Tuesday, 19 June 2012

ਕੁਦਰਤ, ਵਿਗਿਆਨ ਅਤੇ ਗੁਰਮਤਿ

ਕੁਦਰਤ, ਵਿਗਿਆਨ ਅਤੇ ਗੁਰਮਤਿ
ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ 695)
ਮਨੁੱਖ ਦਾ ਸ਼ਰੀਰ ਬ੍ਰਹਿਮੰਡ ਦਾ ਹੀ ਰੂਪ ਹੈ। ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ ਇਸੇ ਤਰਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ ਫਿਰਦੀ ਹੈ। ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾਰ ਪੌਜੇਟਿਵ ਚਾਰਜ ਵਾਲੇ ਪਰੋਟੌਨ ਅਤੇ ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ , ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ ਦਾਇਰੇ ਵਿੱਚ ਘੁੰਮਦੇ ਰਹਿੰਦੇ ਹਨ। ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ ਹਨ ਨਾਂ ਬਾਹਰ ਜੋ ਕਿਸੇ ਤੱਤ ਦੀ ਬਣਤਰ ਦਾ ਆਧਾਰ ਬਣਦੇ ਹਨ। ਇਕ ਖਾਸ ਤਰਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫ਼ਰਕ ਤੇ ਰੱਖਦੀ ਹੈ ਬਿਲਕੁਲ ਉਸੇ ਤਰਾਂ ਜਿਵੇਂ ਬ੍ਰਹਿਮੰਡ ਵਿੱਚ ਸੂਰਜ, ਧਰਤੀ, ਚੰਦ ਅਤੇ ਤਾਰੇ ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ ਨੂੰ ਇਕ ਆਕਾਰ ਬਕਸ਼ਦੇ ਹਨ। ਸੋ ਬ੍ਰਹਿਮੰਡ ਵਿੱਚ ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿੱਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ ਸ਼ਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋਕੇ ਕਹੇ ਅਨੁਭਵੀ ਸ਼ਬਦ ਦੀ ਇੰਨ ਬਿੰਨ ਪ੍ਰੋੜਤਾ ਕਰਦੀ ਹੈ। ਇਸ ਤਰਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ ਸੁਝਾਇਆ ਰੱਬ ਕੋਈ ਅਸਮਾਨ ਵਿੱਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ ਸਵਰਗ-ਨਰਕ ਦੇ ਵਿਭਾਗਾਂ ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ ਬ੍ਰਹਿਮੰਡ ਵਿੱਚ ਅਦਿੱਖ ਸ਼ਕਤੀ ਦੇ ਰੂਪ ਵਿੱਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ ਸੈ-ਭੰਗ (ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪਰਗਟ ਹੋ ਆਪਣੀ ਕਿਰਤ ਵਿੱਚ ਹੀ ਪੂਰਿਆ ਹੋਇਆ ਹੈ।
ਵਿਗਿਆਨੀ ਆਖਦੇ ਹਨ ਕਿ ਧਰਤੀ ਤੇ ਸਭ ਤੋਂ ਪਹਿਲਾਂ ਹਵਾ ਫਿਰ ਪਾਣੀ ਅਤੇ ਹੌਲੀ ਹੌਲੀ ਜੀਵਾਂ ਦਾ ਵਿਕਾਸ ਹੋਇਆ। ਬਾਬਾ ਨਾਨਕ ਵੀ ਕੁਦਰਤ ਨਾਲ ਇਕ-ਮਿਕ ਹੋਇਆ , ਇਸੇ ਕੁਦਰਤ ਦੇ ਨਿਯਮ ਨੂੰ ਬਿਆਨਦਾ ਸਾਨੂੰ ਵੀ ਕੁਦਰਤ ਨਾਲ ਇਕ-ਮਿਕ ਕਰਨ ਲਈ ਇੰਝ ਹੀ ਆਖਦਾ ਹੈ।
ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ, ਜਲ ਤੇ ਤ੍ਰਿਭਵਣੁ ਸਾਜਿਆ ਘਟ ਘਟ ਜੋਤਿ ਸਮੋਇ। । (ਪੰਨਾ 19)
ਅਗਰ ਧਰਤੀ ਤੇ ਫੈਲੇ ਹੋਏ ਜੀਵਨ ਦੇ ਵਿਕਾਸ ਨੂੰ ਸਮਝੀਏ ਤਾਂ ਪਤਾ ਚਲਦਾ ਹੈ ਕਿ ਧਰਤੀ ਤੇ ਫੈਲੇ ਸਾਰੇ ਮਨੁੱਖ, ਜਾਨਵਰ ਅਤੇ ਬਨੱਸਪਤੀ ਸਭ ਇੱਕ ਹੀ ਜੀਵ ਹੈ ਜੋ ਕੇਵਲ ਇੱਕ (੧)ਅਕਾਲਪੁਰਖ ਦਾ ਹੀ ਫੈਲਾਵ ਹੈ। ਮਨੁੱਖ ਇਸ ਸਮੁੱਚੇ ਜੀਵ ਰੂਪੀ ਦਰਖ਼ਤ ਦਾ ਸਿਰਮੌਰ ਫ਼ਲ ਹੈ। ਵਿਗਿਆਨੀ ਦਸਦੇ ਹਨ ਕਿ ਮਨੁੱਖ ਤੱਕ ਪੁੱਜੇ ਇਸ ਜੀਵ ਦਾ ਪਹਿਲਾ ਪੜਾਅ ਬਾਂਦਰ ਦੀ ਇਕ ਖਾਸ ਨਸਲ ਸੀ ਜੋ ਕਿ ਐਵੋਲੂਸ਼ਨ ਰਾਹੀਂ ਮਨੁੱਖ ਤੱਕ ਪੁੱਜਾ ਹੈ। ਜਿਸ ਵੇਲੇ ਹਾਲੇ ਮਨੁੱਖ ਨਹੀਂ ਸੀ ਬਣਿਆਂ ਤਾਂ ਉਸ ਵੇਲੇ ਇਸ ਜੀਵਨ ਦਾ ਸਿਰਮੌਰ ਜੀਵ ਬਾਂਦਰ ਸੀ। ਅਸੀਂ ਇਸ ਵਰਤਾਰੇ ਨੂੰ ਇਸ ਤਰਾਂ ਵੀ ਆਖ ਸਕਦੇ ਹਾਂ ਕਿ ਉਸ ਵੇਲੇ ਬਾਂਦਰ ਤੋਂ ਵੱਧ ਵਿਕਸਿਤ ਕੋਈ ਪ੍ਰਾਣੀ ਨਹੀਂ ਸੀ ਸੋ ਬਾਂਦਰ ਰੂਪੀ ਇਸ ਸਟੇਜ ਤੇ ਹੀ ਅਕਾਲਪੁਰਖ ਦੀ ਸਮਝ ਦਾ ਖਿਆਲ ਵਿਚਾਰਿਆ ਜਾ ਸਕਦਾ ਸੀ। ਵੈਸੇ ਤਾਂ ਹਰ ਜੀਵ ਹੀ ਆਪਣੀ ਜੀਵਨ ਯਾਤਰਾ ਤੋਂ ਬਾਅਦ ਇੱਕ ਹੀ ਸਰਬ ਸਾਂਝੀ ਪਰਮ ਸ਼ਕਤੀ ਵਿੱਚ ਸਮਾਅ ਜਾਂਦਾ ਹੈ। ਇਸੇ ਤਰਾਂ ਅਗਰ ਪਿੱਛੇ ਨੂੰ ਜਾਂਦੇ ਜਾਈਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਹਰ ਜੀਵਨ ਦੀ ਹਰ ਸਟੇਜ ਤੇ ਆਖਰੀ ਜੀਵ ਅਕਾਲਪੁਰਖ ਦੇ ਨਜਦੀਕ ਹੁੰਦਾ ਹੋਵੇਗਾ। ਹੁਣ ਇਹੀ ਗਲ ਇਨਸਾਨ ਲਈ ਆਖੀ ਜਾਂਦੀ ਹੈ। ਹੋ ਸਕਦਾ ਹੈ ਲੱਖਾਂ ਕਰੋੜਾਂ ਸਾਲਾਂ ਬਾਅਦ ਅਜੋਕਾ ਮਨੁੱਖ ਕਿਸੇ ਸੁਪਰ ਜੀਵ ਵਿੱਚ ਤਬਦੀਲ ਹੋ ਜਾਵੇ ਅਤੇ ਉਹ ਸੁਪਰ ਜੀਵ ਅਕਾਲ ਪੁਰਖ ਦੇ ਨਜਦੀਕ ਆਖਰੀ ਪੜਾਅ ਬਣ ਜਾਵੇ। ਸੋ ਜੀਵਨ ਦੇ ਅਜਿਹੇ ਵਰਤਾਰੇ ਨੂੰ ਸਮਝ ਕੁਦਰਤ ਰੂਪੀ ਰੱਬ ਜੀ ਦੀ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ।
ਇਹ ਅੰਤੁ ਨਾ ਜਾਣੇ ਕੋਇ ਬਹੁਤਾ ਕਹੀਐ ਬਹੁਤਾ ਹੋਇ (ਪੰਨਾ 5 )
ਅੰਤੁ ਨ ਜਾਪੈ ਕੀਤਾ ਅਕਾਰੁ ਅੰਤੁ ਨ ਜਾਪੈ ਪਾਰਾਵਾਰੁ (ਪੰਨਾ 5 )
ਅਜੋਕੇ ਵਿਗਿਆਨੀ ਵੀ ਇਸ ਬ੍ਰਹਿਮੰਡ ਨੂੰ ਆਨੰਤ ਤੱਕ ਪਸਰਿਆ ਮੰਨਦੇ ਹਨ ਜਦ ਕਿ ਬਾਬੇ ਨਾਨਕ ਨੇ ਵੀ ਇਸ ਕੁਦਰਤ ਦੇ ਪਸਾਰੇ ਨੂੰ ਬੇਅੰਤ ਹੀ ਕਿਹਾ ਹੈ। ਹਾਲਾਂਕਿ ਬਾਕੀ ਮੱਤਾਂ ਨੇ ਕਿਸੇ ਨੇ ਧਰਤੀ ਨੂੰ ਚਪਟੀ ਕਿਸੇ ਨੇ ਜਾਨਵਰ ਉਪਰ ਟਿਕੀ ਆਖ ਆਪੋ ਆਪਣੇ ਅਜੀਬੋ ਗਰੀਬ ਗਿਆਨ ਦਾ ਪ੍ਰਗਟਾਵਾ ਕੀਤਾ। ਮਜ਼ਹਬੀ ਕੱਟੜਤਾ ਅਧੀਨ ਰੱਬ ਜੀ ਦੇ ਨਿਯਮਾਂ ਅਨੁਸਾਰ ਇਸ ਧਰਤੀ ਨੂੰ ਗੋਲ ਅਤੇ ਸੂਰਜ ਦੁਆਲੇ ਘੁੰਮਦੀ ਦੱਸਣ ਤੇ ਗਲੀਲੀਓ ਵਰਗੇ ਬ੍ਰਹਿਮੰਡ ਦੇ ਭਗਤਾਂ ਨੂੰ ਮੌਤ ਦੀ ਸਜਾ ਦਿੱਤੀ ਗਈ। ਗੁਰਮਤਿ ਨੇ ਵੀ ਇਸ ਧਰਤੀ ਨੂੰ ਕੁਦਰਤ ਦੇ ਨਿਯਮਾਂ ਅਧੀਨ ਚਲਦੀ ਹੋਣ ਦੀ ਗਲ ਕੀਤੀ ਇਥੋਂ ਤੱਕ ਕਿ ਪੂਰੇ ਬ੍ਰਹਿਮੰਡ ਨੂੰ ਹੀ ਭੈ ਵਿੱਚ (ਨਿਯਮ ਵਿੱਚ)ਵਿਚਰ ਰਿਹਾ ਦੱਸਿਆ। ਗੁਰਮਤਿ ਦਾ ਵਿਸ਼ਾ ਵਿਗਿਆਨ ਦੀ ਪ੍ਰਮਾਣਕਤਾ ਸਿਧ ਕਰਨਾ ਨਹੀਂ ਪਰ ਧਿਆਨ ਨਾਲ ਵਿਚਾਰਨ ਤੇ ਪਤਾ ਚਲਦਾ ਹੈ ਕਿ ਵਿਗਿਆਨ ਕੁਦਰਤ ਦੀ ਸਚਾਈ ਦੀ ਖੋਜ ਹੈ। ਕੁਦਰਤ ਦਾ ਨਿਯਮ ਅਤੇ ਪ੍ਰਮਾਤਮਾ ਦਾ ਹੁਕਮ ਇੱਕ ਹੀ ਗਲ ਹੈ। ਸੋ ਗੁਰਮਤਿ ਕਦੇ ਵੀ ਕੁਦਰਤ ਦੇ ਨਿਯਮਾਂ ਅਰਥਾਤ ਵਿਗਿਆਨ ਦੇ ਵਿਰੁੱਧ ਨਹੀਂ ਜਾਂਦੀ ਪਰ ਕਈ ਵਾਰ ਸਾਨੂੰ ਅਜਿਹਾ ਜਾਪਣ ਲਗਦਾ ਹੈ। ਵਿਗਿਆਨੀਆਂ ਦੁਆਰਾ ਇਸ ਬ੍ਰਹਿਮੰਡੀ ਸ਼ਕਤੀ ਦੇ ਗੁਣਾਂ ਦੀ ਖੋਜ ਕਰਕੇ ਮਨੁੱਖਤਾ ਦੇ ਭਲੇ ਲਈ ਵਰਤਣਾ ਹੀ ਅਸਲੀ ਭਗਤੀ ਹੈ। ਸੋ ਵੱਡੇ ਵੱਡੇ ਵਿਗਿਆਨੀ ਜਿਨਾਂ ਆਪਣੀਆਂ ਜਿੰਦਗੀਆਂ ਦਾਅ ਤੇ ਲਾਕੇ ਸੱਚ ਦੀ ਖੋਜ ਕੀਤੀ ਇਸ ਕੁਦਰਤ ਵਿੱਚ ਸਮਾਏ ਰੱਬ ਦੇ ਅਸਲ ਭਗਤ ਸਨ। ਇਹੀ ਸਿੱਖੀ ਦਾ ਨਿਆਰਾਪਣ ਹੈ ਜੋ ਮਨੁੱਖ ਨੂੰ ਕੁਦਰਤ ਦੇ ਅੰਗ ਸੰਗ ਰੱਖਦਾ ਹੋਇਆ ਕਰਤੇ ਵਿੱਚ ਅਭੇਦ ਹੋਣ ਦੀਆਂ ਰਮਜਾਂ ਸਰਲ ਕਰਕੇ ਦੱਸਦਾ ਹੈ।
ਉਸ ਪਰਮ ਸ਼ਕਤੀ ਦੇ ਗੁਣਾਂ ਦਾ ਅਧਿਅਨ ਕਰਨਾਂ ਇਕ ਭਗਤੀ ਹੈ। ਬ੍ਰਹਿਮੰਡ ਵਿੱਚ ਇਕ ਮਿਕ ਹੋਏ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਸਮਝ ਜਦੋਂ ਕੋਈ ਵਿਗਿਆਨੀ ਕੁਦਰਤ ਦੇ ਜੀਵਾਂ ਦੇ ਸੁਧਾਰ/ਸਹੂਲਤ ਲਈ ਕੋਈ ਨਵੀਂ ਖੋਜ ਕਰਦਾ ਹੈ ਤਾਂ ਇਸ ਵਿੱਚ ਲੱਗਿਆ ਸਮਾਂ ਉਸਦੀ ਭਗਤੀ ਹੀ ਹੁੰਦਾ ਹੈ। ਐਡੀਸਨ ਦੀ ਬਿਜਲੀ ਦੇ ਬੱਲਬ ਦੀ ਕਾਢ ਕਾਰਣ ਅੱਜ ਸਾਰਾ ਸੰਸਾਰ ਘਰ ਘਰ ਪ੍ਰਕਾਸ਼ ਕਰੀਂ ਬੈਠਾ ਹੈ। ਪਹੀਏ ਦੀ ਕਾਢ ਤੋਂ ਲੈਕੇ ਇੰਟਰਨੈੱਟ ਤੱਕ ਸਮੁੱਚੀ ਖੋਜ ਉਸ ਪਰਮ ਸ਼ਕਤੀ ਦੇ ਕੁਝ ਹਿਸਿਆਂ ਦੇ ਗਿਆਨ ਵਲ ਕਦਮ ਹੀ ਹਨ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਮਜ਼ਹਬੀ ਲੋਕ, ਲੋਕਾਈ ਨੂੰ ਧਰਮ ਦੇ ਨਾਮ ਤੇ ਡਰਾਕੇ ਜਾਂ ਲਾਲਚ ਦੇਕੇ ਆਪੋ ਆਪਣੇ ਮਜ਼ਹਬ ਵੱਲ ਖਿਚ ਰਹੇ ਸਨ। ਕੋਈ ਮਜ਼ਹਬ ਸਵਰਗ ਦੇ ਬਹੁਤ ਲੁਭਾਵਣੇ ਦ੍ਰਿਸ਼ ਦਿਖਾ ਰਿਹਾ ਸੀ ਕੋਈ ਨਰਕ ਦੇ ਬਹੁਤ ਹੀ ਭਿਆਨਕ ਡਰਾਬੇ ਦੇ ਰਿਹਾ ਸੀ। ਪਰ ਦੁਨੀਆਂ ਧਰਮ ਤੋਂ ਬਹੁਤ ਦੂਰ ਜਾ ਰਹੀ ਸੀ। ਡਰ ਜਾਂ ਲਾਲਚ ਕਾਰਣ ਰੱਬ ਦਾ ਭੈ ਮੰਨਣਾ ਧਾਰਮਿਕ ਹੋਣਾ ਨਹੀਂ ਹੁੰਦਾ ਬਲਕਿ ਇਨਸਾਨ ਧਾਰਮਿਕ ਉਦੋਂ ਅਖਵਾਉਂਦਾ ਹੈ ਜਦ ਉਹ ਹਰ ਡਰ ਲਾਲਚ ਤੋਂ ਉਪਰ ਉੱਠ ਰੱਬ ਨਾਲ ਸੱਚਾ ਪਿਆਰ ਕਰਨ ਲਗ ਜਾਂਦਾ ਹੈ ਅਤੇ ਇਸੇ ਪਿਆਰ ਵਿੱਚ ਜਿਉਂਦਾ ਹੋਇਆ ਹਰ ਪਾਸੇ ਹੀ ਪਿਆਰੇ ਰੱਬ ਨੂੰ ਮਹਿਸੂਸ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਅੰਦਰ ਧਰਮ ਪੈਦਾ ਕਰਨ ਲਈ ਹਰ ਤਰਾਂ ਦੇ ਡਰ ਅਤੇ ਲਾਲਚ ਰੱਦ ਕਰ ਦਿੱਤੇ ਸਨ। ਆਪਣੇ ਨਿਵੇਕਲੇ ਅਤੇ ਨਿਆਰੇ ਅੰਦਾਜ ਨਾਲ ਉਹਨਾਂ ਭੂਤ ਪਰੇਤ, ਆਵਾਗਵਨ, ਸਵਰਗ, ਨਰਕ, ਵਰ, ਸਰਾਪਾਂ, ਕਰਿਸ਼ਮੇ, ਰੂਹਾਂ ਆਦਿ ਦੇ ਪੁਰਾਣੇ ਅਤੇ ਗੈਰ ਵਿਗਿਆਨਕ ਸੰਕਲਪਾਂ ਨੂੰ ਰੱਦ ਕਰਦਿਆਂ ਅਜਿਹੀਆਂ ਪਰਚਲਤ ਹੋ ਚੁੱਕੀਆਂ ਧਾਰਨਾਵਾਂ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਜਿਸ ਨਾਲ ਕਰੋੜਾਂ ਲੋਕਾਂ ਨੂੰ ਬਾਬੇ ਨਾਨਕ ਦੀ ਗੱਲ ਅਸਾਨੀ ਨਾਲ ਸਮਝ ਆਉਣ ਲੱਗੀ। ਭਾਵੇਂ ਕੁਝ ਪ੍ਰਤੀਸ਼ਤ ਲੋਕ ਡਰ ਜਾਂ ਲਾਲਚ ਨਾਲ ਇਨਸਾਨੀਅਤ ਦੇ ਰਸਤੇ ਤੇ ਚੱਲ ਪੈਂਦੇ ਹਨ ਪਰ ਜਿਆਦਾਤਰ ਨਹੀਂ। ਭਾਰਤ ਵਰਗੇ ਦੇਸ਼ਾਂ ਵਿੱਚ ਵੀ ਤੇਤੀ ਕਰੋੜ ਦੇਵੀ ਦੇਵਤੇ, ਅਨੇਕਾਂ ਸੰਤ ਬਾਬਿਆਂ, ਪੀਰਾਂ , ਫਕੀਰਾਂ, ਮਜ਼ਹਬਾਂ ਅਤੇ ਅਣਗਿਣਤ ਡੇਰਿਆਂ ਦੇ ਹੁੰਦਿਆਂ ਦੁਨੀਆਂ ਪਰੈਕਟੀਕਲੀ ਸੱਚ ਧਰਮ ਤੋਂ ਦੂਰ ਹੀ ਰਹੀ। ਸੋ ਬਾਬੇ ਨਾਨਕ ਨੇ ਸੰਸਾਰ ਵਿੱਚ ਰੱਬ ਦੇ ਨਾਂ ਤੇ ਫੈਲਾਏ ਹਊਏ ਨੂੰ ਦੂਰ ਕਰਕੇ ਰੱਬ ਨਾਲ ਸੱਚੇ ਦਿਲੋਂ ਪਿਆਰ ਕਰਨ ਦਾ ਨਿਰਾਲਾ ਫ਼ਲਸਫਾ ਪੇਸ਼ ਕੀਤਾ। ਉਹਨਾਂ ਸਭ ਤੋਂ ਪਹਿਲਾਂ ਇਹ ਕੀਤਾ ਕਿ ਰੱਬ ਨੂੰ ਆਸਮਾਨਾਂ ਤੋਂ ਉਤਾਰ ਕੇ ਮਨੁੱਖਾਂ ਦੇ ਦਿਲਾਂ ਵਿੱਚ ਵਸਾਅ ਦਿੱਤਾ।
ਭਾਵੇਂ ਧਰਮ ਅਤੇ ਵਿਗਿਆਨ ਦੋ ਵੱਖਰੇ ਵੱਖਰੇ ਵਿਸ਼ੇ ਹਨ। ਵਿਗਿਆਨ ਪਦਾਰਥ ਦੀ ਖੋਜ ਅਤੇ ਧਰਮ ਇਸਦੀ ਸਾਰਥਿਕ ਵਰਤੋਂ ਕਰਨੀ ਦੱਸਦਾ ਹੈ। ਧਰਮ ਅਤੇ ਵਿਗਿਆਨ ਇੱਕ ਦੂਜੇ ਦੇ ਰਸਤੇ ਨਹੀਂ ਕੱਟਦੇ ਸਗੋਂ ਮਦਦ ਹੀ ਕਰਦੇ ਹਨ। ਪਰ ਧਰਮ ਦੇ ਅਖਾਉਤੀ ਠੇਕੇਦਾਰਾਂ ਨੇ ਧਰਮ ਨੂੰ ਕੇਵਲ ਵਿਸ਼ਵਾਸ ਤੇ ਅਧਾਰਿਤ ਦੱਸਕੇ ਵਿਗਿਆਨ ਨੂੰ ਸਦਾ ਧਰਮ ਦੇ ਦੁਸ਼ਮਣ ਵਜੋਂ ਪੇਸ਼ ਕੀਤਾ ਹੈ। ਅਸਲ ਵਿੱਚ ਧਰਮ ਦੇ ਠੇਕੇਦਾਰ ਅੰਧ ਵਿਸ਼ਵਾਸਾਂ ਨੂੰ ਹੀ ਵਿਸ਼ਵਾਸ ਸਾਬਤ ਕਰਕੇ ਧਰਮ ਦਾ ਅਧਾਰ ਸਾਬਤ ਕਰਨਾ ਚਾਹੁੰਦੇ ਹਨ ਤਾਂ ਕਿ ਅੰਨ੍ਹੇ ਸ਼ਰਧਾਲੂ ਧਰਮ ਦੀ ਆੜ ਵਿੱਚ ਫ਼ਸੇ ਅਗਿਆਨਤਾ ਵਸ ਦਿਮਾਗ ਨੂੰ ਜਿੰਦਰੇ ਲਾਕੇ ਸਦਾ ਲਈ ਹੀ ਲੁੱਟ ਹੁੰਦੇ ਰਹਿਣ। ਅਸਲ ਵਿੱਚ ਧਰਮ ਦਾ ਅਧਾਰ ਵਿਸ਼ਵਾਸ ਨਹੀਂ ਸਗੋਂ ਸੱਚ ਹੈ। ਸੱਚ ਦੀ ਕਸਵੱਟੀ ਹੀ ਵਿਵੇਕਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਿਵੇਕ ਬੁੱਧੀ ਦੀ ਹੀ ਗਲ ਕੀਤੀ ਜਾਂਦੀ ਹੈ।
ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੋ ਬੁਧ ਵਿਵੈਕਾ (ਪੰਨਾ 641)
ਅੰਧ ਵਿਸ਼ਵਾਸ ਨੂੰ ਹਮੇਸ਼ਾਂ ਸੱਚ ਤੋਂ ਖਤਰਾ ਰਹਿੰਦਾ ਹੈ। ਜਿਓਂ ਜਿਓਂ ਸੱਚ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ ਅੰਧ ਵਿਸ਼ਵਾਸ ਦਾ ਮੱਕੜ ਜਾਲ ਟੁੱਟਦਾ ਜਾਂਦਾ ਹੈ। ਵਿਗਿਆਨ ਨਾਲ ਖਤਰਾ ਧਰਮ ਜਾਂ ਸੱਚ ਨੂੰ ਨਹੀਂ ਹੁੰਦਾ ਸਗੋਂ ਅੰਧ ਵਿਸ਼ਵਾਸਾਂ ਅਤੇ ਗੈਰ ਕੁਦਰਤੀ ਵਰਤਾਰਿਆਂ ਦੇ ਪਰਚਾਰ ਨੂੰ ਹੁੰਦਾ ਹੈ। ਜਿਉਂ ਜਿਉਂ ਦੁਨੀਆਂ ਸੱਚ ਨੂੰ ਖੋਜਦੀ ਜਾਂਦੀ ਹੈ , ਸੱਚੇ ਦੇ ਨਜਦੀਕ ਹੁੰਦੀ ਜਾਂਦੀ ਹੈ।
ਵਿਗਿਆਨੀਆਂ ਅਨੁਸਾਰ ਇਸ ਬ੍ਰਹਿਮੰਡ ਦੇ ਜਿਨੇ ਪਦਾਰਥ ਅਤੇ ਸ਼ਕਤੀ ਦੀ ਹੁਣ ਤੱਕ ਖੋਜ ਹੋਈ ਹੈ ਉਹ ਤਾਂ ਕੇਵਲ 5% ਹੀ ਹੈ। ਬਹੁਤ ਸਾਰਾ ਪਦਾਰਥ ਅਤੇ ਸ਼ਕਤੀ ਅਣਖੋਜਿਆ ਪਿਆ ਹੈ ਜਿਸ ਨੂੰ ਬਲੈਕ (ਡਾਰਕ) ਮੈਟਰ ਅਤੇ ਬਲੈਕ ਐਨਰਜੀ ਆਖਿਆ ਜਾਂਦਾ ਹੈ। ਇਹ ਬ੍ਰਹਿਮੰਡ ਜੋ ਚਾਰ ਚੁਫੇਰੇ ਲਗਾਤਾਰ ਫੈਲ ਰਿਹਾ ਹੈ ਨੂੰ ਫੈਲਾਅ ਰਹੀ ਐਨਰਜੀ ਦੀ ਖੋਜ ਜਾਰੀ ਹੈ। ਬਹੁਤ ਸਾਰੇ ਅਣਖੋਜੇ, ਅਣਦੇਖੇ, ਅਤੇ ਅਣਸਮਝੇ ਗਿਆਨ ਨੂੰ ਬਹੁਤ ਲੋਕ ਰੱਬ ਦੀਆਂ ਰੱਬ ਹੀ ਜਾਣੇ ਆਖ ਛੱਡ ਦਿੰਦੇ ਹਨ। ਪਰ ਬ੍ਰਹਿਮੰਡ ਦੇ ਅਸਲ ਭਗਤ ਲਗਾਤਾਰ ਪ੍ਰਕਿਰਤੀ ਦੇ ਇਹਨਾਂ ਅਣਕਿਆਸੇ ਨਿਯਮਾਂ ਨੂੰ ਸਮਝ ਕੇ ਮਨੁੱਖਤਾ ਦੇ ਭਲੇ ਲਈ ਵਰਤਣ ਲਈ ਯਤਨਸ਼ੀਲ ਰਹਿੰਦੇ ਹਨ। ਕਿਸੇ ਵੇਲੇ ਬੱਦਲ ਦੀ ਗਰਜ, ਬਿਜਲੀ ਦੀ ਚਮਕ, ਮੀਂਹ , ਹਨੇਰੀ, ਵਾ-ਵਰੋਲੇ, ਭੁਚਾਲ, ਜਵਾਲਾਮੁਖੀ, ਜਵਾਰ-ਭਾਟੇ , ਬਿਮਾਰੀਆਂ ਆਦਿ ਮਨੁੱਖ ਲਈ ਅਜੀਬੋ ਗਰੀਬ ਵਰਤਾਰਾ ਸੀ। ਉਹ ਇਹਨਾਂ ਕੁਦਰਤੀ ਘਟਨਾਵਾਂ ਨੂੰ ਸਮਝਣ ਦੀ ਜਗ੍ਹਾ ਇਹਨਾਂ ਦੀ ਪੂਜਾ ਕਰਕੇ ਹੀ ਰਾਹਤ ਮਹਿਸੂਸ ਕਰਦਾ ਸੀ। ਹੌਲੀ ਹੌਲੀ ਬਹੁਤ ਸਾਰੇ ਕੁਦਰਤ ਦੇ ਨਿਯਮ ਉਸਦੀ ਸਮਝ ਵਿੱਚ ਆਉਣ ਲੱਗੇ ਜਿਸ ਨਾਲ ਮਨੁੱਖ ਇਹਨਾਂ ਕੁਦਰਤੀ ਨਿਯਮਾ ਦੀ ਵਰਤੋਂ ਕਰ ਆਪਣਾ ਜੀਵਨ ਪੱਧਰ ਉੱਪਰ ਚੁੱਕਣ ਲੱਗਾ। ਬਹੁਤ ਸਾਰੇ ਅਦਿੱਖ ਵਰਤਾਰੇ ਹੁਣ ਉਸ ਲਈ ਕਿਸੇ ਡਰ ਵਜੋਂ ਪੂਜਾ ਦਾ ਕਾਰਣ ਨਹੀਂ ਰਹੇ। ਪਰ ਹਾਲੇ ਵੀ ਬਹੁਤ ਕੁਝ ਉਸਦੀ ਪਕੜ ਤੋਂ ਦੂਰ ਹੈ, ਜੋ ਕਿ ਹੌਲੀ ਹੌਲੀ ਉਸਦੀ ਲਗਨ ਤੇ ਮਿਹਨਤ ਨਾਲ ਸਾਫ਼ ਹੁੰਦਾ ਜਾ ਰਿਹਾ ਹੈ। ਪਰ ਜਿਨ੍ਹਾਂ ਲੋਕਾਂ ਦੀ ਰੋਜੀ ਹੀ ਲੋਕਾਈ ਦੇ ਅਗਿਆਨੀ ਰਹਿਣ ਨਾਲ ਚਲਦੀ ਹੈ, ਉਹ ਸਦਾ ਹੀ ਵਿਗਿਆਨ ਦੇ ਵਿਰੁੱਧ ਬੋਲਦੇ ਰਹਿੰਦੇ ਹਨ ਅਤੇ ਅੰਧਵਿਸ਼ਵਾਸਾਂ ਦਾ ਹੀ ਪਰਚਾਰ ਕਰਦੇ ਹਨ ਜਦ ਕਿ ਉਹ ਆਪਣੇ ਜੀਵਨ ਵਿੱਚ ਖੁਦ ਵਿਗਿਆਨ ਦੀ ਹਰ ਨਵੀਨ ਖੋਜ ਦੀ ਵਰਤੋਂ ਕਰਦੇ ਹਨ ਅਤੇ ਨਵੀਨ ਟੈਕਨੌਲੋਜੀ ਬਿਨਾਂ ਉਹਨਾਂ ਦਾ ਕਦੇ ਸਰਦਾ ਵੀ ਨਹੀਂ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਕੁਦਰਤ ਦਾ ਇਕ ਅੰਸ਼ ਕਹਿ ਕੁਦਰਤ ਨਾਲ ਹੀ ਇਕ ਮਿਕ ਹੋਕੇ ਜੀਣ ਦਾ ਵਲ ਦੱਸਿਆ। ਕੁਦਰਤ ਦੇ ਅਟੱਲ ਨਿਯਮਾਂ ਨੂੰ ਅਕਾਲ ਪੁਰਖ ਦਾ ਹੁਕਮ ਆਖ ਉਸਦੇ ਹੁਕਮ ਦੀ ਰਜਾ ਨੂੰ ਸਮਝਣ ਦਾ ਨਿਆਰਾ ਤਰੀਕਾ ਸਮਝਾਇਆ। ਸ਼ੁਰੂ ਸ਼ੁਰੂ ਵਿੱਚ ਮਨੁੱਖ ਨੇ ਬਾਬੇ ਨਾਨਕ ਦੀ ਸੱਚ ਦੀ ਬਾਣੀ ਨੂੰ ਵੀ ਅਜਿਹੇ ਅਰਥਾਂ ਨਾਲ ਹੀ ਪ੍ਰਚਾਰਨਾ ਸ਼ੁਰੂ ਕੀਤਾ ਜਿਸ ਅਨੁਸਾਰ ਗੈਰ ਕੁਦਰਤੀ ਸ਼ਕਤੀਆਂ ਦੇ ਭਰਮ ਦਾ ਡਰ ਜਿਉਂ ਦਾ ਤਿਉਂ ਬਣਿਆਂ ਰਹੇ। ਪਰ ਜਿਵੇਂ ਹੀ ਨਵੀਂ ਤਕਨੀਕ ਰਾਹੀਂ ਉਪਜ ਰਹੇ ਸੰਚਾਰ ਸਾਧਨਾ ਨਾਲ ਵਿਚਾਰ ਵਟਾਂਦਰਿਆਂ ਦਾ ਦੌਰ ਸ਼ੁਰੂ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੇਸ਼ ਕੀਤੇ ਸੰਪੂਰਨ ਮਨੁੱਖ ਦੇ ਮਾਡਲ ਅਨੁਸਾਰ ਗੁਰਬਾਣੀ ਦੇ ਅਰਥ ਸਾਹਮਣੇ ਆਉਣ ਲੱਗੇ। ਕੁਦਰਤ ਦੇ ਹੀ ਨਿਯਮਾਂ ਅਧੀਨ ਹੋਕੇ ਵਿਚਰਨ ਵਾਲੇ ਮਨੁੱਖ ਨੂੰ ਗੁਰੂ ਦੀ ਸਿਖਿਆ ਅਨੁਸਾਰ ਸਚਿਆਰਾ ਹੋਣ ਦੀ ਗਲ ਸਮਝ ਆਉਣ ਲੱਗੀ। ਹਰ ਤਰਾਂ ਦੇ ਕਰਮਕਾਂਡ ਕਰ ਰੱਬ ਨੂੰ ਰਿਝਾਣ ਦੀ ਪ੍ਰਵਿਰਤੀ ਫਿੱਕੀ ਪੈ ਗਈ। ਮਨੁੱਖ ਨੂੰ ਸਮਝ ਆਉਣ ਲੱਗਾ ਕਿ ਗੁਰਬਾਣੀ ਉਪਦੇਸ਼ਾਂ ਨੂੰ ਕਰਮਕਾਂਡ ਬਣਾਕੇ ਰਟਣ ਨਾਲੋਂ ਗੁਰਬਾਣੀ ਸਿੱਖਿਆ ਅਨੁਸਾਰ ਜਿਉਣਾ ਹੀ ਅਕਾਲ ਪੁਰਖ ਦੇ ਨਾਮ ਵਿੱਚ ਜਿਉਣਾ ਹੈ।
ਕੁਦਰਤ ਦੇ ਨਿਯਮ ਅਟੱਲ ਹਨ ਜੋ ਕਦੀ ਨਹੀਂ ਬਦਲਦੇ। ਤੇਜੀ ਨਾਲ ਚੱਲ ਰਹੇ ਵਿਗਿਆਨਕ ਸਮੇ ਵਿੱਚ ਨਵੀਂ ਤੋਂ ਨਵੀਂ ਖੋਜ ਅਨੁਸਾਰ ਕੁਦਰਤ ਦੇ ਇਹਨਾਂ ਨਿਯਮਾਂ ਦੀ ਵਿਆਖਿਆ ਵਿੱਚ ਉਸਾਰੂ ਤਬਦੀਲੀਆਂ ਹੋਣ ਦੀ ਸੰਭਾਵਨਾਂ ਰਹਿੰਦੀ ਹੈ ਜਿਸ ਨਾਲ ਇਹਨਾਂ ਨਿਯਮਾਂ ਦੀ ਹੋਰ ਜਿਆਦਾ ਸਚਾਈ ਸਾਹਮਣੇ ਆ ਸਕੇ। ਪਰ ਇਸ ਨੂੰ ਇਹ ਕਹਿਣਾ ਠੀਕ ਨਹੀਂ ਕਿ ਵਿਗਿਆਨ ਬਦਲਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਜੁੱਗੋ-ਜੁੱਗ ਅਟੱਲ ਹਨ ਪਰ ਇਹਨਾਂ ਉਪਦੇਸ਼ਾਂ ਦੀ ਵਿਆਖਿਆ ਵੀ ਕਰਨ ਵਾਲਿਆਂ ਅਨੁਸਾਰ ਬਦਲਦੀ ਰਹੀ ਹੈ। ਅਸਲ ਮੁੱਦਾ ਸੱਚ ਦੇ ਜਿਆਦਾ ਨਜਦੀਕ ਪੁੱਜਣਾ ਹੀ ਹੈ। ਅਗਰ ਵਿਗਿਆਨ ਉੱਪਰ ਧਰਮ ਦਾ ਕੁੰਡਾ ਹੈ ਅਰਥਾਤ ਧਾਰਮਿਕ ਪਰਵਿਰਤੀ ਵਾਲੇ ਮਨੁੱਖ ਵਿਗਿਆਨਕ ਕਾਢਾਂ ਕੱਢਦੇ ਹਨ ਤਾਂ ਇਸ ਨਾਲ ਸਮੁੱਚੀ ਮਨੁੱਖਤਾ ਦੀ ਭਲਾਈ ਹੁੰਦੀ ਹੈ ਪਰ ਅਗਰ ਵਿਗਿਆਨੀ ਸੱਚ ਧਰਮ ਤੋਂ ਦੂਰ ਹੁੰਦਾ ਹੈ ਤਾਂ ਇਹੀ ਵਿਗਿਆਨ ਵਿਨਾਸ਼ਕਾਰੀ ਵੀ ਹੋ ਸਕਦੀ ਹੈ। ਸੋ ਕਸੂਰ ਵਿਗਿਆਨ ਦਾ ਨਹੀਂ ਸਗੋਂ ਇਸ ਦੀ ਵਰਤੋਂ ਕਰਣ ਵਾਲੇ ਮਨੁੱਖ ਦੇ ਆਚਰਣ ਦਾ ਹੈ। ਸੋ ਗੁਰਮਤਿ ਹਰ ਇਨਸਾਨ ਵਿੱਚ ਚੰਗਾ ਆਚਰਣ ਬਣਾਕੇ, ਸਮੁੱਚੀ ਕਾਇਨਾਤ ਨਾਲ ਉਸਦਾ ਨਜ਼ਦੀਕੀ ਰਿਸ਼ਤਾ ਕਾਇਮ ਕਰਦਿਆਂ, ਕੁਦਰਤ ਦੇ ਨਿਯਮਾਂ ਅਧੀਨ , ਕੁਦਰਤ ਸੰਗ ਇਕ-ਮਿਕ ਹੋਕੇ ਜੀਣ ਦਾ ਵਿਸਮਾਦੀ ਰੰਗ ਭਰਦੀ ਹੈ। ।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Tuesday, 15 May 2012

ਸਿੱਖਾਂ ਵਿੱਚ ਘਟ ਰਿਹਾ ਪੜ੍ਹਾਈ ਦਾ ਰੁਝਾਨ ਚਿੰਤਾ ਦਾ ਵਿਸ਼ਾ


ਸਤਿੰਦਰਜੀਤ ਸਿੰਘ
ਗੱਲ ਕਰਦੇ ਹਾਂ ਸਿੱਖਿਆ ਦੇ ਖੇਤਰ ਦੀ, ਸਿੱਖਿਆ ਦਾ ਖੇਤਰ ਉਹ ਧੁਰਾ ਹੈ ਜਿਸ ਉੱਤੇ ਅੱਜ ਦੇ ਸਫਲ ਜੀਵਨ ਅਤੇ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ ਪਰ ਇਸੇ ਖੇਤਰ ਵਿੱਚ ਹੀ ਸਿੱਖ ਕੌਮ ‘ਪਾਸ’ ਹੋਣ ਵਾਲੀ ਹਾਲਤ ਤੋਂ ‘ਫੇਲ੍ਹ’ ਹੋਣ ਵੱਲ ਆ ਗਈ ਹੈ। ਸਰਕਾਰ ਨੇ ਕਾਨੂੰਨ ਬਣਾ ਧਰਿਆ ਕਿ ਅੱਠਵੀਂ ਤੱਕ ਕਿਸੇ ਵੀ ਬੱਚੇ ਨੂੰ ਫੇਲ੍ਹ ਨਹੀਂ ਕਰਨਾ ਅਤੇ ‘ਸਿੱਖਿਆ ਦਾ ਅਧਿਕਾਰ’ ਕਾਨੂੰਨ ਬਣਾ ਸਾਰੇ ਬੱਚਿਆਂ ਲਈ ਸਿੱਖਿਆ ਜ਼ਰੂਰੀ ਕਰ ਦਿੱਤੀ, ਸਿੱਖਿਆ ਤਾਂ ਜ਼ਰੂਰੀ ਹੋ ਗਈ ਪਰ ਸਹੂਲਤਾਂ ਜ਼ਰੂਰੀ ਕਿਵੇਂ ਹੋਣ...? ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ, ਹਜ਼ਾਰਾਂ ਨੌਜੁਆਨਾ ਡਿਗਰੀ ਚੁੱਕੀ ਫਿਰਦੇ ਹਨ ਪਰ ਨੌਕਰੀ ਨਹੀਂ। ਹੁਣ ਤਾਂ ਸਰਕਾਰ ਨੇ ਬੀ.ਐਡ. ਵਿੱਚ ਦਾਖਲੇ ਲਈ ਜ਼ਰੂਰੀ ਟੈਸਟ ਬੰਦ ਕਰ ਲੱਖਾਂ ਖਰਚ ਡਿਗਰੀ ਲੈ ਅਧਿਆਪਕ ਬਣਨ ਚੱਲਿਆਂ ਲਈ ‘ਅਧਿਆਪਕ ਯੋਗਤਾ ਟੈਸਟ’ ਨਾਮ ਦਾ ਐਸਾ ਟੋਇਆ ਰਾਹ ਵਿੱਚ ਪੁੱਟਿਆ ਹੈ ਜਿਸਨੂੰ ਪਾਰ ਕਰਨ ਵਿੱਚ ਵਧੇਰੇ ਤਾਂ ਅਸਫਲ ਹੀ ਰਹੇ। ਹੁਣ ਅਧਿਆਪਕ ਹੀ ਨਹੀਂ ਹੋਣਗੇ ਤਾਂ ਬੱਚੇ (ਵਿਦਿਆਰਥੀ) ਸਕੂਲ ਜਾ ਕੇ ਕੀ ਕਰਨਗੇ...? ਬੀ.ਐਡ. ਵਿੱਚ ਦਾਖਲੇ ਲਈ ਜ਼ਰੂਰੀ ਟੈਸਟ ਕਿਉਂ ਬੰਦ ਕੀਤਾ, ਸਮਝ ਨਹੀਂ ਆਉਂਦਾ। ਚੰਗਾ ਹੁੰਦਾ ਜੇ ਪਹਿਲਾਂ ਹੀ ਸੀਮਤ ਅਤੇ ਚੰਗੀ ਜਾਣਕਾਰੀ ਵਾਲੇ ਹੀ ਟੈਸਟ ਪਾਸ ਕਰ ਅਧਿਆਪਕ ਬਣਦੇ ਪਰ ਹੁਣ ‘ਅਧਿਆਪਕ ਯੋਗਤਾ ਟੈਸਟ’ ਪੈਸੇ ਦੇ ਪਾਸ ਕਰਨ ਵਾਲਾ ਰੁਝਾਨ ਬਣ ਗਿਆ ਹੈ,ਜੋ ਕਿ ਪਿਛਲੇ ਦਿਨੀਂ ਕਾਫੀ ਚਰਚਾ ਦਾ ਕਾਰਨ ਬਣਿਆ ਰਿਹਾ ਹੈ।
ਸਿੱਖ ਕੌਮ ਦਾ ਮੁੱਖ ਕਿੱਤਾ ਖੇਤੀ-ਬਾੜੀ ਹੈ ਅਤੇ ਬੱਸ ਇਸੇ ਦੁਆਲੇ ਸਾਡੇ ਬੱਚੇ ਘੁੰਮੀ ਗਏ ਅਤੇ ਅੱਜ ਹਾਲਾਤ ਇਹ ਹੈ ਕਿ ਪੜ੍ਹਾਈ ਵਿੱਚ ਸਾਡੇ ਬੱਚੇ ਬੁਰੀ ਤਰ੍ਹਾਂ ਅਸਫਲ ਹਨ। ਜਿੱਥੇ ਦੱਖਣ ਵਾਲੇ ਘਰ-ਘਰ ਇੰਜੀਨੀਅਰ ਅਤੇ ਡਾਕਟਰ ਆਦਿ ਪੈਦਾ ਕਰ ਰਹੇ ਹਨ ਸਾਡੇ ਘਰਾਂ ਵਿੱਚ ਨਸ਼ਈ ਪੈਦਾ ਹੋ ਰਹੇ ਹਨ, ਵਿਹਲੜ ਮੰਜ਼ੇ ਤੋੜ ਰਹੇ ਹਨ। ਸਕੂਲ ਜਾਣ ਨੂੰ ਕਿਸੇ ਦੀ ਵੱਢੀ-ਰੂਹ ਨਹੀਂ ਕਰਦੀ। ਕੀ ਕਾਰਨ ਹਨ ਇਸ ਦੇ...? ਕਦੇ ਅਸੀਂ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਬੱਸ ਇੱਕ ਹੋੜ ਲੱਗ ਗਈ ਸਾਡੀ ਕੌਮ ਵਿੱਚ ਕਿ ਵਿਦੇਸ਼ ਚੱਲੋ, ਪਤਾ ਨਹੀਂ ਉੱਥੇ ਕਿਹੜਾ ਦਰੱਖਤ ਹੈ ਜਿਸ ‘ਤੇ ਡਾਲਰ,ਪੌਂਡ ਲੱਗਦੇ ਹਨ। ਸਾਡੇ ਲੋਕਾਂ ਵਿੱਚ ਅੱਜ ਦੇ ਸਮੇਂ ‘ਇੱਕ ਡਿਗਰੀ’ ਹੀ ਸਭ ਕੁਝ ਮੰਨੀ ਜਾਂਦੀ ਹੈ ‘ਤੇ ਉਹ ਹੈ ‘ILETS’, ਇਸ ਡਿਗਰੀ ਨੇ ਐਸਾ ਘੁਮਾਇਆ ਪੰਜਾਬੀਆਂ ਨੂੰ ਕਿ ਬਾਰਵੀਂ ਤੋਂ ਬਾਅਦ ‘ILETS’ ਕਰ ਜ਼ਹਾਜ਼ ਚੜ੍ਹਨ ਦੇ ਸੁਪਨਿਆਂ ਨੇ ਅੱਖਾਂ ਮੱਲ ਲਈਆਂ। ਹੁਣ ਤਾਂ ਦਸਵੀਂ ਤੋਂ ਬਾਅਦ ਹੀ ਬਿਨਾਂ ‘ILETS’ ਕੀਤੇ ਵਿਦੇਸ਼ ਜਾ ਕੇ ਪੜ੍ਹਨ ਦਾ ‘ਸੁਨਹਿਰੀ ਮੌਕਾ’ ਦੀਆਂ ਮਸ਼ਹੂਰੀਆਂ ਸਾਨੂੰ ਘੁੰਮਾਈ ਫਿਰਦੀਆਂ ਹਨ। ਪਹਿਲਾਂ-ਪਹਿਲ ‘ਨੈਨੀ ਕੇਅਰ’ ਵੀਜ਼ਾ ਸ਼ੁਰੂ ਹੋਇਆ, ਬੱਸ ਉਸਦੇ ਸ਼ੁਰੂ ਹੋਣ ਦੀ ਦੇਰ ਸੀ ਕਿ ਪੰਜਾਬੀਆਂ ਨੇ ਮੇਲਾ ਲਾ ਦਿੱਤਾ ਵਿਦੇਸ਼ ਜਾ ਕੇ ਅਤੇ ਅੰਤ ਉਹ ਵੀਜ਼ਾ ਬੰਦ ਕਰਵਾ ਦਿੱਤਾ। ਜ਼ਮੀਨਾਂ ਤੱਕ ਵੇਚ ਦਿੱਤੀਆਂ ਲੋਕਾਂ ਵੀਜ਼ਾ ਲੈਣ ਲਈ ਪਰ ਕਈਆਂ ਦੇ ਪੱਲੇ ਤਾਂ ਏਜੰਟਾਂ ਦੇ ਲਾਰੇ ਅਤੇ ਦਫਤਰਾਂ ਦੇ ਧੱਕੇ ਆਏ ਅਤੇ ਕਈ ਵੀਜ਼ਾ ਲੈ ਕੇ ਵਿਦੇਸ਼ਾਂ ਵਿੱਚ ਸੁਨਹਿਰੀ ਭਵਿੱਖ ਦੀ ਅਰਥੀ ਮੋਢੇ ‘ਤੇ ਢੋਅ ਰਹੇ ਹਨ ਜਾਂ ਇੰਝ ਕਹਿ ਲਈਏ ਕਿ ਮਿੱਠੀ ਜੇਲ੍ਹ ਕੱਟ ਰਹੇ ਹਨ। ਪੰਜਾਬ ਵਿੱਚ ਸਿੱਖਿਆ ਅਦਾਰਿਆਂ ਦੀ ਘਾਟ ਨਹੀਂ, ਜੇ ਘਾਟ ਹੈ ਤਾਂ ਬੱਸ ‘ਸਿਖਾਉਣ ਵਾਲੇ’ ਅਦਾਰਿਆਂ ਦੀ। ਪੰਜਾਬ ਦੇ ਜ਼ਿਆਦਾਤਰ ਸਕੂਲਾਂ/ਕਾਲਜਾਂ ਵਿੱਚ ਵਿੱਦਿਆ ਵੀ ਵਪਾਰਕ ਸੋਚਾਂ ਵਿੱਚ ਦੀ ਲੰਘਦੀ ਹੈ। ਪਹਿਲਾਂ ਸਕੂਲ ਖੋਲ੍ਹਣ ਦਾ ਰੁਝਾਨ ਵਧਿਆ ਜੋ ਕਿ ਅੱਜ ਵੀ ਜਾਰੀ ਹੈ, ਲੜਕੀਆਂ ਲਈ ਕਾਲਜ ਖੋਲ੍ਹਣ ਦਾ ਰੁਝਾਨ ਵੀ ਸਿਖਰ ‘ਤੇ ਰਿਹਾ ਫਿਰ ਵਾਰੀ ਆਈ ਲੜਕੀਆਂ ਲਈ ਬੀ.ਐਡ. ਕਾਲਜਾਂ ਦੀ ‘ਤੇ ਨਰਸਿੰਗ ਕਾਲਜਾਂ ਦੀ ਅਤੇ ਹੁਣ ਯੁੱਗ ਹੈ ‘ਗਰੁੱਪ ਆਫ ਇੰਸਟੀਚਿਊਟਸ’ ਦਾ, ਯੂਨੀਵਰਸਿਟੀਆਂ ਦਾ...! ਪੰਜਾਬ ਵਿੱਚ ਐਨੇ ਸਕੂਲ/ਕਾਲਜ ਹੋਣ ਦੇ ਬਾਵਜੂਦ ਵੀ ਸਿੱਖ ਸਾਇੰਸਦਾਨਾਂ, ਇੰਜੀਨੀਅਰਾਂ, ਡਾਕਟਰਾਂ ਦੀ ਗਿਣਤੀ ਵਧਣ ਦੀ ਬਜਾਏ ਮਨਫੀ ਹੁੰਦੀ ਜਾ ਰਹੀ ਹੈ। ਡਿਗਰੀਆਂ ਵਾਲੇ ਸਿੱਖਾਂ ਦੇ ਮੁੰਡੇ ਬਹੁਤ ਮਿਲ ਜਾਣਗੇ ਪਰ ‘ਸਿੱਖਿਅਤ’ ਘੱਟ ਹਨ। ਸਾਡੇ ਸਮਾਜ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਸਾਡੇ ਬੱਚਿਆਂ ਨੂੰ ਫਿਲਮਾਂ/ਗਾਣਿਆਂ ਵਿੱਚ ਦਿਸਦੀ ਅਮੀਰੀ ਸੱਚ ਲਗਦੀ ਹੈ। ਅਮੀਰ ਸਿੱਖਾਂ ਦੇ ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹ, ਟਿਊਸ਼ਨਾਂ ਲੈ ਚੰਗੇ ਨੰਬਰ ਲੈ ਜਾਂਦੇ ਹਨ ‘ਤੇ ਫਿਰ ਅਮੀਰੀ ਕਾਰਨ ਨੌਕਰੀ ਵੀ ਪਰ ਗਰੀਬ ਸਿੱਖਾਂ ਦੇ ਬੱਚੇ ਪਹਿਲਾਂ ਤਾਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਪੜ੍ਹ ਹੀ ਨਹੀ ਪਾਉਂਦੇ, ਜੇ ਕੋਈ ਆਪਣੀ ਲਗਨ ਅਤੇ ਮਿਹਨਤ ਨਾਲ ਪੜ੍ਹ ਵੀ ਜਾਂਦਾ ਹੈ ਤਾਂ ਜੀਵਨ ਨਿਰਬਾਹ ਲਈ ਨੌਕਰੀ ਦਾ ‘ਸਮਾਂ ਹੰਢਾਉਣ’ ਤੋਂ ਖੁੰਝ ਜਾਂਦਾ ਹੈ, ਇਸ ਪ੍ਰਕਿਰਿਆ ਨੇ ਆਮ ਸਿੱਖਾਂ ਦੀ ਧਾਰਨਾ ‘ਪੜ੍ਹ ਕੇ ਕਿਹੜਾ ਡੀ.ਸੀ. ਲੱਗ ਜਾਣਾ’ ਵਾਲੀ ਬਣਾ ਦਿੱਤੀ ਹੈ, ‘ਤੇ ਬੱਚੇ ਪੜ੍ਹਾਈ ਨੂੰ ਬੋਝ ਸਮਝ ਕਤਰਾਉਣ ਲੱਗੇ ਹਨ।
ਨਸ਼ਿਆਂ ਦੇ ਵਪਾਰ ਨੇ ਵੀ ਸਿੱਖ ਕੌਮ ਨੂੰ ਕਮਜ਼ੋਰ ਕਰ ਰਸਤੇ ਤੋਂ ਭਟਕਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਪਤਾ ਨਹੀਂ ਕਿਉਂ ਨਸ਼ਿਆਂ ਦੀ ਤਸਕਰੀ ਪੰਜਾਬ ਨਾਲ ਲੱਗਦੇ ਬਾਰਡਰ ਤੋਂ ਹੀ ਕਿਉਂ ਹੁੰਦੀ ਹੈ...? ਸਿੱਖਾਂ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਇਲਾਕੇ ਵਿੱਚੋਂ ਹੀ ਸਮੱਗਲਿੰਗ ਕਿਉਂ ਹੁੰਦੀ ਹੈ...? ‘ਛੋਟੇ ਰਸਤਿਆਂ’ ਰਾਹੀਂ ਜਲਦੀ ‘ਅਮੀਰ’ ਹੋਣ ਦੇ ਝਾਂਸੇ ਸਿੱਖਾਂ ਨੂੰ ਜੜ੍ਹਾਂ ਨਾਲੋਂ ਤੋੜ ਗਏ ਅਤੇ ਕਹਿੰਦੇ ਹਨ ਕਿ ‘ਦਰੱਖਤ ਦੀ ਜੜ੍ਹ ਵੱਢ ਦਿਉ, ਦਰੱਖਤ ਸੁੱਕਣ ਵਿੱਚ ਜ਼ਿਆਦਾ ਸਮਾਂ ਨਹੀਂ ਲਗਦਾ’...!
ਅੰਤ ਵਿੱਚ ਮੈਂ ਇਹੀ ਬੇਨਤੀ ਸਾਰੀ ਕੌਮ ਨੂੰ ਕਰਨਾ ਚਾਹੁੰਦਾ ਹਾਂ ਕਿ ਜੀਵਨ ਵਿੱਚ ਸਫਲ ਹੋਣ ਲਈ ਜ਼ਰੂਰੀ ਹੈ ਕਿ ਜੜ੍ਹਾਂ ਮਜ਼ਬੂਤ ਹੋਣ। ਸਿੱਖਿਆ ਦੇ ਖੇਤਰ ਵਿੱਚ ਸਾਨੂੰ ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਸਾਡੀ ਕੌਮ ਵਿੱਚੋਂ ਵੀ ਸਾਇੰਸਦਾਨ, ਇੰਜੀਨੀਅਰ, ਡਾਕਟਰ ਅਤੇ
IAS ਜਨਮ ਲੈਣ। ਸਿੱਖਿਆ ਦੇ ਖੇਤਰ ਨੂੰ ਵਧੇਰੇ ਸੁਰੱਖਿਅਤ, ਸੁਖਾਲਾ ਅਤੇ ਪਾਰਦਰਸ਼ੀ ਬਣਾਉਣ ਦੀ ਜ਼ਰੂਰਤ ਹੈ। ਵਿਦਿਆ ਨੂੰ ਵਪਾਰ ਬਣਾ ਚੁੱਕੇ ਅਦਾਰਿਆਂ ‘ਤੇ ਰੋਕ ਲਗਾ ਸਿੱਖ ਨੌਜੁਆਨੀ ਨੂੰ ‘ਸਿੱਖਿਅਤ’ ਕਰਨ ਵਾਲੇ ਅਦਾਰਿਆਂ ਦਾ ਸਾਥ ਦੇਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ‘ਅਮੀਰ ਅਤੇ ਗਰੀਬ’ ਵਿਚਲੇ ਫਰਕ ਨੂੰ ਬਰਾਬਰ ਮੌਕੇ ਮੁਹੱਈਆਂ ਕਰ ਕੇ ਮਿਟਾਵੇ ਨਾ ਕਿ ਗਰੀਬ ਨੂੰ ਹਟਾ ਕੇ। ਸਿੱਖ ਕੌਮ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਉੱਚ-ਪਦਵੀਆਂ ‘ਤੇ ਪਹੁੰਚ ਕੇ ਸਿੱਖਾਂ ਦੇ ਬੱਚੇ ਆਪਣੀ ਕੌਮ ਦਾ ਨਾਮ ਵਿਸ਼ਵ ਪੱਧਰ ‘ਤੇ ਲਿਜਾ ਸਕਣ। ਆਓ ਰਲ ਮਿਲ ਇਸ ਫੇਰ ਵਿੱਚ ਧੀਮੀ ਪਈ ਚਾਲ ਕਾਰਨ ਦੂਰ ਰਹਿ ਗਈ ਮੰਜ਼ਿਲ ਨੂੰ ਪਾਉਣ ਲਈ ਅਤੇ ਆਏ ਨਿਘਾਰ ਨੂੰ ਦੂਰ ਕਰਨ ਲਈ ਯਤਨ ਤੇਜ਼ ਕਰੀਏ। ਸਾਡੇ ਛੋਟੇ ਬੱਚੇ ਜੋ ਅਜੇ ਸਿੱਖਿਆ ਦੇ ਅਧੀਨ ਹਨ, ਉਹ ਜ਼ਰੂਰ ਇਸ ਗੱਲ ਵੱਲ ਤਵੱਜੋ ਦੇਣ ‘ਤੇ ਕਾਮਯਾਬ ਹੋਣ…! 

Wednesday, 2 May 2012

ਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ


ਗੁਰੂ ਗ੍ਰੰਥ ਸਾਹਿਬ ਵਿੱਚ ਚਰਨ /ਚਰਣ ਧੂੜ/ਧੂਰ, ਚਰਨ ਰੇਨ ਆਦਿ ਸ਼ਬਦਾਂ ਦਾ ਵਰਣਨ ਕਈ ਥਾਈਂ ਆਇਆ ਹੈ। ਚਰਨ ਰੇਨ ਦਾ ਅਰਥ ਹੈ ਚਰਨਾਂ/ਪੈਰਾਂ ਦੀ ਖ਼ਾਕ। ਗੁਰਬਾਣੀ ਵਿੱਚ ਇਹ ਸ਼ਬਦ ਆਪੇ ਦਾ ਤਿਆਗ ਕਰਕੇ ਅਤਿ ਨਿਮਰ ਹੋ ਕੇ ਜਾਤ, ਵਰਣ ਆਦਿ ਦੇ ਅਭਿਆਨ ਤੋਂ ਉਪਰ ਉੱਠ ਜਾਣ ਦੇ ਭਾਵਾਰਥ ਵਿੱਚ ਵਰਤਿਆ ਗਿਆ ਹੈ। ਜਿਸ ਤਰ੍ਹਾਂ ਕਈ ਸੱਜਣਾਂ ਵਲੋਂ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ, ਚਰਨਾਂ ਨੂੰ ਪਰਸਨਾ ਆਦਿ ਸ਼ਬਦਾਂ ਤੋਂ ਭਾਵ ਹੱਡ ਮਾਸ ਦੇ ਪੈਰਾਂ ਤੋਂ ਲਿਆ ਜਾਂਦਾ ਹੈ, ਉਸੇ ਤਰ੍ਹਾਂ ਚਰਨ ਧੂੜੀ ਤੋਂ ਭਾਵ ਵੀ ਪੈਰਾਂ ਦੀ ਖ਼ਾਕ ਤੋਂ ਹੀ ਲਿਆ ਜਾਂਦਾ ਹੈ। ਕਈ ਵੀਰਾਂ/ਭੈਣਾਂ ਵਲੋਂ ਚਰਨ ਧੂੜ ਤੋਂ ਅਜਿਹਾ ਭਾਵ ਲੈਣ ਕਾਰਨ ਹੀ ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਧਾਰਮਿਕ ਸਥਾਨਾਂ `ਤੇ ਕਈ ਸ਼ਰਧਾਲੂ (ਖ਼ਾਸ ਤੌਰ `ਤੇ ਬੀਬੀਆਂ) ਆਪਣੇ ਦੁਪੱਟੇ ਆਦਿ ਨਾਲ ਸੰਗਤਾਂ ਦੇ ਆਵਾਜਾਈ ਵਾਲੀ ਜਗ੍ਹਾ ਨੂੰ ਸਾਫ ਕਰਕੇ, ਇਕੱਠੀ ਹੋਈ ਖ਼ਾਕ ਨੂੰ ਸ਼ਰਧਾ ਨਾਲ ਕਿਸੇ ਵਸਤਰ ਆਦਿ ਵਿਖੇ ਸੰਭਾਲ ਕੇ ਘਰ ਲੈ ਜਾਂਦੇ ਹਨ। ਕਈ ਥਾਂਈ ਜਿੱਥੇ ਪੈਰ ਧੌਣ ਲਈ ਚੁਬੱਚਾ ਆਦਿ ਬਣਿਆ ਹੋਇਆ ਹੈ, ਉਸ ਪਾਣੀ ਨੂੰ ਕਈਆਂ ਵਲੋਂ ਚਰਣਾਮ੍ਰਿਤ ਸਮਝ ਕੇ ਪਾਨ ਕਰਦੇ ਹੋਏ ਆਮ ਹੀ ਦੇਖਿਆ ਜਾ ਸਕਦਾ ਹੈ। ਪਟਨਾ ਸਾਹਿਬ ਵਿਖੇ ਤਾਂ ਜੋੜੇਖ਼ਾਨੇ ਵਿਖੇ ਛੋਟੀਆਂ ਛੋਟੀਆਂ ਪੂੜੀਆਂ ਵਿੱਚ ਇਸ ਧੂੜ/ਮਿੱਟੀ ਘੱਟੇ ਨੂੰ ਪਾ ਕੇ ਪ੍ਰਸ਼ਾਦ ਰੂਪ ਵਿੱਚ ਸੰਗਤਾਂ ਨੂੰ ਦਿੱਤਾ ਜਾਂਦਾ ਹੈ। (ਨੋਟ: ਜਿਸ ਧਰਮ ਵਿੱਚ ਜ਼ਿੰਮੇਵਾਰ ਸੰਸਥਾਵਾਂ ਦੀ ਸੇਵਾ–ਸੰਭਾਲ ਕਰਨ ਵਾਲੇ ਸੱਜਣਾਂ ਨੇ ਹੀ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਗੁਮਰਾਹ ਕਰਨ ਲਈ ਕਮਰਕੱਸਾ ਕਰ ਲਿਆ ਹੋਵੇ, ਉਸ ਧਰਮ ਦਾ ਭਵਿੱਖ ਕਿੰਨਾ ਕੁ ਉਜਲਾ ਹੋ ਸਕਦਾ ਹੈ; ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਇਨ੍ਹਾਂ ਗੁਰਧਾਮਾਂ ਵਿਖੇ ਗੁਰਮਤਿ ਸਿਧਾਂਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਹੀ ਕਾਰਨ ਹੈ ਕਿ ਸਾਡੇ ਗੁਰਧਾਮ (ਜ਼ਿਆਦਾਤਰ) ਗੁਰਮਤਿ ਦੀ ਥਾਂ ਮਨਮਤਿ ਦੇ ਪ੍ਰਚਾਰ ਦਾ ਕੇਂਦਰ ਬਣ ਚੁਕੇ ਹਨ।)
ਇਸ ਲੇਖ ਵਿੱਚ ਅਸੀਂ ਕੇਵਲ ਚਰਨ ਧੂੜੀ ਵਿੱਚ ਇਸ਼ਨਾਨ ਕਰਨ ਦੇ ਭਾਵ ਅਰਥ ਦੀ ਹੀ ਚਰਚਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਜਨ, ਸਾਧ/ਸੰਤ, ਗੁਰੂ ਆਦਿ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦਾ ਵਰਣਨ ਕੀਤਾ ਗਿਆ ਹੈ। ਗੁਰਦੇਵ ਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਦੀ ਮਹਿਮਾਂ ਦਾ ਵਰਣਨ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ: ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ॥ ਅਰਥ: ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ।
ਸਤਿਗੁਰੂ ਜੀ ਜਿਸ ਚਰਨਾਂ ਦੀ ਧੂੜੀ ਵਿੱਚ ਨਿਤ ਇਸ਼ਨਾਨ ਕਰਨ ਦੀ ਗੱਲ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਇਸ ਇਸ਼ਨਾਨ ਨਾਲ ਪਾਪਾਂ ਦੀ ਮੈਲ ਉਤਾਰ ਸਕੀਦਾ ਹੈ, ਉਹ ਇਸ਼ਨਾਨ ਗੁਰੂ ਉਪਦੇਸ਼/ ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹ/ਵਿਚਾਰ ਕੇ ਹਿਰਦੇ ਵਿੱਚ ਵਸਾਉਣ ਰੂਪੀ ਇਸ਼ਨਾਨ ਹੈ। ਇਸ ਤਰ੍ਹਾਂ ਦੇ ਇਸ਼ਨਾਨ ਨਾਲ ਹੀ ਅੰਦਰ ਦੀ ਮੈਲ ਨੂੰ ਲਾਹ ਸਕੀਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣ ਰੂਪੀ ਇਸ਼ਨਾਨ ਨਾਲ ਹੀ ਮਨੁੱਖ ਨੂੰ ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ। ਗੁਰੂ ਗਿਆਨ ਨਾਲ ਹਾਸਲ ਹੋਈ ਬਿਬੇਕ ਬੁੱਧੀ ਹੀ ਗੁਰੂ ਦੇ ਚਰਨਾਂ ਦੀ ਧੂੜ ਹੈ। ਇਹ ਚੰਗੇ ਮਾੜੇ ਦੀ ਸੋਝੀ ਹੀ ਅਸਲ ਵਿੱਚ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਜਿਸ ਨਾਲ ਮਨੁੱਖ ਦਾ ਹਿਰਦਾ ਪਵਿੱਤਰ ਹੁੰਦਾ ਹੈ: ਦਰਸਨੁ ਦੇਖਿ ਭਈ ਮਤਿ ਪੂਰੀ॥ ਅਠਸਠਿ ਮਜਨੁ ਚਰਨਹ ਧੂਰੀ॥ ੧॥ ਰਹਾਉ॥ (੨੨੪) ਅਰਥ: (ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ। (ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ੧। ਰਹਾਉ।
ਜੇਕਰ ਗੁਰਦੇਵ ਦਾ ਇਹ ਵਿਸ਼ਵਾਸ ਹੁੰਦਾ ਕਿ ਚਰਨ- ਧੂੜ (ਪੈਰਾਂ ਦੀ ਖ਼ਾਕ) ਵਿੱਚ ਇਸ਼ਨਾਨ ਕਰਨ ਨਾਲ, ਇਸ਼ਨਾਨ ਕਰਨ ਵਾਲੇ ਦੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਦੂਰ ਹੋ ਜਾਂਦੇ ਹਨ ਤਾਂ ਫਿਰ ਮਹਾਰਜ ਇਹ ਕਦੀ ਨਾ ਕਹਿੰਦੇ: ਦਸਮੀ ਨਾਮੁ ਦਾਨੁ ਇਸਨਾਨੁ॥ ਅਨਦਿਨੁ ਮਜਨੁ ਸਚਾ ਗੁਣ ਗਿਆਨੁ॥ (੮੪੦) ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ। ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।
ਸਤਿਗੁਰੂ ਜੀ ਸਪਸ਼ਟ ਕਰ ਰਹੇ ਹਨ ਕਿ ਵਾਹਿਗੁਰੂ ਦੇ ਨਾਮ ਵਿੱਚ ਜੁੜਿਆਂ ਹੀ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਵਿਕਾਰਾਂ ਨਾਲ ਲਿਬੜੇ ਹੋਏ ਮਨ ਨੂੰ ਇਸ ਨਾਮ/ਗੁਰਸ਼ਬਦ ਨਾਲ ਹੀ ਪਵਿੱਤਰ ਕੀਤਾ ਜਾ ਸਕਦਾ ਹੈ। ਜੇਕਰ ਪੈਰਾਂ ਦੀ ਖ਼ਾਕ ਨਾਲ ਹੀ ਇਹ ਸਭ ਕੁੱਝ ਸੰਭਵ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ/ਗੁਰਸ਼ਬਦ ਦੀ ਮਹਿਮਾਂ ਦਾ ਬਾਰ ਬਾਰ ਗੁਣ –ਗਾਣ ਨਾ ਕੀਤਾ ਜਾਂਦਾ। ਗੁਰਬਾਣੀ ਵਿੱਚ ਉੱਚ ਆਚਰਣ ਉੱਤੇ ਜ਼ੋਰ ਨਾ ਦਿੱਤਾ ਜਾਂਦਾ: ਗੁਰਮੁਖਿ ਮਜਨੁ ਚਜੁ ਅਚਾਰੁ॥ (੯੩੨) ਅਰਥ: ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ।
ਚੂੰਕਿ ਸਤਿਗੁਰੂ ਜੀ ਪ੍ਰਭੂ ਨਾਮ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਹੁੰਦੀ ਹੈ `ਚ ਵਿਸ਼ਵਾਸ ਕਰਦੇ ਹਨ। ਇਸ ਲਈ ਮੁਕਤ ਪ੍ਰਾਣੀ ਦੇ ਸਬੰਧ ਵਿੱਚ ਚਰਚਾ ਕਰਦਿਆਂ ਫ਼ਰਮਾਉਂਦੇ ਹਨ ਕਿ ਜੋ ਪ੍ਰਾਣੀ ਵੀ ਪ੍ਰਭੂ ਪਿਆਰ ਵਿੱਚ ਰੰਗੀਜ ਕੇ ਉਸ ਦੀ ਸਿਫ਼ਤ ਸਾਲਾਹ ਭਾਵ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਇਨਸਾਨ ਵਿਕਾਰਾਂ ਤੋਂ ਛੁਟਕਾਰਾ ਹਾਸਲ ਕਰ ਲੈਂਦਾ ਹੈ। ਹਜ਼ੂਰ ਇਸ ਗੱਲ ਦਾ ਹੀ ਜ਼ਿਕਰ ਕਰਦਿਆਂ ਅਗਲੀ ਪੰਗਤੀ ਵਿੱਚ ਆਖਦੇ ਹਨ ਕਿ ਜੋ ਪ੍ਰਾਣੀ ਵੀ ਗੁਰੂ ਦੀ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹੈ ਭਾਵ ਸਤਿਗੁਰੂ ਬਾਣੀ ਵਿੱਚ ਜੋ ਵਾਹਿਗੁਰੂ ਜੀ ਦੇ ਗੁਣ ਦਰਸਾਏ ਹਨ, ਉਨ੍ਹਾਂ ਨੂੰ ਚੇਤੇ ਕਰਕੇ ਇਨ੍ਹਾਂ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਕੇ ਜੀਵਨ – ਮੁਕਤ ਹੋ ਜਾਂਦਾ ਹੈ: ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ॥ ਮੁਕਤ+ ਸਾਧੂ ਧੂਰੀ ਨਾਵੈ॥ ੧॥ ਰਹਾਉ॥ (ਪੰਨਾ ੧੩੪੦) ਅਰਥ: ਹੇ ਭਾਈ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿੱਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, (ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ ‘ਮੁਕਤ’ )।
ਸਿੱਖ ਇਤਿਹਾਸ ਵਿੱਚ ਭਾਵੇਂ ਉਕਤੀ, ਯੁਕਤੀ ਅਤੇ ਇਤਿਹਾਸ ਦੇ ਵਿਰੁੱਧ ਬਹੁਤ ਕੁਛ ਲਿਖਿਆ ਹੋਇਆ ਹੈ ਪਰ ਚਰਨ ਧੂੜ ਦੇ ਸਬੰਧ ਵਿੱਚ ਇਸ ਗੱਲ ਦਾ ਕਿਧਰੇ ਵੀ ਸੰਕੇਤ ਨਹੀਂ ਮਿਲਦਾ ਕਿ ਕਦੀ ਕਿਸੇ ਸਿੱਖ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਛੂਹਿ ਮਾਣਨ ਵਾਲੀ ਮਿੱਟੀ ਨਾਲ ਇਸ਼ਨਾਨ ਕੀਤਾ ਹੋਵੇ। ਇਸ ਗੱਲ ਦਾ ਵੀ ਕਿਧਰੇ ਵਰਣਨ ਨਹੀਂ ਕੀਤਾ ਗਿਆ ਕਿ ਕਿਸੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਵਿਕਾਰਾਂ ਤੋਂ ਖਹਿੜਾ ਛਡਾਉਣ ਲਈ ਇਸ ਚਰਨ ਧੂੜ ਵਿੱਚ ਇਸ਼ਨਾਨ ਕਰਨ ਦੀ ਪ੍ਰੇਰਨਾ ਕੀਤੀ ਹੋਵੇ। ਗੁਰੂ ਗ੍ਰੰਥ ਸਾਹਿਬ ਵਿੱਚ ਸਚਿਆਰ ਬਣਨ ਦਾ ਇਕੋ ਹੀ ਢੰਗ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਰਸਾਇਆ ਗਿਆ ਹੈ ਕਿ ਮਨੁੱਖ ਦੀ ਕਲਿਆਣ ਗੁਰੂ ਉਪਦੇਸ਼ ਨੂੰ ਹਿਰਦੇ `ਚ ਵਸਾਇਆਂ ਹੀ ਸੰਭਵ ਹੈ। ਅਰਥਾਤ ਗੁਰੂ ਜੀ ਦਰਸਾਈ ਹੋਈ ਜੀਵਨ–ਜਾਚ ਨੂੰ ਅਪਣਾਇਆਂ ਹੀ ਵਿਕਾਰਾਂ ਤੋਂ ਉਪਰ ਉੱਠ ਕੇ ਸਵੱਛਤਾ ਦਾ ਜੀਵਨ ਜੀਊ ਸਕੀਦਾ ਹੈ। ਜੇਕਰ ਕਿਸੇ ਵਿਸ਼ੇਸ਼ ਵਿਅਕਤੀ ਦੇ ਪੈਰਾਂ ਦੀ ਛੂਹਿ ਮਾਣਨ ਵਾਲੀ ਮਿੱਟੀ ਨੂੰ ਮੱਥੇ ਉੱਤੇ ਲਾਉਣ ਨਾਲ ਹੀ ਮਨੁੱਖ ਦੀ ਕਲਿਆਣ ਹੈ ਤਾਂ ਫਿਰ ਸਚਿਆਰ ਬਣਨ ਲਈ ਦੈਵੀ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਦੀ ਕੀ ਲੋੜ ਹੈ? ਫਿਰ ਤਾਂ ਗੁਰੂ ਸਾਹਿਬ ਨੂੰ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਕਹਿਣ ਦੀ ਜ਼ਰੂਰਤ ਹੀ ਨਹੀਂ ਸੀ ਕਿ: ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ (ਪੰਨਾ ੪੭੪) ਅਰਥ: ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।
ਗੁਰੂ ਗ੍ਰੰਥ ਸਾਹਿਬ ਵਿੱਚ ਜਨ, ਸਾਧ /ਸੰਤ ਅਤੇ ਗੁਰੂ ਦੀ ਚਰਨ ਧੂੜੀ ਵਿੱਚ ਇਸ਼ਨਾਨ ਦਾ ਹੀ ਜ਼ਿਕਰ ਨਹੀਂ ਪ੍ਰਭੂ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਦਾ ਵਰਣਨ ਵੀ ਆਇਆ ਹੈ: ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ॥ (੭੦੯)
ਅਰਥ: ਪ੍ਰਭੂ! ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।
ਅਥਵਾ: ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ॥ ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ॥ ਹਰਿ ਧੂੜੀ ਨਾੑਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ॥ ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ॥ ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ॥ ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ॥ ੪॥ (ਪੰਨਾ ੪੫੩) ਅਰਥ: ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ? ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ। ਹੇ ਭਾਈ! ਪ੍ਰਭੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ (ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿੱਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ। (ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿੱਚ ਨਹੀਂ ਪੈਂਦਾ।
ਨਾਨਕ ਬੇਨਤੀ ਕਰਦਾ ਹੈ—ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ।
ਜੇਹੜੇ ਸੱਜਣ ਚਰਨ ਦੀ ਧੂੜ ਤੋਂ ਭਾਵ ਪੈਰਾਂ ਦੀ ਛੁਹਿ ਹੋਈ ਮਿੱਟੀ ਤੋਂ ਹੀ ਲੈਂਦੇ ਹਨ ਕੀ ਉਹ ਇਹ ਦੱਸਣ ਦੀ ਖੇਚਲ ਕਰਨ ਗੇ ਪ੍ਰਭੂ ਦੇ ਕੇਹੜੇ ਚਰਨਾਂ ਚਲ ਹਜ਼ੂਰ ਨੇ ਇਸ਼ਾਰਾ ਕੀਤਾ ਹੈ ਅਤੇ ਇਨ੍ਹਾਂ ਪ੍ਰਭੂ ਚਰਨਾਂ ਦੀ ਧੂੜਿ ਵਿੱਚ ਇਸ਼ਨਾਨ ਦਾ ਕੀ ਸਰੂਪ ਹੈ?
ਪ੍ਰਭੂ ਚਰਨਾਂ ਦੀ ਧੂੜਿ ਵਿੱਚ ਇਸ਼ਨਾਨ ਦਾ ਭਾਵ ਵਾਹਿਗੁਰੂ ਦੀ ਸਿਫ਼ਤ ਸਾਲਾਹ ਕਰਦਿਆਂ ਹੋਇਆਂ ਭਾਵ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣਾਂ ਨੂੰ ਸਮਝ ਕੇ, ਇਨ੍ਹਾਂ ਗੁਣਾਂ ਨੂੰ ਧਾਰਨ ਕਰਕੇ, ਕਰਤੇ ਦੀ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ, ਇਨ੍ਹਾਂ ਦੀ ਪਾਲਣਾ ਕਰਨਾ ਹੈ; ਆਪਣੇ ਅੰਦਰ ਦੈਵੀ ਗੁਣਾਂ ਨੂੰ ਧਾਰਨ ਕਰਨਾ ਹੈ।
ਸੋ, ਜਿਸ ਤਰ੍ਹਾਂ ਪ੍ਰਭੂ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਤੋਂ ਭਾਵ ਰੱਬੀ ਗੁਣਾਂ ਨੂੰ ਚੇਤੇ ਕਰਕੇ ਇਨ੍ਹਾਂ ਗੁਣਾਂ ਨੂੰ ਹਿਰਦੇ `ਚ ਵਸਾਉਣ ਤੋਂ ਹੈ, ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦਾ ਭਾਵਾਰਥ ਵੀ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਵਿਕਾਰਾਂ ਦੀ ਕਾਲਖ ਤੋਂ ਛੁਟਕਾਰਾ ਪਾਉਣਾ ਹੈ।
ਜਸਬੀਰ ਸਿੰਘ ਵੈਨਕੂਵਰ

Sunday, 1 April 2012

ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਤਖ਼ਤ ਦੀ ਹੋਂਦ!

ੴ ਸਤਿਗੁਰ ਪ੍ਰਸਾਦਿ॥
ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਤਖ਼ਤ ਦੀ ਹੋਂਦ!
ਜਿਵੇਂ ਸਾਨੂੰ ਜਾਣਕਾਰੀ ਪਰਾਪਤ ਹੁੰਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਵਿਉਂਤਬੱਧ ਕੀਤਾ ਅਤੇ ਭਾਈ ਗੁਰਦਾਸ ਜੀ ਤੋਂ ਲਿਖਾਈ ਆਰੰਭ ਕਰਵਾਈ। ਇਸ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ, (ਗੁਰੂ) ਹਰਿਗੋਬਿੰਦ ਜੀ ਦਾ ਜਨਮ ਅੰਮ੍ਰਿਤਸਰ ਦੇ ਨੇੜੇ ਪਿੰਡ ਵਡਾਲੀ ਵਿਖੇ ੧੯ ਜੂਨ ੧੫੯੫ ਨੂੰ ਹੋਇਆ। ਇਹ ਸੁਭਾਵਕ ਹੈ ਕਿ ਜਦੋਂ ਗਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜਾ ਰਹੀ ਸੀ ਤਾਂ ਮਾਤਾ ਗੰਗਾ ਜੀ ਅਤੇ (ਗੁਰੂ) ਹਰਿਗੋਬਿੰਦ ਜੀ ਜ਼ਰੂਰ ਹੀ ਦੇਖਦੇ ਹੋਣਗੇ ਕਿ ਕਿਵੇਂ ਸਤਿਕਾਰ ਨਾਲ ਗੁਰਬਾਣੀ ਲਿਖੀ ਜਾ ਰਹੀ ਹੈ ਅਤੇ ਸ਼ਬਦ-ਵਿਚਾਰ ਸਮੇਂ ਭੀ ਹਾਜ਼ਰੀ ਭਰਦੇ ਹੋਣਗੇ। (ਗੁਰੂ) ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਗਿਆ। ਪ੍ਰੰਤੂ ਉਸ ਤੋਂ ਬਾਅਦ ਮੁਗਲ ਰਾਜੇ ਜਹਾਂਗੀਰ ਦੇ ਹੁਕਮ ਅਨੁਸਾਰ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਵਿਖੇ ੩੦ ਮਈ ੧੬੦੬ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਦੀ ਜ਼ੁਮੇਵਾਰੀ ਸੰਭਾਲ ਦਿੱਤੀ ਗਈ।
ਇੰਜ, ਸ਼ਹੀਦੀ ਤੋਂ ਬਾਅਦ ਸੰਗਤਾਂ ਦੁਰ ਦੂਰ ਤੋਂ ਦਰਬਾਰ ਸਾਹਿਬ ਵਿਖੇ ਆਉਂਣ ਲਗ ਪਈਆਂ ਅਤੇ ਉਨ੍ਹਾਂ ਦੀ ਸਹੂਲਤ ਲਈ ਦਰਬਾਰ ਸਾਹਿਬ ਦੇ ਨੇੜੇ ਹੀ ਇੱਕ ਥੜਾ ਤਿਆਰ ਕੀਤਾ ਗਿਆ ਤਾਂ ਜੋ ਸੰਗਤ ਦੂਰ ਦੂਰ ਤੱਕ ਬੈਠ ਕੇ, ਗੁਰ - ਓਪਦੇਸ਼ ਸੁਣ ਸਕਣ। ਹੌਲੀ ਹੌਲੀ ਇਹ ਅਸਥਾਨ ਇੱਕ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਕਾਇਮ ਹੋ ਗਿਆ, ਜਿਸ ਨੂੰ ਮਿਸਲਾਂ ਸਮੇਂ ਅਕਾਲ ਬੁੰਗਾ ਕਿਹਾ ਜਾਣ ਲੱਗ ਪਿਆ ਕਿਉਂਕਿ ਇਹ ਸਾਰਿਆਂ ਲਈ ਸਾਂਝਾ ਸੀ ਅਤੇ ਬਾਕੀ ਦੇ ਬੁੰਗੇ ਆਪਣੀਆਂ ਆਪਣੀਆਂ ਮਿਸਲਾਂ ਦੇ ਆਪਣੇ ਸਨ ਜਿਥੇ ਉਹ ਆ ਕੇ ਠਹਿਰਦੇ ਅਤੇ ਵਿਚਾਰਾਂ ਕਰਦੇ। ਪਰ, ਗੁਰੂ ਹਰਿਗੋਬਿੰਦ ਸਾਹਿਬ ਭੀ ਪਹਿਲੇ ਗੁਰੂ ਸਾਹਿਬਾਨ ਅਨੁਸਾਰ ਗੁਰਬਾਣੀ ਦਾ ਹੀ ਓਪਦੇਸ਼ ਸੰਗਤਾਂ ਨਾਲ ਸਾਝਾਂ ਕਰਦੇ ਰਹੇ। ਇਸ ਲਈ, ਉਨ੍ਹਾਂ ਨੂੰ ‘ਤਖਤ’ ਦੀ ਹੋਂਦ ਤੇ ਵਿਆਖਿਆ ਬਾਰੇ ਪੂਰਾ ਗਿਆਨ ਸੀ ਕਿ ਅਕਾਲ ਪੁਰਖ ਦਾ ਤਖਤ ਤਾਂ ਸਾਰੇ ਸੰਸਾਰ ਵਿਖੇ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਅਕਾਲ ਤਖਤ ਅਤੇ ਜਥੇਦਾਰ ਦੀ ਹੋਂਦ ੧੯੨੦ ਸਮੇਂ ਹੋਈ ਜਦੋਂ ਗੁਰਦੁਆਰਾ ਸੁਧਾਰ ਲਹਿਰ ਸਮੇਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਜੇ ਅਕਾਲ ਤਖਤ ਸਾਹਿਬ ਅਤੇ ਜਥੇਦਾਰੀ ਦਾ ਸਿਧਾਂਤ, ਗੁਰੂ ਹਰਿਗੋਬਿੰਦ ਸਾਹਿਬ ਨੇ ਚਲਾਇਆ ਹੁੰਦਾ ਤਾਂ ਇਸ ਬਾਰੇ ਜਾਣਕਾਰੀ, ਹੁਕਮਨਾਮਾ ਮਿਤੀ ੧੮ ਮਾਰਚ ੧੮੮੭ ਈਸਵੀ ਦੁਆਰਾ ਜ਼ਰੂਰ ਦਿੱਤੀ ਹੁੰਦੀ {ਦੇਖੋ ਪ੍ਰੋਫੈਸਰ ਗੁਰਮੁਖ ਸਿੰਘ ਦੇ ਖਿਲਾਫ ਹੁਕਮਨਾਮਾ ਪੰਨਾ ੬੩-੬੪ ਕਿਤਾਬ: “ਹੁਕਮਨਾਮੇ ਆਦੇਸ਼ ਸੰਦੇਸ਼…ਸ੍ਰੀ ਅਕਾਲ ਤਖ਼ਤ ਸਾਹਿਬ”, ਸੰਪਾਦਕ ਰੂਪ ਸਿੰਘ (ਜੂਨ, ੨੦੦੩)। ਪਰ, ਇਸ ਵਿੱਚ ਅਕਾਲ ਤਖ਼ਤ ਸਾਹਿਬ, ਹੋਰ ਤਖ਼ਤਾਂ ਅਤੇ ਜਥੇਦਾਰਾਂ ਬਾਰੇ ਕੋਈ ਜ਼ਿਕਰ ਨਹੀਂ ਹੈ!
ਇਵੇਂ ਹੀ ਇਸ ਦੇ ਪ੍ਰਬੰਧ ਬਾਰੇ ਕੋਈ ਵੱਖਰੀ ਜਾਣਕਾਰੀ ਨਹੀਂ ਮਿਲ ਰਹੀ। “ਦੀ ਸਿੱਖ ਗੁਰਦੁਆਰਾ ਐਕਟ ੧੯੨੫” ਅਨੁਸਾਰ ਹੁਣ ਪੰਜਾਂ ਤੱਖਤਾਂ ਦੇ ਹੈੱਡ ਮਨਿਸਿਟਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਾਂਗ ਮਾਣਤਾ ਦਿੱਤੀ ਗਈ ਹੈ। {ਦੇਖੋ ਸਿਕਸ਼ਿਨ ੪੩-ਏ} ਇਸ ਐਕਟ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਦੀ ਜ਼ੁਮੇਵਾਰੀ ਸਿਰਫ ਇਹੀ ਹੈ ਕਿ ਉਹ ਗੁਰੂ ਓਪਦੇਸ਼ਾਂ ਅਨੁਸਾਰ ਇਤਹਾਸਕ ਗੁਰਦੁਆਰਿਆਂ ਦੀ ਦੇਖ-ਭਾਲ ਕਰਨੀ ਅਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦਾ ਹੀ ਪਰਚਾਰ ਕਰਨਾ। ਸਿੱਖਾਂ ਨੂੰ ਇਹ ਭੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਔਹਦੇਦਾਰਾਂ ਦਾ ਅਧਿਕਾਰ ਖੇਤਰ ਸਿਰਫ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੱਕ ਹੀ ਸੀਮਤ ਹੈ। ਇਸ ਕਰਕੇ ਹੀ ਬਿਹਾਰ, ਮਾਹਾਰਾਸ਼ਟਰਾ ਤੇ ਦਿੱਲੀ ਵਿਖੇ ਇਤਹਾਸਕ ਗੁਰਦੁਆਰਿਆਂ ਦੀ ਦੇਖ-ਭਾਲ ਲਈ ਅਲੱਗ ਅਲੱਗ ਕਮੇਟੀਆਂ ਬਣੀਆਂ ਹੋਈਆਂ ਹਨ ਅਤੇ ਹੁਣ ਹਰਿਆਣਾ ਵਿਖੇ ਰਹਿੰਦੇ ਸਿੱਖ ਭੀ ਆਪਣੀ ਵੱਖਰੀ ਕਮੇਟੀ ਬਣਾਉਂਣ ਲਈ ਓਪਰਾਲਾ ਕਰ ਰਹੇ ਹਨ।
ਇਸ ਲਈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਸਦਾ ਯਾਦ ਰੱਖਣਾ ਚਾਹੀਦਾ:
“ਸੱਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੀਓ ਗਰੰਥ” {ਗੁਰੂ ਗਰੰਥ ਸਾਹਿਬ)
ਗੁਰੂ ਗਰੰਥ ਸਾਹਿਬ ਵਿੱਚ “ਤਖਤਿ, ਤਖਤੁ, ਤਖਤ, ਤਖਤੈ” ਦਾ ਹਵਾਲਾ ਕਈ ਸ਼ਬਦਾਂ ਦੁਆਰਾ ਮਿਲਦਾ ਹੈ, ਜਿਵੇਂ
੧੪: ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧॥ ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥
੧੭੯: ਗਉੜੀ ਗੁਆਰੇਰੀ ਮਹਲਾ ੫॥ ਤਖਤੁ ਸਭਾ ਮੰਡਨ ਦੋਲੀਚੇ॥ ਸਗਲ ਮੇਵੇ ਸੁੰਦਰ ਬਾਗੀਚੇ॥
੩੫੫: ਆਸਾ ਮਹਲਾ ੧॥ ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ ਹੋਇ॥ ੨॥
੪੧੧: ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨: ਤਖਤ ਨਿਵਾਸੀ ਪੰਚ ਸਮਾਇ॥ ਕਾਰ ਕਮਾਈ ਖਸਮ ਰਜਾਇ॥
੫੧੫: ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥ (੧੬)
੫੬੨: ਵਡਹੰਸੁ ਮਹਲਾ ੫॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥ ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ॥ (੩)
੫੮੦: ਵਡਹੰਸੁ ਮਹਲਾ ੧ ਦਖਣੀ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (੨)
੭੦੭: ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ॥
੭੬੨: ਸੂਹੀ ਮਹਲਾ ੧ ਸੁਚਜੀ॥ ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥
੭੮੫: ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩॥ ਪਉੜੀ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥
੮੪੦: ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ॥ ਤਖਤਿ ਨਿਵਾਸੁ ਸਚੁ ਮਨਿ ਭਾਣੈ॥ (੧੭)
੯੦੭: ਰਾਮਕਲੀ ਦਖਣੀ ਮਹਲਾ ੧॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ॥ (੮)
੯੨੪: ਰਾਮਕਲੀ ਮਹਲਾ ੫ ਛੰਤ॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ॥ (੩)
੯੪੭: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਈ॥
੯੪੯: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥
੯੬੪: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥
੯੬੬: ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ
ਹਟੀਐ॥
੯੬੭: ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥
੯੬੮: ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
੯੯੨: ਮਾਰੂ ਮਹਲਾ ੧॥ ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥ ੧॥
੧੦੨੨: ਮਾਰੂ ਮਹਲਾ ੧॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ॥ ੧੦॥
੧੦੨੩: ਮਾਰੂ ਮਹਲਾ ੧॥ ਤਿਨ ਕਉ ਤਖਤਿ ਮਿਲੀ ਵਡਿਆਈ॥
ਸਾਚੀ ਨਗਰੀ ਤਖਤੁ ਸਚਾਵਾ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ॥
ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ॥ ੧੧॥
ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ॥
੧੦੨੬: ਮਾਰੂ ਮਹਲਾ ੧॥ ਓਹੁ ਨਿਰਮਲੁ ਹੈ ਨਾਹੀ ਅੰਧਿਆਰਾ॥ ਓਹੁ ਆਪੇ ਤਖਤਿ ਬਹੈ ਸਚਿਆਰਾ॥
ਗੁਰ ਕੇ ਸੇਵਕ ਸਤਿਗੁਰ ਪਿਆਰੇ॥ ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ॥
੧੦੩੯: ਮਾਰੂ ਮਹਲਾ ੧॥ ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥
ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥
੧੦੫੦: ਮਾਰੂ ਮਹਲਾ ੩॥ ਸਚੈ ਸਚਾ ਤਖਤੁ ਰਚਾਇਆ॥ ਨਿਜ ਘਰਿ ਵਸਿਆ ਤਿਥੈ ਮੋਹੁ ਨਾ ਮਾਇਆ॥
੧੦੭੩: ਮਾਰੂ ਸੋਲਹੇ ਮਹਲਾ ੫॥ ਸਾਚਾ ਤਖਤੁ ਸਚੀ ਪਾਤਿਸਾਹੀ॥ ਸਚੁ ਖਜੀਨਾ ਸਾਚਾ ਸਾਹੀ॥
੧੦੮੭: ਮਾਰੂ ਵਾਰ ਮਹਲਾ ੩॥ ਪਉੜੀ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥
੧੦੮੮: ਮਾਰੂ ਵਾਰ ਮਹਲਾ ੩॥ ਪਉੜੀ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
੧੦੯੨: ਮਾਰੂ ਵਾਰ ਮਹਲਾ ੩॥ ਪਉੜੀ॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥
੧੦੯੮: ਡਖਣੇ ਮ: ੫॥ ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ॥
੧੦੫੬: ਭੈਰਉ ਮਹਲਾ ੫ ਅਸਟਪਦੀਆ ਘਰੁ ੨॥ ਜਿਸ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ॥
੧੧੭੨: ਬਸੰਤੁ ਹਿੰਡੋਲ ਮਹਲਾ ੧॥ ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ॥
੧੧੮੮: ਬਸੰਤੁ ਮਹਲਾ ੧॥ ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥
੧੨੧੧: ਸਾਰਗ ਮਹਲਾ ੫॥ ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ॥
੧੨੭੯: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ ੧॥
੧੨੮੦: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥
੧੩੯੯: ਸਵਈਏ ਮਹਲੇ ਚਉਥੇ ਕੇ ੪॥ ਰਾਜੁ ਜੋਗ ਤਖਤੁ ਦੀਅਨੁ ਗੁਰ ਰਾਮਦਾਸ॥

ਸੋ ਉਪਰੋਕਤ ਗੁਰਬਾਣੀ ਦੇ ਸ਼ਬਦਾਂ ਅਨੁਸਾਰ ਅਕਾਲ ਤਖ਼ਤ ਦੀ ਹੋਂਦ ਨੂੰ ਕਿਸੇ ਇਮਾਰਤ ਨਾਲ ਨਹੀਂ ਜੋੜਿਆ ਜਾ ਸਕਦਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

ਰਾਜੋਆਣਾ ਅਤੇ ਭੁੱਲਰ ਦੀ ਫਾਂਸੀ

ਸਾਰੀ ਦੁਨੀਆਂ ਵਿੱਚ ਵਸਦੇ ਤਕਰੀਬਨ ਸਾਰੇ ਸਿੱਖਾਂ ਨੂੰ (ਕੁੱਝ ਇੱਕ ਨੂੰ ਛੱਡ ਕੇ) ਇਹ ਇਤਰਾਜ਼ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਸਿੱਖਾਂ ਨਾਲ ਇਨਸਾਫ ਨਹੀਂ ਕਰ ਰਹੀ। ਖਾਸ ਕਰਕੇ ਹਾਈਕੋਰਟ ਅਤੇ ਸਪਰੀਮ ਕੋਰਟ ਵਿਚ। ਮੈਂ ਵੀ ਇਸ ਗੱਲ ਨਾਲ 100% ਸਹਿਮਤ ਹਾਂ ਕਿ ਇਹ ਵਾਕਆਈ ਸੱਚ ਹੈ। ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹੋਏ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਸਰਕਾਰਾਂ ਆਪਣੀ ਪੂਰੀ ਵਾਹ ਲਾ ਰਹੀਆਂ ਹਨ ਅਤੇ ਇਸ ਦੇ ਉਲਟ ਕੇਹਰ ਸਿੰਘ ਵਰਗਿਆਂ ਨੂੰ ਸ਼ੱਕ ਦੇ ਅਧਾਰ ਤੇ ਹੀ ਫਾਂਸੀ ਤੇ ਟੰਗ ਦਿੱਤਾ ਜਾਂਦਾ ਹੈ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਤੇ ਲਟਕਾਉਣ ਦੀ ਤਲਵਾਰ ਉਸ ਦੇ ਸਿਰ ਤੇ ਕਿਤਨੇ ਸਾਲਾਂ ਤੋਂ ਲਟਕ ਰਹੀ ਹੈ।
ਇਹ ਤਾਂ ਸਾਰੇ ਹੀ ਕਹੀ ਜਾ ਰਹੇ ਹਨ ਕਿ ਸਿੱਖਾਂ ਨੂੰ ਕੇਂਦਰ ਤੋਂ ਇਨਸਾਫ ਨਹੀਂ ਮਿਲ ਰਿਹਾ ਅਤੇ ਨਾ ਹੀ ਮਿਲਣ ਦੀ ਆਸ ਹੈ। ਇਸ ਕਰਕੇ ਕਈ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਲਈ ਸਾਨੂੰ ਆਪਣਾ ਵੱਖਰਾ ਦੇਸ਼ ਚਾਹੀਦਾ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਸਿੱਖ ਵੀ ਦੂਸਰੇ ਹੋਰ ਸਿੱਖਾਂ ਨੂੰ ਇਨਸਾਫ ਦੇਣ ਲਈ ਤਿਆਰ ਹਨ? ਕੀ ਉਹ ਵੀ ਪੱਖਪਾਤ ਤੇ ਆਪਣਿਆਂ ਨੂੰ ਬਚਾਉਣ ਦੀ ਪੂਰੀ ਵਾ ਨਹੀਂ ਲਉਂਦੇ ਜਿਸ ਤਰ੍ਹਾਂ ਕਿ ਕੇਂਦਰ ਦੀਆਂ ਸਰਕਾਰਾਂ ਲਾਉਂਦੀਆਂ ਹਨ? ਚਲੋ ਇਹ ਤਾਂ ਮੰਨ ਲੈਂਦੇ ਹਾਂ ਕਿ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਜਾਂ ਵੋਟਾਂ ਦੀ ਖਾਤਰ ਅਜਿਹਾ ਕਰਦੀ ਹੈ। ਕੀ ਪੰਜਾਬ ਵਿੱਚ ਵੀ ਇਹੋ ਕੁੱਝ ਨਹੀਂ ਹੋ ਰਿਹਾ? ਜਦੋਂ ਭੁੱਲਰ ਨੇ ਦਿੱਲੀ ਤੋਂ ਪੰਜਾਬ ਵਿਚਲੀ ਕਿਸੇ ਜੇਲ ਵਿੱਚ ਤਬਦੀਲ ਕਰਨ ਦੀ ਅਰਜ਼ੀ ਦਿੱਤੀ ਸੀ ਤਾਂ ਕੀ ਬਾਦਲ ਸਰਕਾਰ ਨੇ ਇਹ ਨਹੀਂ ਸੀ ਕਿਹਾ ਕਿ ਭੁੱਲਰ ਇੱਕ ਖਤਰਨਾਇਕ ਅੱਤਵਾਦੀ ਹੈ ਅਤੇ ਉਸ ਨੂੰ ਪੰਜਾਬ ਵਿੱਚ ਲਿਆਉਣ ਤੋਂ ਇਨਕਾਰ ਕਰ ਦਿੱਤਾ ਸੀ? ਜਿਹੜੇ ਕਹਿੰਦੇ ਹਨ ਕਿ ਅਕਾਲ ਤਖ਼ਤ ਸਾਡਾ ਸੁਪਰੀਮ ਹੈ, ਕੀ ਉਥੇ ਵੀ ਸਰਿਆਂ ਨੂੰ ਇਕੋ ਜਿਹਾ ਇਨਸਾਫ ਮਿਲਦਾ ਹੈ ਜਾਂ ਕਦੀ ਮਿਲਿਆ ਹੈ? ਕੀ ਉਥੇ ਵੀ ਸਾਰੇ ਫੈਸਲੇ ਵੋਟਾਂ ਨੂੰ ਮੁੱਖ ਰੱਖਕੇ ਨਹੀਂ ਕਰਵਾਏ ਜਾਂਦੇ? ਜਿਹਨਾ ਦੇ ਸਾਹਮਣੇ ਚਿੱਟੇ ਦਿਨ ਵਾਂਗ ਇਹ ਸਾਰਾ ਕੁੱਝ ਹੁੰਦਾ ਹੈ ਅਤੇ ਫਿਰ ਵੀ ਉਹ ਉਹਨਾ ਅੱਗੇ ਤਰਲੇ ਅਤੇ ਅਪੀਲਾਂ ਕਰਦੇ ਨਜ਼ਰ ਆਉਂਦੇ ਹਨ। ਇਸ ਲਈ ਜੇ ਕਰ ਕੇਂਦਰ ਤੋਂ ਇਨਸਾਫ ਨਹੀਂ ਮਿਲ ਰਿਹਾ ਤਾਂ ਫਿਰ ਵੀ ਇਨਸਾਫ ਦੀ ਆਸ ਲਈ ਪ੍ਰੋ: ਭੁੱਲਰ ਦਾ ਅਪੀਲਾਂ ਕਰਕੇ ਆਸ ਰੱਖਣੀ ਕੋਈ ਬਹੁਤੀ ਗਲਤ ਗੱਲ ਨਹੀਂ ਕਹੀ ਜਾ ਸਕਦੀ। ਇਸ ਦੇ ਸੰਬੰਧ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਜੋ ਬਿਆਨ, ਕੁੱਝ ਦਿਨ ਪਹਿਲਾਂ, ਸ਼੍ਰੋ: ਕਮੇਟੀ ਦੇ ਪ੍ਰਧਾਨ ਮੱਕੜ ਨੂੰ ਲਿਖੀ ਚਿੱਠੀ ਵਿੱਚ ਛਪਿਆ ਹੈ ਉਸ ਨੂੰ ਬਹੁਤਾ ਸਿਆਣਪ ਵਾਲਾ ਨਹੀਂ ਕਿਹਾ ਜਾ ਸਕਦਾ। ਉਸ ਵਿੱਚ ਤਾਂ ਸਿੱਧਾ ਹੀ ਪ੍ਰੋ: ਭੁੱਲਰ ਨੂੰ ਬੰਬ ਧਮਾਕਿਆਂ ਦਾ ਦੋਸ਼ੀ ਠਹਿਰਾ ਦਿੱਤਾ ਹੈ। ਇਸੇ ਤਰ੍ਹਾਂ ਹੀ ਦੋ ਹੋਰ ਸਿੱਖਾਂ ਬਾਰੇ ਜੋ ਕਿ ਯੂਰਪ ਵਿੱਚ ਰਹਿੰਦੇ ਹਨ, ਉਹਨਾ ਬਾਰੇ ਰਾਜੋਆਣੇ ਦੇ ਬਿਆਨ ਦੀ ਹਲਵਾਰੇ ਨੇ ਅਸਿਮਤੀ ਪ੍ਰਗਟਾਈ ਹੈ। ਭਾਵੇਂ ਕਿ ਸਾਰੀ ਦੁਨੀਆਂ ਦੇ ਸਿੱਖ ਰਾਜੋਆਣੇ ਦੀ ਦ੍ਰਿੜਤਾ ਅਤੇ ਮੌਤ ਨੂੰ ਮਖੌਲਾਂ ਕਰਨ ਦੀ ਪ੍ਰਸੰਸਾ ਕਰਦੇ ਹਨ ਪਰ ਉਹਨਾ ਵਿਚੋਂ ਬਹੁਤੇ ਉਹ ਰਾਜੋਆਣੇ ਦੀ ਇਸ ਤਰ੍ਹਾਂ ਦੀ ਬਿਆਨਬਾਜੀ ਨੂੰ ਬਹੁਤਾ ਦੂਰ ਅੰਦੇਸ਼ੀ ਨਹੀਂ ਮੰਨਦੇ।
ਮੌਤ ਨੂੰ ਮਖੌਲਾਂ ਕਰਨ ਵਾਲੇ ਲੋਕ ਤਕਰੀਬਨ ਹਰ ਕੌਮ, ਦੇਸ਼ ਅਤੇ ਧਰਮ ਵਿੱਚ ਹੁੰਦੇ ਹਨ। ਜੇ ਕਰ ਹੁਣ ਦੀ ਗੱਲ ਕਰੀਏ ਤਾਂ ਇਸਲਾਮ ਨੂੰ ਮੰਨਣ ਵਾਲਿਆਂ ਵਿੱਚ ਇਸ ਵੇਲੇ ਸਭ ਤੋਂ ਜਿਆਦਾ ਇਸ ਤਰ੍ਹਾਂ ਦੇ ਹਨ ਜੋ ਕਿ ਹਰ ਆਏ ਦਿਨ ਆਪਣੇ ਨਾਲ ਬੰਬ ਬੰਨ ਕੇ ਮਾਰ ਕੇ ਮਰ ਜਾਂਦੇ ਹਨ। ਇਹ ਵਰਤਾਰਾ ਪਿਛਲੇ ਇੱਕ ਦਹਾਕੇ ਤੋਂ ਵੀ ਉਪਰ ਅਫਗਾਨਿਸਤਾਨ, ਪਾਕਿਸਤਾਨ, ਇਰਾਕ ਅਤੇ ਕਈ ਹੋਰ ਇਸਲਾਮੀ ਦੇਸ਼ਾਂ ਵਿੱਚ ਵਾਪਰ ਰਿਹਾ ਹੈ। ਇਹਨਾ ਵਿੱਚ ਮਰਨ ਮਰਾਉਣ ਵਾਲੇ ਵੀ ਬਹੁਤਾ ਕਰਕੇ ਇਸਲਾਮ ਨੂੰ ਮੰਨਣ ਵਾਲੇ ਹੀ ਕਿਸੇ ਹੋਰ ਫਿਰਕੇ ਨਾਲ ਸੰਬੰਧਿਤ ਹੁੰਦੇ ਹਨ ਅਤੇ ਹੁੰਦੇ ਵੀ ਕਈ ਵਾਰੀ ਨਿਰਦੋਸ਼ੇ ਹੀ ਹਨ। ਇਹ ਇੱਕ ਬਹਾਦਰੀ ਵਾਲਾ ਗੁਣ ਤਾਂ ਮੰਨਿਆਂ ਜਾ ਸਕਦਾ ਹੈ ਪਰ ਧਰਮ ਵਾਲਾ ਨਹੀਂ। ਧਰਮੀ ਪੁਰਸ਼ ਵਿੱਚ ਦਇਆ ਹੁੰਦੀ ਹੈ ਉਹ ਕਿਸੇ ਦੀ ਜਾਨ ਲੈਣ ਲੱਗਿਆਂ ਸੌ ਵਾਰੀ ਸੋਚਦਾ ਹੈ ਕਿ ਮੇਰੇ ਕੋਲੋਂ ਕੋਈ ਨਿਦੋਸ਼ਾ ਨਾ ਮਾਰਿਆ ਜਾਵੇ। ਕਿਉਂਕਿ ਹਰ ਇੱਕ ਵਿੱਚ ਉਸੇ ਹੀ ਪ੍ਰਮਾਤਮਾ ਦੀ ਜੋਤਿ ਹੈ। ਉਹ ਵੀ ਕਸੇ ਦਾ ਧੀ-ਪੁੱਤਰ, ਭੈਣ-ਭਰਾ, ਮਾਤਾ-ਪਿਤਾ, ਪਤੀ-ਪਤਨੀ ਜਾਂ ਹੋਰ ਕੋਈ ਰਿਸ਼ਤੇਦਾਰ ਹੈ। ਉਹਨਾ ਦੀਆਂ ਵੀ ਕੋਈ ਭਾਵਨਾਵਾਂ ਹਨ। ਇਸੇ ਲਈ ਸਾਡੇ ਗੁਰੂਆਂ ਨੇ ਦਸ ਜਾਮਿਆਂ ਵਿਚੋਂ ਸਿਰਫ ਦੋ ਨੇ ਹੀ ਮਜਬੂਰੀ ਵੱਸ ਮਨੁੱਖੀ ਹੱਕਾਂ ਦੀ ਰਾਖੀ ਲਈ ਅਤੇ ਆਪਣੀ ਹਿਫਾਜਤ ਲਈ ਹਥਿਆਰ ਚੁੱਕੇ ਸਨ ਅਤੇ ਸਾਰੀਆਂ ਲੜਾਂਈਆਂ ਵਿੱਚ ਕਿਸੇ ਤੇ ਵੀ ਪਹਿਲ ਕਰਕੇ ਕੋਈ ਹਮਲਾ ਨਹੀਂ ਸੀ ਕੀਤਾ। ਪੁਰਾਣੇ ਇਤਿਹਾਸ ਨੂੰ ਪੜ੍ਹਿਆਂ ਪਤਾ ਲਗਦਾ ਹੈ ਕਿ ਇਸਲਾਮ ਵਿੱਚ ਪਹਿਲਾਂ ਤੋਂ ਹੀ ਮਜਬੀ ਜਨੂੰਨ ਅਤੇ ਕੱਟੜਤਾ ਜਿਆਦਾ ਹੈ ਪਰ ਦਇਆ ਵਾਲਾ ਧਰਮੀ ਗੁਣ ਘੱਟ। ਤਾਂ ਹੀ ਤਾਂ ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ ਸੀ:
ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਪੰਨਾ 1084॥
ਭਾਵ ਕਿ ਧਰਮੀ ਬੰਦੇ ਦਾ ਮਨ ਮੋਮ ਵਰਗਾ ਨਰਮ ਹੋਣਾਂ ਚਾਹੀਦਾ ਹੈ ਪਰ ਇਸੇ ਤਰ੍ਹਾਂ ਦੀ ਹੀ ਜਨੂੰਨੀ ਕੱਟੜਤਾ ਸਿੱਖਾਂ ਵਿੱਚ ਵੀ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਗੁਰਦਾਸਪੁਰ ਦੇ ਗੋਲੀਕਾਂਡ ਵਿੱਚ ਇੱਕ ਨੌਜੁਆਨ ਦੀ ਮੌਤ ਮੰਦਭਾਗੀ ਗੱਲ ਹੋਈ ਹੈ। ਇਸ ਨਾਲ ਸੰਬੰਧਿਤ ਜਦੋਂ ਇੱਕ ਯੂ-ਟਿਉਬ ਦੀ ਵੀਡੀਓ ਦਾ ਕਲਿਪ ਦੇਖ ਰਿਹਾ ਸੀ ਤਾਂ ਪੁਲੀਸ ਵਾਲੇ ਜਿਹੜੇ ਕਿ ਦੇਖਣ ਨੂੰ ਸਿੱਖ ਲਗਦੇ ਸਨ, ਉਹ ਬੜੀਆਂ ਗੰਦੀਆਂ ਗਾਲ੍ਹਾਂ ਕੱਢ ਰਹੇ ਸਨ। ਇਸ ਬਾਰੇ ਵੀ ਕਿਸੇ ਮਨੋ ਵਿਗਆਨੀ ਤੋਂ ਪੜਤਾਲ ਕਰਵਾਉਣੀ ਚਾਹੀਦੀ ਹੈ ਕਿ ਉਹ ਅਜਿਹਾ ਕਿਉਂ ਕਰ ਰਹੇ ਸਨ? ਕੀ ਉਹਨਾ ਨੂੰ ਸਿੱਖਾਂ ਤੋਂ ਕਿਸੇ ਕਾਰਨ ਨਫਰਤ ਹੈ? ਕੀ ਉਹਨਾ ਦੇ ਕਿਸੇ ਪਰਵਾਰਕ ਮੈਂਬਰ ਨੂੰ ਕਿਸੇ ਕਥਿਤ ਖਾੜਕੂ ਨੇ ਕਤਲ ਤਾਂ ਨਹੀਂ ਸੀ ਕੀਤਾ? ਕੀ ਉਹ ਕਿਸੇ ਸਿੱਖ ਵਿਰੋਧੀ ਫਿਰਕੇ ਨਾਲ ਸੰਬੰਧਿਤ ਤੇ ਨਹੀਂ ਸਨ?
ਸਾਰੀ ਦੁਨੀਆਂ ਵਿਚੋਂ ਮੌਤ ਦੀ ਸਜਾ ਖਤਮ ਕਰਾਉਣ ਦੇ ਲਈ ਅਵਾਜ਼ਾ ਉਠ ਰਹੀਆਂ ਹਨ। ਸਾਰੇ ਦੁਨੀਆਂ ਦੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਇਹ ਮਸਲਾ ਸਿਰਫ ਰਾਜੋਆਣਾ ਤੇ ਪ੍ਰੋ: ਭੁੱਲਰ ਦਾ ਨਾ ਹੋ ਕੇ ਸਾਰਿਆਂ ਲਈ ਹੀ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਇਸ ਸਜਾ ਨੂੰ ਬਿੱਲਕੁੱਲ ਖਤਮ ਕੀਤਾ ਜਾਵੇ। ਮੌਤ ਦੀ ਸਜ਼ਾ ਦੇਣ ਨਾਲ ਕਿਸੇ ਵੀ ਦੇਸ਼ ਵਿੱਚ ਅਪਰਾਧ ਘੱਟ ਨਹੀਂ ਜਾਂਦੇ। ਕਨੇਡਾ ਅਤੇ ਅਮਰੀਕਾ ਦੀ ਹੀ ਮਿਸਾਲ ਲੈ ਲਓ। ਇੱਥੇ ਕਨੇਡਾ ਵਿੱਚ ਮੌਤ ਦੀ ਸਜਾ ਨਹੀਂ ਹੈ ਪਰ ਅਮਰੀਕਾ ਵਿੱਚ ਕਾਫੀ ਸਟੇਟਾਂ ਵਿੱਚ ਹੈ। ਪਰ ਅਮਰੀਕਾ ਵਿੱਚ ਅਪਰਾਧ ਕਨੇਡਾ ਨਾਲੋਂ ਕਿਤੇ ਜ਼ਿਆਦਾ ਹਨ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਅਸੈਂਬਲੀ ਵਿੱਚ ਇਸ ਬਾਰੇ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ। ਜੇ ਕਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਤਾਂ ਵਿਦੇਸ਼ਾਂ ਵਿਚਲੇ ਬਾਦਲ ਦਲੀਆਂ ਦੇ ਸਹਿਯੋਗੀਆਂ ਨੂੰ ਪੁੱਛਣਾ ਬਣਦਾ ਹੈ ਕਿ ਤੁਸੀਂ ਉਸ ਨਾਲ ਕਿਉਂ ਜੁੜੇ ਹੋਏ ਹੋ? ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਵੈਨਕੂਵਰ ਵਿੱਚ ਜਿਹੜਾ ਇੱਕ ਰੇਡੀਓ ਸ਼ਟੇਸ਼ਨ ਸਿੱਖੀ ਹੱਕਾਂ ਲਈ ਬਹੁਤਿਆਂ ਨਾਲੋਂ ਵੱਧ ਅਵਾਜ਼ ਉਠਾਉਂਦਾ ਹੈ ਉਸ ਦਾ ਕਰਤਾ-ਧਰਤਾ ਬਾਦਲ ਦਲ ਨਾਲ ਸੰਬੰਧਿਤ ਹੈ। ਕੀ ਅਜਿਹੇ ਬੰਦਿਆਂ ਦਾ ਕੋਈ ਫਰਜ ਨਹੀਂ ਬਣਦਾ ਕਿ ਅਸੀਂ ਵੀ ਆਪਣੇ ਸਹਿਯੋਗੀਆਂ ਤੇ ਕੋਈ ਦੁਬਾਓ ਪਾਈਏ ਅਤੇ ਜਾਂ ਫਿਰ ਉਸ ਤੋਂ ਖਹਿੜਾ ਛੁਡਾਈਏ? ਸਿੱਖ ਹੋਣ ਤੇ ਨਾਤੇ ਕੁੱਝ ਨਾ ਕੁੱਝ ਤਾਂ ਕਰਨਾ ਹੀ ਬਣਦਾ ਹੈ ਨਾ ਕਿ ਸਿਰਫ ਕੇਂਦਰੀ ਸਰਕਾਰ ਨੂੰ ਹੀ ਮਾੜਾ ਕਹੀ ਜਾਈਏ। ਇਹ ਗੱਲ ਦੇਸ਼-ਵਿਦੇਸ਼ ਦੇ ਸਾਰੇ ਬਾਦਲ ਦਲ ਦੇ ਸਹਿਯੋਗੀਆਂ ਨੂੰ ਵਿਚਾਰਨੀ ਚਾਹੀਦੀ ਹੈ।
ਮੱਖਣ ਸਿੰਘ ਪੁਰੇਵਾਲ

ਸਿੱਖਮਾਰਗ ਦਾ ਸੰਪਾਦਕੀ, ਰਾਜੋਆਣਾ ਦੇ ਮਾਮਲੇ ਤੇ

ਇਕ ਕਹਾਵਤ ਕਈ ਵਾਰੀ ਸੁਣਨ ਵਿੱਚ ਆਈ ਹੈ ਕਿ ਸਿੱਖ, ਆਪਣੇ ਧਰਮ ਲਈ ਸਿਰ ਵਾਰਨ ਤੋਂ ਨਹੀਂ ਡਰਦਾ ਅਤੇ ਨਾ ਹੀ ਕਿਸੇ ਦੂਸਰੇ ਦਾ ਸਿਰ ਲੈਣ ਤੋਂ ਡਰਦਾ ਹੈ। ਜੇ ਕਰ ਡਰਦਾ ਹੈ ਤਾਂ ਉਹ ਸਮੇਂ ਸਿਰ ਆਪਣਾ ਸਿਰ ਵਰਤਣ ਤੋਂ ਡਰਦਾ ਹੈ। ਕਹਿਣ ਤੋਂ ਭਾਵ ਹੈ ਕਿ ਆਪਣਾ ਸਿਰ ਦੇਣ ਲਈ ਅਤੇ ਦੂਸਰੇ ਦਾ ਸਿਰ ਲੈਣ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਪਰ ਜਦੋਂ ਸਿਰ ਵਰਤਣ ਦਾ ਮੌਕਾ ਆਉਂਦਾ ਹੈ ਤਾਂ ਇਸ ਆਪਣਾ ਸਿਰ ਘੱਟ ਅਤੇ ਕਿਸੇ ਦੂਸਰੇ ਦਾ ਜ਼ਿਆਦਾ ਵਰਤਦਾ ਹੈ ਭਾਵ ਕਿ ਲਾਈ ਲੱਗ ਬਣ ਕੇ ਹੋਰਨਾ ਤੋਂ ਸਲਾਹਾਂ ਲੈਣ ਲਗਦਾ ਹੈ। ਤਾਂਹੀ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਮੋਰਚੇ ਲਾ ਕੇ ਆਪਣਾ ਬੇਅੰਤ ਜਾਨੀ ਤੇ ਮਾਲੀ ਨੁਕਸਾਨ ਕਰਵਾ ਕੇ ਜਦੋਂ ਟੇਬਲ ਤੇ ਬੈਠ ਕੇ ਗੱਲਬਾਤ ਰਾਹੀਂ ਕੋਈ ਪ੍ਰਾਪਤੀ ਕਰਨ ਦਾ ਮੌਕਾ ਆਉਂਦਾ ਹੈ ਤਾਂ ਸਮੇਂ ਸਿਰ ਆਪਣਾ ਸਿਰ ਨਾ ਵਰਤਣ ਦੇ ਕਾਰਨ ਪ੍ਰਾਪਤੀ ਨਗੂਣੀ ਜਿਹੀ ਹੀ ਹੁੰਦੀ ਹੈ। ਹੋ ਸਕਦਾ ਹੈ ਕਿ ਬਹੁਤਿਆਂ ਨੂੰ ਇਹ ਗੱਲ ਚੰਗੀ ਨਾ ਲੱਗੇ ਪਰ ਇਹ ਅਸਲੀਅਤ ਦੇ ਕਾਫੀ ਨੇੜੇ ਲਗਦੀ ਹੈ।
ਇਕ ਗੱਲ ਹੋਰ ਇਹ ਹੈ ਕਿ ਸਿੱਖ ਆਪਣੇ ਆਪ ਨੂੰ ਪੂਰੇ ਸਹੀ ਅਤੇ ਦੂਸਰੇ ਨੂੰ ਬਿੱਲਕੁੱਲ ਗਲਤ ਸਮਝਦੇ ਹਨ ਭਾਵ ਕਿ ਆਪਣਾ ਕੋਈ ਵੀ ਕਸੂਰ ਨਹੀਂ ਮੰਨਣਾ ਚਾਹੁੰਦੇ ਅਤੇ ਸਾਰਾ ਕਸੂਰ ਦੂਸਰਿਆਂ ਦਾ ਹੀ ਕੱਢਣਾ ਚਾਹੁੰਦੇ ਹਨ। ਜਜਬਾਤੀ ਤੌਰ ਤੇ ਆਪਣੇ ਹੀ ਗੁਰਦੁਆਰਿਆਂ, ਰੈਲੀਆਂ ਜਾਂ ਇਕੱਠਾਂ ਵਿੱਚ ਤਾਂ ਇਹ ਗੱਲ ਪੁੱਗ ਜਾਂਦੀ ਹੈ ਪਰ ਕੌਮਾਂਤਰੀ ਲੈਵਲ ਤੇ ਅਜਿਹੀ ਗੱਲ ਪਗਾਉਣੀ ਇਤਨੀ ਸੌਖੀ ਨਹੀਂ ਹੁੰਦੀ। ਇਸੇ ਕਰਕੇ ਭਾਵੇਂ ਹੁਣ ਸਿੱਖ ਸਾਰੀ ਦੁਨੀਆਂ ਵਿੱਚ ਵਸੇ ਹੋਏ ਹਨ ਪਰ ਫਿਰ ਵੀ ਇਹ ਹਾਲੇ ਤੱਕ ਦੁਨੀਆਂ ਦੇ ਕਿਸੇ ਵੀ ਦੇਸ਼ ਤੋਂ ਆਪਣੇ ਤੇ ਹੋਏ ਜੁਲਮ ਬਾਰੇ ਕੋਈ ਖਾਸ ਹਮਦਰਦੀ ਹਾਸਲ ਨਹੀਂ ਕਰ ਸਕੇ। ਕਹਿਣ ਨੂੰ ਭਾਵੇਂ ਜੋ ਮਰਜੀ ਕਹੀ ਜਾਣ ਪਰ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸਿੱਖ ਆਪ ਆਪਣੇ ਗੁਰਦੁਆਰਿਆਂ ਜਾਂ ਭਾਈਚਾਰੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਦੇ ਹਨ। ਜੇ ਕਰ ਘਰ ਵਿੱਚ ਵੀ ਮੀਆਂ ਬੀਬੀ ਦਾ ਕੋਈ ਲੜਾਈ ਝਗੜਾ ਹੋਵੇ ਜਿਹਾ ਕਿ ਆਮ ਤੌਰ ਤੇ ਕਦੀ ਕਤਾਂਈ ਹਰ ਘਰ ਵਿੱਚ ਹੋ ਹੀ ਜਾਂਦਾ ਹੈ ਤਾਂ ਕੀ ਉਸ ਵੇਲੇ ਕਸੂਰ ਸਿਰਫ ਇੱਕ ਪਾਸੇ ਦਾ ਹੀ ਹੁੰਦਾ ਹੈ? ਹਾਂ, ਇਹ ਤਾਂ ਹੋ ਸਕਦਾ ਹੈ ਕਿ ਇੱਕ ਦਾ ਕਸੂਰ 80% ਹੋਵੇ ਅਤੇ ਦੂਜੇ ਦਾ 20% ਜਾਂ ਹੋਰ ਕਿਸੇ ਪਰਸੈਂਟ ਦੇ ਹਿਸਾਬ ਨਾਲ ਪਰ ਇਹ ਤਾਂ ਸ਼ਾਇਦ ਹੀ ਕਦੀ ਹੋਵੇ ਕਿ ਇੱਕ ਦਾ ਕਸੂਰ 100% ਅਤੇ ਦੂਜੇ ਦਾ 0%.
ਜੇ ਕਰ ਸਰਕਾਰਾਂ ਵਧੀਕੀਆਂ ਕਰਦੀਆਂ ਹਨ ਤਾਂ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਿਤੇ ਕੁੱਝ ਪਰਸੈਂਟ ਇਸ ਵਿੱਚ ਉਹਨਾ ਦਾ ਵੀ ਕਸੂਰ ਤਾਂ ਨਹੀਂ? ਜੇ ਕਰ ਸਰਕਾਰ ਨੇ ਮਿਲਟਰੀ ਅਤੇ ਪੁਲੀਸ ਰਾਹੀਂ ਨਿਰਦੋਸ਼ ਸਿੱਖਾਂ ਨੂੰ ਫੜ-ਫੜ ਕੇ ਮਾਰਿਆ ਹੈ ਤਾਂ ਕੀ ਅਜਿਹੇ ਕਾਰਨਾਮੇ ਕਥਿਤ ਖਾੜਕੂਆਂ ਨੇ ਵੀ ਤਾਂ ਨਹੀਂ ਕੀਤੇ? ਕੀ ਇਹਨਾ ਨੇ ਵੀ ਨਿਰਦੋਸ਼ ਸਿੱਖਾਂ ਅਤੇ ਹਿੰਦੂਆਂ ਦੇ ਕਤਲ ਤਾਂ ਨਹੀਂ ਕੀਤੇ? ਪਿਛਲੀਆਂ ਗੱਲਾਂ ਤਾਂ ਛੱਡੋ ਪਰ ਜੋ ਅੱਜ ਹੀ 26 ਮਾਰਚ, ਇੰਡੀਆ ਦੀ 27 ਮਾਰਚ ਦੀ ਤਾਜੀ ਜਾਣਕਾਰੀ ਜੋ ਕਿ ਅਜੀਤ ਅਖਬਾਰ ਵਿੱਚ ਛਪੀ ਹੈ ਅਤੇ ਹੈ ਵੀ ਉਹ ਬਲਵੰਤ ਸਿੰਘ ਰਾਜੋਆਣਾ ਨਾਲ ਸੰਬੰਧਿਤ, ਉਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਹੂ-ਬ-ਹੂ ਹੇਠਾਂ ਪਾ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਸਾਡੀ ਕਹੀ ਹੋਈ ਗੱਲ ਸਮਝਣ ਵਿੱਚ ਕੁੱਝ ਸੌਖ ਹੋ ਸਕੇ। ਇਸ ਨਾਲ ਰਲਦੀ ਮਿਲਦੀ ਜਾਣਕਾਰੀ ਸਪੋਕਸਮੈਨ ਵਿੱਚ ਵੀ ਛਪੀ ਹੈ ਪਰ ਅਜੀਤ ਵਿੱਚ ਕੁੱਝ ਵਿਸਥਾਰ ਵਿੱਚ ਹੈ:

ਖ਼ੁਦ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ
ਚੰਡੀਗੜ੍ਹ. ਗੁਰਪ੍ਰੀਤ ਸਿੰਘ ਨਿੱਝਰ
26 ਮਾਰਚ : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਵੇਂ ਅੱਜ ਕੁੱਝ ਲੋਕ ਅੱਤਵਾਦੀ ਜਾਂ ਉਗਰਵਾਦੀ ਵੀ ਕਹਿੰਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਖ਼ੁਦ ਵੀ ਪੰਜਾਬ ਵਿਚ ਆਏ ਉਸ ਅੱਤਵਾਦ ਦਾ ਸ਼ਿਕਾਰ ਰਿਹਾ ਹੈ, ਜਿਸ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਲਈਆਂ ਸਨ। ਸਾਲ 1991 'ਚ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਭੜਕਾਉਣ 'ਤੇ ਭਾਈ ਰਾਜੋਆਣਾ ਦੇ ਸਾਬਕਾ ਫ਼ੌਜੀ ਪਿਤਾ ਸ. ਮਲਕੀਤ ਸਿੰਘ ਨੂੰ ਕੁੱਝ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਸੀ। ਉਸ ਵੇਲੇ ਦੀ ਸਰਕਾਰ ਅਤੇ ਪੁਲਿਸ ਦੀ ਯੋਜਨਾ ਸੀ ਕਿ ਅੱਤਵਾਦ ਦਾ ਸ਼ਿਕਾਰ ਪਰਿਵਾਰਾਂ ਦੇ ਨੌਜਵਾਨ ਲੜਕਿਆਂ ਨੂੰ ਪੁਲਿਸ ਵਿਚ ਭਰਤੀ ਕਰ ਕੇ ਉਨ੍ਹਾਂ ਨੂੰ ਖਾੜਕੂਆਂ ਦੇ ਵਿਰੁੱਧ ਵਰਤਿਆ ਜਾਵੇ। ਇਸੇ ਤਹਿਤ ਪੁਲਿਸ ਅਧਿਕਾਰੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਤਵਾਦ ਤੋਂ ਪੀੜਤ ਦਾ ਦਰਜਾ ਦੇ ਕੇ ਪੁਲਿਸ ਵਿਚ ਸਿਪਾਹੀ ਭਰਤੀ ਕਰ ਲਿਆ ਸੀ। ਪਿੰਡ ਦੇ ਲੋਕਾਂ ਅਨੁਸਾਰ ਉਸ ਵੇਲੇ ਭਾਈ ਰਾਜੋਆਣਾ ਨੇ ਕਿਹਾ ਸੀ ਕਿ 'ਖ਼ੁਦ ਨੂੰ ਖਾੜਕੂ ਦੱਸਣ ਵਾਲੇ ਜਿਨ੍ਹਾਂ ਲੋਕਾਂ ਨੇ ਉਸ ਦੇ ਨਿਰਦੋਸ਼ ਬਾਪ ਨੂੰ ਮਾਰਿਆ ਹੈ, ਉਹ ਨਕਲੀ ਖਾੜਕੂ ਨੇ, ਜੇਕਰ ਮੌਕਾ ਮਿਲਿਆ ਤਾਂ ਦੱਸਾਂਗਾ ਕਿ ਅਸਲੀ ਖਾੜਕੂ ਕੀ ਹੁੰਦੇ ਨੇ'। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਨੇ ਆਪਣੇ ਬੋਲਾਂ ਨੂੰ ਪੁਗਾ ਕੇ ਵੀ ਵਿਖਾਇਆ। ਜਦੋਂ ਉਸ ਨੂੰ ਅਧਿਕਾਰੀਆਂ ਨੇ ਪੁਲਿਸ ਵਿਚ ਭਰਤੀ ਕਰਕੇ ਖੁੱਲ੍ਹੀ ਛੁੱਟੀ ਦਿੱਤੀ ਸੀ ਕਿ ਜੇ ਕਰ ਉਹ ਚਾਹੇ ਤਾਂ ਆਪਣੇ ਬਾਪ ਦੇ ਕਾਤਲਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਟਿਕਾਣੇ ਲਗਾ ਸਕਦਾ ਹੈ, ਤਾਂ ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਦਾ ਕਸੂਰ ਨਹੀਂ ਸਗੋਂ ਉਨ੍ਹਾਂ ਦੀ ਸੋਚ ਹੀ ਛੋਟੀ ਹੈ। ਫਿਰ ਜਦੋਂ ਉਸ ਦੇ ਸਬੰਧ ਨਾਮੀ ਖਾੜਕੂਆਂ ਨਾਲ ਬਣੇ ਤਾਂ ਫਿਰ ਖਾੜਕੂਆਂ ਨੇ ਵੀ ਭਾਈ ਰਾਜੋਆਣਾ ਨੂੰ ਆਪਣੇ ਪਿਤਾ ਦੇ ਕਾਤਲਾਂ ਦਾ ਸਿਰਫ਼ ਨਾਮ ਦੱਸਣ ਲਈ ਕਿਹਾ ਸੀ, ਪਰ ਉਦੋਂ ਵੀ ਭਾਈ ਰਾਜੋਆਣਾ ਨੂੰ ਉਹ ਹੀ ਗੱਲ ਦੁਹਰਾਉਂਦਿਆਂ ਕਿਹਾ ਸੀ ਕਿ ਉਹ ਇਨ੍ਹਾਂ ਛੋਟੀਆਂ ਗੱਲਾਂ ਤੋਂ ਉੱਪਰ ਉੱਠ ਚੁੱਕਾ ਹੈ। ਇਸ ਉੱਚੀ ਸੋਚ ਦੀ ਝਲਕ ਉਸ ਵੱਲੋਂ ਲਿਖੀਆਂ ਜੋਸ਼ੀਲੀਆਂ ਤਕਰੀਰਾਂ ਅਤੇ ਇਨਕਲਾਬੀ ਨਜ਼ਮਾਂ 'ਚੋਂ ਵੀ ਦਿਸਦੀ ਹੈ। ਇਸ ਤੋਂ ਇਲਾਵਾ ਜਿਸ ਹਰਪਿੰਦਰ ਸਿੰਘ ਗੋਲਡੀ ਨੂੰ ਭਾਈ ਰਾਜੋਆਣਾ ਨੇ ਆਪਣਾ ਛੋਟਾ ਭਰਾ ਬਣਾਇਆ ਸੀ, ਉਸ ਨੂੰ ਭਾਵੇਂ ਪੁਲਿਸ ਨੇ ਖਾੜਕੂ ਕਹਿ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਪਰ ਉਹ ਗੋਲਡੀ ਵੀ ਇੱਕ ਕਮਿਊਨਿਸਟ ਸੋਚ ਵਾਲੇ ਪਰਿਵਾਰ 'ਚੋਂ ਸੀ। ਉਸ ਦੇ ਪਿਤਾ ਜਸਵੰਤ ਸਿੰਘ ਮਹਿਰਾਜ ਇਲਾਕੇ ਦੇ ਅਜਿਹੇ ਨਾਮਵਰ ਕਾਮਰੇਡ ਨੇਤਾ ਰਹੇ ਹਨ, ਜਿਨ੍ਹਾਂ ਕਿ ਕਮਿਊਨਿਸਟ ਹੋਣ ਦੇ ਨਾਲ ਨਾਲ ਅੰਮ੍ਰਿਤ ਵੀ ਛੱਕਿਆ ਹੋਇਆ ਸੀ। ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਉਨ੍ਹਾਂ ਦੀ ਹੀ ਬੇਟੀ ਹੈ।
ਭਾਈ ਰਾਜੋਆਣਾ ਬਾਰੇ ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਉਨ੍ਹਾਂ ਦੇ ਛੋਟੇ ਹੁੰਦਿਆਂ ਹੀ ਮੌਤ ਹੋ ਜਾਣ ਕਾਰਨ ਭਾਈ ਬਲਵੰਤ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਕੁਲਵੰਤ ਸਿੰਘ ਨੂੰ ਉਨ੍ਹਾਂ ਦੀ ਚਾਚੀ-ਮਾਸੀ ਨੇ ਹੀ ਪਾਲ੍ਹਿਆ ਸੀ। ਪਿੰਡ ਰਾਜੋਆਣਾ ਦੇ ਨਾਲ ਲੱਗਦੇ ਸਰਕਾਰੀ ਹਾਈ ਸਕੂਲ ਪਿੰਡ ਹੇਰ੍ਹਾਂ ਤੋਂ ਦਸਵੀਂ ਕਰਨ ਉਪਰੰਤ ਉਨ੍ਹਾਂ ਗੁਰੂਸਰ ਸਿਧਾਰ ਕਾਲਜ 'ਚ ਬੀ. ਏ. 'ਚ ਦਾਖ਼ਲਾ ਲਿਆ ਸੀ, ਪਰ ਪਿਤਾ ਦਾ ਕਤਲ ਹੋਣ ਤੇ ਵਿਚੇ ਹੀ ਪੜ੍ਹਾਈ ਛੱਡ ਕੇ ਉਹ ਪੁਲਿਸ ਵਿਚ ਭਰਤੀ ਹੋ ਗਿਆ ਅਤੇ ਆਪਣੀ ਇੱਛਾ ਨਾਲ ਕਮਾਂਡੋ ਸਿਖਲਾਈ ਲਈ। ਇਸ ਉਪਰੰਤ ਮਨੁੱਖੀ ਬੰਬ ਬਣੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨਾਲ ਬੇਅੰਤ ਸਿੰਘ ਕਤਲਕਾਂਡ ਦੀ ਰੂਪਰੇਖਾ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਅਮਰੀਕਾ ਰਹਿੰਦੇ ਆਪਣੇ ਦੋਸਤ ਨਾਲ ਗੱਲ ਕੀਤੀ ਸੀ ਕਿ ਉਸ ਕੋਲ ਤਾਂ ਸਿਰਫ਼ ਇੱਕ ਸਟੇਨਗੰਨ ਹੀ ਹੁੰਦੀ ਹੈ, ਇਸ ਲਈ ਉਹ ਸਾਡੇ ਲਈ ਵੱਡੇ ਅਸਲੇ ਦਾ ਪ੍ਰਬੰਧ ਕਰ ਕੇ ਦੇਵੇ। ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਭਾਈ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਵਾਰਦਾਤ ਦੀ ਪੂਰੀ ਵਿਊਂਤ ਤਿਆਰ ਕਰਨ ਤੱਕ ਵੀ ਉਨ੍ਹਾਂ ਦਾ ਕਿਸੇ ਖਾੜਕੂ ਜਥੇਬੰਦੀ ਨਾਲ ਕੋਈ ਸੰਪਰਕ ਨਹੀਂ ਸੀ।

ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ।

ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ।
ਬੀ. ਐੱਸ. ਢਿੱਲੋਂ, ਐਡਵੋਕੇਟ
ਇੱਕ ਪੰਡਾਲ ਵਿੱਚ, ਰੁੱਗ ਭਰ ਕੇ ਤਲੀ ਹੋਈ ਮੱਛੀ, ਪਰੌਂਠੇ ਜਿੰਨਾ ਆਮਲੇਟ ਤੇ ਅੱਧੀ ਛਟਾਂਕ ਟਮਾਟਰਾਂ ਦੀ ਚਟਣੀ ਵੱਡੀਆਂ ਪਲੇਟਾਂ `ਚ ਪਾਉਣ ਪਿੱਛੋਂ ਹਾਜਰ ਮਹਿਮਾਨਾਂ ਨੇ ਕਲੇਜੀ ਨੂੰ ਹੱਥ ਪਾਇਆ ਹੀ ਸੀ ਕਿ ਉੱਚੀ ਆਵਾਜ ਵਿੱਚ ਡੀ. ਜੇ. ਨੇ ਮੇਜ਼ ਹਿੱਲਣ ਲਗਾ ਦਿੱਤੇ। ਇਸ ਵਿਆਹ ਸਮਾਗਮ `ਚ ਛੇ ਕੁ ਸੌ ਵਿਅਕਤੀਆਂ ਦਾ ਇਕੱਠ ਸੀ। ਪਿਛਲੇ ਡੇਢ ਕੁ ਦਹਾਕੇ ਤੋਂ ਪੰਜਾਬੀਆਂ ਨੇ ਮੈਰਿਜ ਪੈਲੇਸਾਂ `ਚ ਵਿਆਹ ਕਰਨੇ ਸ਼ੁਰੂ ਕੀਤੇ ਲਗਦੇ ਹਨ। ਨਾ ਖੁਰਚਣੇ, ਕੜਾਹੀਆਂ ਇਕੱਠੀਆਂ ਕਰਨੀਆਂ ਪੈਣ, ਨਾ ਹੀ 15 ਦਿਨ ਘਰੇ ਮੰਜੇ-ਬਿਸਤਰਿਆਂ ਦਾ ਗਾਹ ਪਵੇ ਅਤੇ ਨਾ ਹੀ ਸ਼ਰਾਬੀ ਮਹਿਮਾਣ ਸਾਂਭਣੇ ਪੈਣ। ਸਾਰਾ ਕੰਮ ਇੱਕ ਦਿਨ ਵਿੱਚ ਹੀ ਹੋ ਜਾਂਦਾ। ਮੈਰਿਜ ਪੈਲੇਸ ਵਾਲਿਆਂ ਛੇ ਤੋਂ ਬਾਰਾਂ ਸੌ ਰੁਪਿਆ ਪ੍ਰਤੀ ਪਲੇਟ ਦੇ ਹਿਸਾਬ ਕੀਤਾ ਹੁੰਦਾ। ਇਕੱਲੇ ਪੈਲਸ ਵਿੱਚ ਸਮਾਗਮ ਕਰਨ ਦਾ ਖਰਚਾ ਅੰਦਾਜ਼ਾ ਚਾਰ ਪੰਜ ਲੱਖ ਹੁੰਦਾ। ਲੈਣ-ਦੇਣ ਵੱਖਰਾ।
ਪੰਜਾਬ ਵਿੱਚ ਅਜਿਹੇ ਵਿਆਹਾਂ ਤੇ ਦਸ ਤੋਂ ਚਾਲੀ ਲੱਖ ਤੱਕ ਖਰਚਾ ਹੋ ਜਾਦਾ ਹੈ। ਖਾ ਪੀ ਕੇ ਲੋਕ, ਗਿੱਠ-ਗਿੱਠ ਉੱਗੀ ਕਣਕ ਵਿੱਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ, ਘਰੋ ਘਰੀ ਤੁਰ ਜਾਂਦੇ ਹਨ। ਅਕਸਰ ਇੱਕ ਸਮਾਗਮ ਵਿੱਚ ਲੋਕੀਂ ਦੋ ਦਿਨ ਜਿੰਨਾ ਰਾਸ਼ਨ ਛਕ ਜਾਂਦੇ ਹਨ। ਇਸੇ ਕਰਕੇ ਪੰਜਾਬੀਆਂ ਵਿੱਚ ਮੋਟਾਪਾ ਅਤੇ ਹਰਟ ਅਟੈਕ ਦੀਆਂ ਬਿਮਾਰੀਆਂ ਵਧ ਗਈਆਂ ਹਨ। ਸ਼ਗਨ ਵੀ ਸਾਰੇ ਨਹੀਂ ਦਿੰਦੇ। ਉਨ੍ਹਾਂ ਵਿਆਹ ਵਾਲੇ ਮੁੰਡੇ ਕੁੜੀ ਦੀ ਸ਼ਕਲ ਵੀ ਨਹੀਂ ਵੇਖੀ ਹੁੰਦੀ। ਂਨੇਤਾ ਕਿਸਮ ਦੇ ਲੋਕਾਂ ਲਈ ਇਹ ਵੋਟਾਂ ਪੱਕੀਆਂ ਕਰਨ ਦਾ ਵੀ ਮੌਕਾ ਹੁੰਦਾ। ਉਨ੍ਹਾਂ ਨੂੰ ਡਰ ਵੀ ਹੁੰਦਾ ਕਿ ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ `ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਵੀ ਬਾਬਰ ਦੀ ਤਲਵਾਰ ਵਾਂਗ ਸਿਰ `ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਲੀਡਰਾਂ ਦੇ ਵਿਆਹ `ਚ ਆਉਣ ਨਾਲ ਪੰਜ ਦਸ ਹਜ਼ਾਰ ਦਾ ਹਰ ਘਰ ਨੂੰ ਵਾਧੂ ਖਰਚਾ ਪੈਂਦਾ ਹੈ। ਫੇਰ ਵੀ ਸਮਾਜਕ ਵਿਖਾਵੇ ਲਈ ਲੋਕ ਅਜਿਹਾ ਕਰ ਰਹੇ ਹਨ। ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਉਹ ਇਹ ਫਜ਼ੂਲ ਖਰਚੀ ਕਰ ਰਹੇ ਹਨ। ਸਿਰਫ ਸ਼ਰੀਕਾਂ ਨੂੰ ਇਹ ਦੱਸਣ ਲਈ ਕਿ ਸਾਡੇ ਫਲਾਣੇ ਐਮ ਐੱਲ ਏ, ਐੱਮ ਪੀ, ਮਨਿਸਟਰ ਜਾਂ ਡੀ ਜੀ ਪੀ ਨਾਲ ਸਬੰਧ ਹਨ; ਇਸ ਲਈ ਸਾਨੂੰ ਵੱਡੇ ਆਦਮੀਂ ਮੰਨੋ।
ਪੰਜਾਬੀ ਵਿਕਸਤ ਮੁਲਕਾਂ ਵਿੱਚ ਜਾ ਕੇ ਵੀ ਨਹੀਂ ਬਦਲੇ। ਅਸੀਂ ਗੋਰਿਆਂ ਦੀ ਇੱਕ ਵੀ ਚੰਗੀ ਆਦਤ ਨਹੀਂ ਸਿੱਖੀ। ਮੈਂ ਕਨੇਡਾ ਅਤੇ ਅਮਰੀਕਾ ਵਿੱਚ ਕਈ ਵਿਆਹਾਂ ਵਿੱਚ ਸ਼ਾਂਮਲ ਹੋਇਆ ਹਾਂ। ਸਾਡੇ ਲੋਕ ਉੱਥੇ ਜਾ ਕੇ ਵੀ ਨਹੀਂ ਬਦਲੇ। ਚਾਲੀ ਪੰਜਾਹ ਸਾਲਾਂ ਤੋਂ ਉੱਥੇ ਰਹਿੰਦੇ ਲੋਕ, ਅਜੇ ਵੀ ਪਛੜੀਆਂ ਹੋਈਆਂ ਪੰਜਾਬੀ ਆਦਤਾਂ, ਨਾਲ ਚੁੱਕੀ ਫਿਰਦੇ ਹਨ। ਇਹਨੂੰ ਉਹ ਆਪਣਾ ਵਿਰਸਾ ਕਹਿੰਦੇ ਹਨ। ਲੱਖ ਲ਼ਾਹਣਤ ਹੈ ਅਜਿਹੇ ਵਿਰਸੇ ਤੇ। ਚੰਡੀਗੜ੍ਹ ਜਾਂ ਦਿੱਲੀ ਬਰਗੇ ਮਹਾਂ ਨਗਰਾਂ `ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ। ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਲੋੜ ਵੀ ਹੁੰਦੀ ਹੈ ਤੇ ਸ਼ੁਗਲ ਵੀ। ਮੇਲੇ ਵਰਗਾ ਮਾਹੌਲ ਹੁੰਦਾ ਹੈ। ਘਰ ਵਾਲਿਆਂ ਨੂੰ ਤਿੰਨ-ਚਾਰ ਹਜ਼ਾਰ ਬੰਦਿਆਂ ਨਾਲ ਹੱਥ ਮਿਲਾਉਂਦਿਆਂ ਪਤਾ ਹੀ ਨਹੀਂ ਚਲਦਾ ਕਿ ਸੱਦਾ-ਪੱਤਰ ਭੇਜ ਕੇ ਬੁਲਾਏ ਮਹਿਮਾਨਾਂ ਵਿਚੋਂ ਸੌ ਪੰਜਾਹ ਬੰਦਾ ਪਹੁੰਚਿਆ ਹੀ ਨਹੀਂ ਜਾਂ ਡੇਢ ਦੋ ਸੌ ਹੁਦਾਰੇ ਕਾਰਡਾਂ `ਤੇ ਹੀ ਸ਼ਮੂਲੀਅਤ ਕਰ ਗਏ ਹਨ। ਪੈਸੇ-ਧੇਲੇ ਦੀ ਕੋਈ ਸਮੱਸਿਆ ਨਹੀਂ ਹੁੰਦੀ। ਪਿਛਲੇ ਸਾਲ ਹੀ ਮੇਰੇ ਇੱਕ ਨਜਦੀਕੀ ਰਿਸ਼ਤੇਦਾਰਾਂ ਦੇ ਮੁੰਡੇ ਦਾ ਵਿਆਹ ਸੀ। ਸੱਦਾ ਪੱਤਰ ਵਿੱਚ ਛੇ ਕਾਰਡ ਸਨ। ਪਹਿਲਾ ਮੰਗਣਾ, ਦੂਜਾ ਰੋਕਾ/ਚੁੰਨੀ ਚੜ੍ਹਾਉਣਾ, ਤੀਜਾ ਜਾਗੋ, ਚੌਥਾ ਵਿਆਹ, ਪੰਜਵਾਂ ਰਿਸੈੱਪਸ਼ਨ ਅਤੇ ਛੇਵਾਂ ਕੁੜਮਾਂ ਦੀ ਮਿਲਣੀ। ਇਨ੍ਹਾਂ ਵਿੱਚੋਂ ਸਿਰਫ ਜਾਗੋ ਹੀ ਘਰੇ ਕੱਢੀ ਸੀ। ਬਾਕੀ ਸਾਰੇ ਫੰਕਸ਼ਂਨ ਹੋਟਲਾਂ ਅਤੇ ਮੈਰਿਜ ਪੈਲਿਸਾਂ ਵਿੱਚ ਸਨ। ਇੰਨੇ ਫੰਕਸ਼ਨਾ ਵਿੱਚ ਤਾਂ ਮਹਿਮਾਨਾਂ ਲਈ ਵੀ ਜਾਣਾ ਔਖਾ ਹੁੰਦਾ ਪਰ ਧੰਨ ਨੇ ਕਰਨ ਵਾਲੇ। ਬੱਸ ਅਜਿਹੇ ਲੋਕਾਂ ਦੇ ਵੇਖਾ-ਵੇਖੀ ਪੰਜਾਬੀ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ। ਹੁਣ ਸੂਚਨਾ ਤਕਨਾਲੋਜੀ ਦਾ ਜ਼ਮਾਨਾ ਹੈ। ਦੁਨੀਆਂ ਦੇ ਹਰ ਕੋਨੇ `ਚ ਖਬਰਾਂ ਪਹੁੰਚ ਰਹੀਆਂ ਹਨ ਕਿ ਦੁਨੀਆਂ ਕਿਸੇ ਨਹੀ ਜਿੱਤੀ।
ਇਸ ਧਰਤੀ `ਤੇ ਪ੍ਰਿੰਸ ਚਾਰਲਸ ਅਤੇ ਅਰਬ ਦੇ ਸ਼ਹਿਜ਼ਾਦਿਆਂ ਦੇ ਵਿਆਹ ਵੀ ਹੁੰਦੇ ਹਨ, ਜਿਨ੍ਹਾਂ ਲੋਕਾਂ ਦੀਆਂ ਬਰੂਹਾਂ `ਤੇ ਮਹੀਨਾ ਮਹੀਨਾ ਭਰ ਮਹਿਮਾਨਾਂ ਦੇ ਜਹਾਜ਼ ਹੀ ਉਤਰਦੇ/ਚੜ੍ਹਦੇ ਰਹਿੰਦੇ ਹਨ। ਭਾਰਤ ਦੇ ਅਮੀਰ ਲੋਕਾਂ ਦੇ ਵਿਆਹਾਂ ਦੀ ਸਨਅੱਤ 7000 ਕਰੋੜ ਰੁਪੈ ਦੀ ਹੈ। ਇਨ੍ਹਾਂ ਵਿਆਹਾਂ `ਚ ਐਕਟਰ ਤੇ ਪੋਪ ਸਿੰਗਰ 45 ਲੱਖ ਤੱਕ ਲੈਂਦੇ ਹਨ। ਇੱਕ ਸਨਅੱਤਕਾਰ ਨੇ ਗੋਆ ਬੀਚ ਤੇ ਅਪਣੀ ਇਕਲੌਤੀ ਬੇਟੀ ਦੀ ਸ਼ਾਦੀ ਕੀਤੀ, ਬੰਬਈ ਤੇ ਕਲਕੱਤੇ ਤੋਂ 600 ਮਹਿਮਾਨਾਂ ਨੂੰ ਲਿਆਉਣ ਲਈ ਦੋ ਜੈੱਟ ਜਹਾਜ ਕਿਰਾਏ ਤੇ ਲਏ। ਇਹ ਲੋਕ 5-7 ਕਰੋੜ ਖਰਚਕੇ ਸ਼ੁਗਲ ਕਰਦੇ ਹਨ।
ਪਰ ਸਾਨੂੰ ਰੀਸ ਸ੍ਰੀਦੇਵੀ ਜਾਂ ਮਾਧੁਰੀ ਦੀਖਸ਼ਤ (ਫਿਲਮੀ ਹਿਰੋਇਨਾਂ) ਦੀ ਹੀ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿਆਹਾਂ ਤੋਂ ਦਸ ਦਿਨ ਪਿੱਛੋਂ ਹੀ ਪਤਾ ਚਲਦਾ ਹੈ ਕਿ ਸ਼ਾਦੀ ਦੀ ਰਸਮ ਪਰਿਵਾਰ ਦਾ ਨਿਜੀ ਮਾਮਲਾ ਕਹਿ ਕੇ ਕੀਤੀ ਜਾ ਚੁੱਕੀ ਹੈ। ਹਾਲਾਂਕਿ ਵਿਆਹ ਸਮਾਗਮ ਦੀ ਰਸਮ `ਤੇ ਡੇਢ ਦੋ ਕਰੋੜ ਖਰਚਣਾ ਉਨ੍ਹਾਂ ਲਈ ਸਾਡੇ ਕਈ ਮਿੱਤਰਾਂ ਦੇ ਦੀਵਾਲੀ ਦੀ ਰਾਤ ਨੂੰ ਪੰਜ ਚਾਰ ਹਜ਼ਾਰ ਜੂਏ `ਚ ਹਾਰਨ ਵਰਗਾ ਖਰਚ ਹੀ ਹੁੰਦਾ। ਉਂਜ ਵੀ ਵਿਆਹ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ। ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ `ਚ ਚੰਦ ਇੱਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿੱਚ ਹੀ ਕੀਤਾ ਜਾਣਾ ਚਾਹੀਦਾ। ਅਜਿਹਾ ਹੀ ਇੱਕ ਵਿਆਹ ਮੈਂ ਪਿਛਲੇ ਦਿਨੀਂ ਵੇਖਿਆ ਹੈ। ਵਿਆਹ ਵਾਲੇ ਦੋਨੋਂ ਪ੍ਰੀਵਾਰ ਫੌਜ ਦੇ ਕਰਨਲ ਪ੍ਰਵਾਰ ਸਨ। ਪੈਸੇ ਦੀ ਵੀ ਕੋਈ ਘਾਟ ਨਹੀਂ ਸੀ। ਪਰ ਵਿਆਹ ਵਿੱਚ ਗਿਣਤੀ ਦੇ ਲੋਕ ਹੀ ਸਨ। ਵਿਆਹ ਦਾ ਸਾਰਾ ਪ੍ਰੋਗਰਾਂਮ ਹੋਟਲ ਪਾਰਕ ਵਿਊ ਚੰਡੀਗੜ੍ਹ ਵਿੱਚ ਸੀ। ਸਾਰਾ ਇਕੱਠ ਸੌ ਕੁ ਵਿਅਕਤੀਆ ਦਾ ਸੀ। ਰਿਸ਼ਤੇਦਾਰਾਂ ਤੋਂ ਵਗੈਰ ਹੋਰ ਕੋਈ ਵੀ ਨਹੀਂ ਸੀ ਬੁਲਾਇਆ ਗਿਆ। ਸਿਰਫ ਨਾਨਕੇ, ਦਾਦਕੇ, ਭੂਆ, ਮਾਸੀਆਂ, ਚਾਚੇ, ਤਾਏ ਹੀ ਸਨ। ਅਗਲੀ ਸ਼ਾਂਮ ਡਿਫੈਂਸ ਕਲੱਬ ਵਿੱਚ ਰਿਸੇਪਸ਼ਨ ਸੀ। ਇੱਥੇ ਵੀ ਚੰਦ ਕੁ ਘਰ ਦੇ ਗਵਾਂਢੀ ਅਤੇ ਬਚਪਣ ਦੇ ਦੋਸਤ, ਸ਼ਰੀਕੇ ਭਾਈਚਾਰੇ ਦੇ ਲੋਕ ਅਤੇ ਦੋਸਤ ਮਿੱਤਰ ਹੀ ਸਨ।
ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਹੁਣ ਮਧਾਣੀ, ਚਾਟੀ, ਪੱਖੀ ਤੇ ਫੁਲਕਾਰੀਆਂ ਅਜਾਇਬ ਘਰਾਂ `ਚ ਜਾਂ ਕਿਰਾਏ `ਤੇ ਹੀ ਮਿਲਿਆ ਕਰਨਗੀਆਂ। ਇਸ ਬੀਤੇ ਵਕਤ ਲਈ ਰੋਣਾ ਬੰਦ ਕਰਕੇ ਸਮੇਂ ਦੇ ਨਾਲ ਤੁਰਨਾਂ ਸਿੱਖੋ। ਫੋਕੀ ਹਉਮੈਂ ਖਾਤਰ, ਵਿਖਾਵੇ ਵਾਲੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਬੁਲਾਏ ਗਏ ਸਾਰੇ ਮਹਿਮਾਨਾਂ ਕੋਲ ਵੀ ਸਮਾਂ ਨਹੀਂ ਹੁੰਦਾ। ਉਂਜ ਵੀ ਜਾਣ-ਪਹਿਚਾਣ ਤਾ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ `ਤੇ ਵਕਤ ਦੀ ਧੂੜ ਜਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ। ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਾਬਕਾ ਸੰਸਦ ਮੈਂਬਰ ਰਾਜੇਸ਼ ਪਾਇਲਟ ਨੇ ਆਪਣੀ ਇਕਲੌਤੀ ਬੇਟੀ ਦੀ ਸ਼ਾਦੀ ਚੰਦ ਇੱਕ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਹਾਜ਼ਰੀ ਵਿੱਚ ਹੀ ਕੀਤੀ ਸੀ। ਉਸ ਨੇ ਆਪਣੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਨਹੀਂ ਸੀ ਬੁਲਾਇਆ। ਉਂਜ ਦਸ ਵੀਹ ਹਜ਼ਾਰ ਦਾ ਇਕੱਠ ਕਰਨਾ ਉਸ ਦਾ ਚੁਟਕੀ ਦਾ ਕੰਮ ਸੀ। ਆਮ ਲੋਕੀਂ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ। ਕਦੇ ਸਰਕਾਰ ਨੇ ਦਹੇਜ ਰੋਕੂ ਕਾਨੂੰਨ ਬਣਾਇਆ ਸੀ। ਇੰਜ ਹੀ ਜੇ ਸਰਕਾਰ ਆਮਦਨ ਕਰ ਕਾਨੂੰਨ `ਚ ਸੋਧ ਕਰਕੇ ਇਹ ਕਾਨੂੰਨ ਬਣਾ ਦੇਵੇ ਕਿ ਇੱਕ ਖਾਸ ਗਿਣਤੀ ਤੋਂ ਵੱਧ ਕਿਸੇ ਮੈਰਿਜ ਪੈਲੇਸ, ਟੈਂਟ ਹਾਊਸ, ਕੈਟਰਿੰਗ, ਦਰਜਨ ਤੋਂ ਵੱਧ ਗੱਡੀਆਂ ਦੀ ਬੁਕਿੰਗ ਕਰਵਾਉਣ ਵਾਲੇ ਲੋਕਾਂ ਨੂੰ ਆਮਦਨ ਕਰ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਤਾਂ ਇਹ ਫਜੂਲ ਖਰਚੀ ਘਟ ਸਕਦੀ ਹੈ। ਮਨੁੱਖ ਖਤਰਨਾਕ ਜਾਂਨਵਰ ਹੈ। ਇਹ ਸਿਰਫ ਕਾਇਦੇ ਕਾਨੂੰਨਾ ਤੋਂ ਹੀ ਡਰਦਾ ਹੈ।