Sunday, 1 April 2012

ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਤਖ਼ਤ ਦੀ ਹੋਂਦ!

ੴ ਸਤਿਗੁਰ ਪ੍ਰਸਾਦਿ॥
ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਤਖ਼ਤ ਦੀ ਹੋਂਦ!
ਜਿਵੇਂ ਸਾਨੂੰ ਜਾਣਕਾਰੀ ਪਰਾਪਤ ਹੁੰਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਵਿਉਂਤਬੱਧ ਕੀਤਾ ਅਤੇ ਭਾਈ ਗੁਰਦਾਸ ਜੀ ਤੋਂ ਲਿਖਾਈ ਆਰੰਭ ਕਰਵਾਈ। ਇਸ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ, (ਗੁਰੂ) ਹਰਿਗੋਬਿੰਦ ਜੀ ਦਾ ਜਨਮ ਅੰਮ੍ਰਿਤਸਰ ਦੇ ਨੇੜੇ ਪਿੰਡ ਵਡਾਲੀ ਵਿਖੇ ੧੯ ਜੂਨ ੧੫੯੫ ਨੂੰ ਹੋਇਆ। ਇਹ ਸੁਭਾਵਕ ਹੈ ਕਿ ਜਦੋਂ ਗਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜਾ ਰਹੀ ਸੀ ਤਾਂ ਮਾਤਾ ਗੰਗਾ ਜੀ ਅਤੇ (ਗੁਰੂ) ਹਰਿਗੋਬਿੰਦ ਜੀ ਜ਼ਰੂਰ ਹੀ ਦੇਖਦੇ ਹੋਣਗੇ ਕਿ ਕਿਵੇਂ ਸਤਿਕਾਰ ਨਾਲ ਗੁਰਬਾਣੀ ਲਿਖੀ ਜਾ ਰਹੀ ਹੈ ਅਤੇ ਸ਼ਬਦ-ਵਿਚਾਰ ਸਮੇਂ ਭੀ ਹਾਜ਼ਰੀ ਭਰਦੇ ਹੋਣਗੇ। (ਗੁਰੂ) ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਗਿਆ। ਪ੍ਰੰਤੂ ਉਸ ਤੋਂ ਬਾਅਦ ਮੁਗਲ ਰਾਜੇ ਜਹਾਂਗੀਰ ਦੇ ਹੁਕਮ ਅਨੁਸਾਰ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਵਿਖੇ ੩੦ ਮਈ ੧੬੦੬ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਦੀ ਜ਼ੁਮੇਵਾਰੀ ਸੰਭਾਲ ਦਿੱਤੀ ਗਈ।
ਇੰਜ, ਸ਼ਹੀਦੀ ਤੋਂ ਬਾਅਦ ਸੰਗਤਾਂ ਦੁਰ ਦੂਰ ਤੋਂ ਦਰਬਾਰ ਸਾਹਿਬ ਵਿਖੇ ਆਉਂਣ ਲਗ ਪਈਆਂ ਅਤੇ ਉਨ੍ਹਾਂ ਦੀ ਸਹੂਲਤ ਲਈ ਦਰਬਾਰ ਸਾਹਿਬ ਦੇ ਨੇੜੇ ਹੀ ਇੱਕ ਥੜਾ ਤਿਆਰ ਕੀਤਾ ਗਿਆ ਤਾਂ ਜੋ ਸੰਗਤ ਦੂਰ ਦੂਰ ਤੱਕ ਬੈਠ ਕੇ, ਗੁਰ - ਓਪਦੇਸ਼ ਸੁਣ ਸਕਣ। ਹੌਲੀ ਹੌਲੀ ਇਹ ਅਸਥਾਨ ਇੱਕ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਕਾਇਮ ਹੋ ਗਿਆ, ਜਿਸ ਨੂੰ ਮਿਸਲਾਂ ਸਮੇਂ ਅਕਾਲ ਬੁੰਗਾ ਕਿਹਾ ਜਾਣ ਲੱਗ ਪਿਆ ਕਿਉਂਕਿ ਇਹ ਸਾਰਿਆਂ ਲਈ ਸਾਂਝਾ ਸੀ ਅਤੇ ਬਾਕੀ ਦੇ ਬੁੰਗੇ ਆਪਣੀਆਂ ਆਪਣੀਆਂ ਮਿਸਲਾਂ ਦੇ ਆਪਣੇ ਸਨ ਜਿਥੇ ਉਹ ਆ ਕੇ ਠਹਿਰਦੇ ਅਤੇ ਵਿਚਾਰਾਂ ਕਰਦੇ। ਪਰ, ਗੁਰੂ ਹਰਿਗੋਬਿੰਦ ਸਾਹਿਬ ਭੀ ਪਹਿਲੇ ਗੁਰੂ ਸਾਹਿਬਾਨ ਅਨੁਸਾਰ ਗੁਰਬਾਣੀ ਦਾ ਹੀ ਓਪਦੇਸ਼ ਸੰਗਤਾਂ ਨਾਲ ਸਾਝਾਂ ਕਰਦੇ ਰਹੇ। ਇਸ ਲਈ, ਉਨ੍ਹਾਂ ਨੂੰ ‘ਤਖਤ’ ਦੀ ਹੋਂਦ ਤੇ ਵਿਆਖਿਆ ਬਾਰੇ ਪੂਰਾ ਗਿਆਨ ਸੀ ਕਿ ਅਕਾਲ ਪੁਰਖ ਦਾ ਤਖਤ ਤਾਂ ਸਾਰੇ ਸੰਸਾਰ ਵਿਖੇ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਅਕਾਲ ਤਖਤ ਅਤੇ ਜਥੇਦਾਰ ਦੀ ਹੋਂਦ ੧੯੨੦ ਸਮੇਂ ਹੋਈ ਜਦੋਂ ਗੁਰਦੁਆਰਾ ਸੁਧਾਰ ਲਹਿਰ ਸਮੇਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਜੇ ਅਕਾਲ ਤਖਤ ਸਾਹਿਬ ਅਤੇ ਜਥੇਦਾਰੀ ਦਾ ਸਿਧਾਂਤ, ਗੁਰੂ ਹਰਿਗੋਬਿੰਦ ਸਾਹਿਬ ਨੇ ਚਲਾਇਆ ਹੁੰਦਾ ਤਾਂ ਇਸ ਬਾਰੇ ਜਾਣਕਾਰੀ, ਹੁਕਮਨਾਮਾ ਮਿਤੀ ੧੮ ਮਾਰਚ ੧੮੮੭ ਈਸਵੀ ਦੁਆਰਾ ਜ਼ਰੂਰ ਦਿੱਤੀ ਹੁੰਦੀ {ਦੇਖੋ ਪ੍ਰੋਫੈਸਰ ਗੁਰਮੁਖ ਸਿੰਘ ਦੇ ਖਿਲਾਫ ਹੁਕਮਨਾਮਾ ਪੰਨਾ ੬੩-੬੪ ਕਿਤਾਬ: “ਹੁਕਮਨਾਮੇ ਆਦੇਸ਼ ਸੰਦੇਸ਼…ਸ੍ਰੀ ਅਕਾਲ ਤਖ਼ਤ ਸਾਹਿਬ”, ਸੰਪਾਦਕ ਰੂਪ ਸਿੰਘ (ਜੂਨ, ੨੦੦੩)। ਪਰ, ਇਸ ਵਿੱਚ ਅਕਾਲ ਤਖ਼ਤ ਸਾਹਿਬ, ਹੋਰ ਤਖ਼ਤਾਂ ਅਤੇ ਜਥੇਦਾਰਾਂ ਬਾਰੇ ਕੋਈ ਜ਼ਿਕਰ ਨਹੀਂ ਹੈ!
ਇਵੇਂ ਹੀ ਇਸ ਦੇ ਪ੍ਰਬੰਧ ਬਾਰੇ ਕੋਈ ਵੱਖਰੀ ਜਾਣਕਾਰੀ ਨਹੀਂ ਮਿਲ ਰਹੀ। “ਦੀ ਸਿੱਖ ਗੁਰਦੁਆਰਾ ਐਕਟ ੧੯੨੫” ਅਨੁਸਾਰ ਹੁਣ ਪੰਜਾਂ ਤੱਖਤਾਂ ਦੇ ਹੈੱਡ ਮਨਿਸਿਟਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਾਂਗ ਮਾਣਤਾ ਦਿੱਤੀ ਗਈ ਹੈ। {ਦੇਖੋ ਸਿਕਸ਼ਿਨ ੪੩-ਏ} ਇਸ ਐਕਟ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਦੀ ਜ਼ੁਮੇਵਾਰੀ ਸਿਰਫ ਇਹੀ ਹੈ ਕਿ ਉਹ ਗੁਰੂ ਓਪਦੇਸ਼ਾਂ ਅਨੁਸਾਰ ਇਤਹਾਸਕ ਗੁਰਦੁਆਰਿਆਂ ਦੀ ਦੇਖ-ਭਾਲ ਕਰਨੀ ਅਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦਾ ਹੀ ਪਰਚਾਰ ਕਰਨਾ। ਸਿੱਖਾਂ ਨੂੰ ਇਹ ਭੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਔਹਦੇਦਾਰਾਂ ਦਾ ਅਧਿਕਾਰ ਖੇਤਰ ਸਿਰਫ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੱਕ ਹੀ ਸੀਮਤ ਹੈ। ਇਸ ਕਰਕੇ ਹੀ ਬਿਹਾਰ, ਮਾਹਾਰਾਸ਼ਟਰਾ ਤੇ ਦਿੱਲੀ ਵਿਖੇ ਇਤਹਾਸਕ ਗੁਰਦੁਆਰਿਆਂ ਦੀ ਦੇਖ-ਭਾਲ ਲਈ ਅਲੱਗ ਅਲੱਗ ਕਮੇਟੀਆਂ ਬਣੀਆਂ ਹੋਈਆਂ ਹਨ ਅਤੇ ਹੁਣ ਹਰਿਆਣਾ ਵਿਖੇ ਰਹਿੰਦੇ ਸਿੱਖ ਭੀ ਆਪਣੀ ਵੱਖਰੀ ਕਮੇਟੀ ਬਣਾਉਂਣ ਲਈ ਓਪਰਾਲਾ ਕਰ ਰਹੇ ਹਨ।
ਇਸ ਲਈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਸਦਾ ਯਾਦ ਰੱਖਣਾ ਚਾਹੀਦਾ:
“ਸੱਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੀਓ ਗਰੰਥ” {ਗੁਰੂ ਗਰੰਥ ਸਾਹਿਬ)
ਗੁਰੂ ਗਰੰਥ ਸਾਹਿਬ ਵਿੱਚ “ਤਖਤਿ, ਤਖਤੁ, ਤਖਤ, ਤਖਤੈ” ਦਾ ਹਵਾਲਾ ਕਈ ਸ਼ਬਦਾਂ ਦੁਆਰਾ ਮਿਲਦਾ ਹੈ, ਜਿਵੇਂ
੧੪: ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧॥ ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥
੧੭੯: ਗਉੜੀ ਗੁਆਰੇਰੀ ਮਹਲਾ ੫॥ ਤਖਤੁ ਸਭਾ ਮੰਡਨ ਦੋਲੀਚੇ॥ ਸਗਲ ਮੇਵੇ ਸੁੰਦਰ ਬਾਗੀਚੇ॥
੩੫੫: ਆਸਾ ਮਹਲਾ ੧॥ ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ ਹੋਇ॥ ੨॥
੪੧੧: ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨: ਤਖਤ ਨਿਵਾਸੀ ਪੰਚ ਸਮਾਇ॥ ਕਾਰ ਕਮਾਈ ਖਸਮ ਰਜਾਇ॥
੫੧੫: ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥ (੧੬)
੫੬੨: ਵਡਹੰਸੁ ਮਹਲਾ ੫॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥ ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ॥ (੩)
੫੮੦: ਵਡਹੰਸੁ ਮਹਲਾ ੧ ਦਖਣੀ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (੨)
੭੦੭: ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ॥
੭੬੨: ਸੂਹੀ ਮਹਲਾ ੧ ਸੁਚਜੀ॥ ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ॥
੭੮੫: ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩॥ ਪਉੜੀ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥
੮੪੦: ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ॥ ਤਖਤਿ ਨਿਵਾਸੁ ਸਚੁ ਮਨਿ ਭਾਣੈ॥ (੧੭)
੯੦੭: ਰਾਮਕਲੀ ਦਖਣੀ ਮਹਲਾ ੧॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ॥ (੮)
੯੨੪: ਰਾਮਕਲੀ ਮਹਲਾ ੫ ਛੰਤ॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ॥ (੩)
੯੪੭: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਈ॥
੯੪੯: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥
੯੬੪: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥
੯੬੬: ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ
ਹਟੀਐ॥
੯੬੭: ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥
੯੬੮: ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
੯੯੨: ਮਾਰੂ ਮਹਲਾ ੧॥ ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥ ੧॥
੧੦੨੨: ਮਾਰੂ ਮਹਲਾ ੧॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ॥ ੧੦॥
੧੦੨੩: ਮਾਰੂ ਮਹਲਾ ੧॥ ਤਿਨ ਕਉ ਤਖਤਿ ਮਿਲੀ ਵਡਿਆਈ॥
ਸਾਚੀ ਨਗਰੀ ਤਖਤੁ ਸਚਾਵਾ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ॥
ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ॥ ੧੧॥
ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ॥
੧੦੨੬: ਮਾਰੂ ਮਹਲਾ ੧॥ ਓਹੁ ਨਿਰਮਲੁ ਹੈ ਨਾਹੀ ਅੰਧਿਆਰਾ॥ ਓਹੁ ਆਪੇ ਤਖਤਿ ਬਹੈ ਸਚਿਆਰਾ॥
ਗੁਰ ਕੇ ਸੇਵਕ ਸਤਿਗੁਰ ਪਿਆਰੇ॥ ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ॥
੧੦੩੯: ਮਾਰੂ ਮਹਲਾ ੧॥ ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ ਸਮਾਏ ਗੁਰਮਤਿ ਪਾਇਕ॥
ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥
੧੦੫੦: ਮਾਰੂ ਮਹਲਾ ੩॥ ਸਚੈ ਸਚਾ ਤਖਤੁ ਰਚਾਇਆ॥ ਨਿਜ ਘਰਿ ਵਸਿਆ ਤਿਥੈ ਮੋਹੁ ਨਾ ਮਾਇਆ॥
੧੦੭੩: ਮਾਰੂ ਸੋਲਹੇ ਮਹਲਾ ੫॥ ਸਾਚਾ ਤਖਤੁ ਸਚੀ ਪਾਤਿਸਾਹੀ॥ ਸਚੁ ਖਜੀਨਾ ਸਾਚਾ ਸਾਹੀ॥
੧੦੮੭: ਮਾਰੂ ਵਾਰ ਮਹਲਾ ੩॥ ਪਉੜੀ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥
੧੦੮੮: ਮਾਰੂ ਵਾਰ ਮਹਲਾ ੩॥ ਪਉੜੀ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
੧੦੯੨: ਮਾਰੂ ਵਾਰ ਮਹਲਾ ੩॥ ਪਉੜੀ॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥
੧੦੯੮: ਡਖਣੇ ਮ: ੫॥ ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ॥
੧੦੫੬: ਭੈਰਉ ਮਹਲਾ ੫ ਅਸਟਪਦੀਆ ਘਰੁ ੨॥ ਜਿਸ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ॥
੧੧੭੨: ਬਸੰਤੁ ਹਿੰਡੋਲ ਮਹਲਾ ੧॥ ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ॥
੧੧੮੮: ਬਸੰਤੁ ਮਹਲਾ ੧॥ ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥
੧੨੧੧: ਸਾਰਗ ਮਹਲਾ ੫॥ ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ॥
੧੨੭੯: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ ੧॥
੧੨੮੦: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥
੧੩੯੯: ਸਵਈਏ ਮਹਲੇ ਚਉਥੇ ਕੇ ੪॥ ਰਾਜੁ ਜੋਗ ਤਖਤੁ ਦੀਅਨੁ ਗੁਰ ਰਾਮਦਾਸ॥

ਸੋ ਉਪਰੋਕਤ ਗੁਰਬਾਣੀ ਦੇ ਸ਼ਬਦਾਂ ਅਨੁਸਾਰ ਅਕਾਲ ਤਖ਼ਤ ਦੀ ਹੋਂਦ ਨੂੰ ਕਿਸੇ ਇਮਾਰਤ ਨਾਲ ਨਹੀਂ ਜੋੜਿਆ ਜਾ ਸਕਦਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

ਰਾਜੋਆਣਾ ਅਤੇ ਭੁੱਲਰ ਦੀ ਫਾਂਸੀ

ਸਾਰੀ ਦੁਨੀਆਂ ਵਿੱਚ ਵਸਦੇ ਤਕਰੀਬਨ ਸਾਰੇ ਸਿੱਖਾਂ ਨੂੰ (ਕੁੱਝ ਇੱਕ ਨੂੰ ਛੱਡ ਕੇ) ਇਹ ਇਤਰਾਜ਼ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਸਿੱਖਾਂ ਨਾਲ ਇਨਸਾਫ ਨਹੀਂ ਕਰ ਰਹੀ। ਖਾਸ ਕਰਕੇ ਹਾਈਕੋਰਟ ਅਤੇ ਸਪਰੀਮ ਕੋਰਟ ਵਿਚ। ਮੈਂ ਵੀ ਇਸ ਗੱਲ ਨਾਲ 100% ਸਹਿਮਤ ਹਾਂ ਕਿ ਇਹ ਵਾਕਆਈ ਸੱਚ ਹੈ। ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹੋਏ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਸਰਕਾਰਾਂ ਆਪਣੀ ਪੂਰੀ ਵਾਹ ਲਾ ਰਹੀਆਂ ਹਨ ਅਤੇ ਇਸ ਦੇ ਉਲਟ ਕੇਹਰ ਸਿੰਘ ਵਰਗਿਆਂ ਨੂੰ ਸ਼ੱਕ ਦੇ ਅਧਾਰ ਤੇ ਹੀ ਫਾਂਸੀ ਤੇ ਟੰਗ ਦਿੱਤਾ ਜਾਂਦਾ ਹੈ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਤੇ ਲਟਕਾਉਣ ਦੀ ਤਲਵਾਰ ਉਸ ਦੇ ਸਿਰ ਤੇ ਕਿਤਨੇ ਸਾਲਾਂ ਤੋਂ ਲਟਕ ਰਹੀ ਹੈ।
ਇਹ ਤਾਂ ਸਾਰੇ ਹੀ ਕਹੀ ਜਾ ਰਹੇ ਹਨ ਕਿ ਸਿੱਖਾਂ ਨੂੰ ਕੇਂਦਰ ਤੋਂ ਇਨਸਾਫ ਨਹੀਂ ਮਿਲ ਰਿਹਾ ਅਤੇ ਨਾ ਹੀ ਮਿਲਣ ਦੀ ਆਸ ਹੈ। ਇਸ ਕਰਕੇ ਕਈ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਲਈ ਸਾਨੂੰ ਆਪਣਾ ਵੱਖਰਾ ਦੇਸ਼ ਚਾਹੀਦਾ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਸਿੱਖ ਵੀ ਦੂਸਰੇ ਹੋਰ ਸਿੱਖਾਂ ਨੂੰ ਇਨਸਾਫ ਦੇਣ ਲਈ ਤਿਆਰ ਹਨ? ਕੀ ਉਹ ਵੀ ਪੱਖਪਾਤ ਤੇ ਆਪਣਿਆਂ ਨੂੰ ਬਚਾਉਣ ਦੀ ਪੂਰੀ ਵਾ ਨਹੀਂ ਲਉਂਦੇ ਜਿਸ ਤਰ੍ਹਾਂ ਕਿ ਕੇਂਦਰ ਦੀਆਂ ਸਰਕਾਰਾਂ ਲਾਉਂਦੀਆਂ ਹਨ? ਚਲੋ ਇਹ ਤਾਂ ਮੰਨ ਲੈਂਦੇ ਹਾਂ ਕਿ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਜਾਂ ਵੋਟਾਂ ਦੀ ਖਾਤਰ ਅਜਿਹਾ ਕਰਦੀ ਹੈ। ਕੀ ਪੰਜਾਬ ਵਿੱਚ ਵੀ ਇਹੋ ਕੁੱਝ ਨਹੀਂ ਹੋ ਰਿਹਾ? ਜਦੋਂ ਭੁੱਲਰ ਨੇ ਦਿੱਲੀ ਤੋਂ ਪੰਜਾਬ ਵਿਚਲੀ ਕਿਸੇ ਜੇਲ ਵਿੱਚ ਤਬਦੀਲ ਕਰਨ ਦੀ ਅਰਜ਼ੀ ਦਿੱਤੀ ਸੀ ਤਾਂ ਕੀ ਬਾਦਲ ਸਰਕਾਰ ਨੇ ਇਹ ਨਹੀਂ ਸੀ ਕਿਹਾ ਕਿ ਭੁੱਲਰ ਇੱਕ ਖਤਰਨਾਇਕ ਅੱਤਵਾਦੀ ਹੈ ਅਤੇ ਉਸ ਨੂੰ ਪੰਜਾਬ ਵਿੱਚ ਲਿਆਉਣ ਤੋਂ ਇਨਕਾਰ ਕਰ ਦਿੱਤਾ ਸੀ? ਜਿਹੜੇ ਕਹਿੰਦੇ ਹਨ ਕਿ ਅਕਾਲ ਤਖ਼ਤ ਸਾਡਾ ਸੁਪਰੀਮ ਹੈ, ਕੀ ਉਥੇ ਵੀ ਸਰਿਆਂ ਨੂੰ ਇਕੋ ਜਿਹਾ ਇਨਸਾਫ ਮਿਲਦਾ ਹੈ ਜਾਂ ਕਦੀ ਮਿਲਿਆ ਹੈ? ਕੀ ਉਥੇ ਵੀ ਸਾਰੇ ਫੈਸਲੇ ਵੋਟਾਂ ਨੂੰ ਮੁੱਖ ਰੱਖਕੇ ਨਹੀਂ ਕਰਵਾਏ ਜਾਂਦੇ? ਜਿਹਨਾ ਦੇ ਸਾਹਮਣੇ ਚਿੱਟੇ ਦਿਨ ਵਾਂਗ ਇਹ ਸਾਰਾ ਕੁੱਝ ਹੁੰਦਾ ਹੈ ਅਤੇ ਫਿਰ ਵੀ ਉਹ ਉਹਨਾ ਅੱਗੇ ਤਰਲੇ ਅਤੇ ਅਪੀਲਾਂ ਕਰਦੇ ਨਜ਼ਰ ਆਉਂਦੇ ਹਨ। ਇਸ ਲਈ ਜੇ ਕਰ ਕੇਂਦਰ ਤੋਂ ਇਨਸਾਫ ਨਹੀਂ ਮਿਲ ਰਿਹਾ ਤਾਂ ਫਿਰ ਵੀ ਇਨਸਾਫ ਦੀ ਆਸ ਲਈ ਪ੍ਰੋ: ਭੁੱਲਰ ਦਾ ਅਪੀਲਾਂ ਕਰਕੇ ਆਸ ਰੱਖਣੀ ਕੋਈ ਬਹੁਤੀ ਗਲਤ ਗੱਲ ਨਹੀਂ ਕਹੀ ਜਾ ਸਕਦੀ। ਇਸ ਦੇ ਸੰਬੰਧ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਜੋ ਬਿਆਨ, ਕੁੱਝ ਦਿਨ ਪਹਿਲਾਂ, ਸ਼੍ਰੋ: ਕਮੇਟੀ ਦੇ ਪ੍ਰਧਾਨ ਮੱਕੜ ਨੂੰ ਲਿਖੀ ਚਿੱਠੀ ਵਿੱਚ ਛਪਿਆ ਹੈ ਉਸ ਨੂੰ ਬਹੁਤਾ ਸਿਆਣਪ ਵਾਲਾ ਨਹੀਂ ਕਿਹਾ ਜਾ ਸਕਦਾ। ਉਸ ਵਿੱਚ ਤਾਂ ਸਿੱਧਾ ਹੀ ਪ੍ਰੋ: ਭੁੱਲਰ ਨੂੰ ਬੰਬ ਧਮਾਕਿਆਂ ਦਾ ਦੋਸ਼ੀ ਠਹਿਰਾ ਦਿੱਤਾ ਹੈ। ਇਸੇ ਤਰ੍ਹਾਂ ਹੀ ਦੋ ਹੋਰ ਸਿੱਖਾਂ ਬਾਰੇ ਜੋ ਕਿ ਯੂਰਪ ਵਿੱਚ ਰਹਿੰਦੇ ਹਨ, ਉਹਨਾ ਬਾਰੇ ਰਾਜੋਆਣੇ ਦੇ ਬਿਆਨ ਦੀ ਹਲਵਾਰੇ ਨੇ ਅਸਿਮਤੀ ਪ੍ਰਗਟਾਈ ਹੈ। ਭਾਵੇਂ ਕਿ ਸਾਰੀ ਦੁਨੀਆਂ ਦੇ ਸਿੱਖ ਰਾਜੋਆਣੇ ਦੀ ਦ੍ਰਿੜਤਾ ਅਤੇ ਮੌਤ ਨੂੰ ਮਖੌਲਾਂ ਕਰਨ ਦੀ ਪ੍ਰਸੰਸਾ ਕਰਦੇ ਹਨ ਪਰ ਉਹਨਾ ਵਿਚੋਂ ਬਹੁਤੇ ਉਹ ਰਾਜੋਆਣੇ ਦੀ ਇਸ ਤਰ੍ਹਾਂ ਦੀ ਬਿਆਨਬਾਜੀ ਨੂੰ ਬਹੁਤਾ ਦੂਰ ਅੰਦੇਸ਼ੀ ਨਹੀਂ ਮੰਨਦੇ।
ਮੌਤ ਨੂੰ ਮਖੌਲਾਂ ਕਰਨ ਵਾਲੇ ਲੋਕ ਤਕਰੀਬਨ ਹਰ ਕੌਮ, ਦੇਸ਼ ਅਤੇ ਧਰਮ ਵਿੱਚ ਹੁੰਦੇ ਹਨ। ਜੇ ਕਰ ਹੁਣ ਦੀ ਗੱਲ ਕਰੀਏ ਤਾਂ ਇਸਲਾਮ ਨੂੰ ਮੰਨਣ ਵਾਲਿਆਂ ਵਿੱਚ ਇਸ ਵੇਲੇ ਸਭ ਤੋਂ ਜਿਆਦਾ ਇਸ ਤਰ੍ਹਾਂ ਦੇ ਹਨ ਜੋ ਕਿ ਹਰ ਆਏ ਦਿਨ ਆਪਣੇ ਨਾਲ ਬੰਬ ਬੰਨ ਕੇ ਮਾਰ ਕੇ ਮਰ ਜਾਂਦੇ ਹਨ। ਇਹ ਵਰਤਾਰਾ ਪਿਛਲੇ ਇੱਕ ਦਹਾਕੇ ਤੋਂ ਵੀ ਉਪਰ ਅਫਗਾਨਿਸਤਾਨ, ਪਾਕਿਸਤਾਨ, ਇਰਾਕ ਅਤੇ ਕਈ ਹੋਰ ਇਸਲਾਮੀ ਦੇਸ਼ਾਂ ਵਿੱਚ ਵਾਪਰ ਰਿਹਾ ਹੈ। ਇਹਨਾ ਵਿੱਚ ਮਰਨ ਮਰਾਉਣ ਵਾਲੇ ਵੀ ਬਹੁਤਾ ਕਰਕੇ ਇਸਲਾਮ ਨੂੰ ਮੰਨਣ ਵਾਲੇ ਹੀ ਕਿਸੇ ਹੋਰ ਫਿਰਕੇ ਨਾਲ ਸੰਬੰਧਿਤ ਹੁੰਦੇ ਹਨ ਅਤੇ ਹੁੰਦੇ ਵੀ ਕਈ ਵਾਰੀ ਨਿਰਦੋਸ਼ੇ ਹੀ ਹਨ। ਇਹ ਇੱਕ ਬਹਾਦਰੀ ਵਾਲਾ ਗੁਣ ਤਾਂ ਮੰਨਿਆਂ ਜਾ ਸਕਦਾ ਹੈ ਪਰ ਧਰਮ ਵਾਲਾ ਨਹੀਂ। ਧਰਮੀ ਪੁਰਸ਼ ਵਿੱਚ ਦਇਆ ਹੁੰਦੀ ਹੈ ਉਹ ਕਿਸੇ ਦੀ ਜਾਨ ਲੈਣ ਲੱਗਿਆਂ ਸੌ ਵਾਰੀ ਸੋਚਦਾ ਹੈ ਕਿ ਮੇਰੇ ਕੋਲੋਂ ਕੋਈ ਨਿਦੋਸ਼ਾ ਨਾ ਮਾਰਿਆ ਜਾਵੇ। ਕਿਉਂਕਿ ਹਰ ਇੱਕ ਵਿੱਚ ਉਸੇ ਹੀ ਪ੍ਰਮਾਤਮਾ ਦੀ ਜੋਤਿ ਹੈ। ਉਹ ਵੀ ਕਸੇ ਦਾ ਧੀ-ਪੁੱਤਰ, ਭੈਣ-ਭਰਾ, ਮਾਤਾ-ਪਿਤਾ, ਪਤੀ-ਪਤਨੀ ਜਾਂ ਹੋਰ ਕੋਈ ਰਿਸ਼ਤੇਦਾਰ ਹੈ। ਉਹਨਾ ਦੀਆਂ ਵੀ ਕੋਈ ਭਾਵਨਾਵਾਂ ਹਨ। ਇਸੇ ਲਈ ਸਾਡੇ ਗੁਰੂਆਂ ਨੇ ਦਸ ਜਾਮਿਆਂ ਵਿਚੋਂ ਸਿਰਫ ਦੋ ਨੇ ਹੀ ਮਜਬੂਰੀ ਵੱਸ ਮਨੁੱਖੀ ਹੱਕਾਂ ਦੀ ਰਾਖੀ ਲਈ ਅਤੇ ਆਪਣੀ ਹਿਫਾਜਤ ਲਈ ਹਥਿਆਰ ਚੁੱਕੇ ਸਨ ਅਤੇ ਸਾਰੀਆਂ ਲੜਾਂਈਆਂ ਵਿੱਚ ਕਿਸੇ ਤੇ ਵੀ ਪਹਿਲ ਕਰਕੇ ਕੋਈ ਹਮਲਾ ਨਹੀਂ ਸੀ ਕੀਤਾ। ਪੁਰਾਣੇ ਇਤਿਹਾਸ ਨੂੰ ਪੜ੍ਹਿਆਂ ਪਤਾ ਲਗਦਾ ਹੈ ਕਿ ਇਸਲਾਮ ਵਿੱਚ ਪਹਿਲਾਂ ਤੋਂ ਹੀ ਮਜਬੀ ਜਨੂੰਨ ਅਤੇ ਕੱਟੜਤਾ ਜਿਆਦਾ ਹੈ ਪਰ ਦਇਆ ਵਾਲਾ ਧਰਮੀ ਗੁਣ ਘੱਟ। ਤਾਂ ਹੀ ਤਾਂ ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ ਸੀ:
ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਪੰਨਾ 1084॥
ਭਾਵ ਕਿ ਧਰਮੀ ਬੰਦੇ ਦਾ ਮਨ ਮੋਮ ਵਰਗਾ ਨਰਮ ਹੋਣਾਂ ਚਾਹੀਦਾ ਹੈ ਪਰ ਇਸੇ ਤਰ੍ਹਾਂ ਦੀ ਹੀ ਜਨੂੰਨੀ ਕੱਟੜਤਾ ਸਿੱਖਾਂ ਵਿੱਚ ਵੀ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਗੁਰਦਾਸਪੁਰ ਦੇ ਗੋਲੀਕਾਂਡ ਵਿੱਚ ਇੱਕ ਨੌਜੁਆਨ ਦੀ ਮੌਤ ਮੰਦਭਾਗੀ ਗੱਲ ਹੋਈ ਹੈ। ਇਸ ਨਾਲ ਸੰਬੰਧਿਤ ਜਦੋਂ ਇੱਕ ਯੂ-ਟਿਉਬ ਦੀ ਵੀਡੀਓ ਦਾ ਕਲਿਪ ਦੇਖ ਰਿਹਾ ਸੀ ਤਾਂ ਪੁਲੀਸ ਵਾਲੇ ਜਿਹੜੇ ਕਿ ਦੇਖਣ ਨੂੰ ਸਿੱਖ ਲਗਦੇ ਸਨ, ਉਹ ਬੜੀਆਂ ਗੰਦੀਆਂ ਗਾਲ੍ਹਾਂ ਕੱਢ ਰਹੇ ਸਨ। ਇਸ ਬਾਰੇ ਵੀ ਕਿਸੇ ਮਨੋ ਵਿਗਆਨੀ ਤੋਂ ਪੜਤਾਲ ਕਰਵਾਉਣੀ ਚਾਹੀਦੀ ਹੈ ਕਿ ਉਹ ਅਜਿਹਾ ਕਿਉਂ ਕਰ ਰਹੇ ਸਨ? ਕੀ ਉਹਨਾ ਨੂੰ ਸਿੱਖਾਂ ਤੋਂ ਕਿਸੇ ਕਾਰਨ ਨਫਰਤ ਹੈ? ਕੀ ਉਹਨਾ ਦੇ ਕਿਸੇ ਪਰਵਾਰਕ ਮੈਂਬਰ ਨੂੰ ਕਿਸੇ ਕਥਿਤ ਖਾੜਕੂ ਨੇ ਕਤਲ ਤਾਂ ਨਹੀਂ ਸੀ ਕੀਤਾ? ਕੀ ਉਹ ਕਿਸੇ ਸਿੱਖ ਵਿਰੋਧੀ ਫਿਰਕੇ ਨਾਲ ਸੰਬੰਧਿਤ ਤੇ ਨਹੀਂ ਸਨ?
ਸਾਰੀ ਦੁਨੀਆਂ ਵਿਚੋਂ ਮੌਤ ਦੀ ਸਜਾ ਖਤਮ ਕਰਾਉਣ ਦੇ ਲਈ ਅਵਾਜ਼ਾ ਉਠ ਰਹੀਆਂ ਹਨ। ਸਾਰੇ ਦੁਨੀਆਂ ਦੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਇਹ ਮਸਲਾ ਸਿਰਫ ਰਾਜੋਆਣਾ ਤੇ ਪ੍ਰੋ: ਭੁੱਲਰ ਦਾ ਨਾ ਹੋ ਕੇ ਸਾਰਿਆਂ ਲਈ ਹੀ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਇਸ ਸਜਾ ਨੂੰ ਬਿੱਲਕੁੱਲ ਖਤਮ ਕੀਤਾ ਜਾਵੇ। ਮੌਤ ਦੀ ਸਜ਼ਾ ਦੇਣ ਨਾਲ ਕਿਸੇ ਵੀ ਦੇਸ਼ ਵਿੱਚ ਅਪਰਾਧ ਘੱਟ ਨਹੀਂ ਜਾਂਦੇ। ਕਨੇਡਾ ਅਤੇ ਅਮਰੀਕਾ ਦੀ ਹੀ ਮਿਸਾਲ ਲੈ ਲਓ। ਇੱਥੇ ਕਨੇਡਾ ਵਿੱਚ ਮੌਤ ਦੀ ਸਜਾ ਨਹੀਂ ਹੈ ਪਰ ਅਮਰੀਕਾ ਵਿੱਚ ਕਾਫੀ ਸਟੇਟਾਂ ਵਿੱਚ ਹੈ। ਪਰ ਅਮਰੀਕਾ ਵਿੱਚ ਅਪਰਾਧ ਕਨੇਡਾ ਨਾਲੋਂ ਕਿਤੇ ਜ਼ਿਆਦਾ ਹਨ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਅਸੈਂਬਲੀ ਵਿੱਚ ਇਸ ਬਾਰੇ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ। ਜੇ ਕਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਤਾਂ ਵਿਦੇਸ਼ਾਂ ਵਿਚਲੇ ਬਾਦਲ ਦਲੀਆਂ ਦੇ ਸਹਿਯੋਗੀਆਂ ਨੂੰ ਪੁੱਛਣਾ ਬਣਦਾ ਹੈ ਕਿ ਤੁਸੀਂ ਉਸ ਨਾਲ ਕਿਉਂ ਜੁੜੇ ਹੋਏ ਹੋ? ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਵੈਨਕੂਵਰ ਵਿੱਚ ਜਿਹੜਾ ਇੱਕ ਰੇਡੀਓ ਸ਼ਟੇਸ਼ਨ ਸਿੱਖੀ ਹੱਕਾਂ ਲਈ ਬਹੁਤਿਆਂ ਨਾਲੋਂ ਵੱਧ ਅਵਾਜ਼ ਉਠਾਉਂਦਾ ਹੈ ਉਸ ਦਾ ਕਰਤਾ-ਧਰਤਾ ਬਾਦਲ ਦਲ ਨਾਲ ਸੰਬੰਧਿਤ ਹੈ। ਕੀ ਅਜਿਹੇ ਬੰਦਿਆਂ ਦਾ ਕੋਈ ਫਰਜ ਨਹੀਂ ਬਣਦਾ ਕਿ ਅਸੀਂ ਵੀ ਆਪਣੇ ਸਹਿਯੋਗੀਆਂ ਤੇ ਕੋਈ ਦੁਬਾਓ ਪਾਈਏ ਅਤੇ ਜਾਂ ਫਿਰ ਉਸ ਤੋਂ ਖਹਿੜਾ ਛੁਡਾਈਏ? ਸਿੱਖ ਹੋਣ ਤੇ ਨਾਤੇ ਕੁੱਝ ਨਾ ਕੁੱਝ ਤਾਂ ਕਰਨਾ ਹੀ ਬਣਦਾ ਹੈ ਨਾ ਕਿ ਸਿਰਫ ਕੇਂਦਰੀ ਸਰਕਾਰ ਨੂੰ ਹੀ ਮਾੜਾ ਕਹੀ ਜਾਈਏ। ਇਹ ਗੱਲ ਦੇਸ਼-ਵਿਦੇਸ਼ ਦੇ ਸਾਰੇ ਬਾਦਲ ਦਲ ਦੇ ਸਹਿਯੋਗੀਆਂ ਨੂੰ ਵਿਚਾਰਨੀ ਚਾਹੀਦੀ ਹੈ।
ਮੱਖਣ ਸਿੰਘ ਪੁਰੇਵਾਲ

ਸਿੱਖਮਾਰਗ ਦਾ ਸੰਪਾਦਕੀ, ਰਾਜੋਆਣਾ ਦੇ ਮਾਮਲੇ ਤੇ

ਇਕ ਕਹਾਵਤ ਕਈ ਵਾਰੀ ਸੁਣਨ ਵਿੱਚ ਆਈ ਹੈ ਕਿ ਸਿੱਖ, ਆਪਣੇ ਧਰਮ ਲਈ ਸਿਰ ਵਾਰਨ ਤੋਂ ਨਹੀਂ ਡਰਦਾ ਅਤੇ ਨਾ ਹੀ ਕਿਸੇ ਦੂਸਰੇ ਦਾ ਸਿਰ ਲੈਣ ਤੋਂ ਡਰਦਾ ਹੈ। ਜੇ ਕਰ ਡਰਦਾ ਹੈ ਤਾਂ ਉਹ ਸਮੇਂ ਸਿਰ ਆਪਣਾ ਸਿਰ ਵਰਤਣ ਤੋਂ ਡਰਦਾ ਹੈ। ਕਹਿਣ ਤੋਂ ਭਾਵ ਹੈ ਕਿ ਆਪਣਾ ਸਿਰ ਦੇਣ ਲਈ ਅਤੇ ਦੂਸਰੇ ਦਾ ਸਿਰ ਲੈਣ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਪਰ ਜਦੋਂ ਸਿਰ ਵਰਤਣ ਦਾ ਮੌਕਾ ਆਉਂਦਾ ਹੈ ਤਾਂ ਇਸ ਆਪਣਾ ਸਿਰ ਘੱਟ ਅਤੇ ਕਿਸੇ ਦੂਸਰੇ ਦਾ ਜ਼ਿਆਦਾ ਵਰਤਦਾ ਹੈ ਭਾਵ ਕਿ ਲਾਈ ਲੱਗ ਬਣ ਕੇ ਹੋਰਨਾ ਤੋਂ ਸਲਾਹਾਂ ਲੈਣ ਲਗਦਾ ਹੈ। ਤਾਂਹੀ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਮੋਰਚੇ ਲਾ ਕੇ ਆਪਣਾ ਬੇਅੰਤ ਜਾਨੀ ਤੇ ਮਾਲੀ ਨੁਕਸਾਨ ਕਰਵਾ ਕੇ ਜਦੋਂ ਟੇਬਲ ਤੇ ਬੈਠ ਕੇ ਗੱਲਬਾਤ ਰਾਹੀਂ ਕੋਈ ਪ੍ਰਾਪਤੀ ਕਰਨ ਦਾ ਮੌਕਾ ਆਉਂਦਾ ਹੈ ਤਾਂ ਸਮੇਂ ਸਿਰ ਆਪਣਾ ਸਿਰ ਨਾ ਵਰਤਣ ਦੇ ਕਾਰਨ ਪ੍ਰਾਪਤੀ ਨਗੂਣੀ ਜਿਹੀ ਹੀ ਹੁੰਦੀ ਹੈ। ਹੋ ਸਕਦਾ ਹੈ ਕਿ ਬਹੁਤਿਆਂ ਨੂੰ ਇਹ ਗੱਲ ਚੰਗੀ ਨਾ ਲੱਗੇ ਪਰ ਇਹ ਅਸਲੀਅਤ ਦੇ ਕਾਫੀ ਨੇੜੇ ਲਗਦੀ ਹੈ।
ਇਕ ਗੱਲ ਹੋਰ ਇਹ ਹੈ ਕਿ ਸਿੱਖ ਆਪਣੇ ਆਪ ਨੂੰ ਪੂਰੇ ਸਹੀ ਅਤੇ ਦੂਸਰੇ ਨੂੰ ਬਿੱਲਕੁੱਲ ਗਲਤ ਸਮਝਦੇ ਹਨ ਭਾਵ ਕਿ ਆਪਣਾ ਕੋਈ ਵੀ ਕਸੂਰ ਨਹੀਂ ਮੰਨਣਾ ਚਾਹੁੰਦੇ ਅਤੇ ਸਾਰਾ ਕਸੂਰ ਦੂਸਰਿਆਂ ਦਾ ਹੀ ਕੱਢਣਾ ਚਾਹੁੰਦੇ ਹਨ। ਜਜਬਾਤੀ ਤੌਰ ਤੇ ਆਪਣੇ ਹੀ ਗੁਰਦੁਆਰਿਆਂ, ਰੈਲੀਆਂ ਜਾਂ ਇਕੱਠਾਂ ਵਿੱਚ ਤਾਂ ਇਹ ਗੱਲ ਪੁੱਗ ਜਾਂਦੀ ਹੈ ਪਰ ਕੌਮਾਂਤਰੀ ਲੈਵਲ ਤੇ ਅਜਿਹੀ ਗੱਲ ਪਗਾਉਣੀ ਇਤਨੀ ਸੌਖੀ ਨਹੀਂ ਹੁੰਦੀ। ਇਸੇ ਕਰਕੇ ਭਾਵੇਂ ਹੁਣ ਸਿੱਖ ਸਾਰੀ ਦੁਨੀਆਂ ਵਿੱਚ ਵਸੇ ਹੋਏ ਹਨ ਪਰ ਫਿਰ ਵੀ ਇਹ ਹਾਲੇ ਤੱਕ ਦੁਨੀਆਂ ਦੇ ਕਿਸੇ ਵੀ ਦੇਸ਼ ਤੋਂ ਆਪਣੇ ਤੇ ਹੋਏ ਜੁਲਮ ਬਾਰੇ ਕੋਈ ਖਾਸ ਹਮਦਰਦੀ ਹਾਸਲ ਨਹੀਂ ਕਰ ਸਕੇ। ਕਹਿਣ ਨੂੰ ਭਾਵੇਂ ਜੋ ਮਰਜੀ ਕਹੀ ਜਾਣ ਪਰ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸਿੱਖ ਆਪ ਆਪਣੇ ਗੁਰਦੁਆਰਿਆਂ ਜਾਂ ਭਾਈਚਾਰੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਦੇ ਹਨ। ਜੇ ਕਰ ਘਰ ਵਿੱਚ ਵੀ ਮੀਆਂ ਬੀਬੀ ਦਾ ਕੋਈ ਲੜਾਈ ਝਗੜਾ ਹੋਵੇ ਜਿਹਾ ਕਿ ਆਮ ਤੌਰ ਤੇ ਕਦੀ ਕਤਾਂਈ ਹਰ ਘਰ ਵਿੱਚ ਹੋ ਹੀ ਜਾਂਦਾ ਹੈ ਤਾਂ ਕੀ ਉਸ ਵੇਲੇ ਕਸੂਰ ਸਿਰਫ ਇੱਕ ਪਾਸੇ ਦਾ ਹੀ ਹੁੰਦਾ ਹੈ? ਹਾਂ, ਇਹ ਤਾਂ ਹੋ ਸਕਦਾ ਹੈ ਕਿ ਇੱਕ ਦਾ ਕਸੂਰ 80% ਹੋਵੇ ਅਤੇ ਦੂਜੇ ਦਾ 20% ਜਾਂ ਹੋਰ ਕਿਸੇ ਪਰਸੈਂਟ ਦੇ ਹਿਸਾਬ ਨਾਲ ਪਰ ਇਹ ਤਾਂ ਸ਼ਾਇਦ ਹੀ ਕਦੀ ਹੋਵੇ ਕਿ ਇੱਕ ਦਾ ਕਸੂਰ 100% ਅਤੇ ਦੂਜੇ ਦਾ 0%.
ਜੇ ਕਰ ਸਰਕਾਰਾਂ ਵਧੀਕੀਆਂ ਕਰਦੀਆਂ ਹਨ ਤਾਂ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਿਤੇ ਕੁੱਝ ਪਰਸੈਂਟ ਇਸ ਵਿੱਚ ਉਹਨਾ ਦਾ ਵੀ ਕਸੂਰ ਤਾਂ ਨਹੀਂ? ਜੇ ਕਰ ਸਰਕਾਰ ਨੇ ਮਿਲਟਰੀ ਅਤੇ ਪੁਲੀਸ ਰਾਹੀਂ ਨਿਰਦੋਸ਼ ਸਿੱਖਾਂ ਨੂੰ ਫੜ-ਫੜ ਕੇ ਮਾਰਿਆ ਹੈ ਤਾਂ ਕੀ ਅਜਿਹੇ ਕਾਰਨਾਮੇ ਕਥਿਤ ਖਾੜਕੂਆਂ ਨੇ ਵੀ ਤਾਂ ਨਹੀਂ ਕੀਤੇ? ਕੀ ਇਹਨਾ ਨੇ ਵੀ ਨਿਰਦੋਸ਼ ਸਿੱਖਾਂ ਅਤੇ ਹਿੰਦੂਆਂ ਦੇ ਕਤਲ ਤਾਂ ਨਹੀਂ ਕੀਤੇ? ਪਿਛਲੀਆਂ ਗੱਲਾਂ ਤਾਂ ਛੱਡੋ ਪਰ ਜੋ ਅੱਜ ਹੀ 26 ਮਾਰਚ, ਇੰਡੀਆ ਦੀ 27 ਮਾਰਚ ਦੀ ਤਾਜੀ ਜਾਣਕਾਰੀ ਜੋ ਕਿ ਅਜੀਤ ਅਖਬਾਰ ਵਿੱਚ ਛਪੀ ਹੈ ਅਤੇ ਹੈ ਵੀ ਉਹ ਬਲਵੰਤ ਸਿੰਘ ਰਾਜੋਆਣਾ ਨਾਲ ਸੰਬੰਧਿਤ, ਉਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਹੂ-ਬ-ਹੂ ਹੇਠਾਂ ਪਾ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਸਾਡੀ ਕਹੀ ਹੋਈ ਗੱਲ ਸਮਝਣ ਵਿੱਚ ਕੁੱਝ ਸੌਖ ਹੋ ਸਕੇ। ਇਸ ਨਾਲ ਰਲਦੀ ਮਿਲਦੀ ਜਾਣਕਾਰੀ ਸਪੋਕਸਮੈਨ ਵਿੱਚ ਵੀ ਛਪੀ ਹੈ ਪਰ ਅਜੀਤ ਵਿੱਚ ਕੁੱਝ ਵਿਸਥਾਰ ਵਿੱਚ ਹੈ:

ਖ਼ੁਦ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ
ਚੰਡੀਗੜ੍ਹ. ਗੁਰਪ੍ਰੀਤ ਸਿੰਘ ਨਿੱਝਰ
26 ਮਾਰਚ : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਵੇਂ ਅੱਜ ਕੁੱਝ ਲੋਕ ਅੱਤਵਾਦੀ ਜਾਂ ਉਗਰਵਾਦੀ ਵੀ ਕਹਿੰਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਖ਼ੁਦ ਵੀ ਪੰਜਾਬ ਵਿਚ ਆਏ ਉਸ ਅੱਤਵਾਦ ਦਾ ਸ਼ਿਕਾਰ ਰਿਹਾ ਹੈ, ਜਿਸ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਲਈਆਂ ਸਨ। ਸਾਲ 1991 'ਚ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਭੜਕਾਉਣ 'ਤੇ ਭਾਈ ਰਾਜੋਆਣਾ ਦੇ ਸਾਬਕਾ ਫ਼ੌਜੀ ਪਿਤਾ ਸ. ਮਲਕੀਤ ਸਿੰਘ ਨੂੰ ਕੁੱਝ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਸੀ। ਉਸ ਵੇਲੇ ਦੀ ਸਰਕਾਰ ਅਤੇ ਪੁਲਿਸ ਦੀ ਯੋਜਨਾ ਸੀ ਕਿ ਅੱਤਵਾਦ ਦਾ ਸ਼ਿਕਾਰ ਪਰਿਵਾਰਾਂ ਦੇ ਨੌਜਵਾਨ ਲੜਕਿਆਂ ਨੂੰ ਪੁਲਿਸ ਵਿਚ ਭਰਤੀ ਕਰ ਕੇ ਉਨ੍ਹਾਂ ਨੂੰ ਖਾੜਕੂਆਂ ਦੇ ਵਿਰੁੱਧ ਵਰਤਿਆ ਜਾਵੇ। ਇਸੇ ਤਹਿਤ ਪੁਲਿਸ ਅਧਿਕਾਰੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਤਵਾਦ ਤੋਂ ਪੀੜਤ ਦਾ ਦਰਜਾ ਦੇ ਕੇ ਪੁਲਿਸ ਵਿਚ ਸਿਪਾਹੀ ਭਰਤੀ ਕਰ ਲਿਆ ਸੀ। ਪਿੰਡ ਦੇ ਲੋਕਾਂ ਅਨੁਸਾਰ ਉਸ ਵੇਲੇ ਭਾਈ ਰਾਜੋਆਣਾ ਨੇ ਕਿਹਾ ਸੀ ਕਿ 'ਖ਼ੁਦ ਨੂੰ ਖਾੜਕੂ ਦੱਸਣ ਵਾਲੇ ਜਿਨ੍ਹਾਂ ਲੋਕਾਂ ਨੇ ਉਸ ਦੇ ਨਿਰਦੋਸ਼ ਬਾਪ ਨੂੰ ਮਾਰਿਆ ਹੈ, ਉਹ ਨਕਲੀ ਖਾੜਕੂ ਨੇ, ਜੇਕਰ ਮੌਕਾ ਮਿਲਿਆ ਤਾਂ ਦੱਸਾਂਗਾ ਕਿ ਅਸਲੀ ਖਾੜਕੂ ਕੀ ਹੁੰਦੇ ਨੇ'। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਨੇ ਆਪਣੇ ਬੋਲਾਂ ਨੂੰ ਪੁਗਾ ਕੇ ਵੀ ਵਿਖਾਇਆ। ਜਦੋਂ ਉਸ ਨੂੰ ਅਧਿਕਾਰੀਆਂ ਨੇ ਪੁਲਿਸ ਵਿਚ ਭਰਤੀ ਕਰਕੇ ਖੁੱਲ੍ਹੀ ਛੁੱਟੀ ਦਿੱਤੀ ਸੀ ਕਿ ਜੇ ਕਰ ਉਹ ਚਾਹੇ ਤਾਂ ਆਪਣੇ ਬਾਪ ਦੇ ਕਾਤਲਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਟਿਕਾਣੇ ਲਗਾ ਸਕਦਾ ਹੈ, ਤਾਂ ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਦਾ ਕਸੂਰ ਨਹੀਂ ਸਗੋਂ ਉਨ੍ਹਾਂ ਦੀ ਸੋਚ ਹੀ ਛੋਟੀ ਹੈ। ਫਿਰ ਜਦੋਂ ਉਸ ਦੇ ਸਬੰਧ ਨਾਮੀ ਖਾੜਕੂਆਂ ਨਾਲ ਬਣੇ ਤਾਂ ਫਿਰ ਖਾੜਕੂਆਂ ਨੇ ਵੀ ਭਾਈ ਰਾਜੋਆਣਾ ਨੂੰ ਆਪਣੇ ਪਿਤਾ ਦੇ ਕਾਤਲਾਂ ਦਾ ਸਿਰਫ਼ ਨਾਮ ਦੱਸਣ ਲਈ ਕਿਹਾ ਸੀ, ਪਰ ਉਦੋਂ ਵੀ ਭਾਈ ਰਾਜੋਆਣਾ ਨੂੰ ਉਹ ਹੀ ਗੱਲ ਦੁਹਰਾਉਂਦਿਆਂ ਕਿਹਾ ਸੀ ਕਿ ਉਹ ਇਨ੍ਹਾਂ ਛੋਟੀਆਂ ਗੱਲਾਂ ਤੋਂ ਉੱਪਰ ਉੱਠ ਚੁੱਕਾ ਹੈ। ਇਸ ਉੱਚੀ ਸੋਚ ਦੀ ਝਲਕ ਉਸ ਵੱਲੋਂ ਲਿਖੀਆਂ ਜੋਸ਼ੀਲੀਆਂ ਤਕਰੀਰਾਂ ਅਤੇ ਇਨਕਲਾਬੀ ਨਜ਼ਮਾਂ 'ਚੋਂ ਵੀ ਦਿਸਦੀ ਹੈ। ਇਸ ਤੋਂ ਇਲਾਵਾ ਜਿਸ ਹਰਪਿੰਦਰ ਸਿੰਘ ਗੋਲਡੀ ਨੂੰ ਭਾਈ ਰਾਜੋਆਣਾ ਨੇ ਆਪਣਾ ਛੋਟਾ ਭਰਾ ਬਣਾਇਆ ਸੀ, ਉਸ ਨੂੰ ਭਾਵੇਂ ਪੁਲਿਸ ਨੇ ਖਾੜਕੂ ਕਹਿ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਪਰ ਉਹ ਗੋਲਡੀ ਵੀ ਇੱਕ ਕਮਿਊਨਿਸਟ ਸੋਚ ਵਾਲੇ ਪਰਿਵਾਰ 'ਚੋਂ ਸੀ। ਉਸ ਦੇ ਪਿਤਾ ਜਸਵੰਤ ਸਿੰਘ ਮਹਿਰਾਜ ਇਲਾਕੇ ਦੇ ਅਜਿਹੇ ਨਾਮਵਰ ਕਾਮਰੇਡ ਨੇਤਾ ਰਹੇ ਹਨ, ਜਿਨ੍ਹਾਂ ਕਿ ਕਮਿਊਨਿਸਟ ਹੋਣ ਦੇ ਨਾਲ ਨਾਲ ਅੰਮ੍ਰਿਤ ਵੀ ਛੱਕਿਆ ਹੋਇਆ ਸੀ। ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਉਨ੍ਹਾਂ ਦੀ ਹੀ ਬੇਟੀ ਹੈ।
ਭਾਈ ਰਾਜੋਆਣਾ ਬਾਰੇ ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਉਨ੍ਹਾਂ ਦੇ ਛੋਟੇ ਹੁੰਦਿਆਂ ਹੀ ਮੌਤ ਹੋ ਜਾਣ ਕਾਰਨ ਭਾਈ ਬਲਵੰਤ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਕੁਲਵੰਤ ਸਿੰਘ ਨੂੰ ਉਨ੍ਹਾਂ ਦੀ ਚਾਚੀ-ਮਾਸੀ ਨੇ ਹੀ ਪਾਲ੍ਹਿਆ ਸੀ। ਪਿੰਡ ਰਾਜੋਆਣਾ ਦੇ ਨਾਲ ਲੱਗਦੇ ਸਰਕਾਰੀ ਹਾਈ ਸਕੂਲ ਪਿੰਡ ਹੇਰ੍ਹਾਂ ਤੋਂ ਦਸਵੀਂ ਕਰਨ ਉਪਰੰਤ ਉਨ੍ਹਾਂ ਗੁਰੂਸਰ ਸਿਧਾਰ ਕਾਲਜ 'ਚ ਬੀ. ਏ. 'ਚ ਦਾਖ਼ਲਾ ਲਿਆ ਸੀ, ਪਰ ਪਿਤਾ ਦਾ ਕਤਲ ਹੋਣ ਤੇ ਵਿਚੇ ਹੀ ਪੜ੍ਹਾਈ ਛੱਡ ਕੇ ਉਹ ਪੁਲਿਸ ਵਿਚ ਭਰਤੀ ਹੋ ਗਿਆ ਅਤੇ ਆਪਣੀ ਇੱਛਾ ਨਾਲ ਕਮਾਂਡੋ ਸਿਖਲਾਈ ਲਈ। ਇਸ ਉਪਰੰਤ ਮਨੁੱਖੀ ਬੰਬ ਬਣੇ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨਾਲ ਬੇਅੰਤ ਸਿੰਘ ਕਤਲਕਾਂਡ ਦੀ ਰੂਪਰੇਖਾ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਅਮਰੀਕਾ ਰਹਿੰਦੇ ਆਪਣੇ ਦੋਸਤ ਨਾਲ ਗੱਲ ਕੀਤੀ ਸੀ ਕਿ ਉਸ ਕੋਲ ਤਾਂ ਸਿਰਫ਼ ਇੱਕ ਸਟੇਨਗੰਨ ਹੀ ਹੁੰਦੀ ਹੈ, ਇਸ ਲਈ ਉਹ ਸਾਡੇ ਲਈ ਵੱਡੇ ਅਸਲੇ ਦਾ ਪ੍ਰਬੰਧ ਕਰ ਕੇ ਦੇਵੇ। ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਭਾਈ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਸਮੇਤ ਵਾਰਦਾਤ ਦੀ ਪੂਰੀ ਵਿਊਂਤ ਤਿਆਰ ਕਰਨ ਤੱਕ ਵੀ ਉਨ੍ਹਾਂ ਦਾ ਕਿਸੇ ਖਾੜਕੂ ਜਥੇਬੰਦੀ ਨਾਲ ਕੋਈ ਸੰਪਰਕ ਨਹੀਂ ਸੀ।

ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ।

ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ।
ਬੀ. ਐੱਸ. ਢਿੱਲੋਂ, ਐਡਵੋਕੇਟ
ਇੱਕ ਪੰਡਾਲ ਵਿੱਚ, ਰੁੱਗ ਭਰ ਕੇ ਤਲੀ ਹੋਈ ਮੱਛੀ, ਪਰੌਂਠੇ ਜਿੰਨਾ ਆਮਲੇਟ ਤੇ ਅੱਧੀ ਛਟਾਂਕ ਟਮਾਟਰਾਂ ਦੀ ਚਟਣੀ ਵੱਡੀਆਂ ਪਲੇਟਾਂ `ਚ ਪਾਉਣ ਪਿੱਛੋਂ ਹਾਜਰ ਮਹਿਮਾਨਾਂ ਨੇ ਕਲੇਜੀ ਨੂੰ ਹੱਥ ਪਾਇਆ ਹੀ ਸੀ ਕਿ ਉੱਚੀ ਆਵਾਜ ਵਿੱਚ ਡੀ. ਜੇ. ਨੇ ਮੇਜ਼ ਹਿੱਲਣ ਲਗਾ ਦਿੱਤੇ। ਇਸ ਵਿਆਹ ਸਮਾਗਮ `ਚ ਛੇ ਕੁ ਸੌ ਵਿਅਕਤੀਆਂ ਦਾ ਇਕੱਠ ਸੀ। ਪਿਛਲੇ ਡੇਢ ਕੁ ਦਹਾਕੇ ਤੋਂ ਪੰਜਾਬੀਆਂ ਨੇ ਮੈਰਿਜ ਪੈਲੇਸਾਂ `ਚ ਵਿਆਹ ਕਰਨੇ ਸ਼ੁਰੂ ਕੀਤੇ ਲਗਦੇ ਹਨ। ਨਾ ਖੁਰਚਣੇ, ਕੜਾਹੀਆਂ ਇਕੱਠੀਆਂ ਕਰਨੀਆਂ ਪੈਣ, ਨਾ ਹੀ 15 ਦਿਨ ਘਰੇ ਮੰਜੇ-ਬਿਸਤਰਿਆਂ ਦਾ ਗਾਹ ਪਵੇ ਅਤੇ ਨਾ ਹੀ ਸ਼ਰਾਬੀ ਮਹਿਮਾਣ ਸਾਂਭਣੇ ਪੈਣ। ਸਾਰਾ ਕੰਮ ਇੱਕ ਦਿਨ ਵਿੱਚ ਹੀ ਹੋ ਜਾਂਦਾ। ਮੈਰਿਜ ਪੈਲੇਸ ਵਾਲਿਆਂ ਛੇ ਤੋਂ ਬਾਰਾਂ ਸੌ ਰੁਪਿਆ ਪ੍ਰਤੀ ਪਲੇਟ ਦੇ ਹਿਸਾਬ ਕੀਤਾ ਹੁੰਦਾ। ਇਕੱਲੇ ਪੈਲਸ ਵਿੱਚ ਸਮਾਗਮ ਕਰਨ ਦਾ ਖਰਚਾ ਅੰਦਾਜ਼ਾ ਚਾਰ ਪੰਜ ਲੱਖ ਹੁੰਦਾ। ਲੈਣ-ਦੇਣ ਵੱਖਰਾ।
ਪੰਜਾਬ ਵਿੱਚ ਅਜਿਹੇ ਵਿਆਹਾਂ ਤੇ ਦਸ ਤੋਂ ਚਾਲੀ ਲੱਖ ਤੱਕ ਖਰਚਾ ਹੋ ਜਾਦਾ ਹੈ। ਖਾ ਪੀ ਕੇ ਲੋਕ, ਗਿੱਠ-ਗਿੱਠ ਉੱਗੀ ਕਣਕ ਵਿੱਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ, ਘਰੋ ਘਰੀ ਤੁਰ ਜਾਂਦੇ ਹਨ। ਅਕਸਰ ਇੱਕ ਸਮਾਗਮ ਵਿੱਚ ਲੋਕੀਂ ਦੋ ਦਿਨ ਜਿੰਨਾ ਰਾਸ਼ਨ ਛਕ ਜਾਂਦੇ ਹਨ। ਇਸੇ ਕਰਕੇ ਪੰਜਾਬੀਆਂ ਵਿੱਚ ਮੋਟਾਪਾ ਅਤੇ ਹਰਟ ਅਟੈਕ ਦੀਆਂ ਬਿਮਾਰੀਆਂ ਵਧ ਗਈਆਂ ਹਨ। ਸ਼ਗਨ ਵੀ ਸਾਰੇ ਨਹੀਂ ਦਿੰਦੇ। ਉਨ੍ਹਾਂ ਵਿਆਹ ਵਾਲੇ ਮੁੰਡੇ ਕੁੜੀ ਦੀ ਸ਼ਕਲ ਵੀ ਨਹੀਂ ਵੇਖੀ ਹੁੰਦੀ। ਂਨੇਤਾ ਕਿਸਮ ਦੇ ਲੋਕਾਂ ਲਈ ਇਹ ਵੋਟਾਂ ਪੱਕੀਆਂ ਕਰਨ ਦਾ ਵੀ ਮੌਕਾ ਹੁੰਦਾ। ਉਨ੍ਹਾਂ ਨੂੰ ਡਰ ਵੀ ਹੁੰਦਾ ਕਿ ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ `ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਵੀ ਬਾਬਰ ਦੀ ਤਲਵਾਰ ਵਾਂਗ ਸਿਰ `ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਲੀਡਰਾਂ ਦੇ ਵਿਆਹ `ਚ ਆਉਣ ਨਾਲ ਪੰਜ ਦਸ ਹਜ਼ਾਰ ਦਾ ਹਰ ਘਰ ਨੂੰ ਵਾਧੂ ਖਰਚਾ ਪੈਂਦਾ ਹੈ। ਫੇਰ ਵੀ ਸਮਾਜਕ ਵਿਖਾਵੇ ਲਈ ਲੋਕ ਅਜਿਹਾ ਕਰ ਰਹੇ ਹਨ। ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਉਹ ਇਹ ਫਜ਼ੂਲ ਖਰਚੀ ਕਰ ਰਹੇ ਹਨ। ਸਿਰਫ ਸ਼ਰੀਕਾਂ ਨੂੰ ਇਹ ਦੱਸਣ ਲਈ ਕਿ ਸਾਡੇ ਫਲਾਣੇ ਐਮ ਐੱਲ ਏ, ਐੱਮ ਪੀ, ਮਨਿਸਟਰ ਜਾਂ ਡੀ ਜੀ ਪੀ ਨਾਲ ਸਬੰਧ ਹਨ; ਇਸ ਲਈ ਸਾਨੂੰ ਵੱਡੇ ਆਦਮੀਂ ਮੰਨੋ।
ਪੰਜਾਬੀ ਵਿਕਸਤ ਮੁਲਕਾਂ ਵਿੱਚ ਜਾ ਕੇ ਵੀ ਨਹੀਂ ਬਦਲੇ। ਅਸੀਂ ਗੋਰਿਆਂ ਦੀ ਇੱਕ ਵੀ ਚੰਗੀ ਆਦਤ ਨਹੀਂ ਸਿੱਖੀ। ਮੈਂ ਕਨੇਡਾ ਅਤੇ ਅਮਰੀਕਾ ਵਿੱਚ ਕਈ ਵਿਆਹਾਂ ਵਿੱਚ ਸ਼ਾਂਮਲ ਹੋਇਆ ਹਾਂ। ਸਾਡੇ ਲੋਕ ਉੱਥੇ ਜਾ ਕੇ ਵੀ ਨਹੀਂ ਬਦਲੇ। ਚਾਲੀ ਪੰਜਾਹ ਸਾਲਾਂ ਤੋਂ ਉੱਥੇ ਰਹਿੰਦੇ ਲੋਕ, ਅਜੇ ਵੀ ਪਛੜੀਆਂ ਹੋਈਆਂ ਪੰਜਾਬੀ ਆਦਤਾਂ, ਨਾਲ ਚੁੱਕੀ ਫਿਰਦੇ ਹਨ। ਇਹਨੂੰ ਉਹ ਆਪਣਾ ਵਿਰਸਾ ਕਹਿੰਦੇ ਹਨ। ਲੱਖ ਲ਼ਾਹਣਤ ਹੈ ਅਜਿਹੇ ਵਿਰਸੇ ਤੇ। ਚੰਡੀਗੜ੍ਹ ਜਾਂ ਦਿੱਲੀ ਬਰਗੇ ਮਹਾਂ ਨਗਰਾਂ `ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ। ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਲੋੜ ਵੀ ਹੁੰਦੀ ਹੈ ਤੇ ਸ਼ੁਗਲ ਵੀ। ਮੇਲੇ ਵਰਗਾ ਮਾਹੌਲ ਹੁੰਦਾ ਹੈ। ਘਰ ਵਾਲਿਆਂ ਨੂੰ ਤਿੰਨ-ਚਾਰ ਹਜ਼ਾਰ ਬੰਦਿਆਂ ਨਾਲ ਹੱਥ ਮਿਲਾਉਂਦਿਆਂ ਪਤਾ ਹੀ ਨਹੀਂ ਚਲਦਾ ਕਿ ਸੱਦਾ-ਪੱਤਰ ਭੇਜ ਕੇ ਬੁਲਾਏ ਮਹਿਮਾਨਾਂ ਵਿਚੋਂ ਸੌ ਪੰਜਾਹ ਬੰਦਾ ਪਹੁੰਚਿਆ ਹੀ ਨਹੀਂ ਜਾਂ ਡੇਢ ਦੋ ਸੌ ਹੁਦਾਰੇ ਕਾਰਡਾਂ `ਤੇ ਹੀ ਸ਼ਮੂਲੀਅਤ ਕਰ ਗਏ ਹਨ। ਪੈਸੇ-ਧੇਲੇ ਦੀ ਕੋਈ ਸਮੱਸਿਆ ਨਹੀਂ ਹੁੰਦੀ। ਪਿਛਲੇ ਸਾਲ ਹੀ ਮੇਰੇ ਇੱਕ ਨਜਦੀਕੀ ਰਿਸ਼ਤੇਦਾਰਾਂ ਦੇ ਮੁੰਡੇ ਦਾ ਵਿਆਹ ਸੀ। ਸੱਦਾ ਪੱਤਰ ਵਿੱਚ ਛੇ ਕਾਰਡ ਸਨ। ਪਹਿਲਾ ਮੰਗਣਾ, ਦੂਜਾ ਰੋਕਾ/ਚੁੰਨੀ ਚੜ੍ਹਾਉਣਾ, ਤੀਜਾ ਜਾਗੋ, ਚੌਥਾ ਵਿਆਹ, ਪੰਜਵਾਂ ਰਿਸੈੱਪਸ਼ਨ ਅਤੇ ਛੇਵਾਂ ਕੁੜਮਾਂ ਦੀ ਮਿਲਣੀ। ਇਨ੍ਹਾਂ ਵਿੱਚੋਂ ਸਿਰਫ ਜਾਗੋ ਹੀ ਘਰੇ ਕੱਢੀ ਸੀ। ਬਾਕੀ ਸਾਰੇ ਫੰਕਸ਼ਂਨ ਹੋਟਲਾਂ ਅਤੇ ਮੈਰਿਜ ਪੈਲਿਸਾਂ ਵਿੱਚ ਸਨ। ਇੰਨੇ ਫੰਕਸ਼ਨਾ ਵਿੱਚ ਤਾਂ ਮਹਿਮਾਨਾਂ ਲਈ ਵੀ ਜਾਣਾ ਔਖਾ ਹੁੰਦਾ ਪਰ ਧੰਨ ਨੇ ਕਰਨ ਵਾਲੇ। ਬੱਸ ਅਜਿਹੇ ਲੋਕਾਂ ਦੇ ਵੇਖਾ-ਵੇਖੀ ਪੰਜਾਬੀ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ। ਹੁਣ ਸੂਚਨਾ ਤਕਨਾਲੋਜੀ ਦਾ ਜ਼ਮਾਨਾ ਹੈ। ਦੁਨੀਆਂ ਦੇ ਹਰ ਕੋਨੇ `ਚ ਖਬਰਾਂ ਪਹੁੰਚ ਰਹੀਆਂ ਹਨ ਕਿ ਦੁਨੀਆਂ ਕਿਸੇ ਨਹੀ ਜਿੱਤੀ।
ਇਸ ਧਰਤੀ `ਤੇ ਪ੍ਰਿੰਸ ਚਾਰਲਸ ਅਤੇ ਅਰਬ ਦੇ ਸ਼ਹਿਜ਼ਾਦਿਆਂ ਦੇ ਵਿਆਹ ਵੀ ਹੁੰਦੇ ਹਨ, ਜਿਨ੍ਹਾਂ ਲੋਕਾਂ ਦੀਆਂ ਬਰੂਹਾਂ `ਤੇ ਮਹੀਨਾ ਮਹੀਨਾ ਭਰ ਮਹਿਮਾਨਾਂ ਦੇ ਜਹਾਜ਼ ਹੀ ਉਤਰਦੇ/ਚੜ੍ਹਦੇ ਰਹਿੰਦੇ ਹਨ। ਭਾਰਤ ਦੇ ਅਮੀਰ ਲੋਕਾਂ ਦੇ ਵਿਆਹਾਂ ਦੀ ਸਨਅੱਤ 7000 ਕਰੋੜ ਰੁਪੈ ਦੀ ਹੈ। ਇਨ੍ਹਾਂ ਵਿਆਹਾਂ `ਚ ਐਕਟਰ ਤੇ ਪੋਪ ਸਿੰਗਰ 45 ਲੱਖ ਤੱਕ ਲੈਂਦੇ ਹਨ। ਇੱਕ ਸਨਅੱਤਕਾਰ ਨੇ ਗੋਆ ਬੀਚ ਤੇ ਅਪਣੀ ਇਕਲੌਤੀ ਬੇਟੀ ਦੀ ਸ਼ਾਦੀ ਕੀਤੀ, ਬੰਬਈ ਤੇ ਕਲਕੱਤੇ ਤੋਂ 600 ਮਹਿਮਾਨਾਂ ਨੂੰ ਲਿਆਉਣ ਲਈ ਦੋ ਜੈੱਟ ਜਹਾਜ ਕਿਰਾਏ ਤੇ ਲਏ। ਇਹ ਲੋਕ 5-7 ਕਰੋੜ ਖਰਚਕੇ ਸ਼ੁਗਲ ਕਰਦੇ ਹਨ।
ਪਰ ਸਾਨੂੰ ਰੀਸ ਸ੍ਰੀਦੇਵੀ ਜਾਂ ਮਾਧੁਰੀ ਦੀਖਸ਼ਤ (ਫਿਲਮੀ ਹਿਰੋਇਨਾਂ) ਦੀ ਹੀ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿਆਹਾਂ ਤੋਂ ਦਸ ਦਿਨ ਪਿੱਛੋਂ ਹੀ ਪਤਾ ਚਲਦਾ ਹੈ ਕਿ ਸ਼ਾਦੀ ਦੀ ਰਸਮ ਪਰਿਵਾਰ ਦਾ ਨਿਜੀ ਮਾਮਲਾ ਕਹਿ ਕੇ ਕੀਤੀ ਜਾ ਚੁੱਕੀ ਹੈ। ਹਾਲਾਂਕਿ ਵਿਆਹ ਸਮਾਗਮ ਦੀ ਰਸਮ `ਤੇ ਡੇਢ ਦੋ ਕਰੋੜ ਖਰਚਣਾ ਉਨ੍ਹਾਂ ਲਈ ਸਾਡੇ ਕਈ ਮਿੱਤਰਾਂ ਦੇ ਦੀਵਾਲੀ ਦੀ ਰਾਤ ਨੂੰ ਪੰਜ ਚਾਰ ਹਜ਼ਾਰ ਜੂਏ `ਚ ਹਾਰਨ ਵਰਗਾ ਖਰਚ ਹੀ ਹੁੰਦਾ। ਉਂਜ ਵੀ ਵਿਆਹ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ। ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ `ਚ ਚੰਦ ਇੱਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿੱਚ ਹੀ ਕੀਤਾ ਜਾਣਾ ਚਾਹੀਦਾ। ਅਜਿਹਾ ਹੀ ਇੱਕ ਵਿਆਹ ਮੈਂ ਪਿਛਲੇ ਦਿਨੀਂ ਵੇਖਿਆ ਹੈ। ਵਿਆਹ ਵਾਲੇ ਦੋਨੋਂ ਪ੍ਰੀਵਾਰ ਫੌਜ ਦੇ ਕਰਨਲ ਪ੍ਰਵਾਰ ਸਨ। ਪੈਸੇ ਦੀ ਵੀ ਕੋਈ ਘਾਟ ਨਹੀਂ ਸੀ। ਪਰ ਵਿਆਹ ਵਿੱਚ ਗਿਣਤੀ ਦੇ ਲੋਕ ਹੀ ਸਨ। ਵਿਆਹ ਦਾ ਸਾਰਾ ਪ੍ਰੋਗਰਾਂਮ ਹੋਟਲ ਪਾਰਕ ਵਿਊ ਚੰਡੀਗੜ੍ਹ ਵਿੱਚ ਸੀ। ਸਾਰਾ ਇਕੱਠ ਸੌ ਕੁ ਵਿਅਕਤੀਆ ਦਾ ਸੀ। ਰਿਸ਼ਤੇਦਾਰਾਂ ਤੋਂ ਵਗੈਰ ਹੋਰ ਕੋਈ ਵੀ ਨਹੀਂ ਸੀ ਬੁਲਾਇਆ ਗਿਆ। ਸਿਰਫ ਨਾਨਕੇ, ਦਾਦਕੇ, ਭੂਆ, ਮਾਸੀਆਂ, ਚਾਚੇ, ਤਾਏ ਹੀ ਸਨ। ਅਗਲੀ ਸ਼ਾਂਮ ਡਿਫੈਂਸ ਕਲੱਬ ਵਿੱਚ ਰਿਸੇਪਸ਼ਨ ਸੀ। ਇੱਥੇ ਵੀ ਚੰਦ ਕੁ ਘਰ ਦੇ ਗਵਾਂਢੀ ਅਤੇ ਬਚਪਣ ਦੇ ਦੋਸਤ, ਸ਼ਰੀਕੇ ਭਾਈਚਾਰੇ ਦੇ ਲੋਕ ਅਤੇ ਦੋਸਤ ਮਿੱਤਰ ਹੀ ਸਨ।
ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਹੁਣ ਮਧਾਣੀ, ਚਾਟੀ, ਪੱਖੀ ਤੇ ਫੁਲਕਾਰੀਆਂ ਅਜਾਇਬ ਘਰਾਂ `ਚ ਜਾਂ ਕਿਰਾਏ `ਤੇ ਹੀ ਮਿਲਿਆ ਕਰਨਗੀਆਂ। ਇਸ ਬੀਤੇ ਵਕਤ ਲਈ ਰੋਣਾ ਬੰਦ ਕਰਕੇ ਸਮੇਂ ਦੇ ਨਾਲ ਤੁਰਨਾਂ ਸਿੱਖੋ। ਫੋਕੀ ਹਉਮੈਂ ਖਾਤਰ, ਵਿਖਾਵੇ ਵਾਲੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਬੁਲਾਏ ਗਏ ਸਾਰੇ ਮਹਿਮਾਨਾਂ ਕੋਲ ਵੀ ਸਮਾਂ ਨਹੀਂ ਹੁੰਦਾ। ਉਂਜ ਵੀ ਜਾਣ-ਪਹਿਚਾਣ ਤਾ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ `ਤੇ ਵਕਤ ਦੀ ਧੂੜ ਜਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ। ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਾਬਕਾ ਸੰਸਦ ਮੈਂਬਰ ਰਾਜੇਸ਼ ਪਾਇਲਟ ਨੇ ਆਪਣੀ ਇਕਲੌਤੀ ਬੇਟੀ ਦੀ ਸ਼ਾਦੀ ਚੰਦ ਇੱਕ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਹਾਜ਼ਰੀ ਵਿੱਚ ਹੀ ਕੀਤੀ ਸੀ। ਉਸ ਨੇ ਆਪਣੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਨਹੀਂ ਸੀ ਬੁਲਾਇਆ। ਉਂਜ ਦਸ ਵੀਹ ਹਜ਼ਾਰ ਦਾ ਇਕੱਠ ਕਰਨਾ ਉਸ ਦਾ ਚੁਟਕੀ ਦਾ ਕੰਮ ਸੀ। ਆਮ ਲੋਕੀਂ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ। ਕਦੇ ਸਰਕਾਰ ਨੇ ਦਹੇਜ ਰੋਕੂ ਕਾਨੂੰਨ ਬਣਾਇਆ ਸੀ। ਇੰਜ ਹੀ ਜੇ ਸਰਕਾਰ ਆਮਦਨ ਕਰ ਕਾਨੂੰਨ `ਚ ਸੋਧ ਕਰਕੇ ਇਹ ਕਾਨੂੰਨ ਬਣਾ ਦੇਵੇ ਕਿ ਇੱਕ ਖਾਸ ਗਿਣਤੀ ਤੋਂ ਵੱਧ ਕਿਸੇ ਮੈਰਿਜ ਪੈਲੇਸ, ਟੈਂਟ ਹਾਊਸ, ਕੈਟਰਿੰਗ, ਦਰਜਨ ਤੋਂ ਵੱਧ ਗੱਡੀਆਂ ਦੀ ਬੁਕਿੰਗ ਕਰਵਾਉਣ ਵਾਲੇ ਲੋਕਾਂ ਨੂੰ ਆਮਦਨ ਕਰ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਤਾਂ ਇਹ ਫਜੂਲ ਖਰਚੀ ਘਟ ਸਕਦੀ ਹੈ। ਮਨੁੱਖ ਖਤਰਨਾਕ ਜਾਂਨਵਰ ਹੈ। ਇਹ ਸਿਰਫ ਕਾਇਦੇ ਕਾਨੂੰਨਾ ਤੋਂ ਹੀ ਡਰਦਾ ਹੈ।

ਸਿੱਖੀ ਨਾਲ ਸਬੰਧਤ ਕੁਝ ਕਿਤਾਬਾਂ (ਗ੍ਰੰਥਾਂ) ਤੇ ਆਧਾਰਿਤ ਜਾਣਕਾਰੀ


ਸਿੱਖੀ ਨਾਲ ਸਬੰਧਤ ਕੁਝ ਕਿਤਾਬਾਂ (ਗ੍ਰੰਥਾਂ) ਤੇ ਆਧਾਰਿਤ ਜਾਣਕਾਰੀ



    1 ,   ਕਿਤਾਬ:-                ਗੁਰ-ਬਿਲਾਸ ਪਾਤਸ਼ਾਹੀ 10 ।
             ਲੇਖਕ :-                ਭਾਈ ਕੋਇਰ ਸਿੰਘ ।
             ਲਿਖਣ ਵਰ੍ਹਾ :-           1751                         ਇਸ ਵਿਚ
    ੳ ,  ਬਚਿੱਤਰ ਨਾਟਕ ਅਤੇ ਗੁਰ-ਸੋਭਾ ਦਾ ਜ਼ਿਕਰ ਪਹਿਲੀ ਵਾਰ ।
    ਅ ,  1699 ਦੀ ਵੈਸਾਖੀ ਵਿਚ ਦਰਬਾਰ ਸਜਾ ਕੇ , ਸਿਰ ਮੰਗਣ ਦਾ ਵੇਰਵਾ ਪਹਿਲੀ ਵਾਰ ।
    ੲ ,  ਇਕੱਲੇ-ਇਕੱਲੇ ਸਿੱਖ ਨੂੰ ਤੰਬੂ ਵਿਚ ਲਿਜਾਣ ਦੀ ਗੱਲ ਪਹਲੀ ਵਾਰ ।
    ਸ ,  ਲਹੂ ਭਿੱਜੀ ਤਲਵਾਰ ਵਿਖਾਉਣ ਦੀ ਗੱਲ ਪਹਿਲੀ ਵਾਰ ।
    ਹ ,  ਅੰਮ੍ਰਿਤ ਦੀ ਗੱਲ ਪਹਿਲੀ ਵਾਰ ।
    ਕ ,  ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਛਕਣ ਦੀ ਗੱਲ ਪਹਿਲੀ ਵਾਰ । ਜਿਸ ਤੋਂ ਆਪੇ ਗੁਰ-ਚੇਲਾ ਦੀ ਗੱਲ ਚੱਲੀ ।
    ਖ ,  ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛਕਣ ਵਾਲਿਆਂ ਲਈ ਰਹਿਤ ਪਹਿਲੀ ਵਾਰ ।


       2 , 
  ਕਿਤਾਬ:-                ਬੰਸਾਵਲੀ ਨਾਮਾ ।
              ਲੇਖਕ:-                 ਕੇਸਰ ਸਿੰਘ ਛਿੱਬਰ ।
              ਲਿਖਣ ਵਰ੍ਹਾ:-            1758                        ਇਸ ਵਿਚ
    ੳ ,  ਦੋ ਗ੍ਰੰਥਾਂ ਦਾ ਵੇਰਵਾ ਪਹਿਲੀ ਵਾਰ ।
    ਅ ,  ਆਦਿ ਬੀੜ ਨੂੰ ਧੀਰਮੱਲ ਕੋਲੋਂ ਮੰਗਵਾਉਣ ਦੀ ਗੱਲ ਪਹਿਲੀ ਵਾਰ ।
    ੲ ,  ਧੀਰਮੱਲ ਦੇ ਮਨ੍ਹਾ ਕਰਨ ਤੇ , ਗੁਰੂ ਗੋਬਿੰਦ ਸਿੰਘ ਜੀ ਵਲੋਂ ਜ਼ਬਾਨੀ ਬੀੜ ਲਿਖਵਾਉਣ ਦੀ ਗੱਲ ਪਹਿਲੀ ਵਾਰ ।
(ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਉਤਾਰੇ ਨਹੀਂ ਹੋਏ ਸਨ ?)           
    ਸ਼ ,  ਆਦਿ ਗ੍ਰੰਥ ਨੂੰ ਹੀ ਉਸ ਨੇ ਸਮੁੰਦ-ਸਾਗਰ ਲਿਖਿਆ ਹੈ ।
    ਹ ,  ਦੂਸਰੇ (ਬੇਨਾਮਾ) ਗ੍ਰੰਥ ਵਿਚ , (ਜੋ ਪਹਿਲੇ ਨਾਲੋਂ ਵੱਖਰਾ ਸੀ ) ਅਵਤਾਰ ਲੀਲਾ ਵੀ ਵਰਣਿਤ ਦੱਸੀ ਹੈ ।
    ਕ ,  ਦੋਵੇਂ ਗ੍ਰੰਥ ਸਰਸਾ ਨਦੀ ਦੀ ਭੇਂਟ ਹੋ ਗਏ । ਪਹਿਲੇ ਗ੍ਰੰਥ ਦਾ ਕੋਈ ਕੋਈ ਪਤਰਾ ਸਿੰਘਾਂ ਦੇ ਹੱਥ ਲੱਗਾ , ਜਿਸ ਦੀਆਂ 91 ਸਤਰਾਂ ਛਿਬਰ ਨੇ ਵੇਖੀਆਂ ਦਸਦਾ ਹੈ ।ਦੂਸਰੇ ਗ੍ਰੰਥ ਦੇ 7 ਪਤਰੇ ਲਾਹੌਰ ਦੇ ਇਕ      ਸਿੱਖ  ਦੇ ਹੱਥ ਲੱਗੇ , ਜਿਨ੍ਹਾਂ ਨੂੰ ਛਿਬਰ ਨੇ ਵੇਖਿਆ ।                    

ਇਸ ਪ੍ਰਤੀ ਕੁਝ ਪ੍ਰਤੀ-ਕਰਮ ।

    1 ,  ਬੰਸਾਵਲੀ ਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ ਪੈਦਾਵਾਰ ।   ( ਪ੍ਰੋ. ਗਰੇਵਾਲ )
    2 ,  ਬੰਸਾਵਲੀ ਨਾਮਾ ਵਿਚ ਜਿਨ੍ਹਾਂ ਦੋ ਗ੍ਰੰਥਾਂ ਦਾ ਜ਼ਿਕਰ ਹੈ , ਉਹ ਵੀ ਛਿਬਰ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ ਪੈਦਾਵਾਰ ।      ( ਪ੍ਰੋ. ਗਰੇਵਾਲ )
    3 ,  ਛਿਬਰ ਨੇ ਇਤਿਹਾਸਕਾਰੀ ਦੀ ਚਿੱਟੀ ਚਾਦਰ ਤੇ ਖਾਮਖਾਹ ਪੁਰਾਣਕ ਗੱਪਾਂ ਦਾ ਕਲੰਕ ਲਾ ਦਿੱਤਾ ਹੈ ।
   ( ਪ੍ਰੋ. ਪਿਆਰਾ ਸਿੰਘ ਪਦਮ )                                   
    4 ,  ਛਿਬਰ ਨੇ ਇਹ ਵੀ ਲਿਖਿਆ ਹੈ ਕਿ , ਔਰੰਗਜ਼ੇਬ ਕਿਸੇ ਛੱਪੜ ਵਿਚ ਕੱਛੂ ਬਣ ਕੇ ਵਿਚਰ ਰਿਹਾ ਸੀ , ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰ ਦਿੱਤਾ । ਹੁਣ ਔਰੰਗਜ਼ੇਬ ਨੇ ਬਾਦਸ਼ਾਹ ਬਣ ਕੇ ਉਸ ਦਾ ਬਦਲਾ ਲਆ ਹੈ । (ਯਾਨੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ , ਹਿੰਦੂ ਧਰਮ ਦੀ ਰੱਖਿਆ ਲਈ ਨਹੀਂ , ਬਲਕਿ ਆਪਣੇ ਕੀਤੇ ਦੀ ਸਜ਼ਾ ਹੈ) ਉਹ ਥਾਂ ਪਰ ਥਾਂ ਬ੍ਰਾਹਮਣ ਦੀ ਵਡਿਆਈ ਵੀ ਕਰਦਾ ਹੈ ਅਤੇ ਹੋਰ ਵੀ ਗਲਤ ਬਿਆਨੀਆਂ ਕਰਦਾ ਹੈ ।



       3 ,   ਕਿਤਾਬ:-                ਮਹਿਮਾ ਪ੍ਰਕਾਸ਼ ।
              ਲੇਖਕ:-                 ਸਰੂਪ ਦਾਸ ਭੱਲਾ ।
              ਲਿਖਣ ਵਰ੍ਹਾ:-           1776                         ਇਸ ਵਿਚ
    ੳ ,  ਸਰੂਪ ਦਾਸ ਭੱਲਾ , ਪਹਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਕਿਸੇ “ਵਿਦਿਆ ਸਾਗਰ ”  ਗ੍ਰੰਥ ਦੀ ਗੱਲ ਕਰਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਆਪ ਪੰਜਾਬੀ ਵਿਚ ਅਨੁਵਾਦ ਕਰ ਕੇ “ ਵਿਦਿਆ ਸਾਗਰ ”  ਗ੍ਰੰਥ ਬਣਾਇਆ । ਬਨਾਰਸ ਤੋਂ ਬੁਲਾਏ ਪੰਡਿਤਾਂ ਨੇ , ਜੋ ਆਪਣੇ ਨਾਲ 4 ਵੇਦ , 18 ਪੁਰਾਣ ,6 ਸ਼ਾਸਤਰ , ਸਿਮਰਤੀਆਂ , ਚੌਬੀਸ ਅਵਤਾਰ ਅਤੇ 404 ਨਵੇਂ ਤ੍ਰਿਆ-ਚ੍ਰਿਤ੍ਰ (ਮਤਲਬ ਕੁਝ ਚ੍ਰਿਤ੍ਰ ਗੁਰੂ ਸਾਹਿ ਕੋਲ ਪਹਿਲਾਂ ਵੀ ਸਨ) ਲਿਆਏ । ਜਿਨ੍ਹਾਂ ਨੂੰ ਪੰਡਿਤਾਂ ਨੇ ਪੜ੍ਹਿਆ ,ਗੁਰੂ ਸਾਹਿਬ ਨੇ ਅਨੁਵਾਦ ਕੀਤਾ ਅਤੇ ਸਿੰਘਾਂ ਨੇ ਪੰਜਾਬੀ ਵਿਚ ਲਿਖਿਆ । ਇਹੀ ਵਿਦਿਆ ਸਾਗਰ ਗ੍ਰੰਥ ਸੀ । (ਵਿਚਾਰਨ ਵਾਲੀ ਗੱਲ ਹੈ ਕਿ ਲਿਖਣ ਵਾਲੇ ਸਿੰਘ , ਗੁਰੂ ਸਾਹਿਬ ਦੇ ਨਿਕਟ-ਵਰਤੀਆਂ ਵਿਚੋਂ ਹੀ ਹੋਣਗੇ , ਪਰ ਭਾਈ ਨੰਦ ਲਾਲ ਜੀ , ਭਾਈ ਚੌਪਾ ਸਿੰਘ ਜੀ ,ਭਾਈ ਸੈਨਾਪਤਿ ਜੀ , ਭਾਈ ਮਨੀ ਸਿੰਘ ਜੀ ਵਿਚੋਂ ਕਿਸੇ ਨੇ ਵੀ , ਕਿਸੇ ਅਜਹੇ ਗ੍ਰੰਥ ਦਾ ਜ਼ਿਕਰ ਨਹੀਂ ਕੀਤਾ । ਜੇ ਕੋਈ ਅਜਹਾ ਗ੍ਰੰਥ ਸੀ ਵੀ ਤਾਂ ਦੂਸਰੇ ਸਾਹਿਤ ਵਾਙ ਇਹ ਵੀ ਸਰਸਾ ਨਦੀ ਦੀ ਭੇਂਟ ਹੋ ਗਿਆ ਹੋਵੇਗਾ)



       4 ,    ਕਿਤਾਬ:-                ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ।
              ਲੇਖਕ:-                  ਕਵੀ ਸੰਤੋਖ ਸਿੰਘ ।
              ਲਿਖਣ ਵਰ੍ਹਾ:-            1843                        ਇਸ ਵਿਚ
    ੳ ,  ਗੁਰੂ ਸਾਹਿਬ ਦੇ ਦਰਬਾਰ ਵਿਚਲੇ 52 ਕਵੀਆਂ ਦਾ ਜ਼ਿਕਰ ਪਹਿਲੀ ਵਾਰੀ ।
    ਅ ,  ਗੁਰੂ ਸਾਹਿਬ ਵਲੋਂ ਲਿਖੇ  “ ਵਿਦਿਆ ਧਰ ਗਰੰਥ ”  ਦਾ ਜ਼ਿਕਰ ਪਹਿਲੀ ਵਾਰੀ। ਜਿਸ ਦਾ ਬ੍ਰੀਕ ਅੱਖਰਾਂ ਵਿਚ ਲਿਖੇ ਹੋਣ ਤੇ ਵੀ ਭਾਰ 9 ਮਣ ਸੀ ।
    ੲ ,  ਸੰਤੋਖ ਸਿੰਘ ਜੀ ਆਪ ਹੀ ਲਿਖਦੇ ਹਨ ਕਿ ਲੜਾਈ ਛਿੜਨ ਕਾਰਨ , ਇਹ ਗ੍ਰੰਥ ਅਧੂਰਾ ਰਹਿ ਗਿਆ , ਅਤੇ ਉਹ ਵੀ ਲੜਾਈ ਵੇਲੇ ਗੁਆਚ ਗਿਆ । ਜਿਸ ਵਿਚੋਂ 62 ਪੱਤਰੇ ਬਚੇ ਸਨ , ਜਿਨ੍ਹਾਂ ਦੇ ਆਧਾਰ ਤੇ ਸੰਤੋਖ ਸਿੰਘ ਨੇ ਇਹ ਰਚਨਾ ਰਚੀ , ਪਰ ਸੰਤੋਖ ਸਿੰਘ ਇਸ ਬਾਰੇ ਬਿਲਕੁਲ ਚੁੱਪ ਹੈ ਕਿ , ਇਹ ਪੱਤਰੇ ਕਿਵੇਂ ਬਚ ਗਏ ?  142 ਸਾਲ ਮਗਰੋਂ ਸੰਤੋਖ ਸਿੰਘ ਨੂੰ ਇਹ ਪੱਤਰੇ , ਕਿਸ ਕੋਲੋਂ , ਕਿਵੇਂ ਅਤੇ ਕਿੱਥੇ ਮਿਲੇ  ?



       5 ,    ਕਿਤਾਬ:-                ਪੰਥ ਪ੍ਰਕਾਸ਼ ।
               ਲਿਖਾਰੀ:-               ਗਿਆਨੀ ਗਿਆਨ ਸਿੰਘ ।
               ਲਿਖਣ ਵਰ੍ਹਾ:-            1880                       ਇਸ ਵਿਚ
    ੳ ,   ਪਹਿਲੀ ਵਾਰ ਦਸਮ ਗ੍ਰੰਥ ਦਾ ਜ਼ਿਕਰ ਕਰਦਾ ਹੈ । ਇਹ ਵੀ ਲਿਖਦਾ ਹੈ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ , ਹੋਰ ਕਿਸੇ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ ।
    ਅ ,   ਇਹ ਵੀ ਲਿਖਦਾ ਹੈ ਕਿ ਗੁਰੂ ਜੀ ਦਾ ਦਸਮ ਗ੍ਰੰਥ ਅਲੱਗ-ਅਲੱਗ ਪੋਥੀਆਂ ਵਿਚ ਸੀ , ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸਾਂਭੀ ਪਈ ਸੀ ।
    ੲ ,   ਇਹ ਵੀ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ , ਇਹ ਬੀੜ ਸੁੱਖਾ ਸਿੰਘ ਗਰੰਥੀ ਨੇ ਪਟਨਾ ਵਿਖੇ ਰਚੀ । ਫਿਰ ਉਸ ਦੇ ਪੁੱਤਰ ਚੜ੍ਹਤ ਸਿੰਘ ਨੇ , ਗੁਰੂ ਸਾਹਿਬ ਵਾਙ ਲਿਖਾਈ ਕਰ ਕੇ , ਇਹ ਗ੍ਰੰਥ ਤਿਆਰ ਕੀਤਾ , ਜਿਸ ਵਿਚ ਪੰਜ ਪੱਤਰੇ ਆਪਣੇ ਕੋਲੋਂ ਲਿਖ ਕੇ ਜੋੜ ਦਿੱਤੇ , ਅਤੇ ਹੋਰ ਵੀ ਵਾਧੇ ਕੀਤੇ । ਉਸ ਦਾ ਉਤਾਰਾ ਕਰ ਕੇ ,ਇਕ ਹੋਰ ਗ੍ਰੰਥ ਤਿਆਰ ਕੀਤਾ , ਜੋ ਬਾਬਾ ਹਾਕਮ ਸਿੰਘ ਨੂੰ ਦਿੱਤਾ । ਇਹ ਗ੍ਰੰਥ ਮੋਤੀ
ਬਾਗ ਵਾਲੇ ਗੁਰਦਵਾਰੇ ਵਿਚ ਹੈ ਜਿਸ ਨੂੰ ਮੈਂ ਵੇਖਿਆ ਹੈ । ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ , ਗੁਰੂ ਸਾਹਬ ਨਾਲ ਮਲਦੀ ਸੀ , ਇਸ ਲਈ ਕਈ ਤਰ੍ਹਾਂ ਦੇ ਹੋਰ ਗ੍ਰੰਥ ਵੀ ਬਣਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਖਤਾਂ ਦੀ ਨਕਲ ਕਰ ਕੇ , ਪਟਨੇ ਦੇ ਸਾਧਾਂ ਨੇ ਚੌਗਣੀ ਕਮਾਈ ਕੀਤੀ ।        ਇਸ ਤਰ੍ਹਾਂ .


    1 ,  ਜੋ ਗ੍ਰੰਥ ਮੋਤੀ ਬਾਗ , ਪਟਨਾ ਸਾਹਿਬ , ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ,ਉਹ ਪਟਨਾ ਦੇ ਸਾਧਾਂ ਵਲੋਂ , ਕਮਾਈ ਕਰਨ ਲਈ ਲਿਖੇ ਗਏ ਹਨ ।
    2 ,  ਚੜ੍ਹਤ ਸਿੰਘ , ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ , ਨਕਲੀ ਬਾਣੀ ਦੇ ਉਤਾਰੇ ਕਰ ਕੇ , ਸਿੱਖਾਂ ਕੋਲ ਵੇਚਦਾ ਸੀ । ਇਸ ਤਰ੍ਹਾਂ ਭਿੰਨ-ਭਿੰਨ ਲਿਖਤਾਂ ਦੇ ਜੋੜ ਨਾਲ , ਵਡ ਅਕਾਰੀ ਗ੍ਰੰਥ  “ ਨਾਨਕ ਪੰਥੀ ਕਾਵਿ ”  ਬਣ ਗਿਆ । ਨਿਰਮਲਿਆਂ ਨੇ  ਇਸ ਨੂੰ ਗੁਰਮੁਖੀ ਵਿਚ ਲਿਪੀ-ਬੱਧ ਕਰ ਕੇ , ਇਸ ਦਾ ਨਾਮ  “ ਗੁਰਮੁਖੀ ਗ੍ਰੰਥ ਦਸਵਾਂ ਪਾਤਸ਼ਾਹੀ ”  ਰੱਖਿਆ । ਇਹੀ  “ ਬ੍ਰਿਟਿਸ਼ ਲਾਇਬਰੇਰੀ ”  ਕਲਕੱਤਾ ਵਿਚ ਰੱਖਆ
ਹੋਇਆ ਹੈ । ਜਿਸ ਨੂੰ   ਜੌਹਨ ਮੈਲਕਮ ਨੇ ਆਪਣੀ ਪੁਸਤਕ ,
Sketch of the Sikhs (1810-1812) ਲਿਖਣ ਲਈ ਵਰਤਿਆ ਹੈ । ਬੜੇ ਯੋਜਨਾ-ਬੱਧ ਢੰਗ ਨਾਲ , ਇਸ ਗ੍ਰੰਥ ਦੀਆਂ ਨਕਲਾਂ , ਪੰਜਾਬ ਵਿਚ ਅਪੜਾਈਆਂ ਗਈਆਂ ।   1847 ਵਿਚ ਇਸ ਦਾ ਹਿੰਦੀ ਉਲੱਥਾ ਕੀਤਾ ਗਿਆ ।
    ਜੋਹਨ ਮੈਲਕਮ ਆਪਣੀ ਕਿਤਾਬ
Sketch of the Sikhsਵਿਚ ਲਿਖਦਾ ਹੈ ਕਿ , ਉਸ ਨੂੰ 1805 ਵਿਚ , ਪੰਜਾਬ ਵਿਚੋਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਮਿਲੀ ਸੀ , ਪਰ “ ਦਸਵੀਂ ਪਾਤਸ਼ਾਹੀ ਦਾ ਗ੍ਰੰਥ ”  ਦੀ ਕਾਪੀ ਕਲਕਤੇ ਤੋਂ (H.T. cole brook) ਐਚ.ਟੀ. ਕੋਲ ਬਰੁੱਕ ਕੋਲੋਂ ਮਿਲੀ , ਜਿਸ ਦੀ ਦੱਸ ਮੈਨੂੰ ਇਕ ਨਿਰਮਲੇ ਸਾਧ ਨੇ ਪਾਈ ,ਜੋ ਸਿੱਖਾਂ ਵਿਚਲੇ ਸਾਧਾਂ ਨਾਲੋਂ ਕਾਫੀ ਅਕਲਮੰਦ ਅਤੇ ਗੱਲਾਂ ਕਰਨ ਵਿਚ ਚਤੁਰ ਸੀ ।ਜੋਹਨ ਮੈਲਕਮ 1805 ਵਿਚ , ਲਾਰਡ ਲੇਕ ਨਾਲ ਪੰਜਾਬ ਆਇਆ ਸੀ , ਉਸ ਨਾਲ ਰਿਆਸਤ ਜੀਂਦ ਦਾ ਰਾਜਾ ਭਾਗ ਸਿੰਘ ਵੀ ਸੀ । ਤਦ ਤਕ ਪੰਜਾਬ ਵਿਚ  “ ਗੁਰੂ ਗ੍ਰੰਥ ਸਾਹਿਬ ”ਤੋਂ ਇਲਾਵਾ ਹੋਰ ਕੋਈ ਗ੍ਰੰਥ ਨਹੀਂ ਸੀ । ਮੈਲਕਮ ਦੀ ਛਪੀ ਕਿਤਾਬ (1810) ਵਿਚ ਪਹਿਲੀ ਵਾਰੀ  “  ਦਸਮ ਪਾਤਸ਼ਾਹ ਦਾ ਗ੍ਰੰਥ  ”  ਨਾਮ ਵਰਤਿਆ ਗਿਆ ਹੈ ।
    1812 ਵਿਚ ਇਹ ,  “  ਦਸਵੀਂ ਪਾਤਸ਼ਾਹੀ ਦਾ ਗ੍ਰੰਥ  ”  ਦੀ ਇਹ ਕਾਪੀ , “ਬ੍ਰਿਟਿਸ਼ ਲਾਇਬ੍ਰੇਰੀ ਲੰਦਨ ”  ਨੂੰ ਸੌਂਪ     ਦਿੱਤੀ ਗਈ , ਜਿਸ ਵਿਚ ਇਹ ਗਰੰਥ ਕੈਟਲਾਗ ਦੇ
Mss D5 punjabi (H. T. Cole brook)
ਨਾਂ ਹੇਠ ਦਰਜ ਹੈ । ਇਹ ਬੀੜ ਕਿਹੜੇ ਸਾਲ ? , ਕਿਸ ਕੋਲੋਂ ? , ਕਦੋਂ ਮਿਲੀ ? ਕੁਝ ਵੀ ਦਰਜ ਨਹੀਂ ਹੈ ।
    ਪਰ ਇਹ ਨਿਸਚਿਤ ਹੈ ਕਿ , ਇਹ ਗ੍ਰੰਥ , ਕੁਝ ਸਤਰਾਂ ਨੂੰ ਛੱਡ ਕੇ , ਕਥਿਤ ਗ੍ਰੰਥ ਨਾਲ ਬਿਲ-ਕੁਲ ਮਿਲਦੀ ਹੈ ।
   (ਇਨ੍ਹਾਂ ਬੀੜਾਂ ਦਾ ਆਪਸੀ ਮਿਲਾਨ ਅਗਲੀ ਕਿਸਤ ਵਿਚ ਦਿੱਤਾ ਜਾਵੇਗਾ)
   
ਅਮਰ ਜੀਤ ਸਿੰਘ ਚੰਦੀ

ਭਾਈ ਰਾਜੋਆਣੇ ਦੇ ਮਸਲੇ ਵਿਚ ਉੱਠੀ ਕੌਮੀ ਲਹਿਰ ਵਿਚ ਰਿਹਾ ਬ੍ਰਾਹਮਣਵਾਦ ਭਾਰੂ:


ਭਾਈ ਰਾਜੋਆਣੇ ਦੇ ਮਸਲੇ ਵਿਚ ਉੱਠੀ ਕੌਮੀ ਲਹਿਰ ਵਿਚ ਰਿਹਾ ਬ੍ਰਾਹਮਣਵਾਦ ਭਾਰੂ:

“ਸਚੁ ਸੁਣਾਇਸੀ ਸਚ ਕੀ ਬੇਲਾ”

(ਤੱਤ ਗੁਰਮਤਿ ਪਰਿਵਾਰ)


ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਸਿੱਖ ਕੌਮ ਵਿਚ ਇਕ ਲਹਿਰ ਪੈਦਾ ਹੋ ਗਈ। ਭਾਈ ਰਾਜੋਆਣੇ ਸਮੇਤ ਸਿੱਖ ਖਾੜਕੂਆਂ ਨੂੰ ਭਿਆਨਕ ਲੰਮੀਆਂ ਸਜਾਵਾਂ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸ਼ਰੇਆਮ ਘੁੰਮਣਾ ਭਾਰਤੀ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਦੇ ਦਾਅਵੇ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਮਸਲੇ ’ਤੇ ਕੌਮ ਦਾ ਇਕਮੁੱਠ ਹੋ ਕੇ ਲਹਿਰ ਚਲਾਣਾ ਵੀ ਇੱਕ ਚੰਗਾ ਸੰਕੇਤ ਹੈ। ਰੋਜ਼ਾਨਾ ਸਪੋਕਸਮੈਨ
ਸਮੇਤ ਕੁਝ ਅਖਬਾਰਾਂ ਵਲੋਂ ਇਸ ਮਸਲੇ ਦੀ ਪੂਰੀ ਕਵਰੇਜ ਅਤੇ ਆਪਣੇ ਸੰਪਾਦਕੀਆਂ ਰਾਹੀਂ ਦਿੱਤਾ ਸਮਰਥਨ ਵੀ  ਪ੍ਰਸ਼ੰਸਾ ਦਾ ਪਾਤਰ ਹੈ, ਜਦਕਿ ਨੈਸ਼ਨਲ ਮੀਡੀਆ ’ਤੇ ਭਾਰੂ ਭਗਵਾਂ ਲਾਬੀ ਨੇ ਇਸ ਅਹਿਮ ਮੁੱਦੇ ਨੂੰ ਬਹੁਤ ਹੱਦ ਤੱਕ ਨਜ਼ਰਅੰਦਾਜ਼ ਕਰੀ ਰੱਖਿਆ। ਹੋਰ ਵੀ ਸਾਰੀਆਂ ਪੰਥਕ ਧਿਰਾਂ ਨੇ ਇਸ ਸੰਬੰਧੀ ਬਹੁਤ ਸਰਗਰਮੀ ਨਾਲ ਆਪਣਾ ਯੋਗਦਾਨ ਪਾਇਆ। ਨਤੀਜਤਨ ਲੋਕ ਭਾਵਨਾਵਾਂ ਦੇ ਪ੍ਰਭਾਵ ਹੇਠ, ਆਪਣੇ ਰਾਜਨੀਤਕ ਸਵਾਰਥ ਵੱਲ ਵੇਖਦੇ ਹੋਏ, ਅਕਾਲੀ ਸਰਕਾਰ ਨੇ ਵੀ ਰਾਜੋਆਣਾ ਦੀ ਫਾਂਸੀ ਫਿਲਹਾਲ ਟਲਵਾਉਣ ਲਈ ਸਰਗਰਮੀ ਵਿਖਾਈ, ਕਿਉਂਕਿ ਇਸ ਮਸਲੇ ’ਤੇ ਪੰਜਾਬ ਕਾਂਗਰਸ ਨੇ ਵੀ ਫਾਂਸੀ ਦੇ ਵਿਰੁਧ ਸਟੈਂਡ ਲੈ ਲਿਆ ਸੀ। ਫੇਰ ਵੀ ਬਾਦਲ ਸਰਕਾਰ ਦੀ ਵੀ ਇਸ ਮਸਲੇ ’ਤੇ ਤਾਰੀਫ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਇਸ ਮਸਲੇ ਨੂੰ ਰਾਸ਼ਟਰਪਤੀ ਕੌਲ ਉਠਾਇਆ। ਜੇ ਪ੍ਰਕਾਸ਼ ਸਿੰਘ ਬਾਦਲ ਵਕਤੀ ਰਾਜਨੀਤਕ ਸੁਆਰਥਾਂ ਦੇ ਪ੍ਰਭਾਵ ਤੋਂ ਉਪਰ ਉੱਠ ਕੇ ਕੁੱਝ ਕਰਨ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਰਾਜੋਆਣਾ ਸਮੇਤ ਉਨ੍ਹਾਂ ਸਾਰਿਆਂ ਸਿੱਖਾਂ ਨੂੰ ਰਿਹਾ ਕਰਵਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਜੋ 1984 ਸਾਕੇ ਨਾਲ ਸੰਬੰਧਿਤ ਸੰਘਰਸ਼ ਕਾਰਨ ਆਪਣੀਆਂ ਉਮਰਾਂ ਜੇਲਾਂ ਵਿਚ ਗਾਲ ਰਹੇ ਹਨ।
ਪੰਜਾਬ ਦਾ ਮਾਹੌਲ਼ ਸ਼ਾਂਤ ਹੈ ਅਤੇ ਐਸੇ ਸੁਹਿਰਦ ਕਦਮ ਹੀ ਸਿੱਖਾਂ ਦਾ ਵਿਸ਼ਵਾਸ ਜਿੱਤਣ ਵਿਚ ਕਾਰਗਰ ਸਾਬਿਤ ਹੋ ਸਕਦੇ ਹਨ। ਪਰ ਪੰਜਾਬ ਵਿਚ ਸ਼ਿਵ-ਸੈਨਾ ਵਲੋਂ ਸਿੱਖ ਭਾਵਨਾਵਾਂ ਦਾ ਵਿਰੋਧ ਕਰਕੇ ਪੈਦਾ ਕੀਤੀ ਜਾ ਰਹੀ ਭੜਕਾਹਟ ਉਪਰੰਤ ਪੁਲਿਸ ਵਲੋਂ ਕੀਤੀ ਫਾਇਰੰਗ ਵਿਚ ਕੁਝ ਨੌਜਵਾਨਾਂ ਦੀ ਹੋਈ ਮੌਤ ਪੰਜਾਬ ਸਰਕਾਰ ਦੇ ਇਰਾਦਿਆਂ ’ਤੇ ਸ਼ੱਕ ਪੈਦਾ ਕਰਦੀ ਹੈ।
ਭਾਈ ਰਾਜੋਆਣਾ ਦੀ ਫਾਂਸੀ ’ਤੇ ਲੱਗੀ ਰੋਕ ਆਰਜ਼ੀ ਹੈ। ਕੁਝ ਜਾਣਕਾਰ ਧਿਰਾਂ ਵਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਆਰਜ਼ੀ ਰੋਕ ਕੌਮ ਵਿਚ ਪੈਦਾ ਹੋਏ ਰੋਸ ਨੂੰ ਸ਼ਾਂਤ ਕਰਕੇ ਚੁੱਪ-ਚੁੱਪੀਤੇ ਫਾਂਸੀ ਦੇਣ ਦੀ ਇਕ ਨਾਪਾਕ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਭਾਈ ਸੁਖੇ-ਜਿੰਦੇ ਦੀ ਵਾਰੀ ਵੀ ਇੱਦਾਂ ਹੀ ਕੀਤਾ ਗਿਆ ਸੀ। ਜੇ ਐਸਾ ਕੁਝ ਹੋਇਆ ਤਾਂ ਇਹ ਪੰਥ ਦੇ ਸੁਚੇਤ ਤਬਕੇ ਦੇ ਇਸ ਯਕੀਨ ਨੂੰ ਹੋਰ ਪੱਕਾ ਕਰ ਦੇਵੇਗਾ ਕਿ ਬਾਦਲ (ਸਰਕਾਰ) ਆਰ. ਐਸ. ਐਸ. ਦੇ ਇਸ਼ਾਰੇ ’ਤੇ ਹੁਣ ਪੰਜਾਬ ਅਤੇ ਸਿੱਖ ਕੌਮ ਦੇ ਵਿਰੁਧ ਹੀ ਕੰਮ ਕਰਦੀ ਹੈ। ਇਸ ਅੰਦੇਸ਼ੇ ਨੂੰ ਝੂਠਲਾਉਣ ਲਈ ਬਾਦਲ ਨੂੰ ਆਪਣੀ ਪੂਰਨ ਬਹੁਮਤ ਵਾਲੀ ਸਰਕਾਰ ਵਲੋਂ ਸੁਹਿਰਦਤਾ ਨਾਲ ਘੱਟੋ-ਘੱਟ ਪੰਜਾਬ ਵਿਚਲੀਆਂ ਜੇਲਾਂ ਵਿਚ ਬੰਦ ਸਿੱਖ ਸੰਘਰਸ਼ ਨਾਲ ਜੁੜੇ ਅਤੇ ਲੰਮੀਆਂ ਜੇਲ੍ਹਾਂ ਕੱਟ ਚੁੱਕੇ ਕੈਦੀਆਂ ਨੂੰ ਰਿਹਾ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਬਾਕੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਭਾਈ ਰਾਜੋਆਣਾ ਦੇ ਮਸਲੇ ’ਤੇ ਸਾਰੀ ਕੌਮ ਵਲੋਂ ਇਕ ਸਾਂਝੀ ਆਵਾਜ ਬੁਲੰਦ ਕਰਨ ਨਾਲ ਰਾਜੋਆਣਾ ਦੀ ਫਾਂਸੀ ਫਿਲਹਾਲ ਟੱਲ ਗਈ। ਇਸ ਆਰਜ਼ੀ ਕਾਮਯਾਬੀ ਲਈ ਇਸ ਲਹਿਰ ਨਾਲ ਜੁੜੀਆਂ ਸਾਰੀਆਂ ਸੁਹਿਰਦ ਧਿਰਾਂ ਵਧਾਈ ਦੀਆਂ ਪਾਤਰ ਹਨ। ਜੇ ਇਸ ਮਸਲੇ ’ਤੇ ਐਸੀ ਕੌਮੀ ਏਕਤਾ ਕਾਰਨ ਭਾਈ ਰਾਜੋਆਣਾ ਸਮੇਤ ਸਿੱਖ ਸੰਗਠਨਾਂ ਨਾਲ ਜੁੜੇ ਸਾਰੇ ਨੌਜਵਾਨਾਂ ਦੀ ਰਿਹਾਈ ਕਰਵਾਉਣ ਲਈ ਇਹ ਸਾਝੀ ਕੌਮੀ ਲਹਿਰ ਕਾਮਯਾਬ ਹੋਵੇਗੀ, ਇਹੀ ਆਸ ਹੈ। ਕੌਮ ਨੂੰ ਹਰ ਮਸਲੇ ’ਤੇ ਐਸੀ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਮੁੱਢਲੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਭਾਈ ਰਾਜੋਆਣਾ ਵਲੋਂ ਵਿਖਾਈ ਜਾ ਰਹੀ ਦਲੇਰੀ ਅਤੇ ਪੰਥ ਪ੍ਰਸਤੀ ’ਤੇ ਕੌਮ ਸਮੇਤ ਸਾਰੀ ਮਨੁੱਖਤਾ ਨੂੰ ਮਾਣ ਹੈ।   

ਇਸ ਲਹਿਰ ਵਿਚਲੇ ਠੋਸ ਬ੍ਰਾਹਮਣਵਾਦੀ ਅੰਸ਼ਾਂ ਦੀ ਗੁਰਮਤਿ ਪੜਚੋਲ:

ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਰਾਜੋਆਣਾ ਦੇ ਮਸਲੇ ਕਾਰਨ ਉੱਠੀ ਲਹਿਰ ਨੇ ਸਮੁੱਚੀ ਕੌਮ ਨੇ ਏਕਤਾ ਦੀਆਂ ਸੰਭਾਵਨਾਵਾਂ ਦਾ ਆਧਾਰ ਪੈਦਾ ਕੀਤਾ, ਜੋ ਇਕ ਬਹੁਤ ਹੀ ਚੰਗਾ ਸੰਕੇਤ ਹੈ। ਪਰ ਇਸ ਹਕੀਕਤ ਨੂੰ ਵੀ ਝੂਠਲਾਇਆ ਨਹੀਂ ਜਾ ਸਕਦਾ ਕਿ ਇਹ ਲਹਿਰ ਸ਼ੁਰੂ ਤੋਂ ਹੀ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੇ ਰੰਗ ਵਿਚ ਰੰਗੀ ਹੋਈ ਹੈ। ਇਸ ਅਹਿਮ ਪੱਖ ਨੂੰ ਲਗਭਗ ਸਾਰੀਆਂ ਪੰਥਕ ਧਿਰਾਂ ਨੇ ਅਣਗੌਲਿਆ ਕਰੀ ਰੱਖਿਆ। ਜਦਕਿ ਸਿੱਖ ਕੌਮ ਨਾਲ ਸੰਬਧਿਤ ਕਿਸੇ ਵੀ ਲਹਿਰ ਦਾ ‘ਗੁਰਮਤਿ’ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਤੋਂ ਸੇਧਿਤ ਹੋਣਾ ਅਤਿ ਜ਼ਰੂਰੀ ਹੈ। ‘ਤੱਤ ਗੁਰਮਤਿ ਪਰਿਵਾਰ’ ਦਾ ਮੁੱਖ ਮਕਸਦ ਹੀ ਨਿਰੋਲ ਗੁਰਮਤਿ ਦੀ ਸੇਧ ਵਿਚ ਸਿੱਖ ਸਮਾਜ ਵਿਚ ਘਰ ਕਰ ਚੁੱਕੇ ਬ੍ਰਾਹਮਣਵਾਦ/ਪੁਜਾਰੀਵਾਦ ਦੀ ਪਛਾਣ ਕਰਕੇ, ਖਰਾ ਸੱਚ ਸਾਹਮਣੇ ਲਿਆ ਕੇ ਅਪਣਾਉਂਦੇ ਹੋਏ ਸਿੱਖ ਸਮਾਜ ਸਮੇਤ ਸਮੁੱਚੀ ਲੋਕਾਈ ਤੱਕ ਪਹੁੰਚਾਉਣਾ ਹੈ।
ਇਸੇ ਮਕਸਦ ’ਤੇ ਨਜ਼ਰ ਰੱਖਦੇ ਹੋਏ ਅਸੀਂ ਇਸ ਲਹਿਰ ਨਾਲ ਜੁੜੇ ਬ੍ਰਾਹਮਣਵਾਦੀ ਅਤੇ ਪੁਜਾਰੀਵਾਦੀ ਅੰਸ਼ਾਂ ਬਾਰੇ ਪੜਚੋਲ ਕਰ ਰਹੇ ਹਾਂ ਤਾਂ ਕਿ ਇਸ ਲਹਿਰ ਦੇ ਆਗੂ (ਜੇ ਸੁਚੇਤ ਹੋਣ ਤਾਂ) ਇਨ੍ਹਾਂ ਪੱਖਾਂ ਤੋਂ ਪੜਚੋਲ ਕਰ ਸਕਣ।
ਇਸ ਲਹਿਰ ਦਾ ਧੁਰਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਭਾਈ ਰਾਜੋਆਣਾ ਵਿਚ ਦਲੇਰੀ ਦਾ ਗੁਣ ਕੁੱਟ-ਕੁੱਟ ਕੇ ਭਰਿਆ ਹੈ, ਜਿਸ ਕਾਰਨ ਉਹ ਮੌਤ ਨੂੰ ਵੀ ਖਿੜੇ ਮੱਥੇ ਸਵੀਕਾਰ ਕਰਦੇ ਹਨ। ਉਨ੍ਹਾਂ ਵਿਚ ਪੰਥ ਦਰਦ ਵੀ ਠਾਠਾਂ ਮਾਰਦਾ ਹੈ। ਪਰ ਜਿਥੋਂ ਤੱਕ ਗੁਰਮਤਿ ਸਿਧਾਂਤਾਂ ਦੀ ਸੋਝੀ ਅਤੇ ਉਨ੍ਹਾਂ ’ਤੇ ਪਹਿਰਾ ਦੇਣ ਦੀ ਗੱਲ ਹੈ, ਇਸ ਪੱਖੋਂ ਭਾਈ ਰਾਜੋਆਣਾ ਦੀ ਸੋਚ ਗੁਰਮਤਿ ਦੀ ਥਾਂ ਸੰਪਰਦਾਇਕਤਾ ਦੇ ਪ੍ਰਭਾਵ ਹੇਠ ਲਗਦੀ ਹੈ। ਹੁਣ ਤੱਕ ਸਾਹਮਣੇ ਆਏ ਉਨ੍ਹਾਂ ਦੇ ਬਿਆਨਾਂ ਦੇ ਕਈਂ ਅੰਸ਼ ਸੰਪਰਦਾਈ (ਬ੍ਰਾਹਮਣਵਾਦੀ) ਸੋਚ ਦਾ ਪ੍ਰਗਟਾਵਾ ਕਰਦੇ ਹਨ।
ਜਿਥੋਂ ਤੱਕ ਮੌਤ ਨੂੰ ਟਿੱਚ ਜਾਣਨ ਜਿਹੀ ਦਲੇਰੀ ਦੇ ਗੁਣ ਦੀ ਗੱਲ ਹੈ, ਦੁਨੀਆਵੀ ਘਟਨਾਕ੍ਰਮ ਦੀ ਪੜਚੋਲਾਤਮਕ ਜਾਣਕਾਰੀ ਰੱਖਣ ਵਾਲਾ ਹਰ ਸੁਚੇਤ ਮਨੁੱਖ ਜਾਣਦਾ ਹੈ ਕਿ ਕਿਸੇ ਖਾਸ ਮਕਸਦ (ਮਿਸ਼ਨ) ਦੀ ਪ੍ਰਾਪਤੀ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਮਨੁੱਖ ਐਸੀ ਦਲੇਰੀ ਅਨੇਕਾਂ ਵਾਰ ਵਿਖਾਉਂਦੇ ਰਹੇ ਹਨ। ਇਹ ਪਹੁੰਚ ਸਿਰਫ ਸਿੱਖਾਂ ਵਿਚ ਹੀ ਨਹੀਂ, ਅਨੇਕਾਂ ਹੋਰ ਮੱਤਾਂ ਵਿਚ ਵੀ ਮਿਲਦੀ ਹੈ। ਭਗਤ ਸਿੰਘ ਦੀ ਮਿਸਾਲ ਸਭ ਦੇ ਸਾਹਮਣੇ ਹੈ। ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਿਸੇ ਪ੍ਰਚਲਿਤ ਧਾਰਮਿਕ ਮੱਤ ਨੂੰ ਨਹੀਂ ਮੰਨਦਾ ਸੀ (ਭਾਵ
ਨਾਸਤਿਕ ਸੀ)। ਪਰ ਫੇਰ ਵੀ ਉਸ ਦੇ ਖਿੜੇ ਮੱਥੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ 9/11 ਨੂੰ ਹਵਾਈ ਜਹਾਜਾਂ ਵਿਚ ਪਾਇਲਟ ਬਣ ਕੇ ਅਮਰੀਕਾ ਵਿਚਲੀਆਂ ਦੋ ਉੱਚੀਆਂ ਇਮਾਰਤਾਂ ਨੂੰ ਮਿੱਟੀ ਵਿਚ ਮਿਲਾਉਂਦੇ ਹੋਏ ਆਪਣੀ ਜਾਨ ਦੀ ਬਾਜ਼ੀ ਲਾ ਦੇਣ ਨੌਜਵਾਨਾਂ ਵਿਚ ਵੀ ਕਿਸੇ ਮਕਸਦ ਪ੍ਰਤੀ ਜਨੂੰਨ ਕਾਰਨ ‘ਦਲੇਰੀ’ ਦਾ ਗੁਣ ਮੌਜੂਦ ਸੀ। ਅਨੇਕਾਂ ਮੱਤਾਂ ਦੇ ਲੋਕਾਂ ਵਲੋਂ ਕੌਮੀ ਸੰਘਰਸ਼ ਦੌਰਾਣ ਮਾਨਵ ਬੰਬ ਬਨਣ ਦੀਆਂ ਆਏ ਦਿਨ ਹੁੰਦੀਆਂ ਘਟਨਾਵਾਂ ਵੀ ਉਨ੍ਹਾਂ ਵਿਚਲੇ ਦਲੇਰੀ (ਮੌਤ ਨੂੰ ਟਿੱਚ ਜਾਣਨ) ਦੇ ਗੁਣ ਨੂੰ ਉਜਾਗਰ ਕਰਦੀਆਂ ਹਨ। ਕਹਿਣ ਦਾ ਭਾਵ ਹੈ ਕਿ ਕਿਸੇ ਮਕਸਦ ਲਈ ਜਨੂੰਨ ਦੀ ਹੱਦ ਤੱਕ ਪ੍ਰੇਰਿਤ ਹੋ ਕੇ ਮੌਤ ਨੂੰ ਖਿੜੇ ਮੱਥੇ ਗਲੇ ਲਾ ਲੈਣ ਦਾ ਗੁਣ ਲਗਭਗ ਹਰ ਮੱਤ ਵਿਚ ਪਾਇਆ ਜਾਂਦਾ ਹੈ। ਹਾਂ ਕਿਸੇ ਕੌਮ ਵਿਚ ਐਸੇ ਆਸ਼ਿਕ ਘੱਟ ਹੋ ਸਕਦੇ ਹਨ, ਕਿਸੇ ਵਿਚ ਵੱਧ। ਦਲੇਰੀ ਦੇ ਹਰ ਐਸੇ ਪ੍ਰਗਟਾਵੇ ਦੇ ਠੀਕ ਜਾਂ ਗਲਤ ਹੋਣ ਦੀ ਕਸਵੱਟੀ ਇਸ ਗੱਲ ’ਤੇ ਨਿਰਭਰ ਕਰਦੀ ਹੈ, ਉਸ ਦਾ ਮਨੁੱਖਤਾ ਨੂੰ ਨੁਕਸਾਨ ਹੋਇਆ ਜਾਂ ਫਾਇਦਾ। ਮਿਸਾਲ ਲਈ 9/11 ਨੂੰ ਅਮਰੀਕਾ ਵਿਚਲੇ ਆਤੰਕੀ ਹਮਲੇ ਨੇ ਉਨ੍ਹਾਂ ਹਜ਼ਾਰਾਂ ਮਾਸੂਮ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ ਦਾ ਅਮਰੀਕਾ ਦੀਆਂ ਵਧੀਕੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਘੱਟੋ-ਘੱਟ ਗੁਰਮਤਿ ਦੀ ਸੇਧ ਤਾਂ ਐਸੇ ਵਰਤਾਰੇ ਨੂੰ ਗਲਤ ਹੀ ਮੰਨਦੀ ਹੈ। ਜਿਥੋਂ ਤੱਕ ਭਾਈ ਰਾਜੋਆਣੇ ਦੇ ਮਸਲੇ ਦੀ ਗੱਲ ਹੈ, ਉਹ ਇਸ ਪੱਖ ਤੋਂ ਸੁਰਖਰੂ ਹੈ, ਕਿਉਂਕਿ ਆਮ ਮੰਨੇ ਜਾਂਦੇ ਸੱਚ ਅਨੁਸਾਰ ਬੇਅੰਤ ਸਿੰਘ-ਕੇ. ਪੀ. ਐਸ. ਗਿੱਲ ਦੀ ਜੋੜੀ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਪੁਲਿਸ ਕਤਲੇਆਮ ਦਾ ਮੁੱਖ ਕਾਰਨ ਸੀ। ਸੋ ਇਹ ਬੇਅੰਤ ਸਿੰਘ ਦਾ ਕਤਲ ਕਿਸੇ ਬਦਲਾ ਲੈਣ ਲਈ ਨਹੀਂ, ਬਲਕਿ ਸਿੱਖ ਨੌਜਵਾਨਾਂ ਦੇ ਪੁਲਿਸ ਵਲੋਂ ਕਤਲੇਆਮ ਨੂੰ ਰੋਕਣ ਦੇ ਮਕਸਦ ਨਾਲ ਕੀਤਾ ਗਿਆ ਸੀ।

ਗੱਲ ਕਰਦੇ ਹਾਂ ਭਾਈ ਰਾਜੋਆਣੇ ਦੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ:

ਜੇ ਕੋਈ ਆਮ ਆਦਮੀ ਬ੍ਰਾਹਮਣੀ ਸੋਚ ਰੱਖਦਾ ਹੈ ਤਾਂ ਉਸ ਦਾ ਪ੍ਰਭਾਵ ਖੇਤਰ ਸੀਮਿਤ ਹੁੰਦਾ ਹੈ। ਪਰ ਜੇ ਕਿਸੇ ਲਹਿਰ ਦਾ ਹੀਰੋ (ਆਗੂ) ਐਸਾ ਕਰੇ ਤਾਂ ਉਸ ਦੀ ਪੜਚੋਲ ਫੌਰਨ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਲਹਿਰ ਨਾਲ ਜੁੜੇ ਲੋਕਾਂ ਲਈ ਉਹ ‘ਰੋਲ ਮਾਡਲ’ (ਪ੍ਰੇਰਣਾਸ੍ਰੋਤ) ਬਣ ਜਾਂਦਾ ਹੈ। ਇਸ ਲਹਿਰ ਵਿਚੋਂ ਉੱਠ ਰਹੇ ਜ਼ਜਬਾਤੀ ਨਾਹਰੇ “ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ” ਵੀ ਇਸ ਦੀ ਮਿਸਾਲ ਹੈ।  ਜਦਕਿ ਸਿੱਖ ਕੌਮ ਨਾਲ ਜੁੜੀ ਹਰ ਲਹਿਰ ਦਾ ਨਾਅਰਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈ:
“ਗੁਰਮਤਿ ਦੀ ਸੋਚ (ਸੇਧ) ’ਤੇ, ਪਹਿਰਾ ਦਿਆਂਗੇ ਠੋਕ ਕੇ”
ਕਿਉਂਕਿ ਕਿਸੇ ਇਕ ਆਗੂ ਦੀ ਸੋਚ ਪੂਰੀ ਤਰ੍ਹਾਂ ਗੁਰਮਤਿ ਅਨੁਸਾਰੀ ਹੋਣਾ ਬਹੁਤ ਮੁਸ਼ਕਿਲ ਹੈ। ਹੁਣ ਤੱਕ ਤਾਂ ਐਸਾ ਕੋਈ ਆਗੂ/ਰੋਲ ਮਾਡਲ ਆਧੁਨਿਕ ਸਮੇਂ ਵਿਚ ਸਾਹਮਣੇ ਨਹੀਂ ਆਇਆ। ਐਸੇ ਨਾਅਰੇ ਅਕਸਰ ਗੁਰਮਤਿ ਨੂੰ ਅਣਦੇਖਿਆ ਕਰਕੇ ਵਕਤੀ ਤੌਰ ’ਤੇ ਪੈਦਾ ਹੋਏ ਜ਼ਜਬਾਤਾਂ ਦਾ ਪ੍ਰਗਟਾਵਾ ਹੀ ਹੁੰਦੇ ਹਨ। ਐਸੇ ਨਾਅਰੇ ਲੋਕਾਈ ਦੇ ‘ਸਿਧਾਂਤ-ਪ੍ਰਸਤ’ ਹੋਣ ਦੀ ਥਾਂ ‘ਸ਼ਖਸੀਅਤ-ਪ੍ਰਸਤ’ ਹੋਣ ਦਾ ਸੁਨੇਹਾ ਹੀ ਦਿੰਦੇ ਹਨ। ਗੱਲ ਚੱਲ ਰਹੀ ਸੀ ਭਾਈ ਰਾਜੋਆਣਾ ਸੀ ਸੋਚ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ। ਭਾਈ ਰਾਜੋਆਣਾ ਵਲੋਂ ਕੀਤੀ ਵਸੀਅਤ ਦੇ ਇਹ ਅੰਸ਼ ਇਸ ਪੱਖੋ ਪੜਚੋਲ ਮੰਗਦੇ ਹਨ।

1.      ਮੇਰੀਆਂ ਅੱਖਾਂ (ਫਾਂਸੀ ਤੋਂ ਬਾਅਦ) ਦਰਬਾਰ ਸਾਹਿਬ ਵਿਚਲੇ ਇਕ ਸੂਰਮੇ ਰਾਗੀ ਸਿੰਘ ਨੂੰ ਦਾਨ ਕਰ ਦਿਤੀਆਂ ਜਾਣ ਤਾਂ ਕਿ ਉਨ੍ਹਾਂ ਅੱਖਾਂ ਰਾਹੀਂ ਮੈਂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਰਹਾਂ।
ਪੜਚੋਲ: ਭਾਈ ਰਾਜੋਆਣਾ ਵਲੋਂ ਫਾਂਸੀ ਤੋਂ ਬਾਅਦ ਸ਼ਰੀਰ ਦੇ ਅੰਗ ਦਾਨ ਕਰਨ ਦੀ ਸੋਚ ਗੁਰਮਤਿ ਦੀ ਸੇਧ ਵਿਚ ਹੈ। ਪਰ ਕਿਸੇ ਰਾਗੀ ਨੂੰ ਸਿਰਫ ਇਸ ਕਰਕੇ ਅੱਖਾਂ ਦਾਨ ਕਰਨ ਦੀ ਇੱਛਾ ਕਿ ਕਿਸੇ ਥਾਂ (ਬਿਲਡਿੰਗ) ਖਾਸ ਦੇ ਦਰਸ਼ਨ ਹੁੰਦੇ ਰਹਿਣ ਵਾਲੀ ਸੋਚ ਗੁਰਮਤਿ ਅਨੁਸਾਰੀ ਨਹੀਂ। ਗੁਰਮਤਿ ਕਿਸੇ ਥਾਂ ਵਿਸ਼ੇਸ਼ ਦੇ ਪਵਿੱਤਰ ਮੰਨਣ ਦੀ ਸੋਚ ਦੀ ਪ੍ਰੋੜਤਾ ਨਹੀਂ, ਖਿਲਾਫਤ ਕਰਦੀ ਹੈ। ਗੁਰਬਾਣੀ ਵਿਚ ਥਾਂ-ਥਾਂ ਤੀਰਥ ਯਾਤਰਾਵਾਂ/ਇਸ਼ਨਾਨਾਂ ਦਾ ਖੰਡਨ ਕਿਸੇ ਥਾਂ ਜਾਂ ਬਿਲਡਿੰਗ ਦੇ ‘ਪਵਿੱਤਰ’ ਮੰਨਣ ਦੀ ਸੋਚ ਨੂੰ ਭਰਮ (ਗਲਤ) ਦੱਸਦੀ ਹੈ। ਦਰਬਾਰ ਸਾਹਿਬ ਕੰਪਲੈਕਸ ਦੀ ਉਸਾਰੀ ਕੌਮ ਦੇ ਇਕ ਕੇਂਦਰ ਵਜੋਂ ਕੀਤੀ ਗਈ ਸੀ ਨਾ ਕਿ ਕਿਸੇ ਤੀਰਥ ਵਾਂਗੂ। ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਉਸ ਬ੍ਰਾਹਮਣਵਾਦ ਦਾ ਪ੍ਰਗਟਾਵਾ ਹਨ, ਜੋ ਬ੍ਰਾਹਮਣੀ ਤੀਰਥਾਂ ਨੂੰ ਰੱਦ ਕਰਕੇ ਆਪਣੇ ਨਵੇਂ ਤੀਰਥ ਘੱੜ ਲੈਣ ਦੀ ਸੋਚ ਹੈ। ਇਹ ਵੀ ਅਫਸੋਸਜਨਕ ਹਕੀਕਤ ਹੈ ਕਿ ਕੌਮ ਨੇ ਕੇਂਦਰ ਦੇ ਤੌਰ ’ਤੇ ਉਸਾਰੇ ‘ਦਰਬਾਰ ਸਾਹਿਬ’ ਕੰਪਲੈਕਸ ਨੂੰ ਇਕ ਤੀਰਥ ਦਾ ਰੂਪ ਦੇਂਦੇ ਹੋਏ ਗੁਰਮਤਿ ਵੱਲ ਪਿੱਠ ਕਰ ਲਈ। ਇਹ ਤੀਰਥ ਹੁਣ ਅਨੇਕਾਂ ਮਨਮੱਤਾਂ ਦਾ ਘਰ ਬਣ
ਚੁੱਕਿਆ ਹੈ। ਤੀਰਥਾਂ ਦੀ ਸੂਚੀ ਸਿਰਫ ਅੰਮ੍ਰਿਤਸਰ ਤੱਕ ਹੀ ਸੀਮਿਤ ਨਹੀਂ ਰਹੀ, ਸਿੱਖਾਂ ਨੇ ਆਪਣੇ ਅਨੇਕਾਂ ਇਤਹਾਸਿਕ/ਮਿਥਿਹਾਸਿਕ ਸਥਾਨਾਂ ਨੂੰ ‘ਬ੍ਰਾਹਮਣੀ’ ਤਰਜ਼ ਦੇ ਤੀਰਥ ਬਣਾ ਕੇ ਗੁਰਮਤਿ ਤੋਂ ਮੂੰਹ ਫੇਰਿਆ ਹੋਇਆ ਹੈ।
ਅੱਖਾਂ ਨਾਲ ਕਿਸੇ ਬਿਲਡਿੰਗ ਦੇ ਪਵਿੱਤਰ ਦਰਸ਼ਨਾਂ ਦੀ ਤਾਂਘ ਕਰਨ ਵਾਲੀ ਸੋਚ ਅਗਰ ਗੁਰਬਾਣੀ ਦੇ ਇਹ ਅੰਸ਼ ਵਿਚਾਰ ਲਵੇ: “ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥1॥  (ਪੰਨਾ 577)” ਤਾਂ ਭਰਮ ਭੁਲੇਖੇ ਨਾ ਰਹਿਣ। ਵੈਸੇ ਵੀ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵੀ ਭਾਈ ਰਾਜੋਆਣਾ ਦੀ ਇਹ ਸੋਚ ਨਾ-ਵਾਕਿਫ ਲਗਦੀ ਹੈ। ਮੈਡੀਕਲ ਸਾਇੰਸ ਦੀ ਆਮ ਜਾਣਕਾਰੀ ਰੱਖਣ ਵਾਲਾ ਹਰ ਸ਼ਖਸ ਇਹ ਜਾਣਦਾ ਹੈ ਕਿ ਸ਼ਰੀਰਕ ਅੱਖਾਂ ਸਿਰਫ ਕਿਸੇ ਵਸਤੂ ਨੂੰ ਦੇਖਣ ਦਾ ਇਕ ਸਾਧਨ ਹਨ, ਪਰ ਕਿਸੇ ਵਸਤੂ ਪ੍ਰਤੀ ਵੇਖਣ ਦਾ ਨਜ਼ਰੀਆ ਅਸਲ ਵਿਚ ‘ਦਿਮਾਗ’ ਦਾ ਹੁੰਦਾ ਹੈ। ਦਿਮਾਗ ਹੀ ਸ਼ਰੀਰ ਦੇ ਹੋਰ ਬਹੁੱਤੇ ਅੰਗਾਂ ਵਾਂਗੂ ‘ਅੱਖਾਂ’ ਨੂੰ ਕੰਟਰੋਲ ਕਰਦਾ ਹੈ। ਸੋ ਉਸ ਰਾਗੀ ਵੀਰ ਵਿਚ ਅੱਖਾਂ ਲੱਗਣ ਤੋਂ ਬਾਅਦ ਨਜ਼ਰੀਆ ਉਸ ਰਾਗੀ ਦਾ ਰਹੇਗਾ, ਨਾ ਕਿ ਭਾਈ ਰਾਜੋਆਣੇ ਦਾ। ਜਿਆਦਾ ਸਪਸ਼ਟਤਾ ਲਈ, ਮੰਨ ਲਵੋ ਭਾਈ ਰਾਜੋਆਣੇ ਦੀ ਅੱਖਾਂ ਲੱਗਣ ਤੋਂ ਬਾਅਦ ਮਿਲੀ ਰੌਸ਼ਨੀ ਨਾਲ ਉਹ ਰਾਗੀ ਸਿੰਘ ਕਿਸੇ ਇਸਤਰੀ ਵੱਲ ਗਲਤ ਨਜ਼ਰ ਨਾਲ ਵੇਖਦਾ ਹੈ ਤਾਂ ਕੀ ਇਹ ਮੰਨਿਆ ਜਾਵੇਗਾ ਕਿ ਇਹ ਗਲਤ ਨਜ਼ਰ ‘ਰਾਜੋਆਣੇ’ ਦੀ ਹੈ? ਨਹੀਂ, ਬਿਲਕੁਲ ਨਹੀਂ।
ਸੋ ਸਪਸ਼ਟ ਹੈ, ਭਾਈ ਰਾਜੋਆਣੇ ਦੀ ਵਸੀਅਤ ਦੇ ਇਹ ਅੰਸ਼, ਗੁਰਮਤਿ ਦੀ ਅਗਿਆਨਤਾ/ਅਨਦੇਖੀ ਕਾਰਨ ਪੈਦਾ ਹੋਏ ਉਨ੍ਹਾਂ ਜ਼ਜਬਾਤਾਂ ਦਾ ਪ੍ਰਗਟਾਵਾ ਹਨ, ਜੋ ਅੱਜ ਆਮ ਸਿੱਖ ਮਾਨਸਿਕਤਾ ਵਿਚ ਘਰ ਕਰ ਚੁੱਕੇ ਹਨ। ਐਸੇ ਜ਼ਜਬਾਤਾਂ ਨੂੰ ਹੱਲਾ-ਸ਼ੇਰੀ ਦੇਣ ਦੀ ਥਾਂ ਉਨ੍ਹਾਂ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ।
2.      ਮੈਂ ਅਕਾਲ ਤਖਤ ਨੂੰ ਸਮਰਪਿਤ ਹਾਂ, ਇਸ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਨੂੰ ਹੀ ਮਿਲਣਾ ਚਾਹਾਂਗਾ।
ਪੜਚੋਲ : ਭਾਈ ਰਾਜੋਆਣਾ ਨੇ ਆਪਣੀ ਵਸੀਅਤ ਵਿਚ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਹਨ। ਗਿਆਨੀ ਗੁਰਬਚਨ ਸਿੰਘ ਸਮੇਤ ਪਿੱਛਲੇ ਸਮੇਂ ਵਿਚ ਅਕਾਲ ਤਖਤ ’ਤੇ ਕਾਬਜ਼ ਲੋਕ ‘ਜਥੇਦਾਰ’ ਨਹੀਂ, ਭ੍ਰਿਸ਼ਟ ਹਾਕਮਾਂ ਦੇ ਗੁਲਾਮ ਬੇਈਮਾਨ ‘ਪੁਜਾਰੀ’ ਹਨ। ਸੋ ਇਨ੍ਹਾਂ ਦੀ ਅਖੌਤੀ ਜਥੇਦਾਰੀ ਨੂੰ ਮਾਨਤਾ ਪ੍ਰਦਾਨ ਕਰਨਾ ਗੁਰਮਤਿ ਪ੍ਰਤੀ ਅਗਿਆਨਤਾ ਦਾ ਹੀ ਪ੍ਰਗਟਾਵਾ ਹੈ। ਜੇ ਇਸ ਪੁਜਾਰੀ ਨੂੰ ਹੀ ਅਕਾਲ ਤਖਤ (ਦਾ ਜਥੇਦਾਰ) ਮੰਨਣਾ ਹੈ ਤਾਂ ਬਾਦਲ ਨੂੰ ਪੰਥ ਰਤਨ ਦਾ ਖਿਤਾਬ ਦੇਣ, ਨਾਨਕਸ਼ਾਹੀ ਕੈਲੰਡਰ ਦੇ ਕਤਲ ਸਮੇਤ ਉਨ੍ਹਾਂ ਸਾਰੇ  ਕੂੜ ਕਰਮਾਂ ਨਾਲ ਵੀ ਭਾਈ ਰਾਜੋਆਣਾ ਦੀ ਸਹਿਮਤੀ ਮੰਨੀ ਜਾਵੇਗੀ, ਜੋ ਇਸ ਪੁਜਾਰੀ (ਜਥੇਦਾਰ) ਦੀ ਸਰਪ੍ਰਸਤੀ ਹੇਠ ‘ਅਕਾਲ ਤਖਤ’ ਦੇ ਨਾਮ ਹੇਠ ਕੀਤੇ ਹਨ।
ਖੈਰ! ਭਾਈ ਰਾਜੋਆਣਾ ਦੀ ਇਹ ਇੱਛਾ ਪੂਰੀ ਹੋ ਗਈ ਹੈ ਅਤੇ ਇਸ ਪੁਜਾਰੀ ਨੇ ‘ਪਵਿੱਤਰ ਜਲ’ ਦੀਆਂ ਕੈਨੀਆਂ ਇਸ਼ਨਾਨ ਲਈ ਬਖਸ਼ ਕੇ ਫਾਂਸੀ ਤੋਂ ਪਹਿਲਾਂ ‘ਪਵਿਤ੍ਰ’ ਹੋਣ ਦਾ ਭਰਮ ਪ੍ਰਚਾਰ ਕੇ ਆਪਣਾ ਪੁਜਾਰੀਵਾਦੀ/ਬ੍ਰਾਹਮਣਵਾਦੀ ਚਿਹਰਾ ਵੀ ਦਿਖਾ ਦਿੱਤਾ ਹੈ। ਸੋ ਸਪਸ਼ਟ ਹੈ ਕਿ ਭਾਈ ਰਾਜੋਆਣਾ ਵਲੋਂ ਅਕਾਲ ਤਖਤ ਦੇ ਨਾਮ ਹੇਠ ਪੁਜਾਰੀਆਂ ਨੂੰ ਮਾਨਤਾ ਦੇਣਾ, ਗੁਰਮਤਿ ਸੇਧ ਪ੍ਰਤੀ ਅਣਦੇਖੀ/ਅਗਿਆਨਤਾ ਕਾਰਨ ਪੈਦਾ ਹੋਏ ਵਕਤੀ ਜ਼ਜਬਾਤ ਹੀ ਹਨ।

ਇਸ ਵਸੀਅਤ ਤੋਂ ਇਲਾਵਾ ਭਾਈ ਰਾਜੋਆਣਾ ਦੇ ਸਾਹਮਣੇ ਆਏ ਬਿਆਨਾਂ ਵਿਚ ਵੀ ਕੁਝ ਅੰਸ਼ ਸੰਪਰਦਾਈ (ਬ੍ਰਾਹਮਣੀ) ਸੋਚ ਦਾ ਪ੍ਰਗਟਾਵਾ ਕਰਦੇ ਹਨ। ਮਿਸਾਲ ਲਈ:

(1)  ਫਾਂਸੀ ਤੋਂ ਪਹਿਲਾਂ ‘ਪਵਿਤ੍ਰ ਜਲ’ ਨਾਲ ਇਸ਼ਨਾਨ ਰਾਹੀਂ ਪਵਿਤ੍ਰ ਹੋਣ ਦਾ ਭਰਮ:
ਪੜਚੋਲ : ਭਾਈ ਰਾਜੋਆਣੇ ਦੇ ਅਖਬਾਰ ਵਿਚ ਆਏ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਫਾਂਸੀ (ਜੋ ਫਿਲਹਾਲ ਟਲ ਗਈ ਹੈ) ਤੋਂ ਪਹਿਲਾ ਅਕਾਲ ਤਖਤ ਦੇ ਜਥੇਦਾਰ (ਅਸਲ ਵਿਚ ਪੁਜਾਰੀ) ਵਲੋਂ ਬਖਸ਼ੇ ਪਵਿੱਤਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਣਗੇ। ਇਸ ਬਿਆਨ ਨਾਲ ਭਾਈ ਰਾਜੋਆਣਾ ਨੇ ਪੁਜਾਰੀਆਂ ਦੀ ਇਸ ਬ੍ਰਾਹਮਣੀ ਸੋਚ ਨੂੰ ਮਾਨਤਾ ਦੇ ਦਿੱਤੀ ਹੈ ਕਿ ਕਿਸੇ ‘ਵਿਸ਼ੇਸ਼ ਪਵਿੱਤਰ ਜਲ’ ਦੇ ਇਸ਼ਨਾਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ। ਬੇਸ਼ਕ ਪੁਜਾਰੀਆਂ ਦਾ ਕੰਮ ਤਾਂ ਆਦਿ ਕਾਲ ਤੋਂ ਹੀ ਐਸੇ ਭਰਮਾਂ ਦਾ ਪ੍ਰਚਾਰ ਕਰਕੇ ਲੋਕਾਈ ਦੀ
ਸਰਬਪੱਖੀ ਲੁੱਟ ਕਰਨਾ ਰਿਹਾ ਹੈ (ਜੋ ‘ਦਰਬਾਰ ਸਾਹਿਬ’ ਸਮੇਤ ਸਿੱਖ ਗੁਰਦੁਆਰਿਆਂ ਵਿਚ ਆਮ ਵੇਖੀ ਜਾ ਸਕਦੀ ਹੈ)। ਪਰ ਭਾਈ ਰਾਜੋਆਣਾ ਦਾ ਇਸ ਭਰਮ ਨੂੰ ਮਾਨਤਾ ਦੇਣਾ ਉਨ੍ਹਾਂ ਦੀ ਗੁਰਮਤਿ ਸਿਧਾਂਤਾਂ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਅਤੇ ਅਫਸੋਸਜਨਕ ਹੈ।
ਜੇ ਗੁਰਮਤਿ ਦੇ ਨਜ਼ਰੀਏ ਤੋਂ ਵੇਖੀਏ ਤਾਂ ਗੁਰਬਾਣੀ ਵਿਚ  ਕਿਸੇ ‘ਵਿਸ਼ੇਸ਼ ਜਲ’ ਦੇ ਪਵਿੱਤਰ ਇਸ਼ਨਾਨ ਦੇ ਭਰਮ ਬਾਰੇ ਖਰਾ ਸੱਚ ਪ੍ਰਕਟ ਕਰਦੇ ਐਸੇ ਅਨੇਕਾਂ ਵਾਕ ਹਨ:

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥2॥(ਪੰਨਾ 484)

ਕੀ ਦਰਬਾਰ ਸਾਹਿਬ ਦੇ ਜਲ ਨੂੰ ਪਵਿੱਤਰ ਮੰਨਣ ਦੀ ਸੋਚ ਕਿਸੇ ਖਾਸ ਨਦੀ ਦੇ ਜਲ (ਗੰਗਾ ਜਲ) ਨੂੰ ਪਵਿੱਤ੍ਰ ਮੰਨਣ ਦੀ ਸੋਚ ਦੀ ਗੁਲਾਮ ਨਹੀਂ ਹੈ? ਅਫਸੋਸ! ਅਸੀਂ ਨਾਨਕ ਸਰੂਪਾਂ ਵਲੋਂ ਸਥਾਪਿਤ ਅਦਾਰਿਆਂ/ਵਿਵਸਥਾਵਾਂ ਦੇ ਅਸਲ ਮਕਸਦ ਨੂੰ ਵਿਸਾਰ ਕੇ ਉਨ੍ਹਾਂ ਨੂੰ ਬ੍ਰਾਹਮਣੀ ਸੰਸਥਾਵਾਂ ਦਾ ਰੂਪ ਦੇ ਦਿੱਤਾ।

2.      ਕੇਸਰੀ ਰੰਗ ਦੇ ਝੰਡੇ/ਝੰਡੀਆਂ ਘਰਾਂ ’ਤੇ ਲਹਿਰਾਉਣ ਦੀ ਇੱਛਾ:
ਪੜਚੋਲ : ਗੁਰਮਤਿ ਦੇ ਨਜ਼ਰੀਏ ਤੋਂ ਪੜਚੋਲ ਕਰੀਏ ਤਾਂ ਗੁਰਮਤਿ ਕਿਸੇ ਰੰਗ ਵਿਸ਼ੇਸ਼ ਦੇ ਮਹੱਤਵ ਨੂੰ ਨਕਾਰਦੀ ਹੈ। ਕੌਮ ਦੇ ਏਕਤਾ ਨਾਲ ਜੋੜ ਕੇ ਕਿਸੇ ਇਕ ‘ਕੌਮੀ ਨਿਸ਼ਾਨ’ ਲਈ ਕਿਸੇ ਰੰਗ ਦੀ ਲੋੜ ਨੂੰ ਮੰਣਿਆ ਜਾ ਸਕਦਾ ਹੈ। ਇਸ ਪੱਖ ਤੋਂ ਵੀ ਇਤਿਹਾਸਿਕ ਤੱਥ ਪੜਚੋਲਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਜੀ ਵੇਲੇ ‘ਨਿਸ਼ਾਨ’ ਦਾ ਰੰਗ ਨੀਲਾ ਹੁੰਦਾ ਸੀ। ਸਿੱਖ ਰਹਿਤ ਮਰਿਯਾਦਾ ਵਿਚ ਵੀ ‘ਨਿਸ਼ਾਨ ਸਾਹਿਬ’ ਦੇ ਕਪੜੇ ਦਾ ਰੰਗ
‘ਬਸੰਤੀ ਜਾਂ ਸੁਰਮਈ’ ਮਿਲਦਾ ਹੈ। ਫੇਰ ਇਹ ‘ਕੇਸਰੀ’ ਰੰਗ ‘ਕੌਮੀ ਰੰਗ’ ਕਿਵੇਂ ਸਥਾਪਿਤ ਹੋ ਗਿਆ, ਜਿਸ ਨੂੰ ਨਾ ਤਾਂ ਪ੍ਰਮਾਣਿਕ ਇਤਿਹਾਸ ਮਾਨਤਾ ਦੇਂਦਾ ਹੈ, ਨਾ ਹੀ ਸਿੱਖ ਰਹਿਤ ਮਰਿਯਾਦਾ? ਦਿਲਚਸਪ ਗੱਲ ਇਹ ਹੈ ਕਿ ‘ਕੇਸਰੀ’ (ਭਗਵਾਂ) ਰੰਗ ਦਾ ਸੰਬੰਧ ਬ੍ਰਾਹਮਣੀ ਜਮਾਤ ‘ਆਰ. ਐਸ. ਐਸ.’ ਨਾਲ ਜੁੜਦਾ ਹੈ, ਇਸ ਲਈ ਬ੍ਰਾਹਮਣੀਕਰਣ ਲਈ ‘ਭਗਵਾਂਕਰਣ’ ਲਫਜ਼ ਵੀ ਵਰਤਿਆ ਜਾਂਦਾ ਹੈ। ਕੀ ਇਹ ਇਸ ਤਲਖ ਹਕੀਕਤ ਨੂੰ ਬਿਆਨ ਨਹੀਂ ਕਰਦਾ ਕਿ ਸਿੱਖ ਸਮਾਜ ਦੀ ਸੋਚ ਵਾਂਗੂ ਸਿੱਖ ਕੌਮ ਦੇ ‘ਕੌਮੀ ਨਿਸ਼ਾਨ’ ਦਾ ਵੀ ‘ਭਗਵਾਂਕਰਣ’
(ਬ੍ਰਾਹਮਣੀਕਰਣ) ਹੋ ਚੁੱਕਾ ਹੈ? ਅਫਸੋਸ ! ਵਕਤੀ ਜ਼ਜਬਾਤਾਂ ਹੇਠ ਭਾਈ ਰਾਜੋਆਣਾ ਸਮੇਤ ਸਾਰੀ ਕੌਮ ਹੀ ਇਸ ਭਗਵੇਂ ਰੰਗ ਹੇਠ ਹੀ ‘ਭਗਵੇਂਕਰਣ’ (ਬ੍ਰਾਹਮਣਵਾਦ) ਖਿਲਾਫ ਲੜਾਈ ਲੜਣ ਦਾ ਭਰਮ ਪਾਲੀ ਬੈਠੇ ਹਨ।

ਇਸ ਲਹਿਰ ਨਾਲ ਜੁੜੇ ਲੀਡਰਾਂ ਦੀ ਇਸ ਨਜ਼ਰੀਏ ਤੋਂ ਪੜਚੋਲ:
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇਸ ਲਹਿਰ ਨਾਲ ਜੁੜੇ ਰਾਜਨੀਤਕਾਂ ਅਤੇ ਪੁਜਾਰੀਆਂ ਤੋਂ ਇਲਾਵਾ ਸ਼ਾਇਦ ਸਾਰਾ ਹੀ ਪੰਥ ਸੁਹਿਰਦ ਹੈ। ਇਸ ਲਹਿਰ ਨਾਲ ਕਈਂ ਪੰਥਕ ਸ਼ਖਸੀਅਤਾਂ ਵੀ ਜੁੜੀਆਂ ਹਨ। ਇਸ ਪ੍ਰਥਾਇ ਇਕ 8 ਮੈਂਬਰੀ ਅਗਵਾਈ ਵਿਚ ‘ਸੰਘਰਸ਼ ਮੋਰਚਾ’ ਵੀ ਬਣਾਇਆ ਗਿਆ। ਪਰ ਇਸ ਮੋਰਚੇ ਦੇ ਆਗੂਆਂ ਸਮੇਤ ਲਗਭਗ ਹਰ ਕੋਈ ਅਗਵਾਈ ਲਈ ਫੇਰ ਉਨ੍ਹਾਂ ਪੁਜਾਰੀਆਂ ਵੱਲ ਹੀ ਵੇਖਣ ਲੱਗ ਪਿਆ (ਬੇਨਤੀਆਂ ਕਰਨ ਲੱਗ ਪਿਆ) ਜਿਨ੍ਹਾਂ ਨੇ ‘ਅਕਾਲ ਤਖਤ’ ਦੇ ਨਾਮ ਉਤੇ ਕੌਮ ਨੂੰ ਹਮੇਸ਼ਾਂ ਨਮੋਸ਼ੀ ਦਾ ਸਾਹਮਣਾ ਹੀ ਕਰਵਾਇਆ ਹੈ। ‘ਸੌਦਾ ਸਾਧ’ ਅਤੇ ਹੋਰ ਮਾਮਲਿਆਂ ਵਿਚ ਇਨ੍ਹਾਂ ਪੁਜਾਰੀਆਂ ਦੀ ਅਗਵਾਈ ਕਾਰਨ ਆਈ ਨਮੋਸ਼ੀ ਸਭ ਦੇ ਸਾਹਮਣੇ ਸੀ। ਇਨ੍ਹਾਂ ਤੋਂ ਕਿਸੇ ਚੰਗੇ ਦੀ ਆਸ ਕਰਨਾ ਵੀ ਮੂਰਖਤਾ ਤੋਂ ਘੱਟ ਨਹੀਂ, ਕਿਉਂਕਿ ਇਨ੍ਹਾਂ ਨੇ ਆਪਣੇ ਆਕਾਵਾਂ (ਭ੍ਰਿਸ਼ਟ ਹਾਕਮਾਂ) ਦੀ ਸਵਾਰਥ ਪੂਰਤੀ ਲਈ ਹੀ ਕੰਮ ਕਰਨਾ ਹੈ, ਕੌਮ ਲਈ ਨਹੀਂ। ਹੈਰਾਨਗੀ ਦੀ ਗੱਲ ਹੈ ਪੰਥ ਦੇ ਸੁਚੇਤ ਆਗੂ ਕਹਿਲਾਉਣ ਵਾਲੇ ਹਰ ਪੰਥਕ ਮਸਲੇ ਵਿਚ ਨਮੋਸ਼ੀ ਆਉਣ ਤੋਂ ਬਾਅਦ ਇਨ੍ਹਾਂ ਪੁਜਾਰੀਆਂ ਨੂੰ ਕੋਸਦੇ ਰਹਿੰਦੇ ਹਨ, ਪਰ ਜਦੋਂ ਕੋਈ ਨਵਾਂ ਮਸਲਾ ਸਾਹਮਣੇ ਆਉਂਦਾ ਹੈ, ਉਨ੍ਹਾਂ ਪੁਜਾਰੀਆਂ ਸਾਹਮਣੇ ਹੀ ਅਗਵਾਈ ਲਈ ਲੇਲੜੀਆਂ ਕੱਢਣ ਲੱਗ ਪੈਂਦੇ ਹਨ।
ਲਹਿਰ ਨਾਲ ਜੁੜੇ ਇਨ੍ਹਾਂ ਆਗੂਆਂ ਨੇ ਵੀ ਕੌਮੀ ਰੰਗ ਦੇ ‘ਭਗਵੇਂਕਰਣ’ ਵਿਰੁਧ ਕੋਈ ਅਵਾਜ਼ ਉਠਾਉਣ ਦੀ ਥਾਂ ਇਸ ਦੇ ਹੱਕ ਵਿਚ ਹੀ ਪਹਿਰਾ ਦਿੱਤਾ। ਇਸੇ ਤਰ੍ਹਾਂ ਭਾਈ ਰਾਜੋਆਣਾ ਦੀ ਫਾਂਸੀ ਰੁਕਾਵਉਣ ਲਈ ਪੁਜਾਰੀਆਂ ਵਲੋਂ ਸੁਝਾਏ ਬ੍ਰਾਹਮਣੀ ਕਰਮਕਾਂਡਾਂ ਖਿਲਾਫ ਕੋਈ ਅਵਾਜ਼ ਉਠਾਉਣ ਦੀ ਥਾਂ, ਆਪ ਉਸੇ ਰੰਗ ਵਿਚ ਰੰਗ ਗਏ।

ਕੁਝ ਪੜਚੋਲ ‘ਅਖੌਤੀ ਜਥੇਦਾਰਾਂ’ ਸਮੇਤ ਬਹੁਤੇ ਪੁਜਾਰੀਆਂ ਦੀ ਭੂਮਿਕਾ ਬਾਰੇ:
ਕਿਸੇ ਕੌਮ ਵਿਚਲਾ ਪੁਜਾਰੀ ਤਬਕਾ ਤਾਂ ਹਮੇਸ਼ਾਂ ਇਸੇ ਤਾਕ ਵਿਚ ਰਹਿੰਦਾ ਹੈ ਕਿ ਕਦੋਂ ਮੌਕਾ ਮਿਲੇ ਅਤੇ ਲੋਕਾਈ ਨੂੰ ‘ਧਰਮ’ ਦੇ ਨਾਮ ’ਤੇ ਕਰਮਕਾਂਡਾਂ ਵਿਚ ਉਲਝਾ ਦਿੱਤਾ ਜਾਵੇ। ਰਾਜੋਆਣੇ ਦੇ ਮਸਲੇ ’ਤੇ ਵੀ ਪੁਜਾਰੀਆਂ (ਸਣੇ ਅਖੌਤੀ ਜਥੇਦਾਰਾਂ ਦੇ) ਨੇ ਐਸੇ ਕਰਮਕਾਂਡ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅਕਾਲ ਤਖਤ ਦੇ ਨਾਮ ’ਤੇ ਕਾਬਜ਼ ‘ਪੁਜਾਰੀਆਂ ਦੀ ਚੌਂਕੜੀ’ ਨੇ ਸਾਰੀ ਕੌਮ ਨੂੰ ਆਦੇਸ਼ ਜਾਰੀ ਕਰ ਦਿੱਤਾ ਕਿ ‘ਅਖੰਡ ਪਾਠ’ (ਅਸਲ ਵਿਚ ਕਰਮਕਾਂਡ) ਕਰਵਾਏ ਜਾਣ। ਅਫਸੋਸ ਤਾਂ ਉਸ ਵੇਲੇ ਹੋਇਆ ਜਦੋਂ ਅਸੀਂ ਬਹੁਤ ਜਾਗਰੂਕ ਮੰਨੇ ਜਾਂਦੇ ਵੀਰ ਨੂੰ ਕਿਸੇ ਸਮਾਗਮ ਵਿਚ ਹਾਜ਼ਰੀ ਭਰਣ ਦੀ ਬੇਨਤੀ ਕੀਤੀ ਤਾਂ ਉਸ ਨੇ ਮਜ਼ਬੂਰੀ ਜਤਾਉਂਦੇ ਹੋਏ ਕਿਹਾ ਕਿ ਮੈਂ ਸ਼ਾਮਿਲ ਨਹੀਂ ਹੋ ਸਕਦਾ ਕਿਉਂਕਿ ਉਸ ਸਮੇਂ ‘ਪੁਜਾਰੀਆਂ’ ਦੇ ਆਦੇਸ਼ ਅਨੁਸਾਰ ਅਸੀਂ ਪਿੰਡ ਦੇ ਗੁਰਦੁਆਰੇ ਵਿਚ ‘ਅਖੰਡ ਪਾਠ’ ਰੱਖਵਾਇਆ ਹੋਇਆ ਹੈ। ਜਦ ਉਸ ਨੂੰ ਪੁਛਿਆ ਕਿ ਕੀ ‘ਅਖੰਡ ਪਾਠ’ ਮਨਮੱਤ ਨਹੀਂ? ਉਸਦਾ ਜਵਾਬ ਸੀ ਕਿ ਵੀਰੋ ਹੈ ਤਾਂ ਇਹ ਪਾਖੰਡ ਹੀ ਹੈ, ਪਰ ਕੌਮੀ ਆਦੇਸ਼ ਹੈ। ਜਾਗਰੂਕ ਮੰਨੇ ਜਾਂਦੇ ਸੱਜਣਾਂ ਵਲੋਂ ਵੀ ‘ਗੁਰਮਤਿ ਸਿਧਾਂਤਾਂ’ ਨੂੰ ਪਿੱਠ ਵਿਖਾਉਣ ਵਾਲੀ ਇਹ ਪਹੁੰਚ ਵੇਖ ਕੇ ਅਫਸੋਸ ਤੋਂ ਇਲਾਵਾ ਕੀਤਾ ਵੀ ਕੀ ਜਾ ਸਕਦਾ ਹੈ? ਇਸੇ ਤਰਜ਼ ’ਤੇ ਕੋਈ ਪੁਜਾਰੀ ‘ਬੇਨਤੀ ਚੌਪਈ’ (ਕੱਚੀ ਰਚਨਾ) ਦੇ ਜਾਂ ਕੋਈ ਕਿਸੀ ਹੋਰ ਬਾਣੀ ਦੇ ਗਿਣਤੀ-ਮਿਣਤੀ ਦੇ ‘ਤੋਤਾ ਰਟਨੀ’ ਪਾਠ ਕਰਨ ਦੀ ਸਲਾਹ ਦੇ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਵਿਚ ਛਪੀ ਖਬਰ ਅਨੁਸਾਰ ਇਕ ਬੀਬੀ ਨੇ ਇਸੇ ਬ੍ਰਾਹਮਣਵਾਦੀ ਸੋਚ ਦੇ ਪ੍ਰਭਾਵ ਹੇਠ ‘ਵਾਹਿਗੁਰੂ’ ਲਫਜ਼ ਦੇ ਚੰਦ ਕੁ ਦਿਨਾਂ ਵਿਚ ਲੱਖਾਂ ਤੋਤਾ-ਰਟਨੀ ਜਾਪ ਕਰਕੇ ਦਾਅਵਾ ਕੀਤਾ ਹੈ ਕਿ ਰਾਜੋਆਣੇ ਦੀ ਫਾਂਸੀ ਰੁੱਕ ਜਾਵੇਗੀ। ਭਾਈ ਰਾਜੋਆਣੇ ਦੀ ਇੱਛਾ ਅਨੁਸਾਰ ਅਕਾਲ ਤਖਤ ਦੇ ਨਾਮ ’ਤੇ ਪੁਜਾਰੀਆਂ ਨੇ ਵੀ ‘ਕੇਸਰੀ’ (ਭਗਵਾਂ) ਝੰਡੇ ਲਹਿਰਾਉਣ ਦਾ ਆਦੇਸ਼ ਜਾਰੀ ਕਰ ਦਿੱਤਾ।
ਅਕਾਲ ਤਖਤ ਦੇ ਨਾਮ ਦੇ ਕਾਬਿਜ਼ ਪੁਜਾਰੀਆਂ ਨੇ ਸਰੋਵਰ ਵਾਲੇ ਜਲ ਦੇ ‘ਪਵਿਤ੍ਰ’ ਹੋਣ ਦਾ ਵਹਿਮ ਪ੍ਰਚਾਰ ਕੇ ਪਾਣੀ ਦੀਆਂ ਦੋ ਕੈਨੀਆਂ ਵੀ ਫਾਂਸੀ ਤੋਂ ਪਹਿਲਾਂ ‘ਇਸ਼ਨਾਨ’ ਰਾਹੀਂ ਪਵਿਤ੍ਰ ਹੋਣ ਲਈ ਭਾਈ ਰਾਜੋਆਣੇ ਨੂੰ ਦਿਤੀਆਂ ਹਨ, ਜਿਸ ਨੂੰ ਰਾਜੋਆਣਾ ਵੀਰ ਨੇ ‘ਅੰਨ੍ਹੀ ਸ਼ਰਧਾ’ ਹੇਠ ਖਿੜੇ ਮੱਥੇ ਸਵੀਕਾਰ ਵੀ ਕਰ ਲਿਆ। ਹੋ ਸਕਦਾ ਹੈ ਭਵਿੱਖ ਵਿਚ ਪਟਨੇ ਅਤੇ ਨਾਂਦੇੜ ਦੇ ਪੁਜਾਰੀਆਂ ਵਲੋਂ ਭਾਈ ਰਾਜੋਆਣਾ ਲਈ ਅਖੌਤੀ ਤਖਤਾਂ ਦਾ ‘ਪਵਿਤ੍ਰ ਤਿਲਕ’ ਵੀ ਪਹੁੰਚ ਜਾਵੇ ਅਤੇ ਸ਼ਾਇਦ ਭਾਈ ਰਾਜੋਆਣਾ (ਅੰਨ੍ਹੀ ਸ਼ਰਧਾ) ਹੇਠ ਉਸ ਤਿਲਕ ਨੂੰ ‘ਤਖਤਾਂ’ ਦਾ ਆਸ਼ੀਰਵਾਦ ਸਮਝ ਕੇ ਫਾਂਸੀ ਤੋਂ ਪਹਿਲਾਂ ਮੱਥੇ ਤੇ ਲਗਾਉਣ ਦਾ ਮਨ ਬਣਾ ਲਵੇ।

ਕੁਝ ਪੜਚੋਲ ਇਸ ਲਹਿਰ ਨਾਲ ਜੁੜੇ ਆਮ ਸਿੱਖਾਂ ਬਾਰੇ:
ਜਦੋਂ ਭਾਈ ਰਾਜੋਆਣਾ ਅਤੇ ਇਸ ਲਹਿਰ ਦੇ ਆਗੂ ਬ੍ਰਾਹਮਣਵਾਦ (ਪੁਜਾਰੀਵਾਦ) ਦੇ ਰੰਗ ਵਿਚ ਰੰਗੇ ਹੋਏ ਹਨ ਤਾਂ ਲਹਿਰ ਨਾਲ ਜੁੜੇ ਆਮ ਸਿੱਖ ਤੋਂ ਕੋਈ ਵੱਖਰੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਆਮ ਸਿੱਖ ਸਮਾਜ ਵਿਚ ਤਾਂ ਪਿੱਛਲੇ 250-300 ਸਾਲਾਂ ਵਿਚ ਬ੍ਰਾਹਮਣਵਾਦ ਕੁੱਟ-ਕੁੱਟ ਕੇ ਭਰ ਦਿੱਤਾ ਗਿਆ ਹੈ। ਸੋ ਪੁਜਾਰੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਆਗੂਆਂ ਦੀ ਵੇਖੋ-ਵੇਖੀ ਆਮ ਸਿੱਖ ਵੀ ਭੇਡ-ਚਾਲ ਵਿਚ ਤੋਤਾ-ਰਟਨੀ ਪਾਠਾਂ, ਕਰਮਕਾਂਡਾਂ ਵਿਚ ਉਲਝਿਆ ਗੁਰਮਤਿ ਤੋਂ ਸੇਧ ਲੈਣ ਦੀ ਥਾਂ ‘ਰਾਜੋਆਣੇ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ’ ਜਿਹੇ ਸ਼ਖਸੀਅਤ-ਪ੍ਰਸਤ ਨਾਅਰੇ ਲਗਾ ਰਿਹਾ ਹੈ। ਵੈਸੇ ਵੀ ਕੌਮੀ ਕੇਂਦਰ ’ਤੇ ਕਾਬਜ਼ ਪੁਜਾਰੀ (ਅਤੇ ਉਨ੍ਹਾਂ ਦੇ ਆਕਾ ਭ੍ਰਿਸ਼ਟ ਹਾਕਮ) ਤਾਂ ਇਹੀ ਚਾਹੁੰਦੇ ਹਨ ਕਿ ਆਮ ਸਿੱਖ ਸੁਚੇਤ ਹੋਣ ਦੀ ਥਾਂ ਜ਼ਜਬਾਤੀ ਪਿੱਛ-ਲੱਗੂ ਹੀ ਬਣਿਆ ਰਹੇ।

ਨਿਚੋੜ:

ਸਾਨੂੰ ਪਤਾ ਹੈ ਕਿ ਇਸ ਸਮੇਂ ਗੁਰਮਤਿ ਦੀ ਸੇਧ ਵਿਚ ਲਹਿਰ ਵਿਚਲੇ ਬ੍ਰਾਹਮਣਵਾਦੀ ਅੰਸ਼ਾਂ ਦੀ ਪੜਚੋਲ ਵਾਲੇ ਸਾਡੇ ਇਸ ਲੇਖ ਨੇ ਬਹੁਤਾਤ ਸਿੱਖਾਂ ਨੂੰ ਨਰਾਜ਼ ਹੀ ਕਰਣਾ ਹੈ, ਕਿਉਂਕਿ ਇਹ ਆਮ ਸੱਚਾਈ ਹੈ ਕਿ ਆਪਣੀ ਆਲੋਚਣਾ ਸਹਿਣ ਕਰਨ ਦੀ ਆਦਤ ਬਹੁਤੇ ‘ਸਿੱਖਾਂ’ ਨੂੰ ਨਹੀਂ ਹੈ। ਸਾਨੂੰ ਇਹ ਵੀ ਅਹਿਸਾਸ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਦੇ ਲਗਭਗ ਹਰ ਨੁਕਤੇ ਨੂੰ ਕੱਟਣਾ ਆਪਣਾ ਫਰਜ਼ ਸਮਝ ਕੇ, ਦਿਮਾਗੀ ਕਸਰਤਾਂ ਰਾਹੀਂ ਹਰ ਪੰਥ ਪ੍ਰਵਾਣਿਕ ਮਾਨਤਾਵਾਂ ਨੂੰ ਆਨੇ-ਬਹਾਨੇ ਜ਼ਾਇਜ ਠਹਿਰਾਉਣ ਦੇ ਚਾਹਵਾਣ ਲੇਖਕਾਂ ਨੇ, ਆਪਣੀਆਂ ਕਲਮਾਂ ਨੂੰ ਧਾਰ ਦੇਣੀ ਸ਼ੁਰੂ ਦੇਣੀ ਹੈ। ਪਰ ‘ਸਚੁ ਸੁਣਾਇਸੀ ਸਚ ਕੀ ਬੇਲਾ’ ਤੋਂ ਸੇਧ ਲੈਂਦੇ ਹੋਏ, ਅਸੀਂ ਆਪਣਾ ਫਰਜ਼ ਸਮਝਦੇ ਹੋਏ, ਇਹ ਨਿਸ਼ਕਾਮ ਪੜਚੋਲ ਕਰਨ ਦਾ ਯਤਨ ਕੀਤਾ ਹੈ।
ਭਾਈ ਰਾਜੋਆਣਾ ਦੇ ਮਸਲੇ ਕਾਰਨ ਪੈਦਾ ਹੋਈ ਇਸ ਲਹਿਰ ਨਾਲ ਇਕ ਵਾਰ ਫੇਰ ‘ਖਾਲਿਸਤਾਨ’ ਦੀਆਂ ਅਵਾਜਾਂ ਉੱਭਰਣ ਲੱਗ ਪਈਆਂ ਹਨ। ਪਰ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ‘ਖਾਲਸਾ ਰਾਜ’ ਤੋਂ ਪਹਿਲਾਂ ‘ਮਾਨਸਿਕ ਤੌਰ ’ਤੇ ਖਾਲਿਸ (ਗੁਰਮਤਿ ਅਨੁਸਾਰੀ ਖਾਲਸਾ)’ ਬਨਣ ਦੀ ਬਹੁਤ ਲੋੜ ਹੈ। ਬ੍ਰਾਹਮਣੀਵਾਦੀ ਮਾਨਸਿਕਤਾ ਵਾਲੇ ਲੀਡਰਾਂ ਦੀ ਅਗਵਾਈ ਹੇਠ ਜੇ ‘ਖਾਲਸਾ ਰਾਜ’ ਨਾਮਕ ਕੁਝ ਸਥਾਪਿਤ ਹੋ ਵੀ ਜਾਂਦਾ ਹੈ ਤਾਂ ਉਸ ਦਾ ਸਰੂਪ ਕੈਸਾ ਹੋਵੇਗਾ, ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। 1984 ਦੇ ਦੌਰ ਵਿਚ ਇਸ ਲਹਿਰ ਦੇ ਮੁੱਖ ਆਗੂ ਸਨ ‘ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ’। ਉਨ੍ਹਾਂ ਦੀ ਪੰਥ-ਪ੍ਰਸਤੀ ਅਤੇ ਦਲੇਰੀ ਬਾਰੇ ਕਿਸੇ ਸੁਹਿਰਦ ਸਿੱਖ ਨੂੰ ਸ਼ੱਕ ਨਹੀਂ ਹੋਵੇਗਾ। ਪਰ ਮਾਨਸਿਕ ਪੱਧਰ ’ਤੇ ਉਹ ਉਸ ਟਕਸਾਲ ਦੀ ਉੱਪਜ ਸਨ, ਜਿਸ ਦੇ ਇਕ ਸਾਬਕਾ ਮੁੱਖੀ ਦੀਆਂ ਕਿਤਾਬਾਂ ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਹਨ। ਇਸੇ ਪ੍ਰਭਾਵ ਕਾਰਨ ਦਸ਼ਮੇਸ਼ ਪਾਤਸ਼ਾਹ ਦਾ ਚਰਿਤ੍ਰ-ਘਾਤ ਕਰਨ ਵਾਲੇ ਅਖੌਤੀ ਦਸਮ ਗ੍ਰੰਥ ਦੇ ਉਹ ਵੱਡੇ ਉਪਾਸ਼ਕ ਸਨ। ਇੱਸੇ ਸੋਚ ਕਾਰਨ ਉਨ੍ਹਾਂ ਨੂੰ ਟਕਸਾਲ ਦੇ ਸਾਬਕਾ-ਮੁੱਖੀ ਦੀਆਂ ਕਿਤਾਬਾਂ ਵਿਚ ਭਰੇ ਬ੍ਰਾਹਮਣਵਾਦੀ ਅੰਸ਼ ਗਲਤ ਨਹੀਂ ਜਾਪੇ, ਜਦਕਿ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੀ ਲੜਾਈ ‘ਬ੍ਰਾਹਮਣਵਾਦ’ ਖਿਲਾਫ ਹੈ। ਬ੍ਰਾਹਮਣਵਾਦੀ ਮਾਨਸਿਕਤਾ ਨਾਲ ਬ੍ਰਾਹਮਣਵਾਦ ਖਿਲਾਫ ਲੜਾਈ ਦਾ ਢੰਗ ਹਾਸੋਹੀਣਾ ਹੈ। ਕੁਝ ਸੱਜਣ ਇਸ ਵਿਸ਼ੇ ਵਿਚ ਅਖੌਤੀ ਦਸਮ ਗ੍ਰੰਥ ਦੀ ਇਕ ਪੰਕਤੀ ‘ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ’ ਦਾ ਹਵਾਲਾ ਦਿੰਦੇ ਹਨ। ਐਸੇ ਸੱਜਣ ਦਸਮ ਗ੍ਰੰਥ ਦੀ ਕੂੜ ਅਗਵਾਈ ਹੇਠ ਗੁੰਮਰਾਹ ਹੋਣ ਕਾਰਨ ਸਿੱਖ ਇਤਿਹਾਸ ਦੀ ਪ੍ਰਤੱਖ ਗਵਾਹੀ ਨੂੰ ਅਣਦੇਖਾ ਕਰ ਦੇਂਦੇ ਹਨ। ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਤੱਕ (ਥੋੜੇ ਸਮੇਂ ਨੂੰ ਛੱਡ ਕੇ) ਸਿੱਖਾਂ ਕੌਲ ਰਾਜ ਨਹੀਂ ਸੀ, ਪਰ ਸਿੱਖ ਗੁਰਮਤਿ ਸਿਧਾਂਤਾਂ ਪ੍ਰਤੀ ਜ਼ਿਆਦਾ ਦ੍ਰਿੜ ਸਨ। ਪਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤਕ ਅਗਵਾਈ ਹੇਠ ਸਥਾਪਿਤ ਕੀਤੇ ‘ਖਾਲਸਾ ਰਾਜ’ ਵਿਚ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਦਿਨੋਂ ਦਿਨ ਘੱਟਦੀ ਗਈ। ਮਿਸਾਲ ਲਈ ਸਿੱਖ ਸਮਾਜ ਵਿਚ ‘ਵੇਦੀ ਦੇ ਫੇਰੇ, ਸਤੀ-ਪ੍ਰਥਾ, ਮੂਰਤੀਆਂ ਦੀ ਪੂਜਾ’ ਸਮੇਤ ਬ੍ਰਾਹਮਣਵਾਦ ਪੂਰੀ ਤਰ੍ਹਾਂ ਘਰ ਕਰ ਗਿਆ। ‘ਖਾਲਸਾ ਰਾਜ’ ਦਾ ਮੁੱਖੀ (ਰਣਜੀਤ ਸਿੰਘ) ਆਪ ਹਰ ਕੰਮ ਗੁਰਮਤਿ ਸੇਧ ਦੀ ਥਾਂ ‘ਜੋਤਿਸ਼ਆਂ’ ਕੋਲੋਂ ਪੁੱਛ ਕੇ ਕਰਨ ਲਗ ਪਿਆ ਸੀ। ਭਾਵ ਕਿ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਕਿਸੇ ‘ਰਾਜ’ ਦੀ ਮੁਹਤਾਜ ਨਹੀਂ। ਇਕ ਸਿੱਖ ਲਈ ‘ਗੁਰਮਤਿ ਸਿਧਾਂਤਾਂ’ ਪ੍ਰਤੀ ਦ੍ਰਿੜਤਾ ਹੀ ਜ਼ਿਆਦਾ ਜ਼ਰੂਰੀ ਹੈ।
ਉਪਰੋਕਤ ਖੁੱਲੀ ਵਿਚਾਰ ਦੀ ਰੌਸ਼ਨੀ ਵਿਚ ਅਸੀਂ ਪੂਰੀ ਨਿਮਰਤਾ ਸਹਿਤ ਭਾਈ ਬਲਵੰਤ ਸਿੰਘ ਰਾਜੋਆਣਾ, ਇਸ ਲਹਿਰ ਨਾਲ ਜੁੜੇ ਸੁਹਿਰਦ ਆਗੂਆਂ ਅਤੇ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਲਹਿਰ ਨੂੰ ਬ੍ਰਾਹਮਣਵਾਦ ਅਤੇ ਪੁਜਾਰੀਵਾਦ ਦੀ ਪਿੱਛਲੱਗੂ ਬਣਾਉਣ ਦੀ ਥਾਂ ‘ਗੁਰਮਤਿ ਦੀ ਸੇਧ’ ਵਿਚ ਲਾਮਬੰਦ ਕਰਨ ਦਾ ਯਤਨ ਕਰੀਏ। ਆਉ, ਸਾਰੇ ਮਿਲ ਕੇ ਜਾਗਦੇ ਹੋਏ, ਸੁਹਿਰਦਤਾ ਨਾਲ ਇਹ ਨਾਅਰਾ ਬੁਲੰਦ ਕਰੀਏ:
‘ਗੁਰਮਤਿ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ