹੱਕ ਵਿਚ ਹੀ ਪਹਿਰਾ ਦਿੱਤਾ। ਇਸੇ ਤਰ੍ਹਾਂ ਭਾਈ ਰਾਜੋਆਣਾ ਦੀ ਫਾਂਸੀ ਰੁਕਾਵਉਣ ਲਈ ਪੁਜਾਰੀਆਂ ਵਲੋਂ ਸੁਝਾਏ ਬ੍ਰਾਹਮਣੀ ਕਰਮਕਾਂਡਾਂ ਖਿਲਾਫ ਕੋਈ ਅਵਾਜ਼ ਉਠਾਉਣ ਦੀ ਥਾਂ, ਆਪ ਉਸੇ ਰੰਗ ਵਿਚ ਰੰਗ ਗਏ।

ਕੁਝ ਪੜਚੋਲ ‘ਅਖੌਤੀ ਜਥੇਦਾਰਾਂ’ ਸਮੇਤ ਬਹੁਤੇ ਪੁਜਾਰੀਆਂ ਦੀ ਭੂਮਿਕਾ ਬਾਰੇ:
ਕਿਸੇ ਕੌਮ ਵਿਚਲਾ ਪੁਜਾਰੀ ਤਬਕਾ ਤਾਂ ਹਮੇਸ਼ਾਂ ਇਸੇ ਤਾਕ ਵਿਚ ਰਹਿੰਦਾ ਹੈ ਕਿ ਕਦੋਂ ਮੌਕਾ ਮਿਲੇ ਅਤੇ ਲੋਕਾਈ ਨੂੰ ‘ਧਰਮ’ ਦੇ ਨਾਮ ’ਤੇ ਕਰਮਕਾਂਡਾਂ ਵਿਚ ਉਲਝਾ ਦਿੱਤਾ ਜਾਵੇ। ਰਾਜੋਆਣੇ ਦੇ ਮਸਲੇ ’ਤੇ ਵੀ ਪੁਜਾਰੀਆਂ (ਸਣੇ ਅਖੌਤੀ ਜਥੇਦਾਰਾਂ ਦੇ) ਨੇ ਐਸੇ ਕਰਮਕਾਂਡ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅਕਾਲ ਤਖਤ ਦੇ ਨਾਮ ’ਤੇ ਕਾਬਜ਼ ‘ਪੁਜਾਰੀਆਂ ਦੀ ਚੌਂਕੜੀ’ ਨੇ ਸਾਰੀ ਕੌਮ ਨੂੰ ਆਦੇਸ਼ ਜਾਰੀ ਕਰ ਦਿੱਤਾ ਕਿ ‘ਅਖੰਡ ਪਾਠ’ (ਅਸਲ ਵਿਚ ਕਰਮਕਾਂਡ) ਕਰਵਾਏ ਜਾਣ। ਅਫਸੋਸ ਤਾਂ ਉਸ ਵੇਲੇ ਹੋਇਆ ਜਦੋਂ ਅਸੀਂ ਬਹੁਤ ਜਾਗਰੂਕ ਮੰਨੇ ਜਾਂਦੇ ਵੀਰ ਨੂੰ ਕਿਸੇ ਸਮਾਗਮ ਵਿਚ ਹਾਜ਼ਰੀ ਭਰਣ ਦੀ ਬੇਨਤੀ ਕੀਤੀ ਤਾਂ ਉਸ ਨੇ ਮਜ਼ਬੂਰੀ ਜਤਾਉਂਦੇ ਹੋਏ ਕਿਹਾ ਕਿ ਮੈਂ ਸ਼ਾਮਿਲ ਨਹੀਂ ਹੋ ਸਕਦਾ ਕਿਉਂਕਿ ਉਸ ਸਮੇਂ ‘ਪੁਜਾਰੀਆਂ’ ਦੇ ਆਦੇਸ਼ ਅਨੁਸਾਰ ਅਸੀਂ ਪਿੰਡ ਦੇ ਗੁਰਦੁਆਰੇ ਵਿਚ ‘ਅਖੰਡ ਪਾਠ’ ਰੱਖਵਾਇਆ ਹੋਇਆ ਹੈ। ਜਦ ਉਸ ਨੂੰ ਪੁਛਿਆ ਕਿ ਕੀ ‘ਅਖੰਡ ਪਾਠ’ ਮਨਮੱਤ ਨਹੀਂ? ਉਸਦਾ ਜਵਾਬ ਸੀ ਕਿ ਵੀਰੋ ਹੈ ਤਾਂ ਇਹ ਪਾਖੰਡ ਹੀ ਹੈ, ਪਰ ਕੌਮੀ ਆਦੇਸ਼ ਹੈ। ਜਾਗਰੂਕ ਮੰਨੇ ਜਾਂਦੇ ਸੱਜਣਾਂ ਵਲੋਂ ਵੀ ‘ਗੁਰਮਤਿ ਸਿਧਾਂਤਾਂ’ ਨੂੰ ਪਿੱਠ ਵਿਖਾਉਣ ਵਾਲੀ ਇਹ ਪਹੁੰਚ ਵੇਖ ਕੇ ਅਫਸੋਸ ਤੋਂ ਇਲਾਵਾ ਕੀਤਾ ਵੀ ਕੀ ਜਾ ਸਕਦਾ ਹੈ? ਇਸੇ ਤਰਜ਼ ’ਤੇ ਕੋਈ ਪੁਜਾਰੀ ‘ਬੇਨਤੀ ਚੌਪਈ’ (ਕੱਚੀ ਰਚਨਾ) ਦੇ ਜਾਂ ਕੋਈ ਕਿਸੀ ਹੋਰ ਬਾਣੀ ਦੇ ਗਿਣਤੀ-ਮਿਣਤੀ ਦੇ ‘ਤੋਤਾ ਰਟਨੀ’ ਪਾਠ ਕਰਨ ਦੀ ਸਲਾਹ ਦੇ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਵਿਚ ਛਪੀ ਖਬਰ ਅਨੁਸਾਰ ਇਕ ਬੀਬੀ ਨੇ ਇਸੇ ਬ੍ਰਾਹਮਣਵਾਦੀ ਸੋਚ ਦੇ ਪ੍ਰਭਾਵ ਹੇਠ ‘ਵਾਹਿਗੁਰੂ’ ਲਫਜ਼ ਦੇ ਚੰਦ ਕੁ ਦਿਨਾਂ ਵਿਚ ਲੱਖਾਂ ਤੋਤਾ-ਰਟਨੀ ਜਾਪ ਕਰਕੇ ਦਾਅਵਾ ਕੀਤਾ ਹੈ ਕਿ ਰਾਜੋਆਣੇ ਦੀ ਫਾਂਸੀ ਰੁੱਕ ਜਾਵੇਗੀ। ਭਾਈ ਰਾਜੋਆਣੇ ਦੀ ਇੱਛਾ ਅਨੁਸਾਰ ਅਕਾਲ ਤਖਤ ਦੇ ਨਾਮ ’ਤੇ ਪੁਜਾਰੀਆਂ ਨੇ ਵੀ ‘ਕੇਸਰੀ’ (ਭਗਵਾਂ) ਝੰਡੇ ਲਹਿਰਾਉਣ ਦਾ ਆਦੇਸ਼ ਜਾਰੀ ਕਰ ਦਿੱਤਾ।
ਅਕਾਲ ਤਖਤ ਦੇ ਨਾਮ ਦੇ ਕਾਬਿਜ਼ ਪੁਜਾਰੀਆਂ ਨੇ ਸਰੋਵਰ ਵਾਲੇ ਜਲ ਦੇ ‘ਪਵਿਤ੍ਰ’ ਹੋਣ ਦਾ ਵਹਿਮ ਪ੍ਰਚਾਰ ਕੇ ਪਾਣੀ ਦੀਆਂ ਦੋ ਕੈਨੀਆਂ ਵੀ ਫਾਂਸੀ ਤੋਂ ਪਹਿਲਾਂ ‘ਇਸ਼ਨਾਨ’ ਰਾਹੀਂ ਪਵਿਤ੍ਰ ਹੋਣ ਲਈ ਭਾਈ ਰਾਜੋਆਣੇ ਨੂੰ ਦਿਤੀਆਂ ਹਨ, ਜਿਸ ਨੂੰ ਰਾਜੋਆਣਾ ਵੀਰ ਨੇ ‘ਅੰਨ੍ਹੀ ਸ਼ਰਧਾ’ ਹੇਠ ਖਿੜੇ ਮੱਥੇ ਸਵੀਕਾਰ ਵੀ ਕਰ ਲਿਆ। ਹੋ ਸਕਦਾ ਹੈ ਭਵਿੱਖ ਵਿਚ ਪਟਨੇ ਅਤੇ ਨਾਂਦੇੜ ਦੇ ਪੁਜਾਰੀਆਂ ਵਲੋਂ ਭਾਈ ਰਾਜੋਆਣਾ ਲਈ ਅਖੌਤੀ ਤਖਤਾਂ ਦਾ ‘ਪਵਿਤ੍ਰ ਤਿਲਕ’ ਵੀ ਪਹੁੰਚ ਜਾਵੇ ਅਤੇ ਸ਼ਾਇਦ ਭਾਈ ਰਾਜੋਆਣਾ (ਅੰਨ੍ਹੀ ਸ਼ਰਧਾ) ਹੇਠ ਉਸ ਤਿਲਕ ਨੂੰ ‘ਤਖਤਾਂ’ ਦਾ ਆਸ਼ੀਰਵਾਦ ਸਮਝ ਕੇ ਫਾਂਸੀ ਤੋਂ ਪਹਿਲਾਂ ਮੱਥੇ ਤੇ ਲਗਾਉਣ ਦਾ ਮਨ ਬਣਾ ਲਵੇ।

ਕੁਝ ਪੜਚੋਲ ਇਸ ਲਹਿਰ ਨਾਲ ਜੁੜੇ ਆਮ ਸਿੱਖਾਂ ਬਾਰੇ:
ਜਦੋਂ ਭਾਈ ਰਾਜੋਆਣਾ ਅਤੇ ਇਸ ਲਹਿਰ ਦੇ ਆਗੂ ਬ੍ਰਾਹਮਣਵਾਦ (ਪੁਜਾਰੀਵਾਦ) ਦੇ ਰੰਗ ਵਿਚ ਰੰਗੇ ਹੋਏ ਹਨ ਤਾਂ ਲਹਿਰ ਨਾਲ ਜੁੜੇ ਆਮ ਸਿੱਖ ਤੋਂ ਕੋਈ ਵੱਖਰੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਆਮ ਸਿੱਖ ਸਮਾਜ ਵਿਚ ਤਾਂ ਪਿੱਛਲੇ 250-300 ਸਾਲਾਂ ਵਿਚ ਬ੍ਰਾਹਮਣਵਾਦ ਕੁੱਟ-ਕੁੱਟ ਕੇ ਭਰ ਦਿੱਤਾ ਗਿਆ ਹੈ। ਸੋ ਪੁਜਾਰੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਆਗੂਆਂ ਦੀ ਵੇਖੋ-ਵੇਖੀ ਆਮ ਸਿੱਖ ਵੀ ਭੇਡ-ਚਾਲ ਵਿਚ ਤੋਤਾ-ਰਟਨੀ ਪਾਠਾਂ, ਕਰਮਕਾਂਡਾਂ ਵਿਚ ਉਲਝਿਆ ਗੁਰਮਤਿ ਤੋਂ ਸੇਧ ਲੈਣ ਦੀ ਥਾਂ ‘ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ’ ਜਿਹੇ ਸ਼ਖਸੀਅਤ-ਪ੍ਰਸਤ ਨਾਅਰੇ ਲਗਾ ਰਿਹਾ ਹੈ। ਵੈਸੇ ਵੀ ਕੌਮੀ ਕੇਂਦਰ ’ਤੇ ਕਾਬਜ਼ ਪੁਜਾਰੀ (ਅਤੇ ਉਨ੍ਹਾਂ ਦੇ ਆਕਾ ਭ੍ਰਿਸ਼ਟ ਹਾਕਮ) ਤਾਂ ਇਹੀ ਚਾਹੁੰਦੇ ਹਨ ਕਿ ਆਮ ਸਿੱਖ ਸੁਚੇਤ ਹੋਣ ਦੀ ਥਾਂ ਜ਼ਜਬਾਤੀ ਪਿੱਛ-ਲੱਗੂ ਹੀ ਬਣਿਆ ਰਹੇ।

ਨਿਚੋੜ:

ਸਾਨੂੰ ਪਤਾ ਹੈ ਕਿ ਇਸ ਸਮੇਂ ਗੁਰਮਤਿ ਦੀ ਸੇਧ ਵਿਚ ਲਹਿਰ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ ਪੜਚੋਲ ਵਾਲੇ ਸਾਡੇ ਇਸ ਲੇਖ ਨੇ ਬਹੁਤਾਤ ਸਿੱਖਾਂ ਨੂੰ ਨਰਾਜ਼ ਹੀ ਕਰਣਾ ਹੈ, ਕਿਉਂਕਿ ਇਹ ਆਮ ਸੱਚਾਈ ਹੈ ਕਿ ਆਪਣੀ ਆਲੋਚਣਾ ਸਹਿਣ ਕਰਨ ਦੀ ਆਦਤ ਬਹੁਤੇ ‘ਸਿੱਖਾਂ’ ਨੂੰ ਨਹੀਂ ਹੈ। ਸਾਨੂੰ ਇਹ ਵੀ ਅਹਿਸਾਸ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਲਗਭਗ ਹਰ ਨੁਕਤੇ ਨੂੰ ਕੱਟਣਾ ਆਪਣਾ ਫਰਜ਼ ਸਮਝ ਕੇ, ਦਿਮਾਗੀ ਕਸਰਤਾਂ ਰਾਹੀਂ ਹਰ ਪੰਥ ਪ੍ਰਵਾਣਿਕ ਮਾਨਤਾਵਾਂ ਨੂੰ ਆਨੇ-ਬਹਾਨੇ ਜ਼ਾਇਜ ਠਹਿਰਾਉਣ ਦੇ ਚਾਹਵਾਣ ਲੇਖਕਾਂ ਨੇ, ਆਪਣੀਆਂ ਕਲਮਾਂ ਨੂੰ ਧਾਰ ਦੇਣੀ ਸ਼ੁਰੂ ਦੇਣੀ ਹੈ। ਪਰ ‘ਸਚੁ ਸੁਣਾਇਸੀ ਸਚ ਕੀ ਬੇਲਾ’ ਤੋਂ ਸੇਧ ਲੈਂਦੇ ਹੋਏ, ਅਸੀਂ ਆਪਣਾ ਫਰਜ਼ ਸਮਝਦੇ ਹੋਏ, ਇਹ ਨਿਸ਼ਕਾਮ ਪੜਚੋਲ ਕਰਨ ਦਾ ਯਤਨ ਕੀਤਾ ਹੈ।
ਭਾਈ ਰਾਜੋਆਣਾ ਦੇ ਮਸਲੇ ਕਾਰਨ ਪੈਦਾ ਹੋਈ ਇਸ ਲਹਿਰ ਨਾਲ ਇਕ ਵਾਰ ਫੇਰ ‘ਖਾਲਿਸਤਾਨ’ ਦੀਆਂ ਅਵਾਜਾਂ ਉੱਭਰਣ ਲੱਗ ਪਈਆਂ ਹਨ। ਪਰ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ‘ਖਾਲਸਾ ਰਾਜ’ ਤੋਂ ਪਹਿਲਾਂ ‘ਮਾਨਸਿਕ ਤੌਰ ’ਤੇ ਖਾਲਿਸ (ਗੁਰਮਤਿ ਅਨੁਸਾਰੀ ਖਾਲਸਾ)’ ਬਨਣ ਦੀ ਬਹੁਤ ਲੋੜ ਹੈ। ਬ੍ਰਾਹਮਣੀਵਾਦੀ ਮਾਨਸਿਕਤਾ ਵਾਲੇ ਲੀਡਰਾਂ ਦੀ ਅਗਵਾਈ ਹੇਠ ਜੇ ‘ਖਾਲਸਾ ਰਾਜ’ ਨਾਮਕ ਕੁਝ ਸਥਾਪਿਤ ਹੋ ਵੀ ਜਾਂਦਾ ਹੈ ਤਾਂ ਉਸ ਦਾ ਸਰੂਪ ਕੈਸਾ ਹੋਵੇਗਾ, ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। 1984 ਦੇ ਦੌਰ ਵਿਚ ਇਸ ਲਹਿਰ ਦੇ ਮੁੱਖ ਆਗੂ ਸਨ ‘ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ’। ਉਨ੍ਹਾਂ ਦੀ ਪੰਥ-ਪ੍ਰਸਤੀ ਅਤੇ ਦਲੇਰੀ ਬਾਰੇ ਕਿਸੇ ਸੁਹਿਰਦ ਸਿੱਖ ਨੂੰ ਸ਼ੱਕ ਨਹੀਂ ਹੋਵੇਗਾ। ਪਰ ਮਾਨਸਿਕ ਪੱਧਰ ’ਤੇ ਉਹ ਉਸ ਟਕਸਾਲ ਦੀ ਉੱਪਜ ਸਨ, ਜਿਸ ਦੇ ਇਕ ਸਾਬਕਾ ਮੁੱਖੀ ਦੀਆਂ ਕਿਤਾਬਾਂ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਹਨ। ਇਸੇ ਪ੍ਰਭਾਵ ਕਾਰਨ ਦਸ਼ਮੇਸ਼ ਪਾਤਸ਼ਾਹ ਦਾ ਚਰਿਤ੍ਰ-ਘਾਤ ਕਰਨ ਵਾਲੇ ਅਖੌਤੀ ਦਸਮ ਗ੍ਰੰਥ ਦੇ ਉਹ ਵੱਡੇ ਉਪਾਸ਼ਕ ਸਨ। ਇੱਸੇ ਸੋਚ ਕਾਰਨ ਉਨ੍ਹਾਂ ਨੂੰ ਟਕਸਾਲ ਦੇ ਸਾਬਕਾ-ਮੁੱਖੀ ਦੀਆਂ ਕਿਤਾਬਾਂ ਵਿਚ ਭਰੇ ਬ੍ਰਾਹਮਣਵਾਦੀ ਅੰਸ਼ ਗਲਤ ਨਹੀਂ ਜਾਪੇ, ਜਦਕਿ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੀ ਲੜਾਈ ‘ਬ੍ਰਾਹਮਣਵਾਦ’ ਖਿਲਾਫ ਹੈ। ਬ੍ਰਾਹਮਣਵਾਦੀ ਮਾਨਸਿਕਤਾ ਨਾਲ ਬ੍ਰਾਹਮਣਵਾਦ ਖਿਲਾਫ ਲੜਾਈ ਦਾ ਢੰਗ ਹਾਸੋਹੀਣਾ ਹੈ। ਕੁਝ ਸੱਜਣ ਇਸ ਵਿਸ਼ੇ ਵਿਚ ਅਖੌਤੀ ਦਸਮ ਗ੍ਰੰਥ ਦੀ ਇਕ ਪੰਕਤੀ ‘ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ’ ਦਾ ਹਵਾਲਾ ਦਿੰਦੇ ਹਨ। ਐਸੇ ਸੱਜਣ ਦਸਮ ਗ੍ਰੰਥ ਦੀ ਕੂੜ ਅਗਵਾਈ ਹੇਠ ਗੁੰਮਰਾਹ ਹੋਣ ਕਾਰਨ ਸਿੱਖ ਇਤਿਹਾਸ ਦੀ ਪ੍ਰਤੱਖ ਗਵਾਹੀ ਨੂੰ ਅਣਦੇਖਾ ਕਰ ਦੇਂਦੇ ਹਨ। ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਤੱਕ (ਥੋੜੇ ਸਮੇਂ ਨੂੰ ਛੱਡ ਕੇ) ਸਿੱਖਾਂ ਕੌਲ ਰਾਜ ਨਹੀਂ ਸੀ, ਪਰ ਸਿੱਖ ਗੁਰਮਤਿ ਸਿਧਾਂਤਾਂ ਪ੍ਰਤੀ ਜ਼ਿਆਦਾ ਦ੍ਰਿੜ ਸਨ। ਪਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤਕ ਅਗਵਾਈ ਹੇਠ ਸਥਾਪਿਤ ਕੀਤੇ ‘ਖਾਲਸਾ ਰਾਜ’ ਵਿਚ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਦਿਨੋਂ ਦਿਨ ਘੱਟਦੀ ਗਈ। ਮਿਸਾਲ ਲਈ ਸਿੱਖ ਸਮਾਜ ਵਿਚ ‘ਵੇਦੀ ਦੇ ਫੇਰੇ, ਸਤੀ-ਪ੍ਰਥਾ, ਮੂਰਤੀਆਂ ਦੀ ਪੂਜਾ’ ਸਮੇਤ ਬ੍ਰਾਹਮਣਵਾਦ ਪੂਰੀ ਤਰ੍ਹਾਂ ਘਰ ਕਰ ਗਿਆ। ‘ਖਾਲਸਾ ਰਾਜ’ ਦਾ ਮੁੱਖੀ (ਰਣਜੀਤ ਸਿੰਘ) ਆਪ ਹਰ ਕੰਮ ਗੁਰਮਤਿ ਸੇਧ ਦੀ ਥਾਂ ‘ਜੋਤਿਸ਼ਆਂ’ ਕੋਲੋਂ ਪੁੱਛ ਕੇ ਕਰਨ ਲਗ ਪਿਆ ਸੀ। ਭਾਵ ਕਿ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਕਿਸੇ ‘ਰਾਜ’ ਦੀ ਮੁਹਤਾਜ ਨਹੀਂ। ਇਕ ਸਿੱਖ ਲਈ ‘ਗੁਰਮਤਿ ਸਿਧਾਂਤਾਂ’ ਪ੍ਰਤੀ ਦ੍ਰਿੜਤਾ ਹੀ ਜ਼ਿਆਦਾ ਜ਼ਰੂਰੀ ਹੈ।
ਉਪਰੋਕਤ ਖੁੱਲੀ ਵਿਚਾਰ ਦੀ ਰੌਸ਼ਨੀ ਵਿਚ ਅਸੀਂ ਪੂਰੀ ਨਿਮਰਤਾ ਸਹਿਤ ਭਾਈ ਬਲਵੰਤ ਸਿੰਘ ਰਾਜੋਆਣਾ, ਇਸ ਲਹਿਰ ਨਾਲ ਜੁੜੇ ਸੁਹਿਰਦ ਆਗੂਆਂ ਅਤੇ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਲਹਿਰ ਨੂੰ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੀ ਪਿੱਛਲੱਗੂ ਬਣਾਉਣ ਦੀ ਥਾਂ ‘ਗੁਰਮਤਿ ਦੀ ਸੇਧ’ ਵਿਚ ਲਾਮਬੰਦ ਕਰਨ ਦਾ ਯਤਨ ਕਰੀਏ। ਆਉ, ਸਾਰੇ ਮਿਲ ਕੇ ਜਾਗਦੇ ਹੋਏ, ਸੁਹਿਰਦਤਾ ਨਾਲ ਇਹ ਨਾਅਰਾ ਬੁਲੰਦ ਕਰੀਏ:
‘ਗੁਰਮਤਿ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ

Tuesday, 6 March 2012

ਹੁਕਮੁ ਬੂਝੈ ਸੋ ਸਚਿ ਸਮਾਣਾ



ਹੁਕਮੁ ਬੂਝੈ ਸੋ ਸਚਿ ਸਮਾਣਾ
ਦਰਸ਼ਨ ਸਿੰਘ,  ਵੁਲਵਰਹੈਂਪਟਨ, ਯੂ. ਕੇ.
ਗੁਰਬਾਣੀ ਪਰਮਾਤਮਾ ਦੇ ਹੁਕਮ ਨੂੰ ਬੁੱਝਣ ਦੀ ਪ੍ਰੌੜਤਾ ਕਰਦੀ ਹੈ ਪਰ ਦੂਜੇ ਪਾਸੇ ਇਹ ਵੀ ਸੂਝ ਬਖਸ਼ਦੀ ਹੈ ਕਿ ਉਸ ਪਰਮਾਤਮਾ ਦਾ ਹੁਕਮ ਉਤਨਾ ਹੀ ਅਸੀਮ ਹੈ ਜਿਤਨਾ ਕਿ ਉਹ ਪਰਮਾਤਮਾ ਆਪ ਹੈ ਇਸ ਲਈ ਉਸ ਅਸੀਮ ਕਰਤੇ ਦੇ ਅਸੀਮ ਹੁਕਮ ਨੂੰ ਪੂਰਨ ਤੌਰ ਤੇ ਜਾਨਣਾ ਅਸੰਭਵ ਹੈ (ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਜਪ।) ਪਰ ਗੁਰਬਾਣੀ ਅਨੁਸਾਰ ਇਹ ਗਲ ਜ਼ਰੂਰ ਸਪਸ਼ਟ ਹੈ ਕਿ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ (ਜਪ)। ਭਾਵ: ਹਰੇਕ ਜੀਵ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਤੇ ਕੋਈ ਵੀ ਉਸ ਦੇ ਹੁਕਮ ਤੋਂ ਬਾਹਰ (ਆਕੀ) ਨਹੀ ਹੋ ਸਕਦਾ। ਜੋ ਮਨੁੱਖ ਉਸਦੇ ਹੁਕਮ ਦੀ ਸੂਝ ਪ੍ਰਾਪਤ ਕਰੇਗਾ ਉਹ ਫਿਰ ਸੁਆਰਥੀ (ਹਉਮੈ, ਅਹੰਕਾਰ ਭਰਿਆ) ਜੀਵਨ ਛੱਡ ਦੇਵੇਗਾ। ਇਸ ਦਾ ਭਾਵ ਇਹ ਨਹੀ ਕਿ ਜੋ ਮਨੁੱਖ ਪ੍ਰਭੂ ਦੇ ਹੁਕਮ ਦੀ ਸੂਝ ਨਹੀ ਰੱਖਦਾ ਤੇ ਸੁਆਰਥੀ ਹੈ, ਉਹ ਉਸ ਦੇ ਹੁਕਮ ਵਿੱਚ ਨਹੀ ਹੈ। ਅਸਲ ਭਾਵ ਤਾਂ ਇਹ ਹੈ ਕਿ ਹੁਕਮ ਵਿੱਚ ਤਾਂ ਹਰ ਕੋਈ ਹੈ ਪਰ ਸੁਖੀ, ਸ਼ਾਂਤ ਤੇ ਅਨੰਦਤ ਜੀਵਨ ਉਹੀ ਬਿਤਾ ਸਕਦਾ ਹੈ ਜੋ ਪ੍ਰਭੂ ਦੇ ਹੁਕਮ ਨੂੰ ਬੁੱਝ ਕੇ ਉਸ ਤੇ ਚੱਲੇਗਾ। ਜਿਵੇਂ ਵਗਦੇ ਦਰਿਆ ਨੂੰ ਪਾਰ ਕਰਨ ਵਾਲਾ ਤੈਰਾਕ ਇਹ ਜਾਣਦਾ ਹੈ ਕਿ ਪਾਣੀ ਦੇ ਵਹਿਣ (ਨਿਯਮ) ਨਾਲ ਤੈਰ ਕੇ ਦਰਿਆ ਨੂੰ ਸੁਖਿਆਈ ਨਾਲ ਪਾਰ ਕੀਤਾ ਜਾ ਸਕਦਾ ਹੈ ਪਰ ਵਹਿਣ ਦੇ ਵਿਰੁੱਧ ਤੈਰ ਕੇ ਪਾਰ ਕਰਨਾ ਖਤਰੇ ਤੋਂ ਖਾਲੀ ਹੀ ਨਹੀ ਬਲਿਕੇ ਅਤਿ ਕਠਨ ਤੇ ਨਿਸਫਲ ਵੀ ਹੈ ਤਿਵੇਂ ਇਸ ਸੰਸਾਰ ਸਮੁੰਦਰ (ਭਵਜਲ ਨਿਧਿ ਭਾਰੀ) ਨੂੰ ਸਹਿਜੇ ਪਾਰ ਕਰਨ ਲਈ (ਭਾਵ ਜੀਵਨ ਸੁਖੀ, ਸ਼ਾਂਤ ਤੇ ਅਨੰਦਤ ਬਨਾਉਣ ਲਈ) ਕਰਤੇ ਦੇ ਹੁਕਮ (ਨਿਯਮ, ਵਹਿਣ) ਨੂੰ ਬੁੱਝ ਕੇ ਉਸ ਤੇ ਚੱਲਣਾ ਪਵੇਗਾ। ਉਸ ਦੇ ਹੁਕਮ (ਨਿਯਮਾ) ਤੋਂ ਬੇਮੁੱਖ ਹੋ ਕੇ, ਜਾਂ ਵਿਰੋਧਤਾ ਵਿੱਚ ਚੱਲ ਕੇ ਜੀਵਨ ਦੁਖੀ ਤੇ ਨਿਸਫਲ ਚਲਾ ਜਾਵੇਗਾ। ਗੁਰਬਾਣੀ ਦਾ ਫੁਰਮਾਨ ਹੈ ਕਿ ਜੋ ਵੀ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਉਹ ਉਸ ਵਿੱਚ ਹੀ ਸਮਾ ਜਾਂਦਾ ਹੈ: ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਚਿ ਸਮਾਣਾ ॥ (੧੯੩)। ਭਾਵ: ਹੇ ਪ੍ਰਭੂ, ਸੰਸਾਰ ਵਿੱਚ ਸਭ ਕੁਛ ਤੇਰੀ ਰਜ਼ਾ ਅਨੁਸਾਰ ਹੀ ਵਾਪਰ ਰਿਹਾ ਹੈ। ਜੋ ਤੇਰੀ ਰਜ਼ਾ ਨੂੰ ਬੁੱਝ ਲੈਂਦਾ ਹੈ ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ। ਉਸ ਵਿੱਚ ਲੀਨ ਹੋਣਾ ਹੀ ਜੀਵਨ ਦੀ ਸਫਲਤਾ ਹੈ। ਇਥੇ ਹੁਕਮ ਨੂੰ ਬੁੱਝਣ ਤੋਂ ਭਾਵ ਹੁਕਮ ਵਿੱਚ ਚੱਲਣ ਤੋਂ ਹੀ ਹੈ ਕਿਉਂਕਿ ਸਤਿਗੁਰ ਦਾ ਫੁਰਮਾਨ ਹੈ:
ਕਥਉ ਨ ਕਥਨੀ ਹੁਕਮੁ ਪਛਾਨਾ ॥ ਨਾਨਕ ਗੁਰਮਤਿ ਸਹਜਿ ਸਮਾਨਾ ॥{ਪੰਨਾ 221} ਭਾਵ: ਹੇ ਨਾਨਕ, ਆਖ! ਮੈਂ ਤਾਂ ਸਤਿਗੁਰੂ ਦੀ ਮਤ ਦੁਆਰਾ ਹੀ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ, (ਭਾਵ ਇਹ ਕਿ ਮੈਂ ਜਾਣ ਲਿਆ ਕਿ ਪ੍ਰਭੂ ਦੇ ਹੁਕਮ ਵਿੱਚ ਚੱਲਣਾ ਹੀ ਸਹੀ ਰਸਤਾ ਹੈ) ਤੇ ਮੈਂ ਅਡੋਲ ਅਵਸਥਾ ਵਿੱਚ ਟਿਕ ਗਿਆ ਹਾਂ। ਗੁਰਬਾਣੀ (ਸ਼ਬਦ, ਗਿਆਨ) ਦੁਆਰਾ ਪਰਮਾਤਮਾ ਦੇ ਹੁਕਮ ਨੂੰ ਜਾਣ, ਬੁੱਝ ਕੇ (ਭਾਵ ਉਸ ਤੇ ਚੱਲ ਕੇ) ਹੀ ਪਰਮਾਤਮਾ ਵਿੱਚ ਸਮਾਇਆ ਜਾ ਸਕਦਾ ਹੈ (ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ 139}) ਅਤੇ ਇਹ (ਪਰਮਾਤਮਾ ਵਿੱਚ ਸਮਾਉਣ ਦਾ) ਕਰਮ ਕੇਵਲ ਮਨ ਦੀ ਹੀ ਕਾਰਵਾਈ ਹੈ ਕਿਉਂਕਿ ਪਰਮਾਤਮਾ ਨਾਲ ਅਭੇਦਤਾ ਮਨ ਕਰਕੇ ਹੀ ਹੈ, ਤਨ ਕਰਕੇ ਨਹੀ। ਮਨ ਦੀ ਅਦ੍ਰਿਸ਼ਟ ਸਾਧਨਾ ਕਠਨ ਹੋਣ ਦੇ ਕਾਰਨ ਮਨੁੱਖ (ਦੀ ਛੋਟੇ ਤੇ ਸੌਖੇ ਰਾਹ ਦੀ ਭਾਲ) ਨੇ ਮਨ ਨੂੰ ਸਾਧਣ ਲਈ ਦਿਸਦੇ ਤਨ ਨੂੰ ਸਾਧਣਾ ਸ਼ੁਰੂ ਕਰ ਦਿੱਤਾ। ਫਿਰ ਸ਼ੁਰੂ ਹੋ ਗਏ ਦਿਖਾਵੇ ਦੇ ਨਿਸਫਲ ਜਪ, ਤਪ, ਪਾਠ, ਪੂਜਾ, ਭਜਨ, ਤੀਰਥ ਭਰਮਨ ਤੇ ਇਸ਼ਨਾਨ, ਦਾਨ, ਪੁੰਨ, ਸੇਵਾ ਆਦਿਕ ਦੇ ਕਰਮ ਕਾਂਡ ਜੋ ਮਨੁੱਖ ਨੂੰ ਇਤਨਾ ਪਰਭਾਵਤ ਕਰ ਚੁੱਕੇ ਹਨ ਕਿ ਮਨੁੱਖ ਨੂੰ ਮਨ ਦੀ ਸਾਧਨਾ ਕੁਨੀਨ ਦੀ ਗੋਲੀ ਵਾਂਗ ਕੌੜੀ ਲਗਦੀ ਹੈ। ਧਰਮ ਅਸਥਾਨਾਂ ਵਲ ਨਿਗ੍ਹਾ ਮਾਰਿਆ ਇਹਨਾਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ, ਜਿਨ੍ਹਾ ਤੋਂ ਗੁਰਬਾਣੀ ਵਰਜਦੀ ਹੈ, ਦੀ ਇਹ ਹਕੀਕਤ ਸਾਹਮਣੇ ਆ ਜਾਵੇਗੀ। ਗੁਰੂ ਦਾ ਤਾਂ ਇਹ ਫਰੁਮਾਨ ਹੈ ਕਿ:
ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥ (੮੭)। ਭਾਵ: ਹੇ ਭਾਈ, ਗੁਰਮੁੱਖਾਂ ਵਾਲੀ ਕਾਰ ਕਰਕੇ (ਭਾਵ ਗੁਰਸਿਖਿਆ ਤੇ ਚਲ ਕੇ) ਸਦਾ ਨਾਮ ਅੰਮ੍ਰਿਤ ਪੀਵੀਏ। ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਉਂਦਾ ਹੈ (ਭਾਵ ਤਨ ਰਾਹੀਂ ਮਨ ਦੀ ਸਾਧਨਾ ਕਰਦਾ ਹੈ) ਉਹ ਜਨਮ ਬਿਰਥਾ ਗਵਾ ਲੈਂਦਾ ਹੈ। ਗੁਰੂ ਦੀ ਸਿਖਿਆ ਤੇ ਚੱਲਣਾ ਹੀ “ਤੇਰਾ ਕੀਆ ਮੀਠਾ ਲਾਗੈ” ਜਾਂ ਅੰਮ੍ਰਿਤ ਨਾਮ ਭੁੰਚਣਾ ਹੈ ਜੋ ਕੇਵਲ ਮਨ ਦਾ ਹੀ ਕਾਰਜ ਹੈ।ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥{ਪੰਨਾ 342} ਭਾਵ: (ਹਰੇਕ ਜੀਵ ਦਾ) ਅਸਲ ਕੰਮ ਮਨ (ਨੂੰ ਕਾਬੂ ਰੱਖਣ) ਨਾਲ ਹੈ ਜਿਸ ਨਾਲ ਜੀਵਨ ਦੇ ਅਸਲ ਮਨੋਰਥ ਦੀ ਕਾਮਯਾਬੀ ਹੁੰਦੀ ਹੈ। ਕਬੀਰ ਆਖਦਾ ਹੈ ਕਿ ਅਸਲ ਕੰਮ ਕੇਵਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ)। ਸਪਸ਼ਟ ਹੈ ਕਿ ਧਰਮ ਦਾ ਸਾਰਾ ਕੰਮ ਮਨ ਨੂੰ ਸਾਧਣਾ, ਪਵਿੱਤ੍ਰ ਕਰਨਾ ਹੀ ਹੈ ਜੋ ਕੇ ਸਰੀਰ ਉੱਤੇ ਜਾਂ ਸਰੀਰ ਨਾਲ ਕੀਤੇ ਕਰਮ ਕਾਂਡਾਂ ਨਾਲ ਨਹੀ ਹੋ ਸਕਦਾ। ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥ ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥ (੧੦੮੯)। ਭਾਵ: ਜੋ ਮਨੁੱਖ ਆਪਣੇ ਮਨ ਨਾਲ ਲੜਦੇ ਹਨ (ਭਾਵ ਮਨ ਦੀ ਸਾਧਨਾ ਕਰਦੇ ਹਨ) ਉਹ ਮੰਨੇ ਪ੍ਰਮੰਨੇ ਸੂਰਮੇ ਹਨ। ਜਿਨ੍ਹਾ ਨੇ (ਮਨ ਦੁਆਰਾ) ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਪਰਮਾਤਮਾ ਨਾਲ ਮਿਲੇ ਰਹਿੰਦੇ ਹਨ। ਗੁਰ ਸ਼ਬਦ ਦੁਆਰਾ ਮਨ ਨੂੰ ਸਾਧੇ ਬਿਨਾ ਧਰਮੀ ਨਹੀ ਹੋਇਆ ਜਾ ਸਕਦਾ। ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ (੧੦੮੩)। ਭਾਵ: ਹੇ ਖੁਦਾ ਦੇ ਬੰਦੇ, ਜਿਹੜਾ ਬੰਦਾ (ਸਦਾ ਕਾਇਮ ਰਹਿਣ ਵਾਲੇ) ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹੀ ਅਸਲ ਕਾਜ਼ੀ (ਧਰਮੀ) ਹੈ। ਜਿਹੜਾ ਮਨੁੱਖ ਆਪਣੇ ਦਿਲ (ਮਨ) ਨੂੰ ਪਵਿੱਤ੍ਰ ਰੱਖਣ ਦਾ ਜਤਨ ਕਰਦਾ ਹੈ ਉਹੀ ਅਸਲ ਹੱਜ ਕਰਨ ਵਾਲਾ (ਭਾਵ ਧਰਮ ਦਾ ਪਾਂਧੀ) ਹੈ। ਦਿਲ ਨੂੰ ਸੋਧਣਾ ਹੀ ਸਚ ਕਮਾਉਣਾ ਹੈ ਤੇ ਇਹੀ ਰੱਬ ਦੀ ਬੰਦਗੀ ਹੈ। ਸੋ ਇਹ ਸਪਸ਼ਟ ਹੈ ਕਿ ਪਰਮਾਤਮਾ ਦੇ ਹੁਕਮ (ਨਿਯਮਾ) ਨੂੰ ਗੁਰਮਤਿ ਦੁਆਰਾ ਬੁੱਝ ਕੇ ਉਸ ਉੱਤੇ ਚਲਣਾ ਦਾ ਹੀ ਮਨ ਨੂੰ ਸੋਧਣਾ ਅਤੇ ਰੱਬ ਦੀ ਬੰਦਗੀ ਹੈ ਜੋ ਕਿਸੇ ਬਾਹਰਲੇ ਕਰਮ ਕਾਂਡ ਜਾਂ ਵੇਸ ਤੇ ਨਿਰਭਰ ਨਹੀ। ਮਨ ਤੋਂ ਬਿਨਾ ਕਿਸੇ ਹੋਰ ਬਾਹਰਲੇ ਕਰਮ ਕਾਂਡ ਜਾਂ ਵੇਸ ਨਾਲ ਲੁੱਝਣਾ ਗੁਰਮਤਿ ਅਨਕੂਲ ਨਹੀ। ਸਦੀਆਂ ਤੋਂ ਪਏ ਹੋਏ ਭਰਮ ਭੁਲੇਖੇ ਇਸ ਨੁਕਤੇ ਨੂੰ ਹਜ਼ਮ ਨਹੀ ਹੋਣ ਦਿੰਦੇ ਇਸ ਲਈ ਜਿਨੀ ਦੇਰ ਤਕ ਮਨੁੱਖ ਕੋਈ ਬਾਹਰਲਾ ਸਰੀਰ ਨਾਲ ਕਰਮ ਕਾਂਡ ਨਹੀ ਕਰ ਲੈਂਦਾ ਉਸ ਨੂੰ ਇਹ ਯਕੀਨ ਹੀ ਨਹੀ ਬੱਝਦਾ ਕਿ ਉਸ ਨੇ ਕੋਈ ਧਰਮ ਦਾ ਕਰਮ ਕੀਤਾ ਹੈ। ਮਨ ਵਿਚੋਂ ਅਦ੍ਰਿਸ਼ਟ ਵਿਕਾਰਾਂ (ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ) ਨੂੰ ਕੱਢਣਾ ਤੇ ਰੱਬੀ ਗੁਣਾ (ਸਤ, ਸੰਤੋਖ, ਦਇਆ, ਨਿਮਰਤਾ, ਖਿਮਾ ਤੇ ਪਿਆਰ ਆਦਿਕ) ਨੂੰ ਧਾਰਨ ਕਰਨਾ ਮਨੁੱਖ ਨੂੰ ਧਰਮ ਦਾ ਕਰਮ ਨਹੀ ਲੱਗਦਾ ਕਿਉਂਕਿ ਇੱਕ ਤਾਂ ਇਹ ਕਠਨ ਲੱਗਦਾ ਹੈ ਤੇ ਦੂਜਾ ਇਸ ਵਿੱਚ ਬਾਹਰੋਂ ਸਰੀਰ ਨਾਲ/ਉੱਤੇ ਕਰਨ ਤੇ ਦਿਖਾਉਣ ਨੂੰ ਕੁੱਝ ਨਹੀ ਬਚਦਾ। ਧਰਮ ਕਰਮ ਦੇ ਦਿਖਾਵੇ ਬਿਨਾ ਪ੍ਰਤਿਸ਼ਠਾ ਨਹੀ ਪਲਦੀ, ਅਹੰਕਾਰ ਨਹੀ ਜਾਗਦਾ, ਹਉਮੈ ਦਾ ਸਬੂਤ ਹੀ ਨਹੀ ਰਹਿ ਜਾਂਦਾ ਤੇ ਸਬੂਤ ਤੋਂ ਬਿਨਾ ਧਰਮੀ ਹੋਣ ਦਾ ਮਜ਼ਾ ਹੀ ਨਹੀ ਰਹਿ ਜਾਂਦਾ। ਦੂਜੇ ਨੂੰ ਕਿਵੇਂ ਪਤਾ ਲੱਗੇ ਕਿ ਮੈ ਕਿਤਨਾ ਧਰਮੀ ਹਾਂ। ਇਹੀ ਕਾਰਨ ਹੈ ਕਿ ਅੱਜ ਧਰਮ ਦੇ ਸਾਰੇ ਕਰਮ ਬਾਹਰਲੇ ਦਿਖਾਵੇ ਤੇ ਹੀ ਨਿਰਭਰ ਹਨ। ਹਰ ਕੋਈ ਇਹੀ ਦੱਸਣਾ ਤੇ ਦਿਖਾਉਣਾ ਚਹੁੰਦਾ ਹੈ ਕਿ ਉਸ ਵਿੱਚ ਧਰਮ ਦੀ ਕਿਹੜੀ ਵਿਲੱਖਣਤਾ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਸੱਜਣ ਠੱਗ ਦੇ ਬਾਹਰਲੇ ਧਾਰਮਕ ਕਰਮ ਕਾਂਡ ਤੇ ਵੇਸ ਬਾਬੇ ਨਾਨਕ ਦੀ ਪਾਰਖੂ ਅੱਖ ਨੂੰ ਧੋਖਾ ਨਾ ਦੇ ਸਕੇ ਪਰ ਸਿੱਖ ਨੇ ਫਿਰ ਵੀ ਇਸ ਤੋਂ ਕੋਈ ਸਬਕ ਨਹੀ ਸਿਖਿਆ ਭਾਵੇਂ ਗੁਰੂ ਜਿਨੀ ਵਾਰ ਮਰਜ਼ੀ ਕਹੀ ਜਾਵੇ:
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ (੪੭੩)। ਜੋ ਮਨੁੱਖ ਮਨੋ ਤਾਂ ਝੂਠੇ ਹਨ ਪਰ ਬਾਹਰ (ਧਾਰਮਕ ਕਰਮ ਕਾਂਡਾਂ ਤੇ ਵੇਸਾਂ ਨਾਲ) ਕੂੜੀ ਇਜ਼ਤ ਬਣਾਈ ਬੈਠੇ ਹਨ ਅਤੇ ਜਗਤ ਵਿੱਚ ਵਖਾਵੇ ਤੋਂ ਧਰਮੀ ਲਗਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉਤੇ (ਜਾ ਕੇ ਵੀ) ਇਸ਼ਨਾਨ ਕਰਨ ਉਹਨਾ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀ ਉਤਰਦੀ। ਅਠਾਹਠ ਤੀਰਥਾਂ ਤੇ ਜਾਣਾਂ ਤਾਂ ਇੱਕ ਪਾਸੇ ਉਹ ਭਾਵੇਂ ਤੀਰਥਾਂ ਤੇ ਰਹਿੰਦੇ ਵੀ ਹੋਣ ਫਿਰ ਵੀ ਮਨ ਦੀ ਮੈਲ ਅੰਦਰੋਂ ਨਹੀ ਜਾਂਦੀ ਤੇ ਇਹ ਹਕੀਕਤ ਅੱਜ ਧਰਮ ਆਗੂਆਂ ਵਿੱਚ ਦੇਖੀ ਜਾ ਸਕਦੀ ਹੈ। ਜਦੋਂ ਤਕ ਮਨ ਮੈਲਾ ਹੈ ਤਦ ਤਕ ਮਨ ਦਾ ਕੀਤਾ ਹਰ ਧਰਮ ਕਰਮ ਮੈਲਾ ਹੀ ਹੋਵੇਗਾ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ੫੫੮। ਸਰੀਰ ਨੂੰ ਬਾਹਰੋਂ ਧੋਣ (ਸਾਧਣ) ਦਾ ਕਰਮ ਸਰੀਰ ਦੀ ਮੈਲ ਨੂੰ ਤਾਂ ਜ਼ਰੂਰ ਧੋ ਦੇਵੇਗਾ ਪਰ ਇਹ ਅੰਦਰੂਨੀ (ਮਨ ਦੇ ਵਿਕਾਰਾਂ ਦੀ) ਮੈਲ ਨੂੰ ਨਹੀ ਧੋ ਸਕਦਾ, ਮਨ ਨੂੰ ਪਵਿੱਤ੍ਰ ਨਹੀ ਕਰ ਸਕਦਾ। ਸਰੀਰਕ ਕਰਮ ਕਾਂਡ ਮਨ ਨੂੰ ਨਹੀ ਸਾਧ ਸਕਦੇ। ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ {ਪੰਨਾ 644} ਭਾਵ: ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿਧ ਸਮਾਧੀਆਂ ਲਾ ਲਾ ਕੇ ਥੱਕ ਗਏ, ਕਈ ਕਰਮ ਕਾਂਡ ਕਰ ਕੇ ਥੱਕ ਗਏ ਹਨ ਪਰ ਇਹਨਾ (ਬਾਹਰਲੇ ਕਰਮ ਕਾਂਡਾਂ) ਨਾਲ ਮਨ ਵਸ ਨਹੀ ਆਉਂਦਾ। ਅਸਲ ਵਿੱਚ ਸੱਚ ਤਾਂ ਇਹ ਹੈ ਕਿ ਮਨੁੱਖ ਦਾ ਮੌਜੂਦਾ ਰਵਈਆ ਆਪਣੇ ਮਨ ਨੂੰ ਵਸ ਕਰਨ ਦਾ ਹੈ ਹੀ ਨਹੀ ਬਲਿਕੇ ਧਰਮ ਦਾ ਦਿਖਾਵਾ ਕਰਕੇ ਦੂਸਰਿਆਂ ਨੂੰ ਆਪਣੇ ਵਸ ਕਰਨ ਦਾ ਹੈ ਤੇ ਇਹ ਕਰਨ ਲਈ ਇਸ ਨੂੰ ਦਿਖਾਵੇ ਦੇ ਭੇਖਾਂ ਤੇ ਕਰਮ ਕਾਂਡਾਂ ਦਾ ਸਹਾਰਾ ਲੈਣਾ ਪੈਂਦਾ ਹੈ।। ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ {ਪੰਨਾ 644} ਭਾਵ: ਧਾਰਮਕ ਭੇਖ ਕਰਨ ਵਾਲੇ ਮਨੁੱਖ ਕਈ ਭੇਖ ਕਰਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ, ਪਰ ਹਉਮੈ ਤੇ ਭਰਮ ਵਿੱਚ ਭੁੱਲੇ ਹੋਇਆਂ ਨੂੰ, ਮਨ ਦੀ ਸਾਰ ਨਹੀ ਆਈ। ਸਪਸ਼ਟ ਹੈ ਕਿ ਬਾਹਰਲੇ ਵਖਾਵੇ ਦੇ ਸਰੀਰਕ ਕਰਮ ਕਾਂਡਾਂ, ਭੇਖਾਂ ਤੇ ਸੰਕੇਤਾਂ ਨਾਲ ਮਨ ਨਹੀ ਸਾਧਿਆ ਜਾ ਸਕਦਾ। ਇਹ ਇੱਕ ਨਿੱਜੀ ਮਾਮਲਾ ਹੈ ਜਿਸ ਵਿੱਚ ਕਿਸੇ ਹੋਰ ਦਾ ਦਖਲ ਨਹੀ ਹੋ ਸਕਦਾ ਤੇ ਨਾ ਹੀ ਇਸ ਨੂੰ ਮਾਇਆ ਨਾਲ ਖਰੀਦਿਆ ਜਾ ਸਕਦਾ ਹੈ। ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥ ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥ ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥ ਘੂਘਰ ਬਾਧਿ ਬਜਾਵਹਿ ਤਾਲਾ ॥ ਅੰਤਰਿ ਕਪਟੁ ਫਿਰਹਿ ਬੇਤਾਲਾ ॥ ਵਰਮੀ ਮਾਰੀ ਸਾਪੁ ਨ ਮੂਆ ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥ ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥ ਦੇਸੁ ਛੋਡਿ ਪਰਦੇਸਹਿ ਧਾਇਆ ॥ ਪੰਚ ਚੰਡਾਲ ਨਾਲੇ ਲੈ ਆਇਆ ॥੪॥ {ਪੰਨਾ 1348} ਭਾਵ: ਮੋਹ ਮਾਇਆ ਵਿੱਚ ਫਸਿਆ ਮਨ ਸਰੀਰ ਉਤੇ ਧਾਰਮਕ ਚਿਹਨ ਬਣਾਂਦਾ ਰਹੇ ਇਸ ਤਰਾਂ ਨਾਲ ਕਿਸੇ ਨੇ ਵੀ ਪ੍ਰਭੂ ਮਿਲਾਪ ਹਾਸਲ ਨਹੀ ਕੀਤਾ। ਕ੍ਰੌਧੀ ਤੇ ਹੰਕਾਰੀ ਮਨ ਮੋਹ ਮਾਇਆ ਤੇ ਅਹੰਕਾਰ ਦੇ ਵਸ ਹੋਇਆ ਅਨੇਕ ਰੀਤਾਂ ਰਸਮਾਂ ਦੇ ਖਿਲਾਰੇ ਖਿਲਾਰ ਕੇ ਬਾਹਰਲੇ ਕਰਮ ਧਰਮ ਕਰਦਾ ਰਹੇ, ਬਾਹਰੋਂ ਤਨ ਨਾਲ ਤੇ ਤਨ ਉਤੇ ਧਾਰਮਕ ਚਿਹਨ ਤੇ ਉਹਨਾਂ ਦੇ ਨਿਸ਼ਾਨ ਬਣਾਉਂਦਾ ਰਹੇ ਪਰ ਇਸ ਤਰਾਂ ਕੀਤਿਆਂ ਵੀ ਮਨ ਤੋਂ ਵਿਕਾਰਾਂ ਦੀ ਮੈਲ ਕਦੇ ਦੂਰ ਨਹੀ ਹੁੰਦੀ। ਜੋ ਪੰਜਾਂ (ਵਿਕਾਰਾਂ) ਵਸ ਹੋ ਕੇ ਪਾਪ ਕਰਦਾ ਹੈ ਤੇ (ਬਾਹਰਲਾ ਇਸ਼ਨਾਨ ਕਰਕੇ) ਪਾਪ ਧੋਤੇ ਗਏ ਸਮਝਕੇ ਮੁੜ ਪਾਪਾਂ ਵਿੱਚ ਖੱਚਤ ਹੋ ਜਾਂਦਾ ਹੈ ਉਹਨਾਂ ਨੂੰ ਬੰਨ੍ਹ ਕੇ ਜਮਰਾਜ ਕੋਲ ਅਪੜਾਇਆ ਜਾਂਦਾ ਹੈ। ਜੋ ਧਰਮ ਦੇ ਨਾਂ ਤੇ ਘੁੰਗਰੂ ਬੰਨ੍ਹ ਕੇ ਤਾਲ ਵਿੱਚ ਨਚਦੇ ਟਪਦੇ ਹਨ ਪਰ ਮਨ ਵਿੱਚ ਠੱਗੀ ਫਰੇਬ ਹੈ ਉਹ (ਅਸਲ ਵਿੱਚ ਸਹੀ) ਜੀਵਨ ਦੀ ਤਾਲ ਤੋਂ ਖੁੰਝ ਗਏ ਹਨ। ਸੱਪ ਦੀ ਖੁੱਡ ਬੰਦ ਕਰਨ ਨਾਲ ਸੱਪ ਨਹੀ ਮਰ ਜਾਂਦਾ ਭਾਵ ਬਾਹਰਲੀਆਂ ਕਿਸੇ ਵੀ ਸਰੀਰਕ ਰੀਤਾਂ ਰਸਮਾਂ, ਕਰਮ ਕਾਂਡਾਂ, ਭੇਖਾਂ ਤੇ ਸੰਕੇਤਾਂ ਨਾਲ ਤਨ ਰੂਪੀ ਖੁੱਡ ਵਿੱਚ ਬੈਠੇ ਮਨ ਨੇ ਨਹੀ ਮਰਨਾ ਜਾਂ ਸੋਧਿਆ ਨਹੀ ਜਾਣਾ। (ਤੇਰੀ ਇਹ ਚਤੁਰਾਈ ਨਹੀ ਚੱਲਣੀ) ਕਿਉਂਕਿ ਤੈਨੂੰ ਪੈਦਾ ਕਰਨ ਵਾਲਾ ਪਰਮਾਤਮਾ ਤੇਰੇ (ਅੰਦਰੂਨੀ) ਦਿਲ (ਮਨ) ਦੀ ਹਰੇਕ ਗਲ (ਚਲਾਕੀ) ਨੂੰ ਜਾਣਦਾ ਹੈ। ਜੋ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ ਰੰਗੇ ਕੱਪੜੇ ਪਾਈ ਫਿਰਦਾ ਹੈ ਪਰ (ਉਂਝ ਕਿਸੇ) ਬਿਪਤਾ ਦਾ ਮਾਰਿਆ ਘਰੋਂ ਭੱਜਾ ਫਿਰਦਾ ਹੈ, ਆਪਣਾ ਵਤਨ ਛੱਡ ਕੇ ਹੋਰ ਦੇਸਾਂ ਵਿੱਚ ਭਟਕਦਾ ਫਿਰਦਾ ਹੈ ਉਹ ਵੀ ਇਹਨਾਂ ਪੰਜਾਂ ਚੰਡਾਲਾਂ ਨੂੰ ਆਪਣੇ ਨਾਲ ਹੀ ਲਈ ਫਿਰਦਾ ਹੈ। ਗੁਰੂ ਨੇ ਸਪਸ਼ਟ ਕਰ ਦਿੱਤਾ ਕਿ (ਗੁਰੂ ਦੀ ਸਿਖਿਆ ਤੇ ਚੱਲ ਕੇ) ਮਨ ਦੀ ਸਾਧਨਾਂ (ਮਨ ਦੀ ਪਵਿੱਤ੍ਰਤਾ) ਤੋਂ ਬਿਨਾ ਕੀਤੇ ਸਰੀਰ ਨਾਲ ਜਾਂ ਸਰੀਰ ਉੱਤੇ ਬਾਹਰਲੇ ਕਰਮ ਧਰਮ ਨਿਸਫਲ ਹਨ ਕਿਉਂਕਿ ਇਹ ਵਖਾਵੇ ਲਈ ਕੀਤਾ ਇੱਕ ਧੋਖਾ ਹੀ ਹੈ, ਮਨੁੱਖ ਦੀ ਚਲਾਕੀ ਹੀ ਹੈ ਜਿਸ ਨੂੰ ਗੁਰਬਾਣੀ ਪੂਰਨ ਤੌਰ ਤੇ ਖੰਡਣ ਕਰਦੀ ਹੈ: ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥ (੧੯੪)। ਜੋ ਮਨੁੱਖ ਮਨ ਅੰਦਰ ਵਿਕਾਰਾਂ ਦੀ ਮੈਲ ਨਾਲ ਭਰਿਆ ਖੋਟੇ ਕਰਮ ਕਰਦਾ ਹੈ ਪਰ ਬਾਹਰ ਜਗਤ ਨੂੰ ਦਿਖਾਵਾ ਧਰਮੀ ਹੋਣ ਦਾ ਕਰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਚੋਰਾਂ ਵਾਂਗ ਬੰਨ੍ਹਿਆ ਜਾਂਦਾ ਹੈ। ਗੁਰਬਾਣੀ ਦੀ ਐਨਕ ਲਾ ਕੇ ਵੇਖਿਆਂ ਅੱਜ ਦੇ ਧਰਮ ਆਗੂਆਂ ਦੀ ਅਸਲੀ ਤਸਵੀਰ ਨਜ਼ਰ ਆ ਜਾਵੇਗੀ। ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਸਾਫ ਦਿੱਸ ਪਵੇਗਾ। ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ (੧੨੪੩)। ਭਾਵ: ਜਿਨ੍ਹਾ ਮਨੁੱਖਾਂ ਦੇ ਮਨ ਅੰਦਰ ਸਚਾਈ ਨਹੀ ਧੋਖਾ ਹੈ, ਪਰ ਬਾਹਰੋਂ ਸਰੀਰ ਨੂੰ ਬੜਾ ਧੋ ਧੋ ਰੱਖਦੇ ਹਨ, ਉਹ ਹਰ ਕਰਮ ਵਿੱਚ ਝੂਠ ਤੇ ਧੋਖਾ ਹੀ ਵਰਤਦੇ ਹਨ ਜੋ ਆਖਰ ਉੱਘੜ ਆਉਂਦਾ ਹੈ ਕਿਉਂਕਿ ਮਨ ਅੰਦਰ ਜੋ ਕੁੱਝ ਹੁੰਦਾ ਹੈ ਉਹੀ ਜ਼ਾਹਰ ਹੋ ਜਾਂਦਾ ਹੈ ਤੇ ਲੁਕਾਇਆਂ ਨਹੀ ਲੁਕਦਾ। ਇਸ ਲਈ ਜਿਨੀ ਦੇਰ ਤਕ ਗੁਰਬਾਣੀ ਦੀ ਐਨਕ (ਸਿਖਿਆ) ਪ੍ਰਾਪਤ ਨਹੀ ਹੁੰਦੀ ਉਤਨੀ ਦੇਰ ਤਕ ਇਹਨਾ ਝੂਠੇ, ਧੋਖੇਬਾਜ਼ ਤੇ ਚੋਰਾਂ ਤੋਂ ਬਚਿਆ ਨਹੀ ਜਾ ਸਕਦਾ। ਜੀਵਨ ਸਫਲ ਬਨਾਉਣ ਲਈ ਪਰਮਾਤਮਾ (ਗੁਰੂ) ਦੇ ਹੁਕਮ ਨੂੰ ਗੁਰਬਾਣੀ ਦੁਆਰਾ ਬੁੱਝ ਕੇ ਮਨ ਨੂੰ (ਵਿਕਾਰਾਂ ਦੀ ਮੈਲ ਤੋਂ) ਪਵਿੱਤ੍ਰ ਕਰਨਾ ਪਵੇਗਾ ਕਿਉਂਕਿ ਮਨ ਵਿੱਚ ਵਿਕਾਰਾਂ ਦੀ ਮੈਲ ਦੇ ਹੁੰਦਿਆਂ ਬਾਹਰੋਂ ਧਰਮੀ ਹੋਣ ਦਾ ਦਿਖਾਵਾ ਜਾਂ ਦ੍ਹਾਵਾ ਕਰਨਾ ਇੱਕ ਧੋਖਾ, ਠੱਗੀ ਜਾਂ ਚੋਰੀ ਦੇ ਬਰਾਬਰ ਹੈ। ਗੁਰੂ ਦੀ ਇਹ ਕਸਵੱਟੀ ਕਿਸ ਕਿਸ ਨੂੰ ਇਸ ਧੋਖੇਬਾਜ਼ਾਂ, ਠੱਗਾਂ ਤੇ ਚੋਰਾਂ ਦੀ ਕਤਾਰ ਵਿੱਚ ਖੜਾ ਕਰਦੀ ਹੈ, ਇਸ ਦਾ ਫੈਸਲਾ ਨਿੱਜੀ ਤੌਰ ਤੇ ਆਪਣੇ ਮਨ ਨੂੰ ਪੜ੍ਹ ਕੇ ਹਰ ਕੋਈ ਕਰ ਸਕਦਾ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.

Monday, 30 January 2012

ਕੜਾਹ ਪ੍ਰਸ਼ਾਦਿ

ਕੜਾਹ ਪ੍ਰਸ਼ਾਦਿ
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਉਹ ਕੜਾਹ ਜੋ ਮਰਯਾਦਾ ਅਨੁਸਾਰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰ ਕੇ ਵਰਤਾਈ ਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ। ਪ੍ਰਸਾਦ ਦੇ ਅਰਥ ਹਨ, ੧. ਖ਼ੁਸ਼ੀ, ਪ੍ਰਸੰਨਤਾ। ੨. ਸੱਵਛਤਾ, ਨਿਰਮਲਤਾ। ੩. ਅਰੋਗਤਾ। ੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗਯ ਪਦਾਰਥ। ੫. ਕਾਵਯ ਦਾ ਇੱਕ ਗੁਣ, ਪਦਾਂ ਦੀ ਜੁਗਤੀ ਸੁੰਦਰ ਅਤੇ ਅਰਥ ਦਾ ਸਪਸ਼ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ਖ਼ਾ: ਭੋਜਨ, ਰਸੋਈ।” ਅਤੇ ਕੜਾਹ ਦਾ ਅਰਥ ਹੈ “ਕੜਾਹਾ, ਲੋਹੇ ਦਾ ਕੁੰਡੇਦਾਰ ਖੁੱਲ੍ਹੇ ਮੂੰਹ ਦਾ ਬਰਤਨ; ੨. ਕੜਾਹੇ ਵਿੱਚ ਤਿਆਰ ਕੀਤਾ ਅੰਨ; ਹਲੂਆ।” (ਮਹਾਨ ਕੋਸ਼)
ਕੜਾਹ ਪ੍ਰਸ਼ਾਦਿ ਨੂੰ ਕੁਣਕਾ (ਖਾਵੈ ਕੁਣਕਾ ਵੰਡਕੈ), ਮਹਾਪ੍ਰਸ਼ਾਦ (ਆਣਿ ਮਹਾ ਪਰਸਾਦੁ ਵੰਡਿ ਖੁਆਇਆ॥ (ਭਾਈ ਗੁਰਦਾਸ ਜੀ- ਵਾਰ ੨੦, ਪਉੜੀ ੧੦), ਸ਼ਹੀਦੀ ਪ੍ਰਸ਼ਾਦ। ਪੰਚਾਮ੍ਰਿਤ ਅਤੇ ਦੇਗ ਵੀ ਕਿਹਾ ਜਾਂਦਾ ਹੈ ਪਰ ਹੁਣ ਕੇਵਲ ਕੜਾਹ ਪ੍ਰਸ਼ਾਦ ਸ਼ਬਦ ਹੀ ਵਧੇਰੇ ਪ੍ਰਚਲਤ ਹੈ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਕੜਾਹ ਪ੍ਰਸ਼ਾਦਿ ਹੀ ਵਰਤਾਉਣ ਦੀ ਪਰੰਪਰਾ ਹੈ, ਕਿਸੇ ਹੋਰ ਚੀਜ਼ ਨੂੰ ਪ੍ਰਸ਼ਾਦਿ ਦੇ ਰੂਪ ਵਿੱਚ ਵਰਤਾਉਣ ਦੀ ਰੀਤ ਨਹੀਂ ਹੈ।
ਕੜਾਹ ਪ੍ਰਸ਼ਾਦ ਛੂਤ-ਛਾਤ, ਜ਼ਾਤ ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇਉਂ ਹਿਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤਿ ਵਿੱਚ ਬੈਠੇ ਕਿਸੇ ਮਨੁੱਖ ਤੋਂ ਜ਼ਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।”
ਕਈ ਥਾਈਂ ਕੜਾਹ ਪ੍ਰਸ਼ਾਦਿ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆਉਣ ਸਮੇਂ ਇਸ ਦੇ ਅੱਗੇ ਅੱਗੇ ਪਾਣੀ ਤ੍ਰੌਂਕਦੇ ਹਨ; ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿਖਦੇ ਹਨ ਕਿ ਇਹ ਅਵਿਦਯਾ ਕਰਮ ਹੈ। ਕਈ ਥਾਈਂ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੜਾਹ ਪ੍ਰਸ਼ਾਦ ਦੇ ਦੇਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆਂਦੀ ਜਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸੰਗਤਾਂ ਉੱਠ ਕੇ ਖੜੀਆਂ ਹੋ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਖੜੇ ਹੋਣ ਲਈ ਕਿਹਾ ਜਾਂਦਾ ਹੈ। ਪਰ ਇਹ ਸਭ ਕੁੱਝ ਅਗਿਆਨਤਾ ਵਸ ਦੇਖਾ ਦੇਖੀ ਪ੍ਰਾਰੰਭ ਹੋ ਗਿਆ ਹੋਇਆ ਹੈ; ਇਨ੍ਹਾਂ ਗੱਲਾਂ ਦਾ ਗੁਰਮਤਿ ਦੀ ਰਹਿਣੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦਿ ਦੀ ਦੇਗ ਸਤਿਕਾਰ ਨਾਲ ਲਿਆਉਣ ਅਤੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰਨ ਦਾ ਅਰਥ ਗੁਰੂ ਨੂੰ ਭੋਗ ਲਗਾਉਣਾ ਨਹੀਂ ਹੈ। ਭਾਵੇਂ ਕਈ ਸੱਜਣ ਅਣਜਾਣਪੁਣੇ ਕਾਰਨ ਅਜਿਹਾ ਹੀ ਸਮਝਦੇ ਹਨ। (ਨੋਟ: ਜ਼ਿਆਦਾਤਰ ਡੇਰੇਦਾਰ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਹੋਣ ਕਾਰਨ ਉਨ੍ਹਾਂ ਦੇ ਸ਼ਰਧਾਲੂ ਵੀ ਇਸ ਤਰ੍ਹਾਂ ਦੀ ਧਾਰਨਾ ਨੂੰ ਧਾਰਨ ਕਰੀ ਬੈਠੇ ਹਨ) ਇਸ ਲਈ ਕਈ ਅਰਦਾਸੀਏ ਅਰਦਾਸ ਵਿੱਚ ਭੋਗ ਸ਼ਬਦ ਦੀ ਵਰਤੋਂ ਕਰਦੇ ਹਨ। ਕਈ ਅਰਦਾਸ ਕਰਨ ਵਾਲੇ ਸੱਜਣ ਅਰਦਾਸ ਵਿੱਚ ‘ਆਪ ਜੀ ਨੂੰ ਭੋਗ ਲਗੇ, ‘ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ’ ਵਰਗੀ ਅਨਮਤੀ ਸ਼ਬਦਾਵਲੀ ਵਰਤਦੇ ਹਨ। ਪਰੰਤੂ ਇਸ ਤਰ੍ਹਾਂ ਦੀ ਸ਼ਬਦਾਵਲੀ ਗੁਰਮਤਿ ਦੇ ਅਨੁਕੂਲ ਨਹੀਂ ਹੈ। ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਸੱਜਣ ਗੁਰਬਾਣੀ ਦੀ ਇਹ ਤੁੱਕ ਆਮ ਹੀ ਅਰਦਾਸ ਵਿੱਚ ਪੜ੍ਹਦੇ ਹਨ: ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ (ਪੰਨਾ ੧੨੬੬)
ਪਰ ਇਸ ਪੰਗਤੀ ਵਿੱਚ ਕੜਾਹ ਪ੍ਰਸ਼ਾਦਿ ਦਾ ਤਾਂ ਕੋਈ ਜ਼ਿਕਰ ਨਹੀਂ ਹੈ; ਇਸ ਵਿੱਚ ਤਾਂ ਆਤਮਕ ਰਸੋਈ ਦੀ ਤਿਆਰੀ ਦੀ ਗੱਲ ਕੀਤੀ ਹੋਈ ਹੈ ਨਾ ਕਿ ਕੜਾਹ ਪ੍ਰਸਾਦਿ ਦੀ। ਜਿਸ ਸ਼ਬਦ ਦੀ ਇਹ ਪੰਗਤੀ ਹੈ ਉਹ ਇਸ ਪ੍ਰਕਾਰ ਹੈ:
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ॥ ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ॥ ੧॥ ਬਰਸੈ ਮੇਘੁ ਸਖੀ ਘਰਿ ਪਾਹੁਨ ਆਏ॥ ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ॥ ੧॥ ਰਹਾਉ॥ ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ ੨॥ ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ॥ ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ॥ ੩॥ ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ॥ ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ॥ ੪॥
ਅਰਥ: ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿੱਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ। ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿੱਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ। ੧। ਰਹਾਉ।
ਹੇ ਭਾਈ! (ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ? (ਵੇਖ,) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? । ੧।
ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ। ੨।
ਹੇ ਸਖੀ! ਇਹਨਾਂ (ਸਰੀਰ ਰੂਪੀ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿੱਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ। ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿੱਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ। ੩।
ਹੇ ਦਾਸ ਨਾਨਕ! ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤਿ ਵਿੱਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ। ੪।
ਸੋ, ਅਰਦਾਸ ਵਿੱਚ ਕੜਾਹ ਪ੍ਰਸ਼ਾਦਿ ਆਪ ਜੀ ਦੇ ਦਰ ਪਰਵਾਨ ਹੋਵੇ, ਕਹਿਣਾ ਹੀ ਯੋਗ ਹੈ। ਗੁਰਮਤਿ ਵਿੱਚ ਭੋਗ ਦਾ ਸੰਕਲਪ ਨਹੀਂ ਹੈ। ਇਸੇ ਤਰ੍ਹਾਂ ‘ਸੀਤ ਪ੍ਰਸ਼ਾਦਿ ਸੰਗਤਾਂ ਵਿੱਚ ਵਰਤੇ’ ਕਹਿਣਾ ਵੀ ਗ਼ਲਤ ਹੈ। ਗੁਰਮਤਿ ਵਿੱਚ ਸੀਤ ਪ੍ਰਸ਼ਾਦਿ ਦੀ ਕੋਈ ਧਾਰਨਾ ਨਹੀਂ ਹੈ।
ਕਈ ਸੱਜਣ ਤਾਂ ਇੱਥੋਂ ਤੀਕ ਗੱਪ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ ਕਿ ਗੁਰੂ ਸਾਹਿਬ ਪ੍ਰਸ਼ਾਦਿ ਛੱਕਦੇ ਹਨ। ਇਸ ਗੱਲ ਨੂੰ ਪ੍ਰਮਾਣਤ ਕਰਨ ਲਈ ਮਨਘੜਤ ਕਹਾਣੀ ਵੀ ਸੁਣਾਉਂਦੇ ਹਨ ਕਿ ਕਿਵੇਂ ਇੱਕ ਵਾਰੀ ਕਿਸੇ ਦੇ ਸ਼ੰਕਾ ਕਰਨ `ਤੇ ਰਸਦ ਨੂੰ ਨਾਪ ਤੋਲ ਕੇ ਦੇਗ ਤਿਆਰ ਕੀਤੀ ਗਈ, ਅਰਦਾਸ ਉਪਰੰਤ ਜਦੋਂ ਫਿਰ ਤੋਲਿਆ ਗਿਆ ਤਾਂ ਦੇਗ ਪਹਿਲਾਂ ਨਾਲੋਂ ਘੱਟ ਸੀ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਹੀ ਸੱਜਣ ਗਰਮ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਦੀ ਨਿਖੇਧੀ ਕਰਦੇ ਹਨ। ਅਜਿਹੇ ਸੱਜਣਾਂ ਦਾ ਇਹ ਮੰਨਣਾ ਹੈ ਕਿ ਗਰਮ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਣ ਨਾਲ ਗੁਰੂ ਸਾਹਿਬ ਦੀ ਜੀਭ ਸੜ ਜਾਂਦੀ ਹੈ। ਕਈ ਸੱਜਣ ਇਹ ਗੱਪ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ ਕਿ ਗਰਮ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਣ ਤੇ ਗੁਰੂ ਸਾਹਿਬ ਨੇ ਪ੍ਰਗਟ ਹੋ ਕੇ ਉਹਨਾਂ ਨੂੰ ਆਪਣੀ ਸੜੀ ਹੋਈ ਜੀਭ ਵੀ ਦਿਖਾਈ।
(ਨੋਟ: ਇੱਕ ਸੱਜਣ ਨੇ ਦੋ ਕੁ ਹਫ਼ਤੇ ਪਹਿਲੇ ਹੀ ਬੀ ਸੀ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਆਪਣੇ ਵਿਆਖਿਆਣ ਦੌਰਾਨ ਇਹ ਗੱਲ ਆਖੀ ਕਿ ਇੱਕ ਵਾਰ ਉਸ ਨੇ ਕਾਹਲੀ ਵਿੱਚ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾ ਦਿੱਤਾ। ਦੀਵਾਨ ਦੀ ਸਮਾਪਤੀ ਉਪਰੰਤ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ। ਗੁਰੂ ਸਾਹਿਬ ਨੇ ਆਪਣੀ ਜੀਭ ਦਿਖਾਉਂਦਿਆਂ ਹੋਇਆਂ ਕਿਹਾ ਕਿ ਦੇਖ ਤੂੰ ਗਰਮ ਗਰਮ ਦੇਗ ਨੂੰ ਭੋਗ ਲਵਾਇਆ ਹੈ ਮੇਰੀ ਜੀਭ ਸੜ ਗਈ ਹੈ, ਇਸ ਲਈ ਪ੍ਰਸ਼ਾਦ ਠੰਡਾ ਕਰ ਕੇ ਭੋਗ ਲਗਾਇਆ ਕਰ।)
ਕੜਾਹ ਪ੍ਰਸ਼ਾਦ ਚੂੰਕਿ ਸੰਗਤਾਂ ਵਿੱਚ ਵਰਤਾਉਣਾ ਹੁੰਦਾ ਹੈ ਇਸ ਲਈ ਵਰਤਾਉਣ ਤੋਂ ਪਹਿਲਾਂ ਇਤਨਾ ਕੁ ਠੰਡਾ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਵਰਤਾਉਣ ਵਾਲੇ ਅਤੇ ਲੈਣ ਵਾਲਿਆਂ ਦੇ ਹੱਥ ਨਾ ਸੜਣ।
ਗੁਰੂ ਸਾਹਿਬ ਨੇ ਸਾਨੂੰ ਸ਼ਬਦ/ਗਿਆਨ ਗੁਰੂ ਦੇ ਲੜ ਲਾਇਆ ਹੈ, ਇਸ ਨੂੰ ਨਾ ਭੁੱਖ ਲਗਦੀ ਹੈ, ਨਾ ਹੀ ਪਿਆਸ ਲੱਗਦੀ ਹੈ, ਨਾ ਹੀ ਗਰਮੀ ਲਗਦੀ ਹੈ ਅਤੇ ਨਾ ਹੀ ਸਰਦੀ ਲਗਦੀ ਹੈ।
ਕੜਾਹ ਪ੍ਰਸ਼ਾਦਿ ਵਿੱਚ ਕ੍ਰਿਪਾਨ ਭੇਟ ਕਰਨ ਬਾਰੇ ਕਈ ਸੱਜਣਾਂ ਦਾ ਇਹ ਖ਼ਿਆਲ ਹੈ ਕਿ ਕ੍ਰਿਪਾਨ ਅਕਾਲ ਪੁਰਖ ਦੀ ਰਸਨਾ ਹੈ; ਇਸ ਲਈ ਕ੍ਰਿਪਾਨ ਭੇਟ ਕਰਨ ਦਾ ਭਾਵ ਪ੍ਰਸ਼ਾਦਿ ਪ੍ਰਭੂ ਨੂੰ ਅਰਪਨ ਕਰਨਾ ਹੈ। ਪਰ ਇਸ ਧਾਰਨਾ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ।
ਕ੍ਰਿਪਾਨ ਭੇਟ ਕੇਵਲ ਕੜਾਹ ਪ੍ਰਸ਼ਾਦਿ ਦੀ ਦੇਗ ਨੂੰ ਹੀ ਭੇਟ ਕਰਨ ਦੀ ਮਰਯਾਦਾ ਹੈ। ਕਿਸੇ ਹੋਰ ਕਿਸਮ ਦੇ ਪ੍ਰਸ਼ਾਦਿ ਨੂੰ ਨਹੀਂ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਦੀ ਹੀ ਪਰੰਪਰਾ ਹੈ।
ਕੜਾਹ ਪ੍ਰਸ਼ਾਦਿ ਵਰਤਾਉਣ ਸਮੇਂ ਪੰਜਾਂ ਪਿਆਰਿਆਂ ਦਾ ਛਾਂਦਾ ਕੱਢਣ ਉਪਰੰਤ ਸੰਗਤਾਂ ਵਿੱਚ ਵਰਤਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਦੇ ਪੰਘੂੜੇ ਅਥਵਾ ਮੰਜੀ ਦੇ ਹੇਠਾਂ ਕੌਲੀ ਆਦਿ ਵਿੱਚ ਪਾ ਕੇ ਰੱਖਿਆਂ ਜਾਂਦਾ ਹੈ, ਉਹ ਗੁਰੂ ਸਾਹਿਬ ਲਈ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਜਾਂ ਸਿੰਘਣੀ ਲਈ ਹੁੰਦਾ ਹੈ ਤਾਂ ਕਿ ਚੌਰ ਦੀ ਸੇਵਾ ਤੋਂ ਮੁਕਤ ਹੋ ਕੇ ਉਹ ਇਸ ਨੂੰ ਛੱਕ ਸਕੇ।
ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਦੀਵਾਨ ਦੀ ਸਮਾਪਤੀ `ਤੇ ਜਦੋਂ ਕੜਾਹ ਪ੍ਰਸ਼ਾਦਿ ਵਰਤਾਇਆ ਜਾਂਦਾ ਹੈ ਤਾਂ ਸੰਗਤਾਂ ਵਿੱਚ ਸ਼ੋਰ-ਸ਼ਰਾਬਾ ਪੈ ਜਾਂਦਾ ਹੈ। ਇਹੋ ਜਿਹੇ ਵਰਤਾਰੇ ਨੂੰ ਜਾਇਜ਼ ਠਹਿਰਾਉਣ ਲਈ ਕਈ ਸੱਜਣ ਇਹ ਕਹਿੰਦੇ ਹਨ ਕਿ ਹੁਣ ਦੀਵਾਨ ਵਿੱਚ ਕਲਜੁਗ ਆ ਗਿਆ ਹੈ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਇੱਕ ਸਾਖੀ ਦਾ ਆਮ ਹੀ ਵਰਣਨ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਲਜੁਗ ਦੀ ਬੇਨਤੀ ਨੂੰ ਮੰਨ ਕੇ ਉਸ ਨੂੰ ਦੀਵਾਨ ਦੀ ਸਮਾਪਤੀ `ਤੇ ਅੰਦਰ ਆਉਣ ਦੀ ਆਗਿਆ ਦਿੱਤੀ ਹੋਈ ਹੈ। ਪਰ ਇਹ ਸਭ ਮਨਘੜਤ ਕਹਾਣੀਆਂ ਹਨ; ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਧਾਰਨਾ ਵਿੱਚ ਵਿਸ਼ਵਾਸ ਨਹੀਂ ਹੈ ਅਤੇ ਨਾ ਹੀ ਗੁਰਬਾਣੀ ਪੁਰਾਣ ਸਹਿਤ ਵਿੱਚ ਵਰਣਿਤ ਜੁਗਾਂ ਦੀ ਧਾਰਨਾ ਨੂੰ ਸਵੀਕਾਰ ਕਰਦੀ ਹੈ।
ਕਈ ਸੱਜਣ ਕੇਵਲ ਆਪਣੇ ਹੀ ਜੱਥੇ ਦੇ ਸਿੰਘ ਜਾਂ ਸਿੰਘਣੀ ਵਲੋਂ ਤਿਆਰ ਕੀਤਾ ਹੋਇਆ ਪ੍ਰਸ਼ਾਦਿ ਛੱਕਦੇ ਹਨ। ਇਹ ਸੋਚ ਗੁਰਮਤਿ ਅਨੁਸਾਰ ਨਹੀਂ ਹੈ ਅਤੇ ਇਸ ਬਾਰੇ ਇਤਨਾ ਹੀ ਕਿਹਾ ਜਾ ਸਕਦਾ ਹੈ ਕਿ ਉਹ ਗੁਰੂ ਦਾ ਪ੍ਰਸ਼ਾਦਿ ਨਹੀਂ ਬਲਕਿ ਆਪਣੇ ਜੱਥੇ ਦਾ ਪ੍ਰਸ਼ਾਦਿ ਹੀ ਛੱਕਦੇ ਹਨ।
ਕੜਾਹ ਪ੍ਰਸ਼ਾਦਿ ਦੀਵਾਨ ਦੀ ਸਮਾਪਤੀ ਉਪਰੰਤ ਹੀ ਵਰਤਾਉਣ ਦੀ ਪਰੰਪਰਾ ਸੀ; ਗੁਰੂ ਕਾਲ ਤੋਂ ਕਾਫੀ ਚਿਰ ਪਿੱਛੋਂ ਹਰੇਕ ਸਮੇਂ ਹੀ ਵਰਤਾਉਣ ਦੀ ਰੀਤ ਪ੍ਰਚਲਤ ਹੋ ਗਈ ਹੈ। ਇਸ ਰੀਤ ਦੇ ਪ੍ਰਚਲਤ ਹੋਣ ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦੀ ਗੁਰਬਾਣੀ ਪੜ੍ਹਣ ਸੁਣਨ ਦੀ ਰੁਚੀ ਘਟੀ ਹੈ। ਚੂੰਕਿ ਆਮ ਸਿੱਖ ਸੰਗਤਾਂ ਨੇ ਗੁਰਬਾਣੀ ਰੂਪ ਪ੍ਰਸ਼ਾਦਿ ਦੀ ਅਹਿਮੀਅਤ ਨੂੰ ਸਮਝ ਕੇ ਗ੍ਰਹਿਣ ਕਰਨ ਦੀ ਥਾਂ, ਕੇਵਲ ਕੜਾਹ ਪ੍ਰਸ਼ਾਦਿ ਨੂੰ ਹੀ ਗੁਰ ਪ੍ਰਸ਼ਾਦਿ ਦਾ ਪ੍ਰਤੀਕ ਮੰਨ ਲਿਆ ਹੈ। ਅਸੀਂ ਗੁਰਮਤਿ ਦੇ ਇਸ ਸੁਨਹਿਰੀ ਸਿਧਾਂਤ ਨੂੰ ਭੁਲਦੇ ਜਾ ਰਹੇ ਹਾਂ ਕਿ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦਾ ਮੁੱਖ ਮਨੋਰਥ ਗੁਰੂ ਉਪਦੇਸ਼ ਨੂੰ ਸੁਣਨਾ ਹੈ। ਗੁਰੂ ਦਰਬਾਰ ਵਿੱਚ ਆਉਣ ਵਾਲੇ ਮਾਈ ਭਾਈ ਨੂੰ ਅਸ਼ੀਰਵਾਦ ਨਹੀਂ ਉਪਦੇਸ਼ ਮਿਲਦਾ ਹੈ। ਇਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਸਾਡਾ ਜੀਵਨ ਸੰਵਰਦਾ ਹੈ। ਕੜਾਹ ਪ੍ਰਸ਼ਾਦਿ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਸਵੀਕਾਰ ਕਰਨ ਕਾਰਨ ਅਸੀਂ ਗੁਰ ਉਪਦੇਸ਼ ਵਲੋਂ ਅਵੇਸਲੇ ਹੁੰਦੇ ਜਾ ਰਹੇ ਹਾਂ। ਕੜਾਹ ਪ੍ਰਸ਼ਾਦਿ ਦਾ ਸੰਕਲਪ ਗੁਰਮਤਿ ਦੇ ਸੁਨਹਿਰੀ ਸਿਧਾਂਤਾਂ (ਊਚ-ਨੀਚ, ਅਮੀਰ–ਗ਼ਰੀਬ, ਛੂਤ-ਛਾਤ ਅਤੇ ਲਿੰਗ-ਭੇਦ ਆਦਿ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਇਕੋ ਜਿਹੋ ਵਰਤਾਵ ਕਰਨ ਆਦਿ) ਵਲ ਸੰਕੇਤ ਕਰਨ ਦੇ ਨਾਲ ਸਰੀਰਕ ਆਹਾਰ ਹੈ। ਇਸ ਜੀਵਨ-ਜੁਗਤ ਦੀ ਸਮਝ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਸੁਣਨ ਨਾਲ ਹੀ ਆਉਣੀ ਹੈ, ਨਾ ਕਿ ਕੇਵਲ ਕੜਾਹ ਪ੍ਰਸ਼ਾਦ ਛਕਣ ਨਾਲ।
ਸੋ, ਜਿਸ ਪ੍ਰਸ਼ਾਦਿ ਨਾਲ ਸਾਡੇ ਜੀਵਨ ਵਿੱਚ ਤਬਦੀਲੀ ਆਉਣੀ ਹੈ, ਉਹ ਬਾਣੀ ਦਾ ਪ੍ਰਸ਼ਾਦਿ ਹੈ। ਇਸ ਪ੍ਰਸ਼ਾਦ ਨੂੰ ਛੱਕਣ ਅਥਵਾ ਹਿਰਦੇ ਵਿੱਚ ਵਸਾਉਣ ਨਾਲ ਸਾਡੀ ਕਲਿਆਣ ਹੋਣੀ ਹੈ, ਸਾਡੇ ਅੰਦਰ ਬਲ ਰਹੀ ਤ੍ਰਿਸ਼ਨਾ ਦੀ ਅੱਗ ਬੁੱਝਣੀ ਹੈ, ਵਿਕਾਰਾਂ ਦੀ ਤਪਸ਼ ਤੋਂ ਸਾਡਾ ਛੁਟਕਾਰਾ ਹੋਣਾ ਹੈ। ਗੁਰੂ ਦਰਬਾਰ ਵਿੱਚ ਮੁੱਖ ਰੂਪ ਵਿੱਚ ਇਹ ਪ੍ਰਸ਼ਾਦਿ ਹੀ ਲੈਣ ਲਈ ਜਾਈਦਾ ਹੈ। ਸ਼ਬਦ ਰੂਪ ਪ੍ਰਸ਼ਾਦਿ ਹੀ ਸਾਡੇ ਜੀਵਨ ਵਿੱਚ ਤਬਦੀਲੀ ਲਿਆਉਂਦਾ ਹੈ। ਇਸ ਪ੍ਰਸ਼ਾਦਿ ਨਾਲ ਹੀ ਸਾਡੀ ਆਤਮਕ ਕਲਿਆਣ ਹੁੰਦੀ ਹੈ।
 ਜਸਬੀਰ ਸਿੰਘ ਵੈਨਕੂਵਰ

Wednesday, 7 December 2011

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਮਚੰਦਰ ਦੀ ਦੀਨ-ਦਸ਼ਾ ਦਾ ਵਰਨਣ ਤਾਂ ਹੈ, ਪਰ ਬੰਦਗੀ ਨਹੀਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਮਚੰਦਰ ਦੀ ਦੀਨ-ਦਸ਼ਾ ਦਾ ਵਰਨਣ ਤਾਂ ਹੈ, ਪਰ ਬੰਦਗੀ ਨਹੀਂ

ਜੁਗੋ-ਜੁਗ ਅਟੱਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ-ਕਰਮਾਂ ਨੂੰ ਪ੍ਰਗਟਾਉਦੇ ਅਨੇਕਾਂ ਹੀ ਨਾਮ ਵਰਤੇ ਗਏ ਹਨ, ਜਿਨਾਂ ਵਿਚੋਂ ‘ਰਾਮ’ ਸ਼ਬਦ ਦੀ ਵਰਤੋਂ ਵਧੇਰੇ ਮਿਲਦੀ ਹੈ। ਇਸ ਗੁੜ੍ਹ-ਭੇਦ ਨੂੰ ਸਮਝਣਾ ਤੇ ਸਮਝਾਉਣਾ ਅਤਿ ਲੋੜੀਂਦਾ ਹੈ। ਕਿਉਂਕਿ ਚਲ ਰਹੇ ਅਜੋਕੇ ਦੌਰ ਵਿੱਚ ਦੇਸ਼ ਦੇ ਕੁੱਝ ਧਾਰਮਿਕ ਤੇ ਰਾਜਨੀਤਕ ਸੁਆਰਥੀ ਆਗੂ ਗੁਰਬਾਣੀ ਵਿਚਲੇ ‘ਰਾਮ’ ਸ਼ਬਦ ਦੀ ਵਰਤੋਂ ਨੂੰ ਹਿੰਦੂ-ਮੱਤ ਅਨੁਸਾਰ ਤਰੇਤੇ ਜੁਗ ਦੇ ਅਵਤਾਰ ਮੰਨੇ ਜਾਂਦੇ ਅਯੁਧਿਆ-ਪਤੀ ਸ੍ਰੀ ਰਾਮਚੰਦਰ ਦੀ ਉਪਾਸ਼ਨਾ ਤੇ ਪ੍ਰਸ਼ੰਸਾ ਦੱਸ ਕੇ ਜਨ-ਸਾਧਾਰਨ ਲੋਕਾਂ ਨੂੰ ਗੁਮਰਾਹ ਕਰਦਿਆਂ, ਆਪਣੇ ਆਪਣੇ ਸੁਆਰਥੀ ਲਾਭ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਹਨ।
ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਨਾਮ ਵਰਤੇ ਗਏ ਹਨ, ਜੋ ਅਨੇਕ ਅਰਥ ਰਖਦੇ ਹਨ। ਜਿਵੇਂ ‘ਗੋਰਖ’ ਪਦ ਦਾ ਅਰਥ ਹੇਠ ਲਿਖੀਆਂ ਪੰਕਤੀਆਂ ਵਿੱਚ ਤਰਤੀਬ-ਵਾਰ ਜੋਗੀ ਵਿਸ਼ੇਸ਼, ਵਿਸ਼ਨੂੰ ਅਤੇ ਪਰਮੇਸ਼ਰ ਹੈ।
੧- ਗੋਰਖ ਪੂਤੁ ਲੋਹਾਰੀਪਾ ਬੋਲੈ…॥ (ਪੰਨਾ ੯੩੯)
੨-
ਗੁਰੁ ਈਸਰੁ, ਗੁਰੁ ਗੋਰਖ ਬਰਮਾ…॥ (ਪੰਨਾ ੨)
੩-
ਗੋਰਖ ਸੋ, ਜਿਨਿ ਗਇ ਉਠਾਲੀ …॥ (ਪੰਨਾ ੮੭੭)
ਅਥਵਾ
- ਉਪਰਿ ਗਗਨੁ, ਗਗਨ ਪਰਿ ਗੋਰਖੁ, ਤਾ ਕਾ ਅਗਮੁ ਗੁਰੁ ਪੁਨਿ ਵਾਸੀ॥ (ਪੰਨਾ ੯੯੨)

ਗੁਰਬਾਣੀ ਵਿੱਚ ਹੀ ਐਸਾ ਨਹੀਂ, ਸਗੋਂ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਅਜਿਹਾ ਮਿਲਦਾ ਹੈ, ਜਿਥੇ ਇੱਕ ਸ਼ਬਦ ਦੀ ਕਈ ਅਰਥਾਂ ਵਿੱਚ ਵਰਤੋਂ ਮਿਲਦੀ ਹੈ। ਜਿਵੇਂ ਅਸੁਰ ਦਾ ਅਰਥ ਹੈ-ਸੂਰਜ ਅਤੇ ਰਾਖਸ਼ ਦਾ ਅਰਥ ਹੈ ਬ੍ਰਹਮਾ, ਬਿਸ਼ਨ, ਸ਼ਿਵ, ਬੱਕਰਾ ਤੇ ਬੱਦਲ। ਸ਼ਿਵਾ ਦਾ ਅਰਥ ਹੈ ਦੇਵੀ, ਪਰਮ-ਸ਼ਕਤੀ, ਗਿੱਦੜੀ। ਇਸ ਤਰ੍ਹਾ ਸੰਸਾਰ ਦੀਆਂ ਅਨੇਕ ਭਾਸ਼ਾਵਾਂ ਇੱਕ ਸ਼ਬਦ ਦੇ ਭਿੰਨ-ਭਿੰਨ ਅਰਥ ਰੱਖਦੀਆਂ ਹਨ, ਜਿਨਾਂ ਨੂੰ ਵਿਦਵਾਨ ਪੁਰਸ਼ ਪ੍ਰਕਰਣ ਅਨੁਸਾਰ ਯਥਾਰਥ ਅਰਥ ਵਿੱਚ ਵਰਤਦੇ ਹਨ।
ਜਿਸ ਮਨੁੱਖ ਨੇ ਆਪਣੇ ਇਸ਼ਟ ਦਾ ਜੋ ਨਾਮ ਕਲਪਿਆ ਹੈ, ਉਸ ਦਾ ਉਹੀ ਅਰਥ ਰਹੇ, ਇਹ ਕੋਈ ਨਿਯਮ ਨਹੀਂ ਹੈ। ਵਿਦਵਾਨਾਂ ਅਤੇ ਉਪਾਸ਼ਕਾਂ ਦੇ ਮਤ ਅਤੇ ਨਿਸ਼ਚੇ ਮੁਤਾਬਿਕ ਅਰਥਾਂ ਵਿੱਚ ਭੇਦ ਹੁੰਦਾ ਹੈ। ਜਿਵੇਂ ਮਨੂੰ ਦੁਆਰਾ ਰਚਿਤ ਸਿਮ੍ਰਤੀ ਦੇ ਪਹਿਲੇ ਅਧਿਆਂਇ ਦੇ ੧੦ਵੇਂ ਸਲੋਕ ਵਿੱਚ ਨਾਰਾਇਣ ਦਾ ਅਰਥ ਕੀਤਾ ਗਿਆ ਹੈ – (ਨਾਰ) ਜਿਸ ਦਾ ਜਲ ਵਿੱਚ ਨਿਵਾਸ ਹੋਵੇ, ਉਹ ਨਾਰਾਇਣ, ਪਰ ਗੁਰੁ ਸਾਹਿਬਾਂ ਨੇ ਲਿਖਿਆ ਹੈ:
ਨਾਰਾਇਣ (ਪ੍ਰਭੂ) ਸਭ ਮਾਹਿ ਨਿਵਾਸ॥ (ਪੰਨਾ-੮੬੮)
ਅਰਬੀ ਵਿੱਚ ਮੌਲਾ (ਮਉਲਾ) ਦਾ ਅਰਥ ਹੈ ਮੁਕਤੀ-ਦਾਤਾ ਅਤੇ ਆਜ਼ਾਦ ਕਰਨ ਵਾਲਾ। ਪਰ ਸਤਿਗੁਰਾਂ ਨੇ ਮੌਲਣਾ ਧਾਤੂ ਤੋਂ ਬਣਿਆ ਪੰਜਾਬੀ ਸ਼ਬਦ ਕਥਨ ਕੀਤਾ ਹੈ-
ਸੋਈ ਮਉਲਾ, ਜਿਨਿ ਜਗੁ ਮੳਲਿਆ, ਹਰਿਆ ਕੀਆ ਸੰਸਾਰੋ॥ (ਪੰਨਾ-੨੪)
ਸੋ, ਇਸ ਲਈ ਜਰੂਰੀ ਨਹੀਂ ਕਿ ਜਿਥੇ ਕਿਤੇ ‘ਰਾਮ’ ਪਦ ਵਰਤਿਆ ਜਾਵੇ ਉਸ ਦਾ ਅਰਥ ਸ੍ਰੀ ਰਾਮ ਚੰਦਰ ਹੋਵੇ। ‘ਰਾਮ’ ਸ਼ਬਦ ਧਾਰਮਿਕ ਦੁਨੀਆਂ ਵਿੱਚ ਆਦਿ ਕਾਲ ਤੋਂ ਹੀ ਪ੍ਰਚੱਲਤ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਉਪਦੇਸ਼ ਦਿੰਦਿਆਂ ਗੁਰੁ ਸਾਹਿਬਾਂ ਇਸ ਦੀ ਵਰਤੋਂ ਵਧੇਰੇ ਕੀਤੀ ਹੈ। ਕਈ ਵਾਰ ਪਦ ਅਰਥ ਛੱਡ ਕੇ ਸਾਧਾਰਨ ਰੀਤੀ ਨਾਲ ਆਮ ਲੋਕਾਂ ਦੇ ਮਨ ਚੜ੍ਹੇ ਹੋਏ ਨਾਮ ਆਪਣੇ ਇਸਟ ਲਈ ਕਹੇ ਅਤੇ ਲਿਖੇ ਜਾਂਦੇ ਹਨ। ਜਿਵੇਂ ਗੁਰੁ ਅਰਜਨ ਸਾਹਿਬ ਜੀ ਨੇ ਜਗਿਆਸੂ-ਜਨ ਦੀ ਗੁਰੂ ਪ੍ਰਤੀ ਮਿਲਾਪ ਦੀ ਤੜਪ ਨੂੰ ਪ੍ਰਗਟਾਉਦਿਆਂ ਸਤਿਗੁਰੂ ਨੂੰ ‘ਮੁਰਾਰੀ’ ਤੇ ‘ਸਾਰਿੰਗਪਾਣੀ’ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ। ਗੁਰਦੇਵ ਦੇ ਮੁਬਾਰਕ ਬਚਨ ਹਨ:
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ॥ ਚਿਰੁ ਹੋਵਾ ਦੇਖੇ ਸਾਰੰਗਪਾਣੀ॥ ਧੰਨੁ ਸੁ ਦੇਸ ਜਹਾਂ ਤੂੰ ਵਸਿਆ, ਮੇਰੇ ਸਜਣ ਮੀਤ ਮੁਰਾਰੇ ਜੀਉ॥ (ਪੰਨਾ-੯੬)
ਇਸੇ ਤਰਾਂ ‘ਰਾਮ’ ‘ਰਘੁਨਾਥ’ ਅਤੇ ‘ਗੋਪਾਲ’ ਸ਼ਬਦ ਅਕਾਲ-ਬੋਧਕ ਆਏ ਹਨ। ਪਾਵਨ ਪੰਕਤੀਆਂ ਹਨ-
(ੳ) ਪ੍ਰਹਲਾਦ ਕਹੈ ਸੁਨਹੁ ਮੇਰੀ ਮਾਇ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ (ਪੰਨਾ-੧੧੩੩)
(ਅ) ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥ (੧੧੩੩)
(ੲ) ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋਪਾਲ॥ (ਪੰਨਾ-੧੧੯੪)

ਹੁਣ ਜੇਕਰ ਉਪਰੋਕਤ ਪੰਕਤੀਆਂ ਵਿੱਚ ਪਰਕਰਣ ਨੂੰ ਪਾਸੇ ਰਖ ਕੇ ਪਦ ਅਰਥ ਦਸ਼ਰਥੀ ਰਾਮ ਅਤੇ ਯਸੁਧਾ-ਸੁਤ ਕ੍ਰਿਸ਼ਨ ਕੀਤੇ ਜਾਣ ਤਾਂ ਇਹ ਇਤਹਾਸ ਦੇ ਵਿਪਰੀਤ ਹੈ। ਕਿਉਂਕਿ ਪ੍ਰਹਲਾਦ ਦੀ ਰਖਿਆ ਵੇਲੇ ਤਾਂ ਸ਼੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਪੈਦਾ ਵੀ ਨਹੀਂ ਸਨ ਹੋਏ।
ਨੌਵੇਂ ਪਾਤਸ਼ਾਹ ਦੇ ਸਲੋਕਾਂ ਵਿੱਚ ‘ਟੇਕ ਏਕ ਰਘੁਨਾਥ’ ਦਾ ਅਰਥ ਵੀ ਵਾਹਿਗੁਰੂ ਹੈ, ਦਸ਼ਰਥ ਪੁਤਰ ‘ਰਾਮ’ ਨਹੀਂ। ਕਿਉਂਕਿ
ਰਾਮ ਗਇਓ ਰਾਵਨ ਗਇਓ” ਬਚਨਾਂ ਅਨੁਸਾਰ ਸਰੀਰ ਧਾਰੀ ਰਾਮ ਬਿਨਸਨਹਾਰ ਹੈ, ਜੋ ਸਤਿਗੁਰੂ ਦਾ ਇਸ਼ਟ ਨਹੀਂ ਹੋ ਸਕਦਾ।
ਗੁਰੁ ਸਾਹਿਬਾਂ ਅਵਿਨਾਸ਼ੀ-ਪ੍ਰਭੂ ਦਾ ਨਾਉਂ ‘ਰਾਮ’ ਲਿਖਿਆ ਹੈ:
ਸਾਧੋ ਇਹ ਤਨ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋਂ॥ (ਪੰਨਾ-੧੧੮੬)
ਗੁਰਬਾਣੀ ਵਿਖੇ ਜਦੋਂ ਵੀ ‘ਰਾਮ’ ਨਾਮ ਦਾ ਜਾਪ, ਚਿੰਤਨ ਤੇ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਹੈ ਜਾਂ ਪੂਜਾ ਕਰਨ ਲਈ ਕਿਹਾ ਹੈ, ਉਥੇ ਇਹ ਪਦ ਸਰਬ ਵਿਆਪੀ ਵਾਹਿਗੁਰੂ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਸ਼੍ਰੀ ਗੁਰੁ ਰਾਮਦਾਸ ਜੀ ਰਾਗ ਸਾਰੰਗ ਵਿੱਚ ਬੜੇ ਪਿਆਰ ਨਾਲ ਸਾਨੂੰ ਭਈਆ ਆਖ ਕੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ ‘ਰਾਮ’ ਨਾਮ ਦਾ ਅਰਥ ਵੀ ਸੱਪਸ਼ਟ ਕਰ ਦਿੰਦੇ ਹਨ। ਆਖਿਆ ਕਿ ਭਾਈ! ਅਸੀਂ ਉਸ ਰਾਮ ਦਾ ਨਾਮ ਜਪਣ ਲਈ ਕਹਿ ਰਹੇ ਹਾਂ ਜਿਹੜਾ ਸਾਰਿਆਂ ਵਿੱਚ ਰਮ ਰਿਹਾ ਹੈ। ਅਰਥਾਤ ਸਰਬ ਵਿਆਪਕ ਹੈ। ਗੁਰਵਾਕ ਹੈ:
ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਰਵਿ ਰਹਿਆ ਸਰਬਗੇ॥੧॥ ਰਹਾਉ॥ (ਪੰਨਾ-੧੨੦੨)
ਪੰਚਮ ਗੁਰਦੇਵ ਜੀ ਦੇ ਹੇਠ ਲਿਖੇ ਬਚਨ ਤਾਂ ਕੋਈ ਭੁਲੇਖਾ ਹੀ ਨਹੀਂ ਰਹਿਣ ਦਿੰਦੇ-
ਰਮਤ ਰਾਮੁ ਸਭ ਰਹਿਉ ਸਮਾਇ॥੧॥ (ਪੰਨਾ-੮੬੫)
ਅਥਵਾ
ਰਮਤ ਰਾਮੁ ਘਟ ਘਟ ਆਧਾਰ॥ ਪੰਨਾ-੮੯੭)

‘ਰਾਮ’ ਨਾਮ ਗੁਰੂ-ਸਾਹਿਬਾਂ ਜਾਂ ਭਗਤ-ਜਨਾਂ ਜਦੋਂ ਵੀ ਰਾਜਾ ਦਸਰਥ ਦੇ ਬੇਟੇ ਸ਼੍ਰੀ ਰਾਮਚੰਦਰ ਦੇ ਅਰਥਾਂ ਵਿੱਚ ਵਰਤਿਆ ਹੈ, ਉਥੇ ਉਨ੍ਹਾਂ ਦੀ ਦੀਨ-ਦਸ਼ਾ ਦਾ ਹੀ ਵਰਣਨ ਕੀਤਾ ਹੈ, ਕੋਈ ਪ੍ਰਸ਼ੰਸਾ ਜਾਂ ਪੂਜਾ ਕਰਨ ਦੀ ਪ੍ਰੇਰਨਾ ਨਹੀਂ ਕੀਤੀ। ਕਿਉਕਿ ਗੁਰਮਤਿ ਨਾਮ-ਸਿਮਰਣ ਤੇ ਉਪਾਸ਼ਨਾ ਇਸ ਸਿਧਾਂਤ ਵਿੱਚ ਵਿਸ਼ਵਾਸ਼ ਰਖਦੀ ਹੈ ਕਿ ਜੈਸੀ ਹਸਤੀ ਦਾ ਤੁਸੀਂ ਚਿੰਤਨ ਕਰਦੇ ਹੋ, ਤੁਸੀਂ ਵੀ ਸਹਜੇ ਸਹਜੇ ਉਹਦਾ ਹੀ ਰੂਪ ਹੋ ਜਾਂਦੇ ਹੋ। ਗੁਰਵਾਕ ਹੈ: ਜੈਸਾ ਸੇਵੈ ਤੈਸੋ ਹੋਇ॥ (ਪੰਨਾ-੨੨੩)
ਪਰ ਜੋ ਹਸਤੀ ਸੰਕਟ ਵਿੱਚ ਝੂਰਦੀ, ਅਸਮਰਥਾ ਪ੍ਰਗਟਾਉਦੀ, ਸਹਾਇਤਾ ਲਈ ਦੂਜੇ ਨੂੰ ਪੂਕਾਰਦੀ ਮੋਹਾਤੁਰ ਹੋਈ ਵਿਆਕੁਲ ਹੁੰਦੀ ਹੋਈ ਰੌਂਦੀ ਕਰਲਾਂਦੀ ਹੋਵੇ, ਉਸ ਦੀ ਉਪਾਸ਼ਨਾ; ਉਪਾਸ਼ਕ ਨੂੰ ਅਡੋਲਤਾ, ਨਿਰਭੈਤਾ ਤੇ ਸਦੀਵੀ-ਵਿਗਾਸ ਕਿਵੇਂ ਬਖਸ਼ ਸਕਦੀ ਹੈ? ਉਸ ਨੂੰ ਸੰਕਟ-ਰਹਿਤ ਅਵਸਥਾ ਅਥਵਾ ਪਰਮ-ਪਦ ਕਿਵੇਂ ਪ੍ਰਦਾਨ ਕਰ ਸਕਦੀ ਹੈ? ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਸ਼੍ਰੀ ਗੁਰੁ ਅਰਜਨ ਸਾਹਿਬ ਜੀ ਮਹਾਰਾਜ ਦੇ ਦੋ ਸਲੋਕ, ਜੋ ਅਗੇ ਲਿਖੇ ਜਾ ਰਹੇ ਹਨ, ਸ਼੍ਰੀ ਰਾਮਚੰਦਰ ਦੀ ਜਿੰਦਗੀ ਵਿੱਚ ਉਪਰੋਕਤ ਸਧਾਰਨ ਮਨੁੱਖੀ ਕਮਜ਼ੋਰੀਆਂ ਦਰਸ਼ਨ ਕਰਾਉਦੇ ਹੋਏ ਦਸਦੇ ਹਨ ਕਿ ਉਹ (ਰਾਮਚੰਦਰ) ਕਰਤਾਪੁਰਖ ਵਾਹਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ। ਕਿਉਂਕਿ, ਕਰਤਾਰ ਸਭ ਕੁੱਝ ਕਰਨ ਦੀ ਸਮਰੱਥਾ ਵਾਲਾ ਹੈ, ਉਸ ਨੂੰ ਝੂਰਨ ਦੀ ਲੋੜ ਨਹੀਂ:
ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ॥
ਸੀਤਾ ਲੈ ਗਇਆ ਦਹਸਿਰੋ, ਲਛਮਣ ਮੂਉ ਸਰਾਪਿ॥ ਨਾਨਕ, ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥੨੫॥ ਮਨ ਮਹਿ ਝੂਰੈ ਰਾਮਚੰਦ, ਸੀਤਾ ਲਛਮਣ ਜੋਗੁ॥ ਹਣਵੰਤਰ ਆਰਾਧਿਆ, ਆਇਆ ਕਰਿ ਸੰਜੋਗੁ॥ ਭੂਲਾ ਦੈਤ ਨ ਸਮਝਈ, ਤਿਨਿ ਪ੍ਰਭ ਕੀਏ ਕਾਮ॥ ਨਾਨਕ ਵੇਪਰਵਾਹੁ ਸੋ, ਕਿਰਤ ਨ ਮਿਟਈ ਰਾਮ॥੨੬॥ (੧੪੧੨)

ਦੂਜੇ ਸਲੋਕ ਦੇ ਅਰਥ ਅਖੀਰਲੀ ਪੰਗਤੀ ਤੋ ਆਰੰਭ ਹੁੰਦੇ ਹਨ ਕਿ ਉਹ ਪਰਮਾਤਮਾ ਤਾਂ ਬੇ-ਮੁਥਾਜ ਹੈ। ਸ਼੍ਰੀ ਰਾਮਚੰਦਰ ਉਸ ਪਰਮੇਸ਼ਰ ਦੀ ਬਰਾਬਰੀ ਨਹੀਂਂ ਕਰ ਸਕਦਾ। ਕਿਉਕਿ, ਉਸ ਪਾਸੋਂ ਕਿਰਤ ਨਹੀਂ ਮਿਟ ਸਕੀ। ਵੇਖੋ ਸ਼ੀ ਰਾਮਚੰਦਰ ਆਪਣੇ ਮਨ ਵਿੱਚ ਸੀਤਾ ਜੀ ਦੀ ਖਾਤਰ ਦੁਖੀ ਹੋਇਆ। ਜਦੋਂ ਰਣਭੂਮੀ ਵਿੱਚ ਲਛਮਣ ਬਰਛੀ ਨਾਲ ਮੂਰਛਿਤ ਹੋ ਗਿਆ ਤਦੋਂ ਸ਼੍ਰੀ ਰਾਮਚੰਦਰ ਨੇ ਹਨੂੰਮਾਨ ਨੂੰ ਯਾਦ ਕੀਤਾ, ਜੋ ਪਰਮਾਤਮਾ ਵੱਲੋਂ ਬਣੇ ਸੰਜੋਗ ਦੇ ਕਾਰਨ ਸ਼੍ਰੀ ਰਾਮਚੰਦਰ ਦੀ ਸ਼ਰਨ ਆਇਆ ਸੀ। ਮੂਰਖ ਰਾਵਣ ਵੀ, ਇਹ ਗੱਲ ਨਾ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ ਆਪ ਹੀ ਕੀਤੇ ਸਨ।
ਭਗਤ ਤ੍ਰਿਲੋਚਨ ਜੀ ਲਿਖਦੇ ਹਨ ਕਿ ਪਿਛਲਾ ਕੀਤਾ ਕੋਈ ਵੀ ਕਰਮ (ਅਵਤਾਰ-ਪੂਜਾ, ਤੀਰਥ, ਇਸ਼ਨਾਨ ਆਦਿਕ ਦੀ ਰਾਹੀ) ਮਿਟਦਾ ਨਹੀਂ ਹੈ, ਇਸ ਲਈ ਮੈ ਤਾਂ ਰਮਤ ਰਾਮ ਵਾਹਿਗੁਰੂ ਦਾ ਨਾਮ ਜਪਦਾ ਹਾਂ:
ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ, ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ॥ ਬਦਤਿ ਤ੍ਰਿਲੋਚਨ ਰਾਮ ਜੀ॥ (ਪੰ-੬੯੫)
ਕਿਉਕਿ, ਸਰੀਰਧਾਰੀ ਸ਼੍ਰੀ ਰਾਮਚੰਦਰ ਜੀ ਦਾ ਅਤਿ ਨਿਕਟਵਰਤੀ ਸੇਵਕ, ਜਿਸ ਨੂੰ ਪਿਛਲੇ ਕਰਮ ਦੇ ਕਾਰਨ ਇੱਕ ਨਿੱਕੀ ਜੇਹੀ ਕੱਛ ਹੀ ਪਹਿਨਣ ਨੂੰ ਸਾਰੀ ਉਮਰ ਪ੍ਰਾਪਤ ਰਹੀ, ਤਨ ਤੋਂ ਨਗਨ ਹੀ ਰਹੇ। ਜਿਨ੍ਹਾਂ ਰਾਮ ਚੰਦਰ ਦੀ ਖਾਤਰ ਲੰਕਾ ਦਾ ਕਿੱਲਾ ਸਾੜਿਆ, ਰਾਵਣ ਦਾ ਬਾਗ ਉਜਾੜਿਆ ਅਤੇ ਸੰਜੀਵਨੀ ਬੂਟੀ ਲਿਆ ਕੇ ਰਾਮਚੰਦਰ ਨੂੰ ਖੁਸ਼ ਕੀਤਾ। ਭਗਤ ਤ੍ਰਿਲੋਚਨ ਜੀ ਕਹਿੰਦੇ ਹਨ ਕਿ ਜੇ ਸ਼੍ਰੀ ਰਾਮਚੰਦਰ ਹਨੂੰਮਾਨ ਦੇ ਕਿਰਤ ਕਰਮ ਨੂੰ ਮਿਟਾ ਨਹੀਂ ਸਕੇ ਤਾਂ ਕਿਸੇ ਹੋਰ ਵਲੋਂ ਉਨ੍ਹਾਂ ਦੀ ਪੂਜਾ ਕਰਕੇ ਕੀ ਆਸ ਰੱਖੀ ਜਾ ਸਕਦੀ ਹੈ? ਕਿਉਂਕਿ, ਹਨੂੰਮਾਨ ਤੋਂ ਵੱਧ ਤਾਂ ਸ਼੍ਰੀ ਰਾਮਚੰਦਰ ਨੂੰ ਕੋਈ ਖੁਸ਼ ਨਹੀਂਂ ਸੀ ਕਰ ਸਕਿਆ। ਭਗਤ ਜੀ ਦੇ ਇਸ ਭਾਵ ਨੂੰ ਪ੍ਰਗਟਾਉਦੇ ਬਚਨ ਇਉਂ ਹਨ:
ਦਾਧੀਲੇ ਲੰਕਾ ਗੜੁ, ਉਪਾੜੀਲੇ ਰਾਵਣ ਬਣੁ, ਸਲਿ ਬਿਸਲਿ ਆਣਿ, ਤੋਖੀਲੇ ਹਰੀ॥ ਕਰਮ ਕਰਿ ਕਛਉਟੀ ਮਫੀਟਸਿ ਰੀ॥ (ਪੰਨਾ-੬੯੫)
ਭਗਤ ਨਾਮਦੇਵ ਜੀ ਇੱਕ ਪਾਂਡੇ ਨੂੰ ਸੰਬੋਧਨ ਕਰਦੇ, ਅਵਤਾਰ ਪੂਜਾ ਤੋ ਹੋੜਦੇ ਲਿਖਦੇ ਹਨ:
ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤੁ ਦੇਖਿਆ ਥਾ॥ ਰਾਵਣ ਸੇਤੀ ਸਰਬਰ (ਲੜਾਈ) ਹੋਈ, ਘਰ ਕੀ ਜੋਇ (ਇਸਤ੍ਰੀ) ਗਵਾਈ ਥੀ॥੩॥ (ਪੰਨਾ-੮੭੫)
ਸ਼੍ਰੀ ਗੁਰੁ ਨਾਨਕ ਸਾਹਿਬ ਜੀ ਨੇ ਲਿਖਿਆ ਹੈ:
ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਛਮਣ ਵਿਛੁੜਿ ਗਇਆ॥ (ਪੰਨਾ-੯੫੩)
ਇਸੇ ਲਈ ਕਬੀਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਲਿਖਿਆ ਕਿ ਬ੍ਰਾਹਮਣ ਜਨੇਊ ਦੀ ਰਸਮ ਕਰਨ ਉਪਰੰਤ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਦਿੰਦੇ ਹਨ, ਪਰ ਰਾਮ-ਰਾਮ ਆਖਣ ਵਿੱਚ ਫਰਕ ਪੈ ਜਾਂਦਾ ਹੈ। ਇਸ ਵਿੱਚ ਵੀ ਇੱਕ ਗੱਲ ਸਮਝਣ ਵਾਲੀ ਹੈ। ਇੱਕ ਰਾਮ ਤਾਂ ਉਹ ਹੈ ਜਿਸ ਨੂੰ ਸਤਿਸੰਗ-ਸਭਾ ਵਿੱਚ ਹਰੇਕ ਮਨੁਖ ਵਲੋਂ ਸਿਮਰਿਆ ਜਾਂਦਾ ਹੈ। ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਤਾਂ ਮਨੁੱਖ ਮਾਤਰ ਦਾ ਫਰਜ਼ ਹੈ। ਪਰ ਇਹੀ ਰਾਮ-ਨਾਮ ਰਾਸਧਾਰੀਏ ਵੀ ਰਾਸਾਂ (ਰਾਮ-ਲੀਲਾ ਆਦਿਕ) ਵਿੱਚ ਸਵਾਂਗ ਬਣਾ ਕੇ ਲੈਂਦੇ ਹਨ, ਜੋ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ। ਪਾਵਨ ਸਲੋਕ ਹੈ:
ਕਬੀਰ ਰਾਮ ਕਹਨ ਮਹਿ ਭੇਦ ਹੈ, ਤਾਂ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥ (ਪੰਨਾ-੧੩੭੪)
ਸੋ, ਸਪਸ਼ਟ ਹੈ ਕਿ ਸਤਿਗੁਰੂ ਜੀ ਉਸ ਰਾਮ ਦਾ ਨਾਮ ਜਪਣ ਲਈ ਪ੍ਰੇਰਦੇ ਹਨ ਜਿਹੜਾ ਸਾਰੇ ਜੀਵਾਂ ਵਿੱਚ ਵਿਆਪਕ ਹੈ। ਦਸ਼ਰਥ ਦੇ ਪੁੱਤਰ ਸਰੀਰਧਾਰੀ ‘ਰਾਮ’ ਦਾ ਨਾਮ ਨਹੀਂ। ਕਿਉਕਿ, ਉਸ ਦਾ ਜਾਪ ਤੇ ਪੂਜਾ ਮਨੁੱਖ ਨੂੰ ਪਰਮ-ਪਦ ਪ੍ਰਦਾਨ ਨਹੀਂ ਕਰ ਸਕਦੇ:
ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ॥ ਏਕੁ ਅਨੇਕਹਿ ਮਿਲਿ ਗਇਆ, ਏਕ ਸਮਾਨਾ ਏਕ॥ (ਪੰਨਾ-੧੩੭੪)
ਗਿਆਨੀ ਜਗਤਾਰ ਸਿੰਘ ਜਾਚਕ

Wednesday, 23 November 2011

ਗੁਰੂ ਲਾਧੋ ਰੇ! ਸੱਚ ਕੀ ਹੈ…?

ਲਿਖਾਰੀ ਇੰਦਰ ਸਿੱਘ ਘੱਗਾ

ਗੁਰੂ ਲਾਧੋ ਰੇ!  ਸੱਚ ਕੀ ਹੈ…?
ਗੁਰੂ ਤੇਗ ਬਹਾਦਰ ਜੀ ਜਿੰਨੀ ਮਹਾਨ ਹਸਤੀ ਸਨ, ਸਾਡੇ ਇਤਿਹਾਸਕਾਰਾਂ ਨੇ, ਉਤਨੀ ਹੀ ਲਾਪਰਵਾਹੀ ਗੁਰੂ ਜੀ ਦਾ ਜੀਵਨ ਵੇਰਵਾ ਲਿਖਣ ਲਈ ਵਰਤੀ ਹੈ। ਸਾਡੇ ਕਥਾਕਾਰ ਬਿਨਾਂ ਸੋਚੇ ਵਿਚਾਰੇ, ਉਹੀ ਕੁਫਰ-ਕਹਾਣੀਆਂ ਜੋ ਕਿ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਹਨ, ਲਗਾਤਾਰ ਸੁਣਾ ਰਹੇ ਹਨ। ਸਤਿਗੁਰੂ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਬਾਰ-ਬਾਰ ਕਲੰਕਤ ਕਰਨ ਵਰਗਾ ਬੱਜਰ ਪਾਪ ਕਰਦੇ ਆ ਰਹੇ ਹਨ। ਆਪਣੇ ਵੱਲੋਂ ਇਹ ਲੋਕ ਧਰਮ ਦੀ ਸੇਵਾ ਕਰ ਰਹੇ ਹਨ। ਇਸ ਤਰ•ਾਂ ਦੇ ਪ੍ਰਚਾਰ ਨਾਲ ਸਿੱਖ ਪੰਥ ਦਾ ਕੁੱਝ ਸੰਵਰ ਭੀ ਰਿਹਾ ਹੈ? ਵਿਚਾਰਯੋਗ ਗੱਲ ਹੈ। ਗੁਰੂ ਜੀ ਦੇ ਜੀਵਨ ਨੂੰ ਸਮਝਣ ਲਈ, ਅਸੀਂ ਤਿੰਨ ਭਾਗਾਂ ਵਿੱਚ ਵੰਡ ਕਰ ਲੈਂਦੇ ਹਾਂ। ਪਹਿਲਾ, ਪੰਜ ਭੂਤਕ ਸਰੀਰ ਦੇ ਪ੍ਰਗਟ ਹੋਣ ਤੋਂ ਲੈ ਕੇ ਗੁਰਗੱਦੀ ਤੱਕ। ਦੂਜਾ, ਗੁਰਗੱਦੀ ‘ਤੇ ਬਿਰਾਜ ਕੇ ਕੀਤੇ ਗਏ ਅਣਗਿਣਤ ਉਪਕਾਰੀ ਕਾਰਜ। ਤੀਜਾ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਲਾਸਾਨੀ ਸ਼ਹੀਦੀ। ਹੁਣ ਇਹਨਾਂ ਤਿੰਨਾ ਪੱਖਾਂ ਦੀ ਚਰਚਾ ਜ਼ਰਾ ਵਿਸਥਾਰ ਨਾਲ।
ਬਾਲਕ ਤੇਗ ਬਹਾਦਰ ਦਾ ਜਨਮ 1 ਅਪ੍ਰੈਲ, 1621 ਵਿੱਚ ਮਾਤਾ ਨਾਨਕੀ ਜੀ, ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਘਰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਛੇਵੇਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ‘ਤੇ ਬਿਰਾਜਮਾਨ ਹੋ ਕੇ, ਜਿੰਦਗੀ ਨਿਭਾਅ ਰਹੇ ਸਨ। ਸਵੈ ਰੱਖਿਆ ਹਿਤ ਉਨ•ਾਂ ਨੂੰ ਕਈ ਜੰਗ ਭੀ ਲੜਨੇ ਪਏ। ਅਜਿਹੇ ਹਾਲਾਤ ਵਿੱਚ ਬਾਲਕ ਤੇਗ ਬਹਾਦਰ ਜੀ ”ਸਮੇਂ ਦੀ ਲੋੜ ਮੁਤਾਬਕ” ਹਰ ਤਰ•ਾਂ ਦੀ ਸਿੱਖਿਆ ਪ੍ਰਾਪਤ ਕਰ ਰਹੇ ਸਨ। ਪਿਤਾ ਜੀ ਦੀ ਨਿਗਰਾਨੀ ਵਿੱਚ ਉਨ•ਾਂ ਦਾ ਜੀਵਨ ਸਿੱਖੀ ਸਾਂਚੇ ਵਿੱਚ ਢਲਦਾ ਤੇ ਪਰਪੱਕ ਹੁੰਦਾ ਗਿਆ। ਕਰਤਾਰਪੁਰ ਵਾਲੀ ਚੌਥੀ ਜੰਗ ਵਿੱਚ, ਅੱਲ•ੜ ਉਮਰ ਦੇ ਗਭਰੀਟ ਪਰ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਤੇਗ ਬਹਾਦਰ ਨੇ ਜੰਗ ਵਿੱਚ ਇੱਕ ਹੰਢੇ ਵਰਤੇ ਜੋਧੇ ਵਾਂਗ ਤੇਗ ਦੇ ਜੌਹਰ ਵਿਖਾਏ। ਜਦੋਂ ਕਿ ਪਿਤਾ ਗੁਰੂ ਜੀ ਸਾਰੇ ਸੂਰਮਿਆਂ ਵਿੱਚ ਖ਼ੁਦ ਲੜ ਰਹੇ ਸਨ। ਥੋੜੀ ਵਿੱਥ ‘ਤੇ ਕਰਤਾਰਪੁਰ ਨਿਵਾਸੀ ਬੀਬੀਆਂ-ਬੱਚੇ, ਇਸ ਜੰਗ ਵਿੱਚ ਬਹਾਦਰਾਂ ਦੇ ਹੌਸਲੇ ਨੂੰ ਵੇਖ ਰਹੇ ਸਨ। ਗੁਰੂ ਪ੍ਰਵਾਰ ਅਤੇ ਸਿੱਖਾਂ ਦੇ ਪ੍ਰਵਾਰ ਭੀ ਛੱਤਾਂ ‘ਤੇ ਖਲੋ ਕੇ ਸਾਹ ਰੋਕੀ ਇਸ ਜੰਗ ਦਾ ਦ੍ਰਿਸ਼ ਵੇਖ ਰਹੇ ਸਨ। ਸਾਰਿਆਂ ਨੇ ਵੇਖਿਆ ਕਿ ਹਰ ਇੱਕ ਸਿੱਖ ਨੇ ਉੱਤਮ ਦਰਜੇ ਦੀ ਦਲੇਰੀ ਵਿਖਾਈ ਤੇ ਇਹ ਜੰਗ ਗੁਰੂ ਹਰਿ ਗੋਬਿੰਦ ਸਾਹਿਬ ਜਿੱਤ ਗਏ ਤੇ ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ। ਤੇਗ ਬਹਾਦਰ ਜੀ ਨੂੰ ਪਿਤਾ ਗੁਰੂ ਜੀ ਨੇ ਵਿਸ਼ੇਸ਼ ਪਿਆਰ ਦਿੱਤਾ, ਛੋਟੀ ਉਮਰ ਵੱਡੀ ਦਲੇਰੀ ਕਾਰਨ।
ਜਦੋਂ ਜੰਗਾਂ-ਯੁੱਧਾਂ ਵੱਲੋਂ ਵਿਹਲ ਮਿਲੀ ਤਾਂ ਤੇਗ ਬਹਾਦਰ ਜੀ ਡੂੰਘਾ ਮੁਤਾਲਿਆ ਕਰਨ ਇਕਾਂਤ ਵਿੱਚ ਚਲੇ ਜਾਂਦੇ। ਇਸਲਾਮ ਧਰਮ ਬਾਰੇ ਚੰਗਾ ਅਧਿਐਨ ਕੀਤਾ। ਇਸਲਾਮੀ ਰਾਜ ਵੱਲੋਂ ਗ਼ੈਰ ਮੁਸਲਮਾਨਾਂ ਨਾਲ ਜੋ ਅਤੀ ਕਠੋਰ ਤੇ ਮਨੁੱਖਤਾ ਤੋਂ ਗਿਰਿਆ ਸਲੂਕ ਕੀਤਾ ਜਾਂਦਾ ਸੀ, ਉਸ ਨੂੰ ਸਮਝਿਆ। ਲੋਕਾਂ ਨੂੰ ਬ੍ਰਾਹਮਣਾਂ ਤੇ ਜੋਗੀਆਂ ਵੱਲੋਂ ਜਿਵੇਂ ਲੁੱਟਿਆ ਜਾ ਰਿਹਾ ਸੀ ਉਸ ਦੀ ਰੂਪ ਰੇਖਾ ਤਿਆਰ ਕੀਤੀ। ਇਹਨਾਂ ਅਣਪੜ• ਕਮਜ਼ੋਰ ਤੇ ਨੇਤਾ ਹੀਣ ਲੋਕਾਂ ਨੂੰ ਕਿਵੇਂ ਗਿਆਨ ਦਿੱਤਾ ਜਾਵੇ। ਕਿਵੇਂ ਇਹਨਾਂ ਨੂੰ ਵਿਕਾਰਾਂ ਤੋਂ ਬਚਾ ਕੇ ਏਕਤਾ ਦੇ ਸੂਤਰ ਵਿੱਚ ਪਰੋ ਕੇ, ਜਾਲਮ ਦੀ ਜੜ• ਪੁੱਟਣ ਲਈ ਤਿਆਰ ਕੀਤਾ ਜਾਵੇ। ਇਸ ਸਾਰੇ ਕਾਰਜ ਦੀ ਭਵਿੱਖ ਮੁਖੀ ਰੂਪ ਰੇਖਾ ਤਿਆਰ ਕੀਤੀ। ਉਨ•ਾਂ ਦੇ ਡੂੰਘੇ ਅਧਿਐਨ ਤੋਂ ਆਮ ਲੋਕਾਈ ਨੂੰ ਫਾਇਦਾ ਪੁਚਾਉਣ ਲਈ ਸੱਤਵੇਂ ਪਾਤਿਸ਼ਾਹ ਜੀ ਨੇ (ਗੁਰੂ) ਤੇਗ ਬਹਾਦਰ ਜੀ ਨੂੰ, ਦੂਰ ਦਰਾਜ ਦੇ ਲੰਮੇ ਧਰਮ ਪ੍ਰਚਾਰ ਦੌਰਿਆਂ ‘ਤੇ ਭੇਜਿਆ। ਢਾਕਾ, ਬੰਗਾਲ, ਆਸਾਮ ਆਦਿ ਦੇ ਲੰਮੇਂ ਪ੍ਰਚਾਰ ਦੌਰੇ ਗੁਰਗੱਦੀ ਮਿਲਣ ਤੋਂ ਪਹਿਲਾਂ ਕੀਤੇ ਗਏ ਸਨ। ”ਭੱਟ ਵਹੀਆਂ” ‘ਤੇ ਆਧਾਰਤ ਛਪੀ ਪੁਸਤਕ ਗੁਰੂ ਕੀਆਂ ਸਾਖੀਆਂ (ਸੰਪਾਦਕ ਪ੍ਰੋ. ਪਿਆਰਾ ਸਿੰਘ ਪਦਮ, 1995) ਵਿੱਚ ਤਰੀਕਵਾਰ ਵੇਰਵਾ ਦਰਜ ਹੈ ਕਿ ਬਾਬਾ ਤੇਗ ਬਹਾਦਰ ਜੀ ਕਿਸ ਦਿਨ ਗੰਗਾ ਤੀਰਥ ‘ਤੇ ਗਏ, ਕਦੋਂ ਇਲਾਹਬਾਦ, ਕਦੋਂ ਪਟਨੇ ਤੇ ਕਦੋਂ ਆਸਾਮ ਬੰਗਾਲ ਵਿੱਚ ਗਏ ਸਨ। ਉਨ•ਾਂ ਦੇ ਘਰ ਬਾਲਕ ਗੋਬਿੰਦ ਰਾਏ ਦਾ ਜਨਮ ਭੀ ਸੰਨ 1661 ਵਿੱਚ ਹੋਇਆ, ਲਿਖਤਾਂ ਮੌਜੂਦ ਹਨ। ਭਾਵੇਂ ਪ੍ਰਚਲਤ 1666  ਹੋ ਗਿਆ। ਖ਼ੈਰ! ਇਹ ਕੋਈ ਸਿਧਾਂਤਕ ਮਸਲਾ ਨਹੀਂ ਹੈ, ਉਮਰ ਦਾ ਪੰਜ ਸਾਲ ਵੱਧ ਜਾਂ ਘੱਟ ਹੋਣਾ।
(ਗੁਰੂ) ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰੇ ਅਤੇ ਉਨ•ਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨਾਂ ਦਾ ਜੇਕਰ ਗਹਿਰਾਈ ਨਾਲ ਲੇਖਾ-ਜੋਖਾ ਕੀਤਾ ਜਾਵੇ ਤਾਂ ਹੈਰਾਨੀ ਜਨਕ ਨਤੀਜੇ ਨਿਕਲਣਗੇ। ਇੰਨੀਆਂ ਲੰਮੀਆਂ ਯਾਤਰਾਵਾਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੀਆਂ ਸਨ। ਇਹ ਭੀ ਯਾਦ ਰਹੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਯਾਤਰਾ ਦਸ ਸਾਲ ਤੋਂ ਵੱਧ ਸਮੇਂ ਦੀ ਸੀ। ਸਿਰਫ ਲੰਕਾ ਦੇ ਸਫ਼ਰ ਨੂੰ ਕੱਟ ਦੇਈਏ, ਬਾਕੀ ਸਭਨਾਂ ਥਾਵਾਂ ‘ਤੇ ਬਾਬਾ ਤੇਗ ਬਹਾਦਰ ਜੀ ਗਏ ਸਨ। ਇੰਨੇ ਲੰਮੇ ਸਫਰ ਕੋਈ ”ਅੱਖਾਂ ਮੀਟ ਕੇ” ਨਹੀਂ ਹੋ ਜਾਇਆ ਕਰਦੇ। ਜਿਸ ਮਕਸਦ ਵਾਸਤੇ ਗੁਰੂ ਨਾਨਕ ਸਾਹਿਬ ਜੀ ਗਏ ਸਨ, ਉਸੇ ਵਿਚਾਰਧਾਰਾ ਨੂੰ ਹੋਰ ਪ੍ਰਚੰਡ ਕਰਨ, ਬਾਬਾ ਤੇਗ ਬਹਾਦਰ ਜੀ ਗਏ ਸਨ। ਪੰਜਾਬ ਤੋਂ ਬਾਹਰ ਦੇ ਲੰਮੇਂ ਪ੍ਰਚਾਰ ਦੌਰੇ ਉਨ•ਾਂ ਦਿਨਾਂ ਦੇ ਹਨ, ਜਦੋਂ ਉਹ ਹਾਲੀ ਇੱਕ ਸਿੱਖ ਪ੍ਰਚਾਰਕ ਜਾਂ ਗੁਰੂ ਵੱਲੋਂ ਯੋਗ ਜਾਣ ਕੇ ਭੇਜੇ ਗਏ ਸਾਹਿਬਜ਼ਾਦੇ ਸਨ। ਗੁਰਗੱਦੀ ਤਾਂ 1664 ਵਿੱਚ ਪ੍ਰਾਪਤ ਹੋਈ ਸੀ। ਇਹਨਾਂ ਧਰਮ ਅਸਥਾਨਾਂ ਦੀ ਸ਼ੋਭਾ ਇਸ ਕਰ ਕੇ ਵੱਧ ਗਈ ਕਿਉਂਕਿ ਬਾਬਾ ਤੇਗ ਬਹਾਦਰ ਜੀ ਸਮਾਂ ਆਉਣ ‘ਤੇ ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ। ਜਿਵੇਂ ਗੁਰੂ ਬਣਨ ਤੋਂ ਪਹਿਲਾਂ ਦੀਆਂ ਘਟਨਾਵਾਂ ਜਾਂ ਅਸਥਾਨ ਬਾਕੀ ਗੁਰ ਵਿਅਕਤੀਆਂ ਨਾਲ ਸਬੰਧਤ ਬਹੁਤ ਪ੍ਰਸਿੱਧ ਹੋ ਗਏ। ਜੋ ਕੋਈ ਗੁਰੂ ਪਦਵੀ ਤੱਕ ਨਹੀਂ ਪੁੱਜਿਆ, ਉਸ ਨਾਲ ਸਬੰਧਤ ਘਟਨਾਵਾਂ ਜਾ ਸਥਾਨ ਇਤਿਹਾਸ ਦੇ ਹਨ•ੇਰੇ ਵਿੱਚ ਗੁਆਚ ਚੁੱਕੇ ਹਨ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਪਟਨਾ ਵਿੱਚ (ਪੰਜ ਭੂਤਕ ਸਰੀਰ) ਪ੍ਰਗਟੇ। ਗੁਰਗੱਦੀ ਤਾਂ ਉਨ•ਾਂ ਨੂੰ 1675 ਈ: ਵਿੱਚ ਆਨੰਦਪੁਰ ਵਿਖੇ ਮਿਲੀ ਹੈ। ਉਸ ਤੋਂ ਪਹਿਲਾਂ ਬਾਲਕ ਰੂਪ ਵਾਲੇ ਸਾਰੇ ਗੁਰਦਵਾਰੇ ਵੱਡੀ ਮਹਾਨਤਾ ਹਾਸਲ ਕਰ ਗਏ। ਜਿਵੇਂ ਪਟਨੇ ਤੋਂ ਚੱਲ ਕੇ, ਉਹ ਪੰਜਾਬ ਵੱਲ ਗਏ। ਗੁਰਤਾ ਨੂੰ ਪ੍ਰਾਪਤ ਹੋਣ ਤੋਂ ਮਗਰੋਂ ਬੇਅੰਤ ਥਾਵਾਂ ‘ਤੇ ਗੁਰਦੁਆਰੇ ਬਣਾ ਲਏ, ਜਿਥੇ ਗੁਰੂ ਬਣਨ ਤੋਂ ਮਗਰੋਂ ਦਸਵੇਂ ਨਾਨਕ ਕਦੀ ਭੀ ਨਹੀਂ ਗਏ। ਇਹ ਖ਼ਾਸ ਖਿਆਲ ਰਹੇ ਕਿ ਗੁਰੂ ਨਾਨਕ ਸਾਹਿਬ ਜਨਮ ਤੋਂ ਹੀ ਸਿੱਖਾਂ ਦੇ ਗੁਰੂ ਸਨ। ਬਾਕੀ ਸਾਰੇ ਗੁਰੂ ਵਿਅਕਤੀ, ਜਨਮ ਤੋਂ ਗੁਰੂ ਨਹੀਂ ਸਨ। ਜਿਸ ਦਿਨ ਤੋਂ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਦਿਨ ਤੋਂ ਗੁਰੂ ਬਣੇ ਸਨ।
(ਗੁਰੂ) ਤੇਗ ਬਹਾਦਰ ਸਾਹਿਬ ਨਾਲ ਸਬੰਧਤ ਸਾਰੇ ਵਾਕਿਅਤ ਰਲਗੱਡ ਹੋ ਗਏ ਹਨ। ਗੁਰੂ ਬਣਨ ਤੋਂ ਪਹਿਲਾਂ ਦੀ ਘਟਨਾ ਕਿਹੜੀ ਹੈ ਤੇ ਗੁਰੂ ਥਾਪੇ ਜਾਣ ਤੋਂ ਮਗਰੋਂ ਦੀ ਘਟਨਾ ਕਿਹੜੀ ਹੈ, ਪਛਾਣ ਕਰਨੀ ਲਗਪਗ ਅਸੰਭਵ ਜਿਹੀ ਹੋ ਗਈ ਹੈ। ਜਿੰਨੇ ਕੰਮ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੇ ਕੀਤੇ ਹਨ, ਜੇਕਰ ਉਹ ”ਛੱਬੀ ਸਾਲ ਭੋਰੇ ਵਿੱਚ ਬੈਠ ਕੇ ਤਪ ਕਰਦੇ ਰਹੇ” ਤਾਂ ਇੰਨੇ ਵਡੇਰੇ ਕਾਰਜ ਤੇ ਏਨਾ ਲੰਮਾ ਸਫਰ ਸੰਭਵ ਹੀ ਨਹੀਂ ਹੈ। ਉਹ ਗੁਰਬਾਣੀ ਦੇ ਹੁਕਮਾਂ ਨੂੰ ਚੰਗੀ ਤਰ•ਾਂ ਸਮਝਦੇ ਸਨ ਕਿ ਜਪ, ਤਪ ਜਾਂ ਭੋਰਿਆਂ ਵਿੱਚ ਵੜ ਕੇ ਸਮਾਧੀਆਂ ਲਾਉਣੀਆਂ, ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹਨ। ਇਹ ਸਮਾਧੀਆਂ ਵਾਲੀ ਫਜ਼ੂਲ ਜਿਹੀ ਕਸਰਤ ਤਾਂ ਜੋਗੀ ਆਦਿ ਸਦੀਆਂ ਤੋਂ ਕਰਦੇ ਆ ਰਹੇ ਸਨ। ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਥਾਂ-ਥਾਂ ਬਾਣੀ ਵਿੱਚ ਰੱਦ ਕੀਤਾ ਹੈ। ਅਜਿਹੀ ਕੂੜ ਕਿਰਿਆ ਕਿਸੇ ਸਾਧਾਰਣ ਜਿਹੇ ਸਿੱਖ ਨੇ ਭੀ ਕਦੀ ਨਹੀਂ ਕੀਤੀ। ਹਿੱਕ ਦੇ ਤਾਣ ਬਿਨਾਂ ਸਬੂਤਾਂ ਤੋਂ (ਗੁਰੂ) ਤੇਗ ਬਹਾਦਰ ਸਾਹਿਬ ਨੂੰ ਗੁਰਬਾਣੀ ਉਪਦੇਸ਼ਾਂ ਤੋਂ ਉਲਟ ਭੋਰੇ ਵਿੱਚ ”ਛੱਬੀ ਸਾਲ ਤਪ ਕਰਦੇ” ਵਿਖਾ ਦਿੱਤਾ। ਜਿਨ•ਾਂ ਦਿਨਾਂ ਵਿੱਚ ਉਨ•ਾਂ ਵੱਲੋਂ ਪੰਜਾਬ ਵਿੱਚ ਕੋਈ ਸਰਗਰਮੀ ਨਜ਼ਰ ਨਹੀਂ ਆਈ, ਉਨ•ਾਂ ਦਿਨਾਂ ਵਿੱਚ ਉਹ ਪੰਜਾਬੋਂ ਬਾਹਰ, ਗਫਲਤ ਦੀ ਨੀਂਦ ਵਿੱਚ ਸੁੱਤੇ ਲੋਕਾਂ ਨੂੰ ਜਗਾ ਰਹੇ ਸਨ। ਹਕੂਮਤ ਵੱਲੋਂ ਕੀਤੇ ਜੋ ਜ਼ਬਰ ਦੇ ਵਿਰੋਧ ਵਿੱਚ ਜ਼ਬਰਦਸਤ ਲਾਮਬੰਦੀ ਕਰ ਰਹੇ ਸਨ। ਜੀਵਨ ਅਤੇ ਮੌਤ ਦੇ ਅਰਥ ਸਮਝਾ ਰਹੇ ਸਨ। ਬੇ-ਗ਼ੈਰਤ ਜੀਵਨ ਨਾਲੋਂ ਸ਼ਾਨ ਵਾਲੀ ਮੌਤ ਕਿਤੇ ਉÎੱਤਮ ਹੋਇਆ ਕਰਦੀ ਹੈ। ਜਿਸ ਨੂੰ ਇਹ ਲੋਕ ਜੀਵਨ ਮੰਨੀ ਬੈਠੇ ਸਨ, ਉਹ ਪਸ਼ੂਆਂ ਨਾਲੋਂ ਭੀ ਬਦਤਰ ਜੂਨ ਸੀ, ਅਖੌਤੀ ”ਚੌਰਾਸੀ ਲੱਖ ਵਿੱਚੋਂ ਇੱਕ ਜੂਨ” ਤੇ ਬਸ।
ਆਸਾਮ-ਬੰਗਾਲ ਦੇ ਇਨਕਲਾਬੀ ਦੌਰੇ ਸਮੇਂ ਹੀ (ਗੁਰੂ) ਤੇਗ ਬਹਾਦਰ ਜੀ ਨੂੰ ਖ਼ਬਰ ਮਿਲੀ ਕਿ ਸੱਤਵੇਂ ਪਾਤਿਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਅਚਨਚੇਤੀ ਭਰ-ਜੁਆਨੀ ਦੀ ਉਮਰ ਵਿੱਚ (31 ਸਾਲ) ਜੋਤੀ ਜੋਤਿ ਸਮਾ ਗਏ ਹਨ। ਗੁਰਗੱਦੀ ਦੀ ਸੇਵਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਗਏ ਹਨ। ਇਹ ਖ਼ਬਰ ਉਨ•ਾਂ ਤੱਕ ਬਹੁਤ ਦੇਰ ਮਗਰੋਂ ਪਹੁੰਚੀ ਕਿਉਂਕਿ ਉਨ•ਾਂ ਦਿਨਾਂ ਵਿੱਚ ਅੱਜ ਵਰਗਾ ਕੋਈ ਡਾਕ ਦਾ ਪ੍ਰਬੰਧ ਨਹੀਂ ਸੀ। ਨਾਲੇ ਪਿੱਛੇ ਪਰਵਾਰ ਵਾਲਿਆਂ ਨੂੰ ਇਹ ਖ਼ਬਰ ਭੀ ਨਹੀਂ ਹੁੰਦੀ ਸੀ ਕਿ ਸਬੰਧਤ ਵਿਅਕਤੀ ਕਿਸ ਥਾਂ, ਕਿਸ ਇਲਾਕੇ ਵਿੱਚ ਟਿਕਿਆ ਹੋਇਆ ਹੈ। ਜੋ ਚਿੱਠੀ ਲੈ ਕੇ ਕੋਈ ਸੇਵਕ (ਗੁਰੂ) ਤੇਗ ਬਹਾਦਰ ਵੱਲ ਭੇਜਿਆ ਗਿਆ ਸੀ, ਉਹ ਪਤਾ ਨਹੀਂ ਕਿੰਨੀਆਂ ਮੁਸ਼ਕਲਾਂ ਤੋਂ ਬਾਦ ਸੰਨ 1663 ਵਿੱਚ ਮਿਲ ਸਕਿਆ। ਸਾਰੀ ਖ਼ਬਰ ਮਿਲਣ ਤੋਂ ਬਾਅਦ, ਸਬੰਧਤ ਇਲਾਕਿਆਂ ਦਾ ਕੰਮ ਮੁਖੀ ਸਿੱਖਾਂ ਨੂੰ ਸੌਂਪ ਕੇ ਵਾਪਿਸ ਪੰਜਾਬ ਵੱਲ ਨੂੰ ਚੱਲ ਪਏ ਤਾਂ ਕਿ ਨਵੇਂ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ। ਪੰਜਾਬ ਤੋਂ ਬਾਹਰ ਵਰਤ ਰਹੇ ਵਰਤਾਰੇ ਤੋਂ ਸਤਿਗੁਰੂ ਜੀ ਨੂੰ ਜਾਣੂ ਕਰਵਾਇਆ ਜਾ ਸਕੇ। ਲੋੜ ਪੈਣ ‘ਤੇ ਨਵੀਂ ਰਣਨੀਤੀ ਘੜੀ ਜਾ ਸਕੇ।
(ਗੁਰੂ) ਤੇਗ ਬਹਾਦਰ ਜੀ ਮੰਜਿਲਾਂ ਤੈਹ ਕਰਦੇ ਅੱਧ ਮਾਰਚ 1664 ਵਿੱਚ, ਦਿੱਲੀ ਆਣ ਪੁੱਜੇ। ਇਥੇ ਆ ਕੇ ਉਨ•ਾਂ ਨੂੰ ਖ਼ਬਰ ਮਿਲੀ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਔਰੰਗਜ਼ੇਬ ਦੇ ਸੱਦੇ ‘ਤੇ ਦਿੱਲੀ ਆਏ ਹੋਏ ਹਨ। ਥੋੜ•ਾ ਆਰਾਮ ਕਰਨ ਤੋਂ ਬਾਅਦ (ਗੁਰੂ) ਤੇਗ ਬਹਾਦਰ ਜੀ, ਰਾਜਾ ਰਾਮ ਸਿੰਘ ਦੇ ਬੰਗਲੇ ‘ਚ ਸੰਨ 1664 ਮਾਰਚ ਮਹੀਨੇ ਦੀ ਇੱਕੀ ਤਰੀਕ ਨੂੰ ਮਿਲੇ। ਮੁਖੀ ਸਿੱਖਾਂ ਅਤੇ ਸਤਿਗੁਰੂ ਜੀ ਨੂੰ ਸਾਰੀ ਜਾਣਕਾਰੀ ਦਿੱਤੀ। ਇੱਧਰ ਔਰੰਗਜ਼ੇਬ ਦੇ ਵਤੀਰੇ ਬਾਰੇ ਜਾਣਕਾਰੀ ਲਈ। ਔਰੰਗਜ਼ੇਬ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਜਦੋਂ ਆਪਣੇ ਦਰਬਾਰ ਵਿੱਚ ਮਿਲਣ ਵਾਸਤੇ ਸੱਦਿਆ ਸੀ। ਉਸ ਵਕਤ ਭਾਵੇਂ ਵਿਖਾਵੇ ਲਈ ਉਸ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਸੀ ਪਰ ਉਸ ਦਰਬਾਰ ਵਿੱਚ ਜੋ ਫਲਾਂ ਦਾ ਰਸ, ਸਤਿਗੁਰੂ ਜੀ ਨੂੰ ਪਿਲਾਇਆ ਗਿਆ ਸੀ, ਉਸ ਵਿੱਚ ਕੋਈ ਮਾਰੂ ਜ਼ਹਿਰ ਮਿਲਾਇਆ ਗਿਆ ਸੀ। ਉਸੇ ਸਮੇਂ ਤੋਂ ਸਤਿਗੁਰੂ ਜੀ ਦੀ ਸਿਹਤ ਕਮਜ਼ੋਰ ਪੈਣੀ ਸ਼ੁਰੂ ਹੋ ਗਈ ਸੀ। ਇਸੇ ਅਵੱਸਥਾ ਵਿੱਚ (ਗੁਰੂ) ਤੇਗ ਬਹਾਦਰ ਜੀ ਉੁਨ•ਾਂ ਨੂੰ ਮਿਲੇ ਸਨ। ਪੰਥਕ ਹਾਲਾਤ ਬਾਰੇ ਜ਼ਰੂਰੀ ਵਿਚਾਰਾਂ ਕੀਤੀਆਂ। ਗੁਰਸਿੱਖਾਂ ਤੋਂ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਸੱਤਵੇਂ ਪਾਤਿਸ਼ਾਹ ਬਾਰੇ ਜੋ ਦੁੱਖ ਸਾਂਝਾ ਕਰਨ ਆਏ ਸੀ। ਅਗੋਂ ਹੋਰ ਭੀ ਗੰਭੀਰ ਮਸਲਾ ਸਨਮੁੱਖ ਆਣ ਖਲੋਤਾ ਸੀ। ਮਾਰਚ 24, ਸੰਨ 1664 ਨੂੰ ਆਪਣਾ ਸਰੀਰਕ ਸਮਾਂ ਪੁੱਗਿਆ ਜਾਣ ਕੇ ਅੱਠਵੇਂ ਗੁਰਾਂ ਨੇ (ਗੁਰੂ) ਤੇਗ ਬਹਾਦਰ ਨੂੰ ਆਪਣੇ ਮਨ ਦੀ ਗੱਲ ਕਹਿ ਦਿੱਤੀ, ”ਤੁਸੀਂ ਸਿੱਧੇ ਬਕਾਲੇ ਚਲੇ ਜਾਓ, ਮੇਰਾ ਅੰਤਮ ਸਮਾਂ ਬਹੁਤ ਨੇੜੇ ਆ ਗਿਆ ਹੈ। ਮੈਥੋਂ ਮਗਰੋਂ ਗੁਰੂ ਨਾਨਕ ਦੀ ਇਸ ਮਹਾਨ ਪਦਵੀ ਦੇ ਤੁਸੀਂ ਅਧਿਕਾਰੀ  ਹੋਵੋਗੇ। ਗੁਰਸਿੱਖ ਸੰਗਤਾਂ ਦਿੱਲੀ ਤੋਂ ਵਾਪਸ ਪਰਤ ਕੇ ਤੁਹਾਨੂੰ ਗੁਰਗੱਦੀ ‘ਤੇ ਬਿਰਾਜਮਾਨ ਕਰਵਾ ਦੇਣਗੀਆਂ। ਸ਼ਾਇਦ ਆਪਣੀ ਇਹ ਆਖਰੀ ਮੁਲਾਕਾਤ ਹੋਵੇਗੀ।”
ਹੁਕਮ ਮੰਨ ਕੇ (ਗੁਰੂ) ਤੇਗ ਬਹਾਦਰ ਕੁੱਝ ਸੰਗੀਆਂ ਸਮੇਤ, ਬਕਾਲੇ ਵੱਲ ਟੁਰ ਪਏ। ਇੱਧਰ 30 ਮਾਰਚ, 1664 ਨੂੰ ਗੁਰੂ ਹਰਿ ਕ੍ਰਿਸ਼ਨ ਜੀ ਨੇ ਸਰੀਰ ਤਿਆਗ ਦਿੱਤਾ। ਸਿੱਖਾਂ ਵਾਸਤੇ ਅਸਹਿ ਸਦਮਾ ਸੀ। ਅਕਾਲ ਪੁਰਖ ਦਾ ਭਾਣਾ ਜਾਣ ਕੇ ਸਵੀਕਾਰ ਕਰਨਾ ਹੀ ਪੈਣਾ ਸੀ। ਗੁਰੂ ਜੀ ਦੇ ਸਰੀਰ ਨੂੰ ਅੰਤਮ ਦਰਸ਼ਨਾਂ ਲਈ ਟਿਕਾਇਆ ਗਿਆ। ਜਿੱਥੋਂ ਕਿੱਥੋਂ ਪਤਾ ਲਗਦਾ ਗਿਆ, ਗੁਰੂ ਘਰ ਦੇ ਸ਼ਰਧਾਲੂ ਵਹੀਰਾਂ ਘੱਤ ਕੇ ਆਉਣ ਲੱਗੇ। ਇਸ ਤਰ•ਾਂ ਸਾਰੀਆਂ ਅੰਤਮ ਰਸਮਾਂ ਨਿਭਾÀੁਂਦਿਆਂ, ਦੁੱਖ-ਸੁੱਖ ਸਾਂਝੇ ਕਰਦਿਆਂ, ਕਈ ਦਿਨ ਬਤੀਤ ਹੋ ਗਏ। ਉਪ੍ਰੰੰਤ ਸਾਰਾ ਵਹੀਰ ਜਿਸ ਵਿੱਚ ਬੀਬੀਆਂ, ਬੱਚੇ ਤੇ ਬਜ਼ੁਰਗ ਭੀ ਸ਼ਾਮਲ ਸਨ, ਮੰਜ਼ਲਾਂ ਮਾਰਦਾ ਕਈ ਥਾਈਂ ਪੜਾਅ ਕਰਦਾ ਬਕਾਲੇ ਪੁੱਜ ਗਿਆ। ਸਾਰੇ ਮੁਖੀ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਵਿਚਾਰ ਕਰ ਕੇ, 11-08-1664 ਗੁਰਗੱਦੀ ਦੀ ਰਸਮ ਅਦਾ ਕਰਨ ਵਾਸਤੇ, ਦੂਰ-ਨੇੜੇ ਦੇ ਸੇਵਕਾਂ ਅਤੇ ਮਸੰਦਾਂ ਵੱਲ ਖਤ ਲਿਖ ਦਿੱਤੇ ਤਾਂ ਕਿ ਇਸ ਦਿਨ ਸਾਰੇ ਹੁੰਮ-ਹੁੰਮਾ ਕੇ ਪੁੱਜਣ, ਸਤਿਗੁਰੂ ਜੀ ਨੂੰ ਭੇਟਾਵਾਂ ਅਰਪਣ ਕਰਨ। ਸਰਬੱਤ ਖ਼ਾਲਸਾ ਰੂਪੀ ਵੱਡੇ ਇਕੱਠ ਵਿੱਚ ਦਰਪੇਸ਼ ਮਸਲਿਆਂ ‘ਤੇ ਵਿਚਾਰਾਂ ਕੀਤੀਆਂ ਜਾ ਸਕਣ, ਨਾਲ ਹੀ ਨਵੇਂ ਨਿਯੁਕਤ ਕੀਤੇ ਸਤਿਗੁਰੂ ਤੋਂ ਭਵਿੱਖ ਵਾਸਤੇ ਦਿਸ਼ਾ ਨਿਰਦੇਸ਼ ਪ੍ਰਾਪਤ ਕਰ ਸਕਣ।
ਪ੍ਰਚਲੱਤ ਸਾਖੀਆਂ ਮੁਤਾਬਕ ”ਬਕਾਲੇ ਵਿੱਚ ਬਾਈ ਮੰਜੀਦਾਰ ਗੱਦੀਆਂ ਲਾ ਕੇ ਬੈਠ ਗਏ ਤੇ ਗੁਰੂ ਹੋਣ ਦਾ ਝੂਠਾ ਦਾਅਵਾ ਕਰਨ ਲੱਗੇ।” ਅੱਜ ਤੱਕ ਕੋਈ ਭੀ ਇਤਿਹਾਸਕਾਰ ਇਨ•ਾਂ ਬਾਈ ਪਾਖੰਡੀਆਂ ਦੇ ਨਾਮ ਨਹੀਂ ਗਿਣਾ ਸਕਿਆ। ਹੋਰ ਤਾਂ ਹੋਰ ਭਾਈ ਸੰਤੋਖ ਸਿੰਘ (ਸੂਰਜ ਪ੍ਰਕਾਸ਼) ਭੀ ਸਾਰਿਆਂ ਦੇ ਨਾਮ ਨਹੀਂ ਲਿਖ ਸਕਿਆ। ਜਦੋਂ ਕਿ ਬਾਈ ਵਿਅਕਤੀ ਗੁਰੂ ਕੇ ਪ੍ਰਵਾਰ ਵਿੱਚ ਗੱਦੀ ਦੀ ਦਾਅਵੇਦਾਰੀ ਵਾਸਤੇ ਲਭਦੇ ਹੀ ਨਹੀਂ। ਹਾਂ ਕੁੱਝ ਕੁ ਖ਼ੁਦਗਰਜ਼ ਲੋਕ ਸਮੇਂ ਦੀ ਨਜ਼ਾਕਤ ਦਾ ਫ਼ਾਇਦਾ ਉਠਾਉਣ ਦੀ ਤਾਕ ਵਿੱਚ ਜ਼ਰੂਰ ਰਹਿੰਦੇ ਹਨ। ਇਸ ਮਨਸਾ ਨਾਲ ਕਿ ਚੰਗੀ-ਚੌਖੀ ਮਾਇਆ ਆ ਰਹੀ ਹੈ, ਨਾਲੇ ਲੋਕੀਂ ਝੁੱਕ-ਝੁੱਕ ਨਮਸਕਾਰਾਂ ਕਰਦੇ ਹਨ। ਫਿਰ ਕਿਉਂ ਨਾ ਗੁਰੂ ਹੋਣ ਦਾ ਢੋਲ ਉੱਚੀ-ਉੱਚੀ ਵਜਾ ਦੇਈਏ। ਭਾਵੇਂ ਕਿ ਅਜਿਹੇ ਕੱਚੇ-ਪਿੱਲੇ ਅਖੌਤੀ ਗੁਰੂ ਤੇ ਸਾਧ-ਸੰਤ, ਸਮਾਜ ਨੂੰ ਜੋਕਾਂ ਬਣ ਕੇ ਅੱਜ ਵੀ ਚਿੰਬੜੇ ਹੋਏ ਖੂਨ ਪੀ ਰਹੇ ਹਨ। ਪਹਿਲਾਂ ਭੀ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਸੀ। ਅੱਜ ਭੀ ਥੋਕ ਵਿੱਚ ਦੰਭੀ, ਪਾਖੰਡੀ, ਸੰਤ, ਬ੍ਰਹਮ ਗਿਆਨੀ ਤੇ ਅਖੌਤੀ ਗੁਰੂ, ਝੋਲੀਆਂ ਅੱਡ ਕੇ ਭੀਖ ਮੰਗਦੇ ਚੇਲਿਆਂ ਨੂੰ ਲੁੱਟ ਕੇ ਖਾਂਦੇ, ਆਮ ਹੀ ਵੇਖੇ ਜਾ ਸਕਦੇ ਹਨ। ਬਕਾਲੇ ਵਿੱਚ ਬਾਈ ਪਾਖੰਡੀਆਂ ਵੱਲੋਂ ਗੁਰੂ ਹੋਣ ਦਾ ਐਲਾਨ ਕਿਸੇ ਭੀ ਦਲੀਲ ‘ਤੇ ਖਰਾ ਨਹੀਂ ਉਤਰਦਾ। ਜੋ ਵਿਅਕਤੀ ਗੁਰੂ ਸਾਹਿਬ ਜੀ ਦਾ ਨਜ਼ਰੇਕਰਮ ਹੁੰਦਾ ਸੀ, ਉਸ ਬਾਰੇ ਪਹਿਲਾਂ ਹੀ ਸਿੱਖਾਂ ਨੂੰ ਪਤਾ ਲੱਗ ਜਾਂਦਾ ਸੀ। ਸਤਿਗੁਰੂ ਕਿਸ ਨੂੰ ਜ਼ਿਆਦਾ ਜ਼ਿੰਮੇਵਾਰੀ ਦੇ ਕੰਮ ਸੰਭਾਲ ਰਹੇ ਹਨ। ਸੇਵਾ ਵਿੱਚ ਵੱਧ ਸਮਾਂ ਕੌਣ ਹਾਜ਼ਰ ਰਹਿੰਦਾ ਹੈ। ਵਿਦਵਤਾ ਜਾਂ ਗਿਆਨ ਕਿਸ ਨੇ ਵਧੀਕ ਹਾਸਲ ਕੀਤਾ ਹੈ। ਹਉਮੈਂ, ਹੰਕਾਰ ਤੋਂ ਰਹਿਤ, ਮਿੱਠ ਬੋਲੜਾ, ਵਿਕਾਰਾਂ ਤੋਂ ਦੂਰ ਤੇ ਰੱਬੀ ਗੁਣਾਂ ਨਾਲ ਭਰਪੂਰ ਕੌਣ ਹੈ? ਇਹ ਗੱਲਾਂ ਛੁਪੀਆਂ ਨਹੀਂ ਰਹਿ ਸਕਦੀਆਂ। ਜਿਨ•ਾਂ ਬਾਈ ਦੰਭੀ ਗੁਰੂਆਂ ਦਾ ਲਿਖਤਾਂ ਵਿੱਚ ਜਾਂ ਸਿੱਖ ਸਟੇਜਾਂ ‘ਤੇ ਬਾਰ-ਬਾਰ ਜ਼ਿਕਰ ਕੀਤਾ ਜਾ ਰਿਹਾ ਹੈ, ਉਨ•ਾਂ ਦਾ ਕੋਈ ਨਾਮ ਭੀ ਨਾ ਜਾਣਦਾ ਹੋਵੇ? ਹੈ ਨਾ ਹੈਰਾਨੀ ਵਾਲੀ ਗੱਲ? ਉਘੜਵਾਂ ਨਾਮ ਕੇਵਲ ਧੀਰ ਮੱਲ ਦਾ ਆਇਆ ਹੈ। ਧੀਰ ਮੱਲ ਨੇ ਤਾਂ ਤਾਕਤ ਦੀ ਵਰਤੋਂ ਕਰ ਕੇ, ਗੁਰਗੱਦੀ ਖੋਹਣ ਦਾ ਦੁਸ਼ਟ ਕਰਮ ਕੀਤਾ ਸੀ, ਭੁਲੇਖੇ ਵਾਲੀ ਕੋਈ ਗੁੰਜਾਇਸ਼ ਨਹੀਂ ਸੀ।
ਗੁਰ ਸਿਧਾਂਤਾਂ ਤੋਂ ਉਲਟ ਪ੍ਰਚੱਲਤ ਕਰ ਦਿੱਤੀ ਗਈ ਕਹਾਣੀ ਮੁਤਾਬਕ, ਭਾਈ ਮੱਖਣ ਸ਼ਾਹ ਜੀ ਦਾ ਜਹਾਜ਼ ਡੁੱਬਣ ਲੱਗਾ ਸੀ। ਉਸ ਨੇ ਗੁਰੂ ਨਾਨਕ ਜੋਤ ਦਾ ਧਿਆਨ ਧਰ ਕੇ, ਬੇੜਾ ਬੰਨੇ ਲੱਗ ਜਾਣ ਦੀ ਅਰਦਾਸ ਕੀਤੀ। ਭੇਟਾ ਵਾਸਤੇ ਸੋਨੇ ਦੀਆਂ 500 ਮੋਹਰਾਂ ਭੀ ਸੁੱਖੀਆਂ। ਬੇੜਾ ਕਿਨਾਰੇ ਲੱਗ ਗਿਆ। ਅਥਾਹ ਖ਼ੁਸ਼ੀ ਵਿੱਚ ਭਾਈ ਮੱਖਣ ਸ਼ਾਹ, ਮੋਹਰਾਂ ਲੈ ਕੇ ਬਕਾਲੇ ਪੁੱਜਿਆ। ਇਥੇ ਆ ਕੇ ਹਾਲਾਤ ਹੀ ਵਿਗੜੇ ਨਜ਼ਰ ਆਏ। ਬਾਈ ਗੁਰੂ ਥਾਉਂ-ਥਾਈਂ ਮੱਥੇ ਟਿਕਾਉਣ ਲਈ ਪਸੀਨੋ-ਪਸੀਨੀ ਹੋਏ ਨਜ਼ਰ ਆਏ। ਇਨ•ਾਂ ਵਿੱਚੋਂ ਅਸਲੀ ਕੌਣ ਹੈ? ਕਿਵੇਂ ਪਤਾ ਲੱਗੇ? ਉਸ ਨੇ ਇੱਕ ਤਰਤੀਬ ਲੜਾਈ। ਠੀਕ ਹੈ ਮਨਾ! ਸਾਰੇ ਗੁਰੂਆਂ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਦੇ ਚਲਦੇ ਹਾਂ, ਜੇ ਕੋਈ ਅਸਲੀ ”ਜਾਣੀ ਜਾਣ ਗੁਰੂ” ਹੋਇਆ ਤਾਂ ਮੰਗ ਕੇ ਪੰਜ ਸੌ ਮੋਹਰਾਂ ਲੈ ਲਵੇਗਾ। ਇਸੇ ਤਰ•ਾਂ ਕਰਦਾ ਗਿਆ, ਸਾਰਿਆਂ ਨੇ ਲੰਮੀਆਂ ਅਰਦਾਸਾਂ ਕੀਤੀਆਂ। ਅਸ਼ੀਰਵਾਦ ਦੇ ਕੇ ਨਿਹਾਲ ਕਰ ਦਿੱਤਾ, ਪਰ ਪੰਜ ਸੌ ਮੋਹਰਾਂ ਕਿਸੇ ਨਾ ਮੰਗੀਆਂ। ”ਕੋਈ ਹੋਰ ਗੁਰੂ ਭੀ ਹੈ ਇਥੇ ਕਿਤੇ?” ਮੱਖਣ ਸ਼ਾਹ ਜੀ ਨੇ ਜਾਣਕਾਰਾਂ ਤੋਂ ਪੁੱਛਿਆ। ”ਹਾਂ ਭਾਈ ਜੀ! ਇੱਕ ਭੌਰੇ ਵਿੱਚ ਬੈਠਾ ਬਾਬਾ ਤੇਗਾ ਭੀ ਹੈ, ਉਸ ਨੂੰ ਸਲਾਮ ਕਰਨ ਵਿੱਚ ਕੋਈ ਹਰਜ਼ ਨਹੀਂ।” ਭਾਈ ਮੱਖਣ ਸ਼ਾਹ ਜੀ, ਭੌਰੇ ਵਿੱਚ ਅੱਪੜੇ। ਦੋ ਮੋਹਰਾਂ ਚਰਨਾਂ ‘ਤੇ ਰੱਖੀਆ ਤੇ ਸੀਸ ਝੁਕਾ ਦਿੱਤਾ।
”ਪੁਰਖਾ! ਬਚਨਾਂ ‘ਤੇ ਖਰੇ ਉਤਰੀਦਾ ਹੈ, ਤੂੰ ਤਾਂ ਪੰਜ ਸੌ ਮੋਹਰਾਂ ਦੀ ਮੰਨਤ ਮੰਨੀ ਸੀ, ਦੇ ਰਿਹਾ ਹੈਂ ਕੇਵਲ ਦੋ ਮੋਹਰਾਂ? ਤੇਰੇ ਡੁਬਦੇ ਜਹਾਜ਼ ਨੂੰ ਮੋਢਾ ਲਾ ਕੇ ਧੱਕਾ ਲਾਇਆ, ਬਾਹਰ ਕੱਢਿਆ। ਆਹ ਵੇਖ ਤੇਰੇ ਪੁਰਾਣੇ ਜਹਾਜ਼ ਵਿੱਚੋਂ, ਧੱਕਾ ਲਾਉਂਦਿਆਂ ਮੇਰੇ ਮੋਢੇ ਵਿੱਚ ਖੁੱਭੇ ਕਿੱਲ। ਵੇਖ ਤਾਂ ਸਹੀ ਕਿੰਨੇ ਡੂੰਘੇ ਜ਼ਖ਼ਮ ਹੋ ਗਏ ਹਨ।” ਮੱਖਣ ਸ਼ਾਹ ਚਰਨਾਂ ‘ਤੇ ਢਹਿ ਪਿਆ, ਸਾਰੀਆਂ ਮੋਹਰਾਂ ਢੇਰੀ ਕਰ ਦਿੱਤੀਆਂ। ਵਾਹੋ ਦਾਹੀ ਛੱਤ ‘ਤੇ ਚੜ• ਗਿਆ, ਪੱਲੂ ਫੇਰਿਆ ਜ਼ੋਰਦਾਰ ਆਵਾਜ਼ ਵਿੱਚ ਕੂਕਿਆ- ”ਗੁਰੂ ਲਾਧੋ ਰੇ! ਗੁਰੂ ਲਾਧੋ ਰੇ……..!!” ਭਾਈ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਸਾਰੀ ਹੋਈ ਬੀਤੀ ਸੁਣਾਈ, ਸਾਰਿਆਂ ਨੇ (ਗੁਰੂ) ਤੇਗ ਬਹਾਦਰ ਜੀ ਦੇ ਚਰਨਾਂ ‘ਤੇ ਮੱਥਾ ਟੇਕਿਆ। ਫਿਰ ਗੁਰੂ ਜੀ ਛੱਬੀ ਸਾਲਾਂ ਮਗਰੋਂ ਭੌਰੇ ਵਿੱਚੋਂ ਬਾਹਰ ਆਏ ….। ਆਖੋ ਜੀ, ”ਸਤਿਨਾਮ ਵਾਹਿਗੁਰੂ।”
ਪਾਠਕ ਜਨੋ! ਇਸ ਸਾਖੀ ਨੂੰ ਇੱਕ ਵਾਰੀ ਫਿਰ ਨੀਝ ਨਾਲ ਪੜ•ਨਾ, ਕਮਜ਼ੋਰੀਆਂ ਆਪਣੇ ਆਪ ਉਘੜ ਪੈਣਗੀਆਂ।
1. ਇਸ ਸਾਖੀ ਮੁਤਾਬਕ ਗੁਰੂ ਹਰਿ ਕ੍ਰਿਸ਼ਨ ਅਣਜਾਣ ਸਿੱਧ ਹੁੰਦੇ ਹਨ। ਭਾਵ ਕਿ ਉਨ•ਾਂ ਨੇ ਨੌਵੇਂ ਗੁਰੂ ਦੇ ਨਾਮ ਬਾਰੇ ਸਪੱਸ਼ਟ ਐਲਾਨ ਨਹੀਂ ਕੀਤਾ, ਅਧੂਰੀ ਗੱਲ ਛੱਡ ਦਿੱਤੀ। ਸਟੇਜਾਂ ‘ਤੇ ਇਹ ਭੀ ਟਾਹਰਾਂ ਮਾਰਨੀਆਂ ਕਿ ਗੁਰੂ ਅਭੁੱਲ ਹੈ, ਪਰ ਖ਼ੁਦ ਹੀ ਗੁਰੂ ਨੂੰ ਭੁਲੱਕੜ ਗਰਦਾਨਦੇ ਰਹਿਣਾ? ਜਦੋਂ ਕਿ ਅਸਲੀਅਤ ਇਹ ਹੈ ਕਿ 21 ਤੋਂ 24 ਮਾਰਚ 1664 ਨੂੰ ਦਿੱਲੀ ਵਿਖੇ, ਅੱਠਵੇਂ ਸਤਿਗੁਰਾਂ ਨੇ ਸਾਰਿਆਂ ਦੇ ਸਾਹਮਣੇ, ਆਪਣਾ ਫ਼ੈਸਲਾ ਸੁਣਾ ਦਿੱਤਾ ਸੀ ਕਿ ”ਮੇਰਾ ਸਮਾਂ ਪੁੱਗ ਗਿਆ ਹੈ, ਅੱਗੋਂ ਬਾਬਾ ਤੇਗ ਬਹਾਦਰ ਜੀ, ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣਗੇ।” ਇਸ ਵਕਤ ਗੁਰੂ ਪ੍ਰਵਾਰ ਹਾਜ਼ਰ ਸਨ। ਮੁਖੀ ਸਿੱਖ ਜਿਵੇਂ ਭਾਈ ਮਤੀਦਾਸ, ਭਾਈ ਸਤੀ ਦਾਸ, ਭਾਈ ਮਨੀ ਸਿੰਘ, ਭਾਈ ਉਦਾ, ਭਾਈ ਗੁਰਬਖਸ਼ ਆਦਿ। ਦਿੱਲੀ ਦੀਆਂ ਬੇਅੰਤ ਸੰਗਤਾਂ ਨੂੰ ਭੀ ਇਸ ਗੱਲ ਦਾ ਚੰਗੀ ਤਰ•ਾਂ ਪਤਾ ਸੀ। ਭੁਲੇਖੇ ਦੀ ਗੁੰਜਾਇਸ਼ ਕੋਈ ਨਹੀਂ ਸੀ। ਅਫਸੋਸ ਕਿ ਗੁਰੂ ਜੀ ਨੂੰ ਭੁਲੱਕੜ ਬਣਾ ਦਿੱਤਾ ਗਿਆ।
ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਦਾ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਐਲਾਨੀਆ ਭਾਈ ਲਹਿਣਾ ਜੀ ਨੂੰ ਆਪਣੀ ਥਾਂ ‘ਤੇ ਨਿਯੁਕਤ ਕੀਤਾ। ਫਿਰ ਭੀ ਸ੍ਰੀ ਚੰਦ ਨੇ ਬਖੇੜਾ ਖੜਾ ਕੀਤਾ। ਗੁਰੂ ਅੰਗਦ ਸਾਹਿਬ ਜੀ ਨੂੰ ਆਪਣਾ ਸਦਰ ਮੁਕਾਮ ਕਰਤਾਰਪੁਰ ਛੱਡ ਕੇ, ਖਡੂਰ ਆਉਣਾ ਪਿਆ। ”ਸ੍ਰੀ ਚੰਦੀਏ” ਅੱਜ ਤਾਈਂ ਗੁਰੂ ਤੋਂ ਬਾਗੀ ਵੇਖੇ ਜਾ ਸਕਦੇ ਹਨ। ਗੁਰੂ ਅੰਗਦ ਸਾਹਿਬ ਜੀ ਦੇ ਬੇਟੇ, ਬਾਬਾ ਅਮਰਦਾਸ ‘ਤੇ ਬਹੁਤ ਖਫ਼ਾ ਸਨ। ਚਾਹੁੰਦੇ ਸਨ ਗੱਦੀ ਪੁੱਤਰਾਂ ਨੂੰ ਹੀ ਮਿਲੇ। ਫਿਰ ਗੁਰੂ ਅਮਰਦਾਸ ਜੀ ਦੇ ਪੁੱਤਰਾਂ, ਭਾਈ ਜੇਠਾ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕੀਤਾ। ਭਾਵੇਂ ਵਕਤੀ ਤੌਰ ‘ਤੇ ਲੋਕ ਲਾਜ ਕਾਰਨ ਇੱਕ ਵਾਰੀ ਨਮਸਕਾਰ ਕਰ ਦਿੱਤੀ। ਮੋਹਰੀ (ਗੁਰੂ ਅਮਰਦਾਸ ਦਾ ਇੱਕ ਪੁੱਤਰ) ਨੇ ਗੋਇੰਦਵਾਲ ਵਿਖੇ ਬਾਕਾਇਦਾ ਗੁਰੂ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸ ਤਰ•ਾਂ ਪਿਤਾ ਗੁਰੂ ਰਾਮਦਾਸ ਜੀ ਨਾਲ ਉਨ•ਾਂ ਦਾ ਵੱਡਾ ਬੇਟਾ, ਪ੍ਰਿਥੀ ਚੰਦ ਗੁਰਗੱਦੀ ਖੋਹਣ ਵਾਸਤੇ ਸਦਾ ਲੜਦਾ ਰਿਹਾ। ਉਸ ਨੇ ਗੁਰੂ ਅਰਜਨ ਸਾਹਿਬ ਨੂੰ ਭੀ ਬਹੁਤ ਮੁਸ਼ਕਲਾਂ ਵਿੱਚ ਪਾਇਆ। ਹਾਲਾਂਕਿ ਗੱਦੀ ਦੇਣ ਦੇ ਢੰਗ ਵਿੱਚ ਕੋਈ ਕਮੀ ਨਹੀਂ ਸੀ। ਬਸ ਬਿਲਕੁਲ ਇਸੇ ਪ੍ਰਸੰਗ ਵਿੱਚ ਜਦੋਂ ਘਟਨਾਵਾਂ ਨੂੰ ਵਿਚਾਰਾਂਗੇ ਤਾਂ ਸਾਰੇ ਸ਼ੰਕੇ ਭੁਲੇਖੇ ਖ਼ਤਮ ਹੋ ਜਾਣਗੇ। ਇਹ ਸਿਰਫ ਕੁੱਝ ਸਮੇਂ ਦਾ ਫ਼ਜ਼ੂਲ ਵਾਵੇਲਾ ਸੀ, ਗੁੰਮਰਾਹ ਕਰਨ ਦਾ ਕੌਝਾ ਯਤਨ ਸੀ। ਪਰ ਗਿਆਨਵਾਨ ਸਿੱਖ ਹੁਣ ਗੁੰਮਰਾਹ ਹੋਣ ਵਾਲੇ ਨਹੀਂ ਸਨ।
2. ”ਭਾਈ ਮੱਖਣ ਸ਼ਾਹ ਜੀ ਨੇ ਡੁਬਦੇ ਜਹਾਜ਼ ਨੂੰ ਕਿਨਾਰੇ ਲਾਉਣ ਦੀ ਮੰਨਤ ਮੰਨੀ……”। ਗੁਰੂ ਘਰ ਵਿੱਚ ਮੰਨਤਾਂ ਮੰਨਣ ਜਾਂ ਸੁੱਖਣਾ ਦਾ ਕੋਈ ਅਸੂਲ ਪ੍ਰਵਾਨ ਨਹੀਂ ਹੈ। ਕੇਵਲ ਅਕਾਲ ਪੁਰਖ ‘ਤੇ ਭਰੋਸਾ ਰੱਖਣਾ ਜਾਇਜ਼ ਹੈ। ਵਿਚਾਰਨ ਵਾਲੀ ਗੱਲ ਇਹ ਭੀ ਹੈ ਕਿ ਪੰਜਾਬ ਦੇ ਨੇੜੇ-ਤੇੜੇ ਕਿਤੇ ਸਮੁੰਦਰ ਨਹੀਂ ਲਗਦਾ। ਦਰਿਆਵਾਂ ਵਿੱਚ ਸਾਧਾਰਨ ਕਿਸ਼ਤੀਆਂ ਚਲਦੀਆਂ ਸਨ, ਜਹਾਜ਼ ਨਹੀਂ। ਫਿਰ ਮੱਖਣ ਸ਼ਾਹ ਦਾ ਜਹਾਜ਼ ਕਿਹੜੇ ਸਮੁੰਦਰ ਵਿੱਚ ਫਸਿਆ ਸੀ? ਕੋਈ ਨਾਮ ਦੱਸਣ ਲਈ ਤਿਆਰ ਨਹੀਂ ਹੈ।
3. ਜੇ ਮੰਨ ਲਈਏ ਕਿ ਮੱਖਣ ਸ਼ਾਹ ਜੀ ਨੇ ਅਰਦਾਸ ਕਰ ਲਈ। ਪਰ ਉਸ ਦੇ ਡੁੱਬਦੇ ਜਹਾਜ਼ ਨੂੰ ਕਿਨਾਰੇ ਲਾਉਣ ਵਾਸਤੇ ਸਰੀਰਕ ਤੌਰ ‘ਤੇ ਗੁਰੂ ਤੇਗ ਬਹਾਦਰ ਜੀ, ਬਕਾਲੇ ਤੋਂ ਅੱਖ ਦੇ ਫੌਰ ਵਿੱਚ ਪਹੁੰਚ ਸਕਦੇ ਹਨ? ਅਣਗਿਣਤ ਸਿੱਖ ਮੁਸ਼ਕਿਲ ਸਮੇਂ ਸਤਿਗੁਰੂ ਅੱਗੇ ਅਰਦਾਸਾਂ ਕਰਦੇ ਸਨ। ਸਹਾਇਤਾ ਲਈ ਦੁਹਾਈ ਦਿੰਦੇ ਸਨ। ਕੀ ਸਤਿਗੁਰੂ ਸਾਰਿਆਂ ਦੀ ਮਦਦ ਵਾਸਤੇ ਹਰ ਥਾਵੇਂ ਪਹੁੰਚ ਸਕਦੇ ਸਨ? ਇਹ ਸੰਭਵ ਹੀ ਨਹੀਂ ਹੈ। ਅਜਿਹੀਆਂ ਹੋਰ ਭੀ ਕਈ ਕਹਾਣੀਆਂ ਪ੍ਰਚੱਲਤ ਕੀਤੀਆਂ ਹੋਈਆਂ ਮਿਲ ਜਾਂਦੀਆਂ ਹਨ। ਜੋ ਕੇਵਲ ਸ਼ਰਧਾ ਦਾ ਹੀ ਪ੍ਰਗਟਾਵਾ ਹਨ। ਇਸ ਕਹਾਣੀ ਮੁਤਾਬਕ ਤਾਂ ਪੰਜ ਸੌ ਮੋਹਰਾਂ ਪ੍ਰਾਪਤ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਜ਼ਖ਼ਮੀ ਹੋਇਆ ਮੋਢਾ ਭੀ ਵਿਖਾਉਣਾ ਪਿਆ ਤਾਂ ਕਿ ਭਾਈ ਮੱਖਣ ਸ਼ਾਹ ਨੂੰ ਵਿਸ਼ਵਾਸ ਆ ਜਾਵੇ। ਜੇਕਰ ਗੁਰੂ ਤੇਗ ਬਹਾਦਰ ਆਪਣੀ ਅਗੰਮੀ ਸ਼ਕਤੀ ਦੁਆਰਾ ਮੱਖਣ ਸ਼ਾਹ ਦਾ ਡੁਬਦਾ ਜਹਾਜ਼ ਬਚਾ ਸਕਦੇ ਹਨ, ਤਾਂ ਔਰੰਗਜ਼ੇਬ ਨੂੰ ਜੁਲਮ ਤੋਂ ਕਿਉਂ ਨਾ ਰੋਕ ਸਕੇ? ਉਸ ਦੀ ਸੰਘੀ ਕਿਉਂ ਨਾ ਨੱਪ ਦਿੱਤੀ? ਔਰੰਗਜ਼ੇਬ ਦਾ ਮਨ ਹੀ ਬੁਰਾਈ ਵੱਲੋਂ ਬਦਲ ਦਿੰਦੇ?
4. ਜਦੋਂ ਭਾਈ ਮੱਖਣ ਸ਼ਾਹ ਨੂੰ ਵਿਸ਼ਵਾਸ ਹੋ ਗਿਆ ਕਿ ਇਹੀ ਅਸਲੀ ਗੁਰੂ ਹੈ ਤਦ ਉਹ ਛੱਤ ‘ਤੇ ਚੜ• ਗਿਆ। ”ਗੁਰੂ ਲਾਧੋ ਰੇ…….” ਦਾ ਹੋਕਾ ਦਿੱਤਾ। ਸੋਚਣਾ ਬਣਦਾ ਹੈ ਕਿ ਭਾਈ ਮੱਖਣ ਸ਼ਾਹ ਨੇ ਅੰਦਰ ਵੜ ਕੇ ਇਕੱਲੇ ਨੇ ਤਸੱਲੀ ਕਰ ਲਈ ਕਿ ਐਹੋ ਅਸਲੀ ਗੁਰੂ ਹੈ। ਪਰ ਦੂਜੇ ਸਿੱਖਾਂ ਦੀ ਕੀ ਮਜਬੂਰੀ ਸੀ ਕਿ ਇੱਕ ਓਪਰੇ ਵਿਅਕਤੀ ਦੀ ਆਖੀ ਗੱਲ ‘ਤੇ ਬਿਨਾਂ ਪਰਖ ਤੋਂ ਯਕੀਨ ਕਰਨ? ਮੱਖਣ ਸ਼ਾਹ ਗ਼ਲਤ ਬਿਆਨ ਭੀ ਕਰ ਸਕਦਾ ਸੀ। ਹੋ ਸਕਦਾ ਸੀ ਕੋਈ ਪਾਖੰਡੀ ਗੁਰੂ ਲਾਲਚ ਦੇ ਕੇ ਐਵੇਂ ਹੋਕਾ ਦੁਆ ਦਿੰਦਾ?
5. ਦਿੱਲੀ ਤੋਂ ਆਇਆ ਸਿੱਖਾਂ ਦਾ ਵੱਡਾ ਕਾਫਲਾ ਮੌਜੂਦ ਸੀ, ਉਨ•ਾਂ ਦੇ ਹੁੰਦਿਆਂ ਕਿਸੇ ਪਾਖੰਡੀ ਗੁਰੂ ਦੀ ਇਹ ਕਿਵੇਂ ਹਿੰਮਤ ਪੈ ਗਈ ਕਿ ਆਪਣੇ ਆਪ ਨੂੰ ਨੌਵਾਂ ਗੁਰੂ ਐਲਾਨ ਕਰੇ? ਮੋਹਤਬਰ ਸਿੱਖ ਆ ਕੇ ਦੱਸ ਨਹੀਂ ਸਕਦੇ ਸਨ ਕਿ ਭਾਈ ਗੁਰਸਿੱਖੋ, ਸਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਹੈ। ਗੁਰੂ ਹਰਿ ਕ੍ਰਿਸ਼ਨ ਜੀ ਨੇ ਨੌਵੇਂ ਥਾਂ ਗੁਰੂ ਤੇਗ ਬਹਾਦਰ ਜੀ ਨੂੰ ਚੁਣਿਆ ਹੈ। ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਸਾਰੇ ਤੇ ਪ੍ਰਵਾਰ ਦੇ ਮੈਂਬਰ ਚਸ਼ਮਦੀਦ ਗਵਾਹ ਹਾਂ।
6. ਇਸ ਕਹਾਣੀ ਮੁਤਾਬਕ ਤਾਂ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਭੀ ਗ਼ਲਤੀ ਹੋ ਗਈ। ਉਨ•ਾਂ ਨੇ ਅਧੂਰੀ ਗੱਲ ਕਹਿ ਕੇ ਸੰਗਤਾਂ ਨੂੰ ਦੁਬਿਧਾ ਵਿੱਚ ਪਾ ਦਿੱਤਾ। ”ਬਾਬਾ ਬਕਾਲੇ…..” ਇਸ ਦਾ ਮਤਲਬ ਭਾਈ ਮੱਖਣ ਸ਼ਾਹ ਸਿਆਣਾ ਨਿਕਲਿਆ। ਅੱਠਵੇਂ ਪਾਤਿਸ਼ਾਹ ਤੋਂ ਹੋਈ ”ਗ਼ਲਤੀ” ਨੂੰ ਮੱਖਣ ਸ਼ਾਹ ਜੀ ਨੇ ਦਰੁਸਤ ਕੀਤਾ। ਵਾਹ! ਮੇਰੀ ਕੌਮ ਦੇ ਪ੍ਰਚਾਰਕੋ ਵਾਹ!!
7. ਹੋਰ ਸਾਰੇ ਸਿੱਖ ਭੀ ਬੇ-ਇਤਬਾਰੇ ਸਾਬਤ ਹੋ ਗਏ, ਕਿਸੇ ‘ਤੇ ਬਕਾਲਾ ਨਿਵਾਸੀਆਂ ਨੇ ਯਕੀਨ ਨਾ ਕੀਤਾ। ਬਾਈ ਗੁਰੂ ਆਪੋ-ਆਪਣੀ ਥਾਵੇਂ ਗੱਦੀਆਂ ਲਾ ਕੇ ਬੈਠੇ ਰਹੇ। ਭਾਈ ਮਤੀ ਦਾਸ, ਭਾਈ ਸਤੀ ਦਾਸ ਆਦਿ ਦੀ ਗੱਲ ਕਿਸੇ ਨਾ ਸੁਣੀ। ਮੱਖਣ ਸ਼ਾਹ ਦਾ ਆਖਿਆ, ”ਗੁਰੂ ਲਾਧੋ ਰੇ” ਸਾਰਿਆਂ ਝਟਪਟ ਪਰਵਾਨ ਕਰ ਲਿਆ? ਕੀ ਇਸ ਨੂੰ ਇਤਿਹਾਸ ਮੰਨ ਲਈਏ?
8. ਗੁਰੂ ਤੇਗ ਬਹਾਦਰ ਆਸਾਮ-ਬੰਗਾਲ ਦੇ ਧਰਮ ਪ੍ਰਚਾਰ ਦੌਰੇ ‘ਤੇ ਇਕੱਲੇ ਨਹੀਂ ਸਨ। ਉਨ•ਾਂ ਨਾਲ ਪ੍ਰਵਾਰ ਸੀ, ਗੁਰਸਿੱਖਾਂ ਦਾ ਵੱਡਾ ਕਾਫਲਾ ਸੀ। ਉਨ•ਾਂ ਵਿੱਚੋਂ ਕਿਸੇ ਨੇ ਨਾ ਦੱਸਿਆ ਕਿ ਐਹ ਜੋ ਬਾਈ ਮੰਜੀਦਾਰ ਹਨ, ਇਹ ਪਾਖੰਡੀ ਸਾਧ ਹਨ। ਇਨ•ਾਂ ਵਿੱਚੋਂ ਗੁਰੂ ਕੋਈ ਨਹੀਂ ਹੈ। ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਥਾਪਿਆ ਗਿਆ ਹੈ। ਅਸਲ ਗੱਲ ਦਾ ਜ਼ਿਕਰ ਉੱਤੇ ਆ ਚੁੱਕਿਆ ਹੈ ਕਿ ਲੱਭਣ ਦੀ ਲੋੜ ਤਾਂ ਪੈਂਦੀ ਜੇਕਰ ਗੁਰੂ ਗੁਆਚਿਆ ਹੁੰਦਾ। ਭੌਰੇ ਵਿੱਚ ਲੁਕਿਆ ਹੁੰਦਾ। ਉਹ ਤਾਂ ਕਥਿਤ ਭੌਰੇ ਵਿੱਚ ਵੜ ਕੇ ਵਕਤ ਅਤੇ ਸਰੀਰ ਦਾ ਨਾਸ਼ ਮਾਰਨ ਦੀ ਥਾਵੇਂ ਮਨੁੱਖਤਾ ਦੀ ਸੇਵਾ ਲਈ ਦੂਰ ਪੂਰਬ ਦੇ ਦੌਰੇ ‘ਤੇ ਸਨ, ਸਬੂਤ ਮੌਜੂਦ ਹਨ। ਜਦੋਂ ਇਹ ਇੱਕੋ-ਇੱਕ ਚਾਬੀ ਹੱਥ ਵਿੱਚ ਆ ਜਾਵੇ ਕਿ ਗੁਰੂ ਤੇਗ ਬਹਾਦਰ ਜੀ ਨੇ ਛੱਬੀ ਸਾਲ ਤਾਂ ਕੀ ਆਪਣੇ ਜੀਵਨ ਦੀ ਇੱਕ ਘੜੀ ਭੀ ਅਜਾਈਂ ਨਹੀਂ ਗੁਆਈ। ਉਹ ਮਨੁੱਖਤਾ ਦੇ ਕਲਿਆਣ ਲਈ ਦਿਨ-ਰਾਤ ਯਤਨਸ਼ੀਲ ਰਹਿੰਦੇ ਸਨ। ਫਿਰ ”ਬਾਬਾ ਬਕਾਲੇ” ਵਾਲੀ ਅਧੂਰੀ ਪੰਕਤੀ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਅਖਵਾ ਕੇ, ਉਨ•ਾਂ ਨੂੰ ਭੁੱਲਾਂ ਕਰਨ ਵਾਲਾ ਨਹੀਂ ਬਣਾਉਣਾ ਪਵੇਗਾ। ਫਿਰ ਨਾਲ ਦਿੱਲੀ ਗਈ ਸੰਗਤ ਨੂੰ ਭੀ ਬੇ-ਇਤਬਾਰੀ ਨਹੀਂ ਬਣਾਉਣਾ ਪਵੇਗਾ। ਫਿਰ ਮੱਖਣ ਸ਼ਾਹ ਦੀ ਅਰਦਾਸ ਤੇ ਮੋਹਰਾਂ ਰੱਖ ਕੇ ਗੁਰੂ ਦੀ ਪਰਖ ਕਰਨ ਦੀ ਕੁਰੱਖ਼ਤ ਬੀਮਾਰੀ ਭੀ ਗਲੋਂ ਲੱਥ ਜਾਵੇਗੀ। ਭਾਈ ਮੱਖਣ ਸ਼ਾਹ ਦਾ ਜਹਾਜ਼ ਭੀ ਡੁੱਬਣੋਂ ਬਚ ਜਾਵੇਗਾ। ਗੁਰੂ ਤੇਗ ਬਹਾਦਰ ਜੀ ਦੇ ਮੋਢਿਆਂ ‘ਤੇ ਜ਼ਖ਼ਮ ਭੀ ਨਹੀਂ ਹੋਣਗੇ। ਗੁਰੂ ਜੀ ਨੂੰ ਆਪਣੇ ਵਾਲੀਆਂ ਪੰਜ ਸੌ ਮੋਹਰਾਂ ਦੀ ਮੰਗ ਭੀ ਨਹੀਂ ਕਰਨੀ ਪਵੇਗੀ। ਸਿਰਫ ਉਨ•ਾਂ ਸਬੂਤਾਂ ਨੂੰ ਗਹਿਰਾਈ ਨਾਲ ਪੜ•-ਵਿਚਾਰ ਲਈਏ, ਜਿਥੋਂ ਇਹ ਨਿਸ਼ਚਾ ਬਝਦਾ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ਤੋਂ ਵਿਰੁੱਧ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਭਗਤੀ ਤਪੱਸਿਆ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਗੁਰਵਾਰ ਹਨ-
r ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ£ ਸਤਿਗੁਰ ਕੈ ਭਾਣੈ ਵਡਿਆਈ ਪਾਵੈ£
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ£                       (509)
ਹੋਰ :-
r ਜਪ ਤਪ ਸੰਜਮ ਕਰਮ ਨ ਜਾਨਾ, ਨਾਮੁ ਜਪੀ ਪ੍ਰਭ ਤੇਰਾ£
ਗੁਰੁ ਪਰਮੇਸਰੁ ਨਾਨਕ ਭੇਟਿਓ, ਸਾਚੈ ਸਬਦਿ ਨਿਬੇਰਾ£                          (878)
r ਜਪੁ ਤਪੁ ਸੰਜਮੁ ਹੋਰ ਕੋਈ ਨਾਹੀ£ ਜਬ ਲਗ ਗੁਰ ਕਾ ਸਬਦ ਨ ਕਮਾਹੀ£   (1060)
r ਪੁੰਨ ਦਾਨ ਜਪ ਤਪ ਜੇਤੇ, ਸਭ ਊਪਰਿ ਨਾਮ£ ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ£  (401)
ਉਹ ਸੁਲੱਖਣੀ ਘੜੀ ਆ ਗਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ ਵੇਖਣ ਲਈ, ਉਪਦੇਸ਼ ਸੁਣਨ ਲਈ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਆਣ ਪਹੁੰਚੀਆਂ। 11 ਅਗਸਤ, 1664 ਵਾਲੇ ਦਿਨ, ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸਾਰਿਆਂ ਨੇ ਬਿਨਾਂ ਸ਼ੰਕਾਂ ਗੁਰੂ ਸਵੀਕਾਰ ਕੀਤਾ, ਨਮਸ਼ਕਾਰਾਂ ਕੀਤੀਆਂ, ਆਦੇਸ਼ ਪ੍ਰਾਪਤ ਕੀਤੇ। ਬਸ ਗਿਣਤੀ ਦੇ ਈਰਖਾਲੂ ਵਿਅਕਤੀ ਸਨ ਜੋ ਔਰੰਗਜ਼ੇਬ ਤੋਂ ਭਾਰੀ ਰਕਮਾਂ ਲੈ ਕੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੇ ਹੋਏ ਇਨਕਲਾਬ ਨੂੰ ਫ਼ੇਲ• ਕਰਨਾ ਚਾਹੁੰਦੇ ਸਨ। ਇਨ•ਾਂ ਵਿੱਚੋਂ ਪ੍ਰਮੁੱਖ ਸੀ ਧੀਰ ਮੱਲ। ਇਹ ਗੁਰੂ ਹਰਿ ਗੋਬਿੰਦ ਸਾਹਿਬ ਦੇ ਬੇਟੇ ਗੁਰਦਿੱਤਾ ਜੀ ਦਾ ਪੁੱਤਰ ਸੀ। ਇਸ ਦਾ ਜਨਮ 1627 ਵਿੱਚ ਹੋਇਆ ਸੀ। ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰਗੱਦੀ ਦੀ ਸੇਵਾ ਮਿਲੀ, ਉਸ ਵਕਤ ਭੀ ਇਸ ਨੇ ਡੱਟ ਕੇ ਵਿਰੋਧ ਕੀਤਾ। ਬਰਾਬਰ ਆਪਣੇ ਗੁਰੂ ਹੋਣ ਦਾ ਐਲਾਨ ਕਰਵਾ ਦਿੱਤਾ। ਆਪਣੇ ਵੱਲੋਂ ਮਸੰਦ ਭੀ ਨਿਯੁਕਤ ਕੀਤੇ। ਔਰੰਗਜ਼ੇਬ ਤੋਂ ਆਦੇਸ਼ ਪ੍ਰਾਪਤ ਕਰ ਕੇ ਇਸ ਨੇ ਆਪਣੇ ਬਦਮਾਸ਼ ਟੋਲੇ ਤੋਂ 9 ਅਕਤੂਬਰ 1664 ਨੂੰ ਗੁਰੂ ਤੇਗ ਬਹਾਦਰ ਸਾਹਿਬ ‘ਤੇ ਹਮਲਾ ਕਰਵਾ ਦਿੱਤਾ। ਗੋਲੀ ਚੱਲੀ, ਸਾਮਾਨ ਲੁੱਟਿਆ ਗਿਆ ਪਰ ਖ਼ੁਸ਼ਕਿਸਮਤੀ ਨੂੰ ਗੁਰੂ ਤੇਗ ਬਹਾਦਰ ਜੀ ਬਚ ਗਏ। ਇੱਕ ਹੱਥ ਲਿਖਤ ਬੀੜ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਇਹ ਕਰਤਾਰਪੁਰ ਨੂੰ ਨੱਸ ਗਿਆ। ਭਾਈ ਮੱਖਣ ਸ਼ਾਹ ਦੀ ਅਗਵਾਈ ਵਿੱਚ, ਸਿੱਖਾਂ ਦਾ ਇੱਕ ਤਕੜਾ ਜੱਥਾ ਇਸ ਦੇ ਡੇਰੇ ‘ਤੇ ਜਾ ਪਿਆ। ਚੰਗੀ ਗਿੱਦੜ ਕੁੱਟ ਇਨ•ਾਂ ਨੂੰ ਪਈ ਪਰ ਇਹ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ‘ਤੇ ਡਿੱਗ ਕੇ ਮੁਆਫ਼ੀ ਮੰਗ ਕੇ ਬਕਾਲਾ ਛੱਡ ਗਏ। ਸਿੱਖਾਂ ਨੇ ਗੁਰੂ ਜੀ ਦੁਆਲੇ ਪਹਿਰਾ ਸਖ਼ਤ ਕਰ ਦਿੱਤਾ। ਛੇਤੀ ਹੀ ਵਹੀਰ ਅਤੇ ਪ੍ਰਵਾਰ ਸਮੇਤ ਨੌਵੇਂ ਗੁਰੂ ਜੀ ਕੀਰਤਪੁਰ ਚਲੇ ਗਏ।
ਲੰਮੇਂ ਸਮੇਂ ਦੀ ਉਡੀਕ ਤੋਂ ਮਗਰੋਂ ਔਰੰਗਜ਼ੇਬ ਨੇ ਧੀਰ ਮੱਲ, ਉਸ ਦੇ ਪੁੱਤਰ ਰਾਮ ਚੰਦ ਅਤੇ ਸੀਹੇਂ ਮਸੰਦ ਨੂੰ ਦਿੱਲੀ ਸੱਦ ਲਿਆ। ਦਿੱਤਾ ਗਿਆ ”ਕੰਮ” ਨਾ ਕਰਨ ਲਈ ਜਵਾਬ ਤਲਬੀ ਕੀਤੀ। ਤਸੱਲੀ ਬਖ਼ਸ਼ ਜਵਾਬ ਨਾ ਮਿਲਣ ਕਾਰਨ ਇਨ•ਾਂ ਤਿੰਨਾਂ ਨੂੰ ਰਣਥੰਬੋਰ ਦੇ ਕਿਲੇ• ਵਿੱਚ ਕੈਦ ਕਰਵਾ ਦਿੱਤਾ।
ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ ਪਛਾਣਦਿਆਂ ਮਾਖੋਵਾਲ ਦੀ ਜ਼ਮੀਨ ਚੰਪਾ ਰਾਣੀ (ਵਿਧਵਾ ਰਾਜਾ ਦੀਪ ਚੰਦ) ਤੋਂ ਖ਼ਰੀਦ ਕੇ ਆਨੰਦਪੁਰ ਦੀ ਨੀਂਹ ਰੱਖ ਦਿੱਤੀ। ਗੁਰਸਿੱਖਾਂ ਦੀ ਯੋਗਤਾ ਮੁਤਾਬਕ ਸੇਵਾ ਲਾ ਦਿੱਤੀ ਤੇ ਖ਼ੁਦ ਧਰਮ ਪ੍ਰਚਾਰ ਵਹੀਰ ਨਾਲ ਲੈ ਕੇ ਮਾਲਵੇ ਵੱਲ ਨਿਕਲ ਤੁਰੇ। ਅੱਜ ਦੇ ਹਰਿਆਣੇ ਵਿੱਚ ਧਮਧਾਣ (ਜੀਂਦ ਜ਼ਿਲ•ਾ) ਦੇ ਸਥਾਨ ‘ਤੇ ਸਤਿਗੁਰੂ ਜੀ ਠਹਿਰੇ ਹੋਏ ਸਨ। ਲਗਪਗ ਤੀਹ ਹਜ਼ਾਰ ਸਿੱਖ ਆ ਜੁੜਿਆ। ਔਰੰਗਜ਼ੇਬ ਦੇ ਹੁਕਮ ਦੁਆਰਾ ਫ਼ੌਜੀ ਕਮਾਂਡਰ ਆਲਮ ਖ਼ਾਂ ਰੋਹੇਲੇ ਨੇ ਇਸ ਸਥਾਨ ਤੋਂ ਸਤਿਗੁਰੂ ਜੀ ਨੂੰ ਪਹਿਲੀਵਾਰ ਗ੍ਰਿਫ਼ਤਾਰ ਕੀਤਾ। ਇਹ ਘਟਨਾ 08-11-1665 ਦੀ ਹੈ। ਦਿੱਲੀ ਵਿਖੇ ਦੋ ਮਹੀਨੇ ਤੋਂ ਵੱਧ ਸਮਾਂ ਕੈਦ ਰੱਖ ਕੇ ਰਾਜਾ ਜੈ ਸਿੰਘ ਦੇ ਵਿੱਚ ਪੈਣ ‘ਤੇ ਰਿਹਾਅ ਕਰ ਦਿੱਤੇ ਗਏ। ਇਹ ਧਿਆਨ ਰਹੇ ਕਿ ਭੌਰੇ ਵਿੱਚ ਵੜ ਕੇ ਤਪੱਸਿਆ ਕਰਨ ਵਾਲੇ ਕਿਸੇ ਸਾਧ ਤੋਂ ਔਰੰਗਜ਼ੇਬ ਨੂੰ ਕੋਈ ਖ਼ਤਰਾ ਨਹੀਂ ਸੀ। ਭਾਵੇਂ ਸਾਰੀ ਉਮਰ ਭੌਰੇ ਵਿੱਚ ਬੈਠਾ ਰਹਿੰਦਾ ਪਰ ਔਰੰਗਜ਼ੇਬ ਗੁਰੂ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਜਾਣੂ ਸੀ। ਲੋਕਾਂ ਦੀਆਂ ਭੀੜਾਂ ਗੁਰੂ ਜੀ ਨੂੰ ਸੁਣਨ ਆਉਂਦੀਆਂ ਸਨ। ਗੁਰੂ ਜੀ ਰਾਜਸੀ ਜ਼ੁਲਮਾਂ ਵਿਰੁੱਧ ਖੁੱਲ• ਕੇ ਬੋਲਦੇ ਸਨ। ਪਾਖੰਡੀ ਧਰਮੀਆਂ ਨੂੰ ਫਿਟਕਾਰਾਂ ਪਾਉਂਦੇ ਸਨ। ਲੋਕਾਂ ਨੂੰ ਤਕੜੇ ਹੋ ਕੇ ਜ਼ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਇਨ•ਾਂ ਕਾਰਨਾਂ ਕਰ ਕੇ ਹੀ ਸਤਿਗੁਰੂ ਜੀ ਨੂੰ ਗੁਰੂ ਬਣਦਿਆਂ ਹੀ ਇੱਕ ਸਾਲ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ।
ਦੂਜੀ ਵਾਰ ਫਿਰ ਸਤਿਗੁਰੂ ਜੀ ਨੂੰ ਜੂਨ ਮਹੀਨੇ 1670 ਵਿੱਚ ਆਗਰੇ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਵਿਖੇ ਦੋ ਮਹੀਨੇ ਤੇਰਾਂ ਦਿਨ ਕੈਦ ਵਿੱਚ ਰਹੇ ਪਰ ਇਸ ਵਾਰੀ ਭੀ ਰਿਹਾਅ ਕਰ ਦਿੱਤੇ ਗਏ। ਤੀਜੀ ਵਾਰੀ ਕਸ਼ਮੀਰੀ ਬ੍ਰਾਹਮਣਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਐਲਾਨ ਕਰਨ ਤੋਂ ਬਾਅਦ, ਮਲਕਪੁਰ  ਰੰਘੜਾ, ਰੋਪੜ ਨੇੜਿਓਂ ਥਾਣੇਦਾਰ ਨੂਰ ਮੁਹੰਮਦ ਨੇ ਜੁਲਾਈ 12 ਸੰਨ 1675 ਨੂੰ ਗ੍ਰਿਫ਼ਤਾਰ ਕੀਤਾ।  ਪਹਿਲਾਂ ਬਸੀ ਪਠਾਣਾਂ ਕੈਦ ਰੱਖੇ ਗਏ, ਹੁਕਮ ਮਿਲਣ ‘ਤੇ ਪਿੰਜਰੇ ਵਿੱਚ ਬੰਦ ਕਰ ਕੇ, ਤਿੰਨੇ ਪ੍ਰਮੁੱਖ ਸਿੱਖਾਂ ਸਮੇਤ ਦਿੱਲੀ ਨੂੰ ਭੇਜ ਦਿੱਤੇ ਗਏ। ਅੱਗੇ ਦੀਆਂ ਘਟਨਾਵਾਂ ਦਾ ਪਾਠਕਾਂ ਨੂੰ ਭਲੀ ਪ੍ਰਕਾਰ ਪਤਾ ਹੈ। 11 ਨਵੰਬਰ, 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਅਤਿਅੰਤ ਨਿਰਦਈਪੁਣੇ ਵਾਲੇ ਤਸੀਹੇ ਦੇ ਕੇ ਤਿੰਨ ਬਹਾਦਰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਸ਼ਾਮ ਤੀਜੇ ਪਹਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ। ਭੈ-ਭੀਤ ਕਰਨ ਵਾਲੇ ਡਰਾਵੇ ਦਿੱਤੇ ਗਏ। ਲਾਲਚ ਦਿੱਤੇ ਗਏ, ਕਰਾਮਾਤਾਂ ਵਿਖਾਉਣ ਲਈ ਕਿਹਾ ਗਿਆ। ਸਤਿਗੁਰੂ ਜੀ ਅਡੋਲ ਅਵੱਸਥਾ ਵਿੱਚ ਅਸੂਲਾਂ ‘ਤੇ ਟਿਕੇ ਰਹੇ। ਕਾਜੀ ਨੇ ਫ਼ਤਵਾ ਪੜ• ਕੇ ਸੁਣਾਇਆ, ਜਲਾਦ ਦੀ ਤਲਵਾਰ ਚਲੀ, ਖ਼ੂਨ ਦੇ ਫੁਹਾਰੇ ਫੁੱਟੇ, ਗੁਰੂ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ।
ਪਹਿਲਾਂ ਤਿਆਰ ਕੀਤੀ ਸਕੀਮ ਮੁਤਾਬਕ ਭਾਈ ਜੈਤਾ ਨਾਨੂ ਗੁਰਬਖ਼ਸ਼ਾ ਜੀ ਨੇ ਸੀਸ ਚੁੱਕ ਕੇ ਆਨੰਦਪੁਰ ਪੁਚਾਣ ਦੀ ਜ਼ਿੰਮੇਵਾਰੀ ਕਬੂਲੀ। ਇਸ ਦਰਦਨਾਕ ਘਟਨਾ ਨੂੰ ਸੁਣਦਿਆਂ ਬਿਰਧ ਬਾਬਾ ਗੁਰਦਿੱਤਾ ਜੀ ਦੌਰਾ ਪੈਣ ‘ਤੇ ਦਮ ਤੋੜ ਗਏ। ਇਹ ਬਾਬਾ ਬੁੱਢਾ ਜੀ ਦੇ ਸਪੁੱਤਰ ਸਨ। ਮਿੱਟੀ ਦੇ ਖੁੱਲ•ੇ ਮੂੰਹ ਵਾਲੇ ਵੱਡੇ ਬਰਤਣ ਵਿੱਚ ਸੀਸ ਨੂੰ ਟਿਕਾ ਲਿਆ ਗਿਆ। ਆਲੇ-ਦੁਆਲੇ ਨਿੰਮ ਦੀਆਂ ਪੱਤੀਆਂ ਰੱਖੀਆਂ ਗਈਆਂ ਤਾਂ ਕਿ ਕਿਰਮ ਨਾ ਪੈਣ ਤੇ ਬੋ ਨਾ ਪੈਦਾ ਹੋਵੇ। ਮੁੱਖ ਰਾਹ ਛੱਡ ਕੇ ਉਜਾੜਾਂ ਵਿੱਚੋਂ ਦੀ ਬਚਦੇ-ਬਚਾਂਦੇ, ਜਾਣਕਾਰ ਸਿੱਖਾਂ ਤੋਂ ਲੋੜੀਂਦੀ ਸਹਾਇਤਾ ਲੈਂਦੇ, ਮੰਜਲਾਂ ਮਾਰਦੇ, ਕੀਰਤਪੁਰ ਪੁੱਜ ਗਏ। ਦਿੱਤੇ ਗਏ ਸੁਨੇਹੇ ‘ਤੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦਾ ਵੱਡਾ ਕਾਫਲਾ ਲੈ ਕੇ ਪ੍ਰਵਾਰ ਸਮੇਤ ਕੀਰਤਪੁਰ ਆ ਗਏ। ਭਾਈ ਜੈਤਾ ਜੀ ਤੋਂ ਇਥੇ ਹੀ ਸ਼ਹੀਦ ਪਿਤਾ ਦਾ ਕੱਟਿਆ ਸੀਸ ਪ੍ਰਾਪਤ ਕੀਤਾ। ਜੈਤਾ ਜੀ ਨੂੰ ”ਗੁਰੂ ਕਾ ਬੇਟਾ” ਆਖ ਕੇ ਮਾਣ ਦਿੱਤਾ। ਨਵੰਬਰ ਸਤਾਰਾਂ 1675 ਨੂੰ ਆਨੰਦਪੁਰ ਵਿਖੇ ਨੌਵੇਂ ਗੁਰੂ ਜੀ ਦਾ ਸੀਸ ਸਸਕਾਰਿਆ ਗਿਆ। ਇਸ ਥਾਂ ਅੱਜ ਕੱਲ• ਗੁਰਦਵਾਰਾ ਸੀਸ ਗੰਜ ਬਣਿਆ ਹੋਇਆ ਹੈ।
ਔਰੰਗਜ਼ੇਬ ਵਿਰੁੱਧ ਸਿੱਖਾਂ ਦੇ ਅੰਦਰ ਗੁੱਸਾ ਉਬਾਲੇ ਖਾਣ ਲੱਗਾ। ਅਕਤੂਬਰ 17, 1676 ਨੂੰ ਜਦੋਂ ਉਹ ਨਵਾਜ ਅਦਾ ਕਰ ਕੇ ਵਾਪਸ ਮੁੜ ਰਿਹਾ ਸੀ, ਸਿੱਖਾਂ ਨੇ ਇੱਟਾਂ-ਵੱਟਿਆਂ ਨਾਲ ਹੱਲਾ ਬੋਲ ਦਿੱਤਾ। ਭਾਵੇਂ ਔਰੰਗਜ਼ੇਬ ਬਚ ਗਿਆ ਪਰ ਸਿੱਖਾਂ ਦੇ ਰੋਹ ਦਾ ਉਸ ਨੂੰ ਅਹਿਸਾਸ ਹੋ ਗਿਆ। ਇੱਕ ਸਿੱਖ ਨੂੰ ਫੜ ਕੇ ਕਤਲ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਅਤੇ ਤਿੰਨ ਬਹਾਦਰ ਸਿੱਖਾਂ ਦੀ ਸ਼ਹੀਦੀ ਕਾਰਨ ਦੇਸ਼ ਵਿੱਚ ਹਰ ਕੋਈ ਕੁਰਲਾ ਉਠਿਆ। ਅਣਖੀਲੇ ਨੌਜਵਾਨ ਜ਼ਮੀਨਾਂ ਵੇਚ ਕੇ, ਹਥਿਆਰ ਖ਼ਰੀਦਣ ਲੱਗੇ। ਗਹਿਣੇ-ਗੱਟੇ ਵੇਚ ਕੇ ਘੋੜੇ ਖਰੀਦੇ। ਕਾਫਲੇ ਬਣਾ ਕੇ ਸਿਰਾਂ ‘ਤੇ ਕੱਫਣ ਬੰਨ• ਕੇ, ਆਨੰਦਪੁਰ ਵੱਲ ਚੱਲ ਪਏ। ਦਸਮ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੇਨਤੀ ਕਰਦੇ, ”ਸਤਿਗੁਰ ਜੀਓ! ਗੁਰੂ ਪਿਤਾ ਸਾਡੀ ਇੱਜ਼ਤ ਅਣਖ ਲਈ ਆਪਣਾ ਆਪ ਕੁਰਬਾਨ ਕਰ ਗਏ। ਅਸੀਂ ਤੁਹਾਡੇ ਹੁਕਮ ਦੀ ਉਡੀਕ ਵਿੱਚ ਹਾਂ ਕਾਇਰ ਬਣ ਕੇ ਹੁਣ ਅਸੀਂ ਜੀਓਂ ਨਹੀਂ ਸਕਾਂਗੇ। ਹੁਣ ਆਜ਼ਾਦੀ ਜਾਂ ਮੌਤ ਇਸ ਤੋਂ ਘੱਟ ਕੁੱਝ ਸਵੀਕਾਰ ਨਹੀਂ, ਤੁਸੀਂ ਆਗਿਆ ਦਿਓ।” ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਨਜ਼ਾਕਤ ਸਮਝਦਿਆਂ ਇਨ•ਾਂ ਨੂੰ ਧੀਰਜ ਦੇਣਾ। ਆਉਣ ਵਾਲੇ ਖ਼ਤਰਨਾਕ ਹਾਲਾਤ ਵਾਸਤੇ ਤਿਆਰ ਕਰਨ ਲਈ ਕਹਿਣਾ ਤੇ ਆਨੰਦਪੁਰ ਵਿੱਚ ਕੁੱਝ ਸਮਾਂ ਟਿਕ ਕੇ ਯੁੱਧ ਨੀਤੀ ਸਿੱਖਣ ਦੀ ਹਦਾਇਤ ਕਰਨੀ।
ਜੋ ਕਸ਼ਮੀਰੀ ਬ੍ਰਾਹਮਣ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਪ੍ਰੇਸ਼ਾਨ ਹੋ ਕੇ ਆਨੰਦਪੁਰ ਆ ਕੇ ਫਰਿਆਦੀ ਹੋਏ ਸਨ। ਇਥੇ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਬ੍ਰਾਹਮਣ ਜਨਮ ਤੋਂ ਹੀ ਹਿੰਦੂ ਸਮਾਜ ਦਾ ਧਰਮ ਗੁਰੂ ਹੈ। ਇਹ ਲੋਕ ਕਾਫਲੇ ਬਣਾ ਕੇ, ਲੰਮੇ ਸਮੇਂ ਤੱਕ ਖੱਤਰੀ ਰਾਜਿਆਂ, ਰਾਜਪੂਤ ਰਾਜਿਆਂ ਅਤੇ ਮਰਾਠਿਆਂ ਨੂੰ ਆਪਣੀ ਦੁੱਖ ਭਰੀ ਵਿਥਿਆ ਸੁਣਾ ਕੇ, ਮਦਦ ਦੀ ਪੁਕਾਰ ਕਰਦੇ ਰਹੇ ਪਰ ਔਰੰਗਜ਼ੇਬ ਦੀ ਅਸੀਮ ਤਾਕਤ ਤੋਂ ਸਾਰੇ ਥਰ-ਥਰ ਕੰਬਦੇ ਸਨ। ਇਸੇ ਲਈ ਸਾਰਿਆਂ ਨੇ ਬ੍ਰਾਹਮਣਾਂ ਦੀ ਬਾਂਹ ਫੜਨ ਤੋਂ ਇਨਕਾਰ ਕਰ ਦਿੱਤਾ। ਅਤੀ ਮਾਯੂਸੀ ਵਿੱਚ, ਹਾਰ ਹੰਭ ਕੇ ਇਹ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਫਰਿਆਦੀ ਹੋਏ। ਸਾਰੀ ਹੋਈ ਬੀਤੀ ਕਹਿ ਸੁਣਾਈ। ਜਦੋਂ ਸਤਿਗੁਰੂ ਜੀ ਨੇ ਪੁੱਛਿਆ ਕਿ ਜੇਕਰ ਮੈਂ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਜਾਵਾਂ ਤਾਂ ਇਹ ਸਪੱਸ਼ਟ ਕਰ ਦਿਓ ਕਿ ਤੁਸੀਂ ਗੁਰੂ ਘਰ ਨਾਲ ਕੀ ਰਿਸ਼ਤਾ ਬਣਾਇਆ ਹੈ? ਮੈਂ ਕਿਸ ਹੈਸੀਅਤ ਵਿੱਚ ਤੁਹਾਡੇ ਬਾਰੇ ਗੱਲਬਾਤ ਕਰਾਂ? ਕਿਰਪਾ ਰਾਮ ਨੇ ਤੁਰੰਤ ਬੇਨਤੀ ਪੱਤਰ ਲਿਖਿਆ, ਜਿਸ ਵਿੱਚ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਸੰਖੇਪ ਵੇਰਵਾ ਸੀ। ਦੇਸ਼ ਰਟਣ ਦਾ ਜ਼ਿਕਰ ਕੀਤਾ ਗਿਆ ਸੀ। ਸਾਰੇ ਹਿੰਦੂ ਰਾਜਿਆਂ ਵੱਲੋਂ ਵਿਖਾਈ ਕਾਇਰਤਾ ਦਾ ਵਰਨਣ ਸੀ। ਅੰਤ ਵਿੱਚ ਸਾਰਿਆਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਲਿਖਤੀ ਰੂਪ ਵਿੱਚ ਆਪਣਾ ਧਰਮ ਗੁਰੂ ਸਵੀਕਾਰ ਕੀਤਾ। ਆਪਣੇ ਜੀਵਨ ਨਾਲ ਸੰਬੰਧਤ ਹਰ ਤਰ•ਾਂ ਦਾ ਫ਼ੈਸਲਾ ਲੈਣ ਦਾ ਅਖ਼ਤਿਆਰ ਗੁਰੂ ਜੀ ਨੂੰ ਸੌਂਪ ਦਿੱਤਾ।
ਗੁਫ਼ਾਵਾਂ, ਭੌਰਿਆਂ ਵਿੱਚ ਬੈਠ ਕੇ, ਅੱਖਾਂ ਬੰਦ ਕਰ ਕੇ, ਮਾਲਾ ਫੇਰਨ ਵਾਲੇ, ਮੰਤਰ ਰਟਣ ਵਾਲੇ, ਚਲੀਹੇ ਕੱਟਣ ਵਾਲੇ, ਸਮਾਧੀਆਂ ਲਾਉਣ ਵਾਲੇ, ਹਿੰਦੁਸਤਾਨ ਵਿੱਚ ਲੱਖਾਂ ਸਾਧ ਸਨ। ਸਦੀਆਂ ਤੋਂ ਇਹੀ ਮੰਤਰ ਜਾਪ ਉਹ ਕਰਦੇ ਆ ਰਹੇ ਸਨ ਪਰ ਹਿੰਦਵਾਸੀ ਜੰਤਾ ਹੋਰ ਕੰਗਾਲ, ਹੋਰ ਬੁਜ਼ਦਿਲ, ਹੋਰ ਪਾਖੰਡੀ, ਹੋਰ ਅਗਿਆਨੀ ਬਣਦੀ ਜਾ ਰਹੀ ਸੀ। ਘਰ ਉੱਜੜ ਗਏ, ਨੂੰਹਾਂ-ਧੀਆਂ ਦੀਆਂ ਇੱਜ਼ਤਾਂ ਘੱਟੇ ਰੁਲ ਗਈਆਂ, ਧਰਮ ਅਸਥਾਨ ਮਿੱਟੀ ਵਿੱਚ ਮਿਲ ਗਏ। ਕਿਸੇ ਤੰਤਰ-ਮੰਤਰ ਨੇ ਜ਼ੁਲਮ ਨੂੰ ਨਾ ਥੰਮਿ•ਆ। ਕੀ ਗੁਰੂ ਤੇਗ ਬਹਾਦਰ ਇੰਨੇ ਹੀ ਅਣਜਾਣ ਸਨ ਕਿ ਆਪਣੀ ਜ਼ਿੰਦਗੀ ਦੇ ਅਤੀ ਕੀਮਤੀ ਛੱਬੀ ਸਾਲ ਕਿਸੇ ਭੌਰੇ ਵਿੱਚ ਵੜ ਕੇ ਬਰਬਾਦ ਕਰ ਦਿੰਦੇ? ਜੀ ਨਹੀਂ! ਉਹ ਲੋਕਾਂ ਨੂੰ ਜਾਗ੍ਰਿਤ ਕਰਨ ਵਾਸਤੇ ਲੰਮੇ ਪ੍ਰਚਾਰ ਦੌਰੇ ਕਰ ਰਹੇ ਸਨ। ਸਿੱਖ ਕੌਮ ਅੰਦਰੋਂ ਜੰਗਜੂ ਜਜ਼ਬਾ ਖ਼ਤਮ ਕਰਨ ਲਈ ਅਜਿਹੇ ਮੰਤਰ ਜਾਪਾਂ ਤੇ ਭੌਰਿਆਂ ਵਿੱਚ ਅੱਖਾਂ ਬੰਦ ਕਰ ਕੇ, ਭਗਤੀ ਕਰਨ ਦੀਆਂ ਕਹਾਣੀਆਂ ਸਿੱਖਾਂ ਦੇ ਅੰਦਰ ਠੋਸੀਆਂ ਜਾ ਰਹੀਆਂ ਹਨ ਤਾਂ ਕਿ ਸਿੱਖ ਕੇਵਲ ਅੰਦਰ ਵੜ ਕੇ ਮਾਲਾ ਫੇਰਨ ਜੋਗੇ ਰਹਿ ਜਾਣ, ਵਾਹਿਗੁਰੂ ਮੰਤਰ ਜਪਦੇ ਰਹਿਣ ਤੇ ਗ਼ੁਲਾਮ ਬਣੇ ਰਹਿਣ।
ਇਸੇ ਤਰ•ਾਂ ਦੀ ਇੱਕ ਘਟਨਾ ਗੁਰੂ ਅਮਰਦਾਸ ਜੀ ਨਾਲ ਨੱਥੀ ਕੀਤੀ ਹੋਈ ਮਿਲਦੀ ਹੈ। ਅਖੇ, ਜਦੋਂ ਗੁਰੂ ਅੰਗਦ ਸਾਹਿਬ ਦੇ ਬੇਟੇ ਦਾਤੂ ਨੇ ਛਾਤੀ ਵਿੱਚ ਲੱਤ ਮਾਰੀ ਤਾਂ ਮਾਯੂਸ ਹੋ ਕੇ ਗੁਰੂ ਜੀ ਬਾਸਰਕੇ ਪਿੰਡ ਵਿੱਚ ਚਲੇ ਗਏ। ਇੱਕ ਕੋਠੇ ਵਿੱਚ ਲੁਕ ਕੇ ਦਰਵਾਜੇ ਬੰਦ ਕਰ ਕੇ ਬੈਠ ਗਏ। ਕਈ ਦਿਨਾਂ ਤੋਂ ਮਗਰੋਂ ਬਾਬਾ ਬੁੱਢਾ ਜੀ ਨੇ ਗੁਰੂ ਲੱਭ ਕੇ ਸੰਗਤਾਂ ਨੂੰ ਦਿੱਤਾ। ਹਾਲਾਤ ਨਾਲ ਮੁਕਾਬਲਾ ਕਰਨ ਦੀ ਥਾਵੇਂ ਸਤਿਗੁਰੂ ਜੀ ਲੁਕਦੇ ਫਿਰਦੇ ਰਹੇ? ”ਗੁਰੂ ਲਾਧੋ ਰੇ” ਵਾਲੀ ਕਹਾਣੀ ਵਿੱਚ ਭੀ ਅੱਠਵੇਂ ਗੁਰੂ ਜੀ ਨਾਸਮਝ ਬਣਾ ਦਿੱਤੇ ਗਏ। ਸਾਰੇ ਸੰਗੀ ਸਿੱਖ ਅਕਲ ਤੋਂ ਸੱਖਣੇ ਬਣਾ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਭੀ ਗੁਰਬਾਣੀ ਦੇ ਉਪਦੇਸ਼ਾਂ ਤੋਂ ਉਲਟ ਜਾ ਕੇ ਭੌਰੇ ਵਿੱਚ ਵੜ ਕੇ ਛੱਬੀ ਸਾਲ ਤਪੱਸਿਆ ਕਰਦੇ ਰਹੇ। ਅਕਲ ਦਾ ਕੋਟ ਸਭ ਤੋਂ ਸਿਆਣਾ ਜੇ ਕੋਈ ਨਿਕਲਿਆ ਤਾਂ ਉਹ ਸੀ ਭਾਈ ਮੱਖਣ ਸ਼ਾਹ ਲੁਬਾਣਾ ਜੀ। ਜਿਸ ਨੇ ਕਿਰਪਾ ਕਰ ਕੇ ਸੁੱਖਣਾ ਸੁੱਖ ਕੇ, ਮੋਹਰਾਂ ਦੁਆਰਾ ਪਰਖ ਕਰ ਕੇ ”ਗੁਰੂ ਲੱਭ” ਲਿਆ। ਵਰਨਾ ਪੂਰੇ ਸਿੱਖ ਸਮਾਜ ਨੇ ਗੁਰੂ ਤੋਂ ਵਾਂਝੇ ਰਹਿ ਜਾਣਾ ਸੀ। ਬਕਾਲੇ ਵਿੱਚ ਬੈਠੇ ਬਾਈ ਪਾਖੰਡੀ ਗੁਰੂਆਂ ਨੇ ਆਪਣੀ ਦੁਕਾਨ ਚਲਾਈ ਰੱਖਣੀ ਸੀ। ਅਕਾਲ ਪੁਰਖ ਰਹਿਮਤ ਕਰਨ, ਸਿੱਖ ਲੇਖਕਾਂ-ਪ੍ਰਚਾਰਕਾਂ ਨੂੰ ਸੁਮੱਤ ਦੇਣ ਤਾਂ ਕਿ ਉਹ ਆਪਣੇ ਕੋਮਲ ਚਿਤ ਭੈਣ-ਭਰਾਵਾਂ ਨੂੰ ਗੁਰਮਤਿ ਤੋਂ ਉਲਟ ਕਹਾਣੀਆਂ ਨਾ ਪਰੋਸਦੇ ਰਹਿਣ। ਪੂਰੀ ਪਰਖ ਪੜਚੋਲ ਤੋਂ ਬਾਅਦ ਹੀ ਵਿਚਾਰ ਸੰਗਤਾਂ ਅੱਗੇ ਰੱਖਣ ਤਾਂ ਕਿ ਸਿੱਖ ਸਮਾਜ ਗਿਆਨਵਾਨ ਹੋ ਕੇ ਗੁਰਮਤਿ ਅਨੁਸਾਰੀ ਜੀਵਨ ਜਿਉਂ ਸਕੇ। ਆਪਣੇ ਪਰਉਪਕਾਰੀ ਗੁਰੂਆਂ ਦਾ ਯੋਗ ਸਤਿਕਾਰ ਬਹਾਲ ਕੀਤਾ ਜਾ ਸਕੇ।
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ£ ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ£
ਤਿਸਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ£  ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ£
ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ£ ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ£
ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ£ ਗੁਰਪ੍ਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ£   (519)