Tuesday, 24 July 2012

ਰਹਿਣੀ ਰਹਹਿ ਸੋਈ ਸਿਖ ਮੇਰਾ


ਰਹਿਣੀ ਰਹਹਿ ਸੋਈ ਸਿਖ ਮੇਰਾ
ਗੁਰੂ ਨਾਲ ਸਿੱਖ ਦਾ ਸਬੰਧ ਬਿੰਦੀ ਨਹੀਂ ਨਾਦੀ ਹੈ। ਨਾਦੀ ਸਬੰਧ ਦਾ ਆਧਾਰ ਸਤਿਗੁਰੂ ਜੀ ਦੀ ਦਰਸਾਈ ਜੀਵਨ – ਜੁਗਤੀ ਨੂੰ ਅਪਣਾਉਣ `ਚ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਿੰਦੀ ਰਿਸ਼ਤੇ ਨਾਲੋਂ ਨਾਦੀ ਰਿਸ਼ਤੇ ਨੂੰ ਹੀ ਸਵੀਕਾਰ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੇ ਗ੍ਰਿਹ ਵਿਖੇ ਜਨਮ ਲੈਣ ਵਾਲੀ ਸੰਤਾਨ ਵੀ ਤਦ ਹੀ ਗੁਰੂ ਦੀ ਨੇੜਤਾ ਦਾ ਨਿੱਘ ਮਾਣ ਸਕੀ ਜਦ ਉਸ ਨੇ ਬਿੰਦੀ ਰਿਸ਼ਤੇ ਦਾ ਮਾਣ ਤਿਆਗ ਕੇ ਸਤਿਗੁਰੂ ਦਾ ਨਾਦੀ ਪੁੱਤਰ/ਪੁੱਤਰੀ ਬਣਨ ਵਿੱਚ ਮਾਨ ਮਹਿਸੂਸ ਕਰਨ ਲੱਗੀ। ਸਤਿਗੁਰੂ ਜੀ ਨੇ ਡੰਕੇ ਦੀ ਚੋਟ ਨਾਲ ਇਹ ਐਲਾਣ ਕਰ ਦਿੱਤਾ ਹੋਇਆ ਹੈ: ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ। (ਪੰਨਾ 601) ਅਰਥ: ਹੇ ਭਾਈ! ਉਹੀ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ।
ਇਸ ਹਕੀਕਤ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ: ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ॥ (ਪੰਨਾ 312) ਅਰਥ: (ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।
ਸਤਿਗੁਰੂ ਨੂੰ ਆਪਾ ਸਮਰਪਣ ਕਰਕੇ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣ ਵਾਲਿਆਂ ਨੂੰ ਹੀ ਗੁਰਦੇਵ ਨੇ ਗੁਰਸਿੱਖ ਪੁੱਤਰ ਆਖ ਕੇ ਸੰਬੋਧਨ ਕੀਤਾ ਹੈ: ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ॥ ਜਨ ਨਾਨਕ ਕੇ ਗੁਰਸਿਖ ਪਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ॥ (ਪੰਨਾ 312) ਅਰਥ: ਜੋ ਮਨੁੱਖ ਸਤਿਗੁਰੂ ਨੂੰ ਜਾ ਮਿਲਦੇ ਹਨ, ਉਹ (ਸੰਸਾਰ ਸਾਗਰ ਤੋਂ) ਬਚ ਜਾਂਦੇ ਹਨ, ਕਿਉਂਕਿ ਉਹ ਹਿਰਦੇ ਵਿੱਚ ਨਾਮ ਨੂੰ ਸੰਭਾਲਦੇ ਹਨ। (ਇਸ ਲਈ ਪ੍ਰਭੂ ਦੇ) ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ, (ਕਿਉਂਕਿ) ਪ੍ਰਭੂ (ਸੰਸਾਰ ਤੋਂ) ਪਾਰ ਉਤਾਰਦਾ ਹੈ।
ਸਤਿਗੁਰੂ ਜੀ ਦੇ ਇਸ ਐਲਾਨ ਦੀ ਰੌਸ਼ਨੀ ਵਿੱਚ ਹੀ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੀ ਉਸ ਸੰਤਾਨ ਨੂੰ ਹੀ ਸਤਿਕਾਰ ਦਿੱਤਾ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਵੀਕਾਰ ਕੀਤਾ।
ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਦੀ ਬਖ਼ਸ਼ਿਸ਼ ਦਾ ਪਾਤਰ ਬਣਨ ਲਈ ਇਹ ਮਾਪਦੰਡ ਹੀ ਰੱਖਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਵੀ ਮਾਪਦੰਡ ਇਹੀ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹੀ ਰਹੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰ ਗੱਦੀ ਗੁਰੂ ਗਰੰਥ ਅਤੇ ਪੰਥ ਨੂੰ ਬਖ਼ਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਦੀਆਂ ਜ਼ੁਮੇਵਾਰੀਆਂ ਨਿਭਾਉਣ ਵਾਲੇ ਲਈ ਇਹਨਾਂ ਦਾ ਧਾਰਨੀ ਹੋਣਾ ਲਾਜ਼ਮੀ ਹੈ। ਪੰਜ ਕਕਾਰੀ ਰਹਿਤ ਖ਼ਾਲਸੇ ਦੀ ਕੇਵਲ ਸਾਧਾਰਨ ਪਹਿਚਾਣ ਦਾ ਹੀ ਪ੍ਰਤੀਕ ਨਹੀਂ ਹੈ, ਇਸ ਵਿੱਚ ਗੁਰੂ ਸਾਹਿਬਾਨ ਦਾ ਦੈਵੀ ਸਿਦਕ ਪਰਿਵਰਤਨ ਹੋਇਆ ਹੋਇਆ ਹੈ। ਪਰੰਤੂ ਜਦ ਅਸੀਂ ‘ਰਹਿਣੀ ਰਹਹਿ ਸੋਈ ਸਿੱਖ ਮੇਰਾ’ ਦਾ ਭਾਵ ਕੇਵਲ ਤਨ ਦੀ ਰਹਿਤ ਤੱਕ ਹੀ ਸੀਮਤ ਕਰ ਦੇਂਦੇ ਹਾਂ, ਤਾਂ ਅਸੀਂ ਗੁਰੂ ਸਾਹਿਬਾਨ ਦੇ ਆਸ਼ੇ ਤੋਂ ਲਾਂਭੇ ਚਲੇ ਜਾਂਦੇ ਹਾਂ। ਚੂੰਕਿ ਰਹਿਤ ਵਿੱਚ ਕੇਵਲ ਤਨ ਦੀ ਰਹਿਤ ਹੀ ਨਹੀਂ ਮਨ ਦੀ ਰਹਿਤ ਵੀ ਆਉਂਦੀ ਹੈ। ਮਨ ਦੀ ਰਹਿਤ ਤੋਂ ਸੱਖਣੇ ਸਿੱਖ ਦੀ ਤਨ ਦੀ ਰਹਿਤ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਕੇਵਲ ਬਾਹਰੀ ਰਹਿਤ ਦੀ ਗਿਣਤੀ ਭੇਖ ਵਿੱਚ ਆ ਜਾਂਦੀ ਹੈ, ਅਤੇ ਭੇਖ ਦੀ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। ਕੇਵਲ ਤਨ ਦੀ ਰਹਿਤ ਨੂੰ ਹੀ ਸਿੱਖੀ ਸਮਝ ਕੇ ਪ੍ਰਚਾਰਨ ਨਾਲ ਸਿੱਖੀ ਦੇ ਸਦਾਚਾਰਕ ਗੁਣਾਂ ਵਲੋਂ ਅਸੀਂ ਅਵੇਸਲੇ ਹੋ ਗਏ ਹਾਂ। ਸਾਡਾ ਧਿਆਨ ਕੇਵਲ ਬਾਹਰੀ ਰਹਿਤ `ਚ ਪਰਪੱਕ ਹੋਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਗੁਰੁਮਤ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਜੀ ਇਸ ਸਬੰਧ ਵਿੱਚ ਲਿਖਦੇ ਹਨ, “ਅਸੀਂ ਬਹੁਤ ਸਿੱਖਾਂ ਤੋਂ ਇਹ ਆਖਦੇ ਸੁਣਿਆ ਹੈ ਕਿ ਮੇਰੀ ਪੱਗ ਤੇ ਕੱਛ ਉਤਰ ਗਈ ਹੈ, ਮੈਂ ਤਨਖਾਈਆ ਹਾਂ, ਮੇਰੀ ਭੁੱਲ ਬਖ਼ਸ਼ੋ। ਪਰ ਕਦੇ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਮੈਂ ਝੂਠ ਬੋਲਿਆ ਹੈ, ਦਗਾ ਕੀਤਾ ਹੈ, ਬਚਨ ਕਰਕੇ ਨਹੀਂ ਪਾਲਿਆ, ਪਰ – ਧਨ ਪਰ ਇਸਤ੍ਰੀ ਵਲ ਮਨ ਲਲਚਾਇਆ ਹੈ, ਆਦਿਕ। ਇਸ ਤੋਂ ਅਸੀਂ ਇਹ ਸਿੱਟਾ ਕੱਢਿਆ ਹੈ ਕਿ ਸਚੀ ਸਿਖੀ ਦਿਨੋਂ ਦਿਨ ਲੋਪ ਹੋ ਰਹੀ ਹੈ ਅਤੇ ਦਿਖਾਵੇ ਦੀ ਸਿੱਖੀ ਫੈਲ ਰਹੀ ਹੈ।”।
ਗੁਰੂ ਗੋਬਿੰਦ ਸਿੰਘ ਜੀ ਨੇ ਜੇਹੜੀ ਰਹਿਤ ਦ੍ਰਿੜ ਕਰਵਾਈ ਹੈ, ਉਹ ਗੁਰੂ ਗ੍ਰੰਥ ਸਾਹਿਬ `ਚ ਦਰਸਾਈ ਜੀਵਨ – ਜੁਗਤ ਨਾਲੋਂ ਭਿੰਨ ਨਹੀਂ ਹੈ। ਇਹ ਗੱਲ ਰਹਿਤਨਾਮਿਆਂ ਵਿਚੋਂ ਵੀ ਦੇਖੀ ਜਾ ਸਕਦੀ ਹੈ। (ਭਾਵੇਂ ਰਹਿਤਨਾਮਿਆਂ ਵਿੱਚ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ ਜਿਸ ਦਾ ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਨਾਲ ਕੋਈ ਤਾਲ ਮੇਲ ਨਹੀਂ ਹੈ ਪਰ ਫਿਰ ਵੀ ਇਹਨਾਂ `ਚੋਂ ਸਾਨੂੰ ਇਸ ਸਬੰਧ ਵਿੱਚ ਕਾਫੀ ਕੁੱਝ ਮਿਲ ਜਾਂਦਾ ਹੈ।) ਇਹਨਾਂ ਨੂੰ ਪੜ੍ਹਿਆਂ ਪਤਾ ਚਲਦਾ ਹੈ ਕਿ ਦਸਮੇਸ਼ ਪਾਤਸ਼ਾਹ ਜੀ ਨੇ ਵੀ ਉਹਨਾਂ ਸਦਾਚਾਰਕ ਗੁਣਾਂ ਉੱਤੇ ਜ਼ੋਰ ਦਿੱਤਾ ਹੈ ਜਿਨ੍ਹਾਂ ਉੱਤੇ ਗੁਰੂ ਨਾਨਕ ਸਾਹਿਬ ਤੋਂ ਜ਼ੋਰ ਦਿੱਤਾ ਜਾ ਰਿਹਾ ਸੀ। ਪਰੰਤੂ ਜਿਸ ਤਰ੍ਹਾਂ ਨਾਲ ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਦਾ ਅਰਥ ਭਾਵ ਕੇਵਲ ਤਨ ਦੀ ਰਹਿਤ ਤੋਂ ਲਿਆ ਜਾਣ ਲੱਗ ਪਿਆ ਹੈ, ਇਸ ਨਾਲ ਸਿੱਖੀ ਵਿੱਚ ਨਿਘਾਰ ਆਇਆ ਹੈ। ਸਦਾਚਾਰਕ ਗੁਣਾਂ ਦੀ ਪ੍ਰਾਪਤੀ ਦੀ ਚਾਹਤ ਘਟੀ ਹੈ। ਸਿੱਟੇ ਵਜੋਂ ਖੰਡੇ ਦੀ ਪਾਹੁਲ ਛਕਣ ਵਾਲੇ ਵੀਰਾਂ/ਭੈਣਾਂ ਵਿੱਚ ਛੂਤ – ਛਾਤ ਵਾਲਾ ਭਾਵ, ਆਪਣੇ ਆਪ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ ਸਮਝਣ ਦੀ ਰੁਚੀ ਵਾਲੇ ਭਿਆਨਕ ਆਤਮਕ ਰੋਗ ਵਧੇਰੇ ਦਿਖਾਈ ਦੇਂਦੇ ਹਨ। ਇਸ ਆਤਮਕ ਰੋਗ ਕਾਰਨ ਹੀ ਅਜਿਹੇ ਕਈ ਅੰਮ੍ਰਿਤਧਾਰੀ ਵੀਰ/ਭੈਣ ਆਮ ਮਨੁੱਖ ਨੂੰ ਫ਼ਤਹਿ ਦਾ ਉੱਤਰ ਦੇਣਾ ਵੀ ਮੁਨਾਸਬ ਨਹੀਂ ਸਮਝਦੇ। (ਅਸੀਂ ਉਹਨਾਂ ਵੀਰਾਂ/ਭੈਣਾ ਦੀ ਗੱਲ ਨਹੀਂ ਕਰ ਰਹੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਭੈ ਭਾਵਨੀ ਹੈ। ਜੇਹੜੇ ਅਜੋਕੇ ਦੌਰ ਵਿੱਚ ਵੀ ਕੇਸਾਂ ਨੂੰ ਗੁਰੂ ਕੀ ਮੋਹਰ ਸਮਝ ਕੇ ਸੰਭਾਲਣ ਦੇ ਨਾਲ ਗੁਰਮਤਿ ਦੀਆਂ ਕਦਰਾਂ- ਕੀਮਤਾ ਦੇ ਧਾਰਨੀ ਹਨ। ਅਸੀਂ ਉਹਨਾਂ ਦੇ ਸਿਦਕ/ਭਰੋਸੇ, ਗੁਰੂ ਦੀ ਭੈ ਭਾਵਨੀ ਵਾਲੀ ਭਾਵਨਾ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ) ਇਸ ਪੰਗਤੀ ਦਾ ਅਰਥ ਕੇਵਲ ਤਨ ਦੀ ਰਹਿਤ ਤੋਂ ਹੀ ਲੈਣ/ਪ੍ਰਚਾਰਨ ਵਾਲੇ ਸੱਜਣ ਰਹਿਤਨਾਮਿਆਂ ਵਿੱਚ ਹੀ ਰਹਿਤ ਦੇ ਇਨ੍ਹਾਂ ਪੱਖਾਂ ਨੂੰ ਨਜ਼ਰ – ਅੰਦਾਜ਼ ਕਰ ਦੇਂਦੇ ਹਨ, “ਭੇਖ ਪਿਆਰਾ ਨਾਹਿ ਮਮ ਵਰਣ ਪਿਆਰਾ ਨਾਹਿ। ਰਹਿਤ ਪਿਆਰੀ ਮੋਹ ਕੋ ਸਿਦਕ ਪਿਆਰਾ ਆਹਿ।” ਜਿਨ੍ਹਾਂ ਨੇ ਖੰਡੇ ਦੀ ਪਾਹੁਲ ਨਹੀਂ ਲਈ ਉਹਨਾਂ ਨੂੰ ਆਪਣੇ ਨਾਲੋਂ ਘਟੀਆ ਸਮਝ ਕੇ ਉਹਨਾਂ ਦਾ ਤਿਰਸਕਾਰ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਜਦ ਕੇ ਚਾਹੀਦਾ ਤਾਂ ਇਹ ਸੀ ਕਿ ਖੰਡੇ ਦੀ ਪਾਹੁਲ ਛੱਕਣ ਵਾਲਿਆਂ `ਚ ਹਲੀਮੀ/ਨਿਮਰਤਾ ਆਦਿ ਦੈਵੀ ਗੁਣ ਦੂਜਿਆਂ ਨਾਲੋਂ ਵਧੇਰੇ ਹੁੰਦੇ। ਪਰ ਅਸੀਂ ਗੁਰੂ ਸਾਹਿਬ ਜੀ ਦੇ ਇਸ ਉਪਦੇਸ ਨੂੰ ਭੁਲਾ ਹੀ ਦਿੱਤਾ: ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗ ਖੰਡੇਧਾਰ॥ (ਪੰਨਾ 534)
ਗੁਰੂ ਸਾਹਿਬ ਦੀ ਦਿੱਤੀ ਇਸ ਚੇਤਾਵਨੀ ਨੂੰ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ: ਇਤੁ ਮਾਰਗਿ ਚਲੇ ਭਾਈਅੜੇ ਗੁਰ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ॥ (ਪੰਨਾ 763)
ਸਾਡੀ ਇਹੋ ਜੇਹੀ ਸੋਚ ਬਣਾਉਣ ਵਿੱਚ ਇਹੋ ਜੇਹੀਆਂ ਲਿਖਤਾਂ ਦਾ ਬਹੁਤ ਹੱਥ ਹੈ ਜਿਨ੍ਹਾਂ ਨੇ ਇਹ ਪ੍ਰਚਾਰਿਆ ਕਿ, “ਸਤਿਗੁਰਾਂ ਦਾ ਹੁਕਮ ਹੈ ਕਿ, ਇੱਕ ਵਾਰ ਵੀ ਜਿਸ ਦੇ ਮੁਖ ਅੰਮ੍ਰਿਤ ਪੈ ਗਿਆ ਫਿਰ ਭਾਵੇਂ ਗਲਤੀ ਹੋਣ ਕਰਕੇ ਮੁਕਤ ਨਾ ਹੋ ਸਕੇ ਪਰ ਦਸ ਹਜ਼ਾਰ ਵਰ੍ਹੇ ਤਕ ਅਸੀਂ ਨਰਕਾਂ ਵਿੱਚ ਨਹੀਂ ਪੈਣ ਦਿਆਂਗੇ।” ਅਸੀਂ ਹੇਠਾਂ ਗੁਰੂ ਨਾਨਕ ਸਾਹਿਬ ਦਾ ਰਾਮਕਲੀ `ਚ ਅੰਕਤ ਸ਼ਬਦ ਦੇ ਰਹੇ ਹਾਂ, ਜਿਸ ਵਿੱਚ ਹਜ਼ੂਰ ਇਹੋ ਜੇਹੀਆਂ ਧਾਰਨਾਵਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਹੋਇਆਂ ਸਪਸ਼ਟ ਕਰਦੇ ਹਨ ਕਿ ਸ੍ਰੇਸ਼ਟ ਕਰਣੀ ਤੋਂ ਬਿਨਾਂ ਕਿਸੇ ਦੀ ਵੀ ਕਲਿਆਣ ਨਹੀਂ ਹੈ।
ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ॥ ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਨ ਪਾਇ॥ ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ॥ ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ॥ ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਨ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਨ ਹੋਇ॥ 2॥ (ਪੰਨਾ 951)
ਅਰਥ: (ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿੱਚ ਧਾਗਾ ਜਨੇਊ ਪਾ ਦੇਂਦਾ ਹੈ; (ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ (ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।
ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ ਪਰ ਜੇ ਗੁਰੂ ਪੀਰ ਦੇ ਹੁਕਮ ਵਿੱਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ; (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।
ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ ਉਸ ( ‘ਜੁਗਤਿ’ ) ਦੀ ਖ਼ਾਤਰ ਕੰਨ ਵਿੱਚ ਮੁੰਦ੍ਰਾਂ ਪਾ ਲੈਂਦਾ ਹੈ; ਮੁੰਦ੍ਰਾਂ ਪਾ ਕੇ ਸੰਸਾਰ ਵਿੱਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿੱਚ ਭਉਂਦਾ ਹੈ), ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿੱਚ ਭਾਲਣਾ ਵਿਅਰਥ ਹੈ)।
(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ, ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ; ਜਿਸ ਨੇ ਇਸ ਜਨਮ ਵਿੱਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ (ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ। (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿੱਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ। ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਹੇ ਨਾਨਕ! ਪਰਲੋਕ ਵਿੱਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ। 2.
ਗੁਰੂ ਨਾਨਕ ਸਾਹਿਬ ਇਹ ਗੱਲ ਕੇਵਲ ਹਿੰਦੂਆਂ, ਮੁਸਲਮਾਨਾਂ ਅਤੇ ਜੋਗੀਆਂ ਬਾਰੇ ਹੀ ਨਹੀਂ ਬਲਕਿ ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ’ (ਪੰਨਾ 647) ਦੇ ਗੁਰਵਾਕ ਅਨੁਸਾਰ ਸਾਰਿਆਂ ਨੂੰ ਹੀ ਕਹਿ ਰਹੇ ਹਨ। ਸਾਰਿਆਂ ਵਿੱਚ ਸਿੱਖ ਵੀ ਆਉSਦੇ ਹਨ, ਇਸ ਲਈ ਸਾਡੇ ਉੱਤੇ ਵੀ ਸਤਿਗੁਰੂ ਜੀ ਦੇ ਇਹ ਬਚਨ ਉਤਨੇ ਹੀ ਢੁੱਕਦੇ ਹਨ।
ਗੁਰੂ ਗਰੰਥ ਸਾਹਿਬ ਵਿੱਚ ਵਰਣਨ ਕੀਤੀ ਇਸ ਸਚਾਈ ਦੇ ਬਾਵਜੂਦ ਵੀ ਜੇਕਰ ਕੋਈ ਵਿਅਕਤੀ ਇਹੋ ਜੇਹੀ ਸੋਚ ਰੱਖਦਾ/ਪ੍ਰਚਾਰਦਾ ਹੈ ਤਾਂ ਉਸ ਨੂੰ ਕਿੰਨਾ ਕੁ ਗੁਰੂ ਸਾਹਿਬ ਦੇ ਆਸ਼ੇ ਦੇ ਅਨੁਕੂਲ ਆਖਿਆ ਜਾ ਸਕਦਾ ਹੈ? ਨਿਰਸੰਦੇਹ ਅਜਿਹਾ ਕਥਨ ਗੁਰੂ ਸਾਹਿਬ ਦੇ ਪਾਵਨ ਮੁੱਖ `ਚੋਂ ਨਿਕਲਿਆ ਹੋਇਆ ਨਹੀਂ ਸਮਝਣਾ ਚਾਹੀਦਾ। ਸਤਿਗੁਰੂ ਤਾਂ ਪੁਕਾਰ ਪੁਕਾਰ ਕੇ ਇਹ ਆਖ ਰਹੇ ਹਨ: ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ। (ਪੰਨਾ 141)
ਸੰਖੇਪ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਰਹਿਤਨਾਮਿਆਂ ਵਿੱਚ (ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਫ਼ਰਮਾਨਾਂ ਦੇ ਹੁੰਦਿਆਂ ਕਿਸੇ ਹੋਰ ਪ੍ਰਮਾਨ ਦੀ ਭਾਵੇਂ ਲੋੜ ਨਹੀਂ ਹੈ, ਪਰ ਚੂੰਕਿ ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਵਾਲੀ ਪੰਗਤੀ ਰਹਿਤਨਾਮਿਆਂ (ਭਾਈ ਪ੍ਰਹਿਲਾਦ ਸਿੰਘ ਤੇ ਭਾਈ ਦੇਸਾ ਸਿੰਘ) `ਚ ਅੰਕਤ ਹੈ, ਇਸ ਲਈ ਭਾਈ ਗੁਰਦਾਸ ਜੀ ਦੀ ਰਚਨਾ ਦੇ ਨਾਲ, ਰਹਿਤਨਾਮੇ ਵਿਚੋਂ ਵੀ ਇੱਕ ਟੂਕ ਦੇ ਰਹੇ ਹਾਂ।) ਸਿੱਖੀ ਦੀ ਰਹਿਤ ਦਾ ਜੋ ਸਰੂਪ ਹੈ, ਉਸ ਵਲ ਵੀ ਪਾਠਕਾਂ ਦਾ ਧਿਆਨ ਦਿਵਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਸਿੱਖੀ ਦੀ ਰਹਿਤ ਦਾ ਸੰਪੂਰਨ ਰੂਪ ਦੇਖ ਸਕੀਏ।
ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨ ਦ੍ਰਿੜਾਏ। ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇਕੈ ਭਲਾ ਮਨਾਏ। ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ। ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ। ਸਾਧ ਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ। ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ। ਆਸਾ ਵਿਚਿ ਨਿਰਾਸੁ ਵਲਾਏ। (ਵਾਰ 28, ਪਉੜੀ 15)
ਗੁਰੁਸਿੱਖੀ ਦਾ ਬੋਲਣਾ ਹੁਇ ਮਿਠਬੋਲਾ ਲਿਖੈ ਨ ਲੇਖੈ। ਗੁਰੁਸਿਖੀ ਦਾ ਚਲਣਾ ਚਲੈ ਭੈ ਵਿਚਿ ਲੀਤੈ ਭੇਖੈ। ਗੁਰੁਸਿਖੀ ਦਾ ਰਾਹੁ ਏਹੁਗੁਰੁਮੁਖਿ ਚਾਲ ਚਲੈ ਜੋ ਦੇਖੈ। ਘਾਲ ਖਾਇ ਸੇਵਾ ਕਰੈ ਗੁਰੁ ਉਪਦੇਸ ਅਵੇਸ ਵਿਸੇਖੈ। ਮੁਰਦੇ ਵਾਂਗ ਮੁਰੀਦ ਹੋਇ ਗੁਰੁ ਗੋਰੀਂ ਵੜਿ ਅਲਖ ਅਲੇਖੈ। (ਵਾਰ 28 ਪਉੜੀ 6)
ਅਰੁ ਸਭ ਤੇ ਵਡੀ ਰਹਿਤ ਏਹ ਹੈ ਜੋ ਮਿਥਿਆ ਨਾ ਬੋਲੇ। ਮਰਦੁ ਹੋਇਕੈ ਪਰਨਾਰੀ ਕਾ ਸੰਗ ਨਾ ਕਰੇ, ਇਸਤ੍ਰੀ ਹੋਇਕੇ (ਪਰ) ਮਰਦਾਂ ਨੋ ਨਾ ਦੇਖੇ। ਲੋਭ ਨਾ ਕਰੈ, ਕ੍ਰੋਧ ਨਾ ਕਰੇ, ਅੰਹਕਾਰ ਨਾ ਕਰੇ, ਬਹੁਤ ਮੋਹ ਨ ਕਰੈ, ਨਿੰਦਿਆ ਨਾ ਕਰੈ। …ਦੁਖਾਵੈ ਕਿਸੇ ਕੋ ਨਾਹੀ। ਮਿਠਾ ਬੋਲੇ। ਜੇ ਕੋਈ ਬੁਰਾ ਭਲਾ ਕਹੈ; ਮਨ ਬਿਖੈ ਲਿਆਵੈ ਨਾਹੀ। …ਪਰਾਏ ਦਰਬੁ ਕਉ ਅੰਗੀਕਾਰੁ ਨਾ ਕਰੈ, ਧਰਮ ਕੀ ਕਿਰਤਿ ਕਰਿ ਖਾਇ॥ (ਭਾਈ ਚਉਪਾ ਸਿੰਘ)
ਸੋ, ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਤੋਂ ਭਾਵ ਸਿੱਖ ਦੀ ਉਸ ਜੀਵਨ – ਜੁਗਤ ਤੋਂ ਹੈ ਜੇਹੜੀ ਗੁਰੁ ਨਾਨਕ ਸਾਹਿਬ ਨੇ ਮਨੁੱਖ ਨੂੰ ਦ੍ਰਿੜ ਕਰਵਾਈ ਅਤੇ ਬਾਕੀ ਗੁਰੁ ਸਾਹਿਬਾਨ ਨੇ ਇਹੀ ਸਿੱਖ ਨੂੰ ਅਪਣਾਉਣ ਲਈ ਪ੍ਰੇਰਿਆ। ਖ਼ਾਲਸੇ ਦਾ ਨਿਆਰਾਪਣ ਕੇਵਲ ਤਨ ਦੀ ਪੱਧਰ ਤੇ ਹੀ ਨਹੀਂ ਹੈ ਬਲਕਿ ਗੁਰਮਤਿ ਦੀ ਕਲਿਆਣਕਾਰੀ ਜੀਵਨ – ਜੁਗਤ ਨੂੰ ਅਪਣਾਉਣ ਵਿੱਚ ਹੈ।
ਜਸਬੀਰ ਸਿੰਘ ਵੈਨਕੂਵਰ

ਪ੍ਰਸ਼ਨ: ਕੀ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਪਾਇਆ ਸੀ?

ਪ੍ਰਸ਼ਨ: ਕੀ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਪਾਇਆ ਸੀ?
ਉੱਤਰ: ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ। ਪਰੰਤੂ, ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ, ਜੋ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ, ਉਹਨਾਂ `ਚ ਵਿਸ਼ਵਾਸ ਕਰਨ ਦੀ ਬਜਾਇ ਦੂਜਿਆਂ ਦੀਆ ਆਖੀਆਂ ਅਥਵਾ ਲਿੱਖੀਆਂ ਗੱਲਾਂ `ਤੇ ਵਧੇਰੇ ਵਿਸ਼ਵਾਸ ਕਰੀ ਬੈਠੇ ਹਾਂ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਜੋ ਆਖਿਆ ਹੈ, ਅਸੀਂ ਉਸ ਨੂੰ ਮੰਣਨ ਦੀ ਬਜਾਇ, ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣੀਕ ਮੰਨ ਕੇ ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਪ੍ਰਮਾਤਮਤਾ ਪਾਇਆ ਸੀ। ਇਸ ਦਾ ਹੀ ਇਹ ਸਿੱਟਾ ਹੈ ਕਿ ਇਹ ਆਮ ਹੀ ਆਖਿਆ ਜਾਂਦਾ ਹੈ ਕਿ, ਜੀ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਧੰਨੇ ਵਾਂਗੂੰ ਪੱਥਰ ਵਿਚੋਂ ਵੀ ਪਰਮਾਤਮਾ ਪਾ ਸਕੀਦਾ ਹੈ। ਅਸੀਂ ਅਜਿਹਾ ਆਖਣ ਲਗਿਆਂ ਗੁਰੂ ਗਰੰਥ ਸਾਹਿਬ ਦੀ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ, ਜਿਸ ਅਨੁਸਾਰ ਅਗਿਆਨ ਭਰਪੂਰ ਸ਼ਰਧਾ (ਵਿਸ਼ਵਾਸ, ਨਿਸ਼ਚਾ, ਪਰਤੀਤ) ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਹੁਰੀਂ ਗੁਰਮਤਿ ਦੇ ਇਸ ਸਿਧਾਂਤ ਦੇ ਸਬੰਧ ਵਿੱਚ ਲਿੱਖਦੇ ਹਨ, “ਰੇਤ ਵਿੱਚ ਖੰਡ ਦਾ ਵਿਸ਼ਵਾਸ, ਸੂਰਜ ਦੀ ਕਿਰਨ ਨਾਲ ਚਮਕਦੇ ਮਾਰੂਥਲ ਦੀ ਤ੍ਰਿਸ਼ਨਾ ਜਲ ਤੋਂ ਪਿਆਸ ਮਿਟਣ ਦਾ ਵਿਸ਼ਵਾਸ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਿਵ੍ਰਿਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ ਮਿਥਯਾ ਵਿਸ਼ਵਾਸ ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁਟ ਹੋਰ ਕੋਈ ਫਲ ਨਹੀਂ।” ਭਾਈ ਸਾਹਿਬ ਫਿਰ ਸੱਚੀ ਸ਼ਰਧਾ ਦੀ ਚਰਚਾ ਕਰਦਿਆਂ ਲਿੱਖਦੇ ਹਨ, “ਖੰਡ ਵਿੱਚ ਖੰਡ ਦਾ ਵਿਸ਼ਵਾਸ, ਖੂਹ ਨਦ (ਦਰਿਆ) ਸਰੋਵਰ ਤੋਂ ਪਿਆਸ ਬੁਝਣ ਦਾ ਵਿਸ਼ਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸ਼ਵਾਸ ਅਤੇ ਬੁਧਿ ਵਿਦਯਾ ਬਲ ਨਾਲ ਧਨ ਪ੍ਰਾਪਤੀ ਦਾ ਵਿਸ਼ਵਾਸ, ਸਤਯ ਵਿਸ਼ਵਾਸ ਹਨ।” (ਗੁਰੁਮਮਤ ਮਾਰਤੰਡ)। ਸੋ, ਇਹ ਧਾਰਣਾ ਗੁਰਮਤਿ ਅਨੁਕੂਲ ਨਹੀਂ ਕਿ ਕੇਵਲ ਸ਼ਰਧਾ ਹੋਣੀ ਚਾਹੀਦੀ ਹੈ; ਸ਼ਰਧਾ ਦਾ ਕੇਵਲ ਯਥਾਰਥ ਰੂਪ ਹੀ ਪ੍ਰਵਾਨ ਹੈ। ਖ਼ੈਰ, ਇਸ ਸਮੇਂ ਅਸੀਂ ਭਗਤ ਧੰਨਾ ਜੀ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਪ੍ਰਮਾਤਮਾ ਕਿਸ ਤਰ੍ਹਾਂ ਪਾਇਆ, ਇਸ ਲਈ ਸ਼ਰਧਾ ਬਾਰੇ ਹੋਰ ਕੁਛ ਲਿੱਖਣ ਤੋਂ ਸੰਕੋਚ ਕਰਦੇ ਹੋਏ ਅਸਲ ਪ੍ਰਸ਼ਨ ਵਲ ਆਉਂਦੇ ਹਾਂ। ਭਗਤ ਜੀ ਬਾਰੇ ਪ੍ਰਚਲਤ ਕਹਾਣੀ ਜਿਸ ਅਨੁਸਾਰ ਆਪ ਜੀ ਨੇ ਰੱਬ ਨੂੰ ਪਰੇਮਾ ਭਗਤੀ ਰਾਂਹੀ ਨਹੀਂ ਬਲਕਿ ਪੱਥਰ ਵਿਚੋਂ ਲੱਭਾ ਹੈ, ਦਾ ਜ਼ਿਕਰ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਭਗਤ ਜੀ ਨੇ ਇਸ ਬਾਰੇ ਜੋ ਆਪ ਆਖਿਆ ਹੈ, ਉਸ ਦਾ ਹੀ ਜ਼ਿਕਰ ਕਰ ਰਹੇ ਹਾਂ। ਭਗਤ ਜੀ ਰਾਗ ਆਸਾ ਵਿਚਲੇ ਆਪਣੇ ਪਹਿਲੇ ਸ਼ਬਦ ਵਿੱਚ ਹੀ ਇਸ ਗੱਲ ਦਾ ਖ਼ੁਲਾਸਾ ਕਰਦੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਈ। ਪੂਰਾ ਸ਼ਬਦ ਇਸ ਤਰ੍ਹਾਂ ਹੈ:-
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥ {ਪੰਨਾ ੪੮੭}
ਭਗਤ ਜੀ ਇਸ ਸ਼ਬਦ ਵਿੱਚ ਸਪਸ਼ਟ ਕਰਦੇ ਹਨ ਕਿ ਉਹਨਾਂ ਨੂੰ ਗੁਰੂ ਨੇ ਨਾਮ ਧਨ ਦਿੱਤਾ ਹੈ, ਸੰਤ ਅਥਵਾ ਗੁਰੂ ਦੀ ਸੰਗਤ ਵਿੱਚ ਵਿਚੋਂ ਪ੍ਰਮਾਤਮਾ ਮਿਲਿਆ ਹੈ। ਅਸੀਂ ਭਗਤ ਜੀ ਉੱਤੇ ਵਿਸ਼ਵਾਸ ਕਰਨ ਦੀ ਬਜਾਏ ਆਪਣੇ ਸੁਆਰਥ ਲਈ ਲੋਕਾਂ ਨੂੰ ਕਰਮਕਾਂਡਾਂ ਵਿੱਚ ਉਲਝਾ ਕੇ, ਆਪਣਾ ਉੱਲੂ ਸਿੱਧਾ ਕਰਨ ਵਾਲੀ ਸ਼੍ਰੇਣੀ ਰਾਹੀਂ ਪ੍ਰਚਾਰੀ ਹੋਈ ਕਹਾਣੀ ਨੂੰ ਸੱਚ ਮੰਨ ਲਿਆ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ `ਚੋਂ ਪਾਇਆ ਸੀ।
ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਅਜਿਹੀ ਸ਼੍ਰੇਣੀ ਵਲੋਂ ਭਗਤ ਜੀ ਬਾਰੇ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਸੀ, ਇਸ ਲਈ ਗੁਰੂ ਅਰਜਨ ਮਹਾਰਾਨ ਨੇ ਭਗਤ ਜੀ ਦੇ ਇਸ ਸ਼ਬਦ ਪਿੱਛੋਂ ਆਪਣਾ ਇੱਕ ਸ਼ਬਦ ਦਰਜ ਕੀਤਾ ਹੈ ਜਿਸ ਵਿੱਚ ਇਸ ਗੁਮਰਾਹ ਕੁੰਨ ਪ੍ਰਚਾਰ ਤੋਂ ਲੋਕਾਈ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ ਭਗਤ ਧੰਨਾ ਜੀ ਦੇ ਮਨ ਵਿੱਚ ਪ੍ਰਭੂ ਭਗਤੀ ਦਾ ਚਾਉ ਕਿਵੇਂ ਪੈਦਾ ਹੋਇਆ। ਹਜ਼ੂਰ ਫ਼ਰਮਾਉਂਦੇ ਹਨ:-
ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ {ਪੰਨਾ 487}
ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਮਹਾਰਾਜ ਸਪਸ਼ਟ ਕਰਦੇ ਹਨ ਕਿ ਧੰਨਾ ਜੀ ਨੇ ਨਾਮ ਦੇਵ, ਕਬੀਰ, ਰਵਿਦਾਸ, ਸੈਣ ਦੀ ਸੋਭਾ ਸੁਣੀ ਕਿ ਕਿਵੇਂ ਇਨ੍ਹਾਂ ਭਗਤਾਂ ਨੇ ਪ੍ਰਭੂ ਭਗਤੀ ਰਾਹੀਂ ਉੱਚਾ ਮਰਾਤਬਾ ਹਾਸਲ ਕੀਤਾ ਹੈ, ਤਾਂ ਆਪ ਦੇ ਮਨ ਵਿੱਚ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦਾ ਚਾਉ ਪੈਦਾ ਹੋਇਆ। ਆਪ ਵੀ ਪਰਮੇਸਰ ਦੀ ਬੰਦਗੀ ਵਿੱਚ ਜੁਟ ਗਏ ਅਤੇ “ਗੁਣ ਕਹਿ ਗੁਣੀ ਸਮਾਵਣਿਆਂ” ਦੇ ਗੁਰਵਾਕ ਅਨੁਸਾਰ ਉਸ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ।
ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ, (ਜਿਸ ਦੇ ਸਬੰਧ ਵਿੱਚ ਗਿਆਨੀ ਹਜ਼ਾਰਾ ਸਿੰਘ ਜੀ ਵਾਰ ਦੇ ਸ਼ੁਰੂ ਵਿੱਚ ਹੀ ਫੁਟ ਨੋਟ ਵਿੱਚ ਲਿੱਖਦੇ ਹਨ:-
“ਇਸ ਵਾਰ ਵਿੱਚ ਲੋਕ ਪ੍ਰਸਿੱਧ ਕਥਾਵਾਂ ਦ੍ਰਿਸ਼ਟਾਂਤ ਦੇ ਢੰਗ ਪਰ ਕਹੀਆਂ ਹਨ, ਜਿਨ੍ਹਾਂ ਵਿਚੋਂ ਪਰਮਾਰਥ ਦੇ ਬੜੇ ਬੜੇ ਉਪਦੇਸ਼ ਨਿਕਲਦੇ ਹਨ। ਭਾਈ ਸਾਹਿਬ ਜੀ ਇਤਿਹਾਸ ਨਹੀਂ ਲਿਖ ਰਹੇ ਦ੍ਰਿਸ਼ਟਾਂਤ ਦੇਕੇ ਆਪਣੇ ਉਪਦੇਸ਼ ਨੂੰ ਪ੍ਰਕਾਸ਼ ਕਰਦੇ ਹਨ, ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲਈਦਾ ਹੈ, ਜੇ ਦੋ ਦੋ ਅੰਗ ਲਏ ਗਏ ਤਦ ਭਾਈ ਸਾਹਿਬ ਜੀ ਦੀ ਬਾਣੀ ਪਰ ਪਰਸਪਰ ਵਿਰੋਧ ਦਾ ਦੂਸ਼ਨ ਲਗੇਗਾ।” ਗਿਆਨੀ ਹਜ਼ਾਰਾ ਸਿੰਘ ਜੀ ਅੱਗੇ ਲਿੱਖਦੇ ਹਨ, ਸਾਡੀ ਵਿਦਯਾ ਦਾ ਆਮ ਅਸੂਲ ਹੈ ਕਿ ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲੈਣਾ ਹੈ। ਦੂਜੇ ਪ੍ਰਸਿੱਧ ਕਥਾਵਾਂ ਨੂੰ ਉਪਦੇਸ਼ ਮਾਤ੍ਰ ਕਹਿਣਾ ਕਰਤਾ ਨੂੰ ਇਤਿਹਾਸਕ ਸਤਯਤਾ ਦਾ ਜ਼ਿੰਮੇਵਾਰ ਬੀ ਨਹੀਂ ਠਹਿਰਾਉਂਦਾ। ਉਹ ਪੱਖ ਜੁਦਾ ਹੈ, ਇਹ ਪੱਖ ਜੁਦਾ ਹੈ, ਪਾਠਕ ਜਨ ਰਲਾ ਮਿਲਾ ਕੇ ਰੌਲੇ ਵਿੱਚ ਨਾ ਪੈ ਜਾਣ।” ) ਵਿੱਚ ਭਗਤ ਜੀ ਬਾਰੇ ਪ੍ਰਚਲਤ ਕਥਾ ਦਾ ਹੀ ਜ਼ਿਕਰ ਕਰਦਿਆਂ, ਭੋਲਾ ਭਾਉ ਗੋਬਿੰਦੁ ਮਿਲਾਵੈ ਵਾਲਾ ਗੁਰਮਤਿ ਦਾ ਸਿਧਾਂਤ ਦਰਸਾਇਆ ਹੈ।
ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਨਹੀਂ ਪਾਇਆ ਬਲਕਿ ਵਾਹਿਗੁਰੂ ਦੀ ਪ੍ਰੇਮਾ ਭਗਤੀ ਰਾਹੀਂ ਪਾਇਆ ਸੀ। ਪੱਥਰ ਵਿਚੋਂ ਪ੍ਰਮਾਤਮਾ ਨੂੰ ਪਾਉਣ ਵਾਲੀ ਗੱਲ ਉਹਨਾਂ ਲੋਕਾਂ ਨੇ ਪਰਚਾਰੀ ਹੈ ਜਿਹੜੇ ਆਮ ਲੋਕਾਂ ਨੂੰ ਕਰਮਕਾਂਡਾ ਵਿੱਚ ਹੀ ਉਲਝਾ ਕੇ ਆਪਣੇ ਸਵਾਰਥ ਦੀ ਸਿੱਧੀ ਵਿੱਚ ਵਿਸ਼ਵਾਸ ਰੱਖਦੇ ਹਨ।
ਨੋਟ: ਇਤਿਹਾਸ ਵਿੱਚ ਸੁਆਮੀ ਰਾਮਾਨੰਦ ਜੀ ਦੇ ਚੇਲਿਆਂ ਵਿੱਚ ਭਗਤ ਧੰਨਾ ਜੀ ਦਾ ਵੀ ਨਾਮ ਆਉਂਦਾ ਹੈ। ਇਹ ਤੱਥ ਵੀ ਧੰਨਾ ਜੀ ਬਾਰੇ ਪ੍ਰਚਲਤ ਕਹਾਣੀ ਨੂੰ ਝੁਠਲਾਉਂਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ) ਅਤੇ ਹਿੰਦੀ ਵਿਸ਼ਵ ਕੋਸ਼ ਆਦਿ ਦੇਖੇ ਜਾ ਸਕਦੇ ਹਨ। ਗਿਆਨੀ ਗੁਰਦਿੱਤ ਸਿੰਘ ਜੀ ਦੀ ਪੁਸਤਕ ਗੁਰੂ ਗਰੰਥ ਸਾਹਿਬ ਦਾ ਇਤਿਹਾਸ ਵੀ ਵੇਖਣ ਯੋਗ ਹੈ। ਪਰੰਤੂ ਗੁਰੂ ਕੇ ਸਿੱਖ ਲਈ ਗੁਰੂ ਗਰੰਥ ਸਾਹਿਬ ਦੀ ਗਵਾਹੀ ਦੇ ਹੁੰਦਿਆਂ ਕਿਸੇ ਹੋਰ ਗਵਾਹੀ ਦੀ ਲੋੜ ਪ੍ਰਤੀਤ ਨਹੀਂ ਹੋਣੀ ਚਾਹੀਦੀ। ਗੁਰੂ ਗਰੰਥ ਸਾਹਿਬ `ਤੇ ਹੀ ਵਿਸ਼ਵਾਸ ਕਰਨ ਦੀ ਲੋੜ ਹੈ।
ਉੱਤਰ ਲੰਬੇਰਾ ਹੋਣ ਦੇ ਡਰ ਕਾਰਨ ਗੁਰਮਤਿ ਦਾ ਇਹ ਪੱਖ ਨਹੀਂ ਵਿਚਾਰਿਆ ਗਿਆ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਪ੍ਰਮਾਤਮਾ ਦਾ ਸਰੂਪ ਕੀ ਹੈ ਅਤੇ ਰੱਬ ਨੂੰ ਪਾਉਣਾ ਅਰਥਾਤ ਮਿਲਣਾ ਕੀ ਹੈ?
ਜਸਬੀਰ ਸਿੰਘ ਵੈਨਕੂਵਰ

ਕੇਸਾ ਦੀ ਅਹਿਮੀਆਤ ਨਾ ਮਨਣ ਵਾਲਿਆਂ ਦੀ ਦਾਲੀਲ ਦਾ ਜਾਵਾਬ

ਅਕਸਰ ਕਹਿੰਦੇਂ ਹਨ ਕਿ ਜਦੋਂ ਵੀ ਸਾਇੰਸ ਨਵੀ ਕਾਢ ਕੱਢ ਦੀ ਹੈ, ਕਾਢ ਦੇ ਜਿੱਥੇ ਫਾਇਦੇ ਹੁੰਦੇ ਹਨ ਉੱਥੇ ਨੁਕਸਾਨ ਵੀ ਹੁੰਦੇ ਹਨ। ਜਿਵੇਂ ਕਿ ਮੋਟਰਕਾਰਾਂ ਦੀ ਕਾਢ ਹੈ ਜਿਥੇ ਇਸ ਨਾਲ ਮੁੱਨਖ ਦੀ ਜਿੰਦਗੀ ਵਿੱਚ ਬਹੁੱਤ ਅਰਾਮ ਆਇਆ ਹੈ ਉੱਥੇ ਹੀ ਮੋਟਰਕਾਰਾਂ ਨਾਲ ਹੋਈਆਂ ਦੁਰਘਟਨਾਂ ਨਾਲ ਕਈ ਜਾਨਾਂ ਵੀ ਗਈਆਂ ਹਨ , ਪਲੂਸ਼ਨ ਦਾ ਵੀ ਰੋਲਾ ਹੈ। ਇਸ ਲਈ ਇੱਹ ਗੱਲ ਸਹੀ ਹੈ ਕਿ ਹਰ ਚੀਜ਼ ਦੇ ਫਾਇਦੇ ਨੁਕਸਾਨ ਨੇ ; ਹੁੱਣ ਇੰਟਰਨੈੱਟ ਦੀ ਗੱਲ ਕਰਦੇ ਹਾਂ, ਬਿਨਾ ਸ਼ੱਕ ਇੰਨਟਰ ਨੈੱਟ ਨਾਲ ਅੱਜ ਹਰ ਖੇਤਰ ਵਿੱਚ ਫਾਇਦੇ ਹੋਏ । ਜਿੱਸ ਖੇਤਰ ਵਿੱਚ ਇਸ ਦੇ ਫਾਇਦੇ ਹੋਏ ਨੇ ਉਸੇ ਖੇਤਰ ਵਿੱਚ ਨੁਕਸਾਨ ਵੀ ਹੋਏ ਹਨ।
ਹੁਣ ਅਸੀਂ ਇੰਨਟਰਨੈੱਟ ਰਾਹੀਂ ਆਏ ਧਾਰਮਿਕ ਵਿਕਾਸ ਦੀ ਗੱਲ ਕਰੀਏ ਤੇ , ਹਰ ਧਰਮ ਨੇ ਆਪਣੇ ਪ੍ਰਚਾਰ ਲਈ ਨੈੱਟ ਨੂੰ ਇਸਤੇਮਾਲ ਕੀਤਾ ਹੈ ਤੇ ਨਿੰਰਤਰ ਕਰ ਰਹੇ ਨੇ। ਜਿਥੋ ਤੱਕ ਸਿੱਖ ਧਰਮ ਦਾ ਸਵਾਲ ਹੈ, ਤਾਂ ਸਿੱਖ ਧਰਮ ਦੀ ਸਰਬ ਉਚਤੱਮ ਧਿਰ ਐਸ ਜੀ ਪੀ ਸੀ ਨੇ ਸ਼ਾਇਦ ਨੈੱਟ ਵਰਗੀ ਸੁਿਵਧਾ ਦਾ ਜਿਆਦਾ ਫਾਇਦਾ ਨਹੀ ਚੁੱਕਿਆ ਲੇਕਿਨ ਨਿੱਜੀ ਤੌਰ ਤੇ ਕਈ ਹੋਰ ਜਥੇਬੰਦੀਆਂ ਨੇ ਸ਼ਲਾਗਾਂ ਯੋਗ ਉਦੱਮ ਕੀਤੇ ਹਨ ਸਿੱਖੀ ਦਾ ਪ੍ਰਚਾਰ ਕੀਤਾ ਹੈ। ਅੱਜ ਕਈ ਸਿਰ ਕੱਢ ਸਾਈਟਾਂ ਹੱਨ ਜੋ ਕਿ ਜੋਰਾਂ ਸ਼ੋਰਾਂ ਨਾਲ ਕੰਮ ਕਰ ਰਹੀਆਂ ਹੱਨ, ਕਈ ਮੁੱਦਿਆਂ ਤੇ ਆਨ ਲਾਈਨ ਵਿਚਾਰਾਂ ਚਲਦੀਆਂ ਹੱਨ, ਪੜ ਕਿ ਪਾਠਕ ਜਾਣਕਾਰੀ ਪ੍ਰਾਪਤ ਕਰ ਰਹੇ ਹੱਨ। ਲੇਕਿਨ ਜਿਵੇਂ ਕਿ ਹਰ ਤਕਨੀਕੀ ਦੇ ਫਾਇਦੇ ਨੁਕਸਾਨ ਦੀ ਗੱਲ ਹੋ ਰਹੀ ਹੈ , ਇਸੇ ਤਰਾਂ ਸਿੱਖ ਧਰਮ ਦਾ ਜਿਥੇ ਨੈਟ ਦੇ ਜ਼ਰੀਏ ਕੁਛ ਫਇਦਾ ਹੋਇਆ ਹੈ ਉੱਥੇ ਨੁਕਸਾਨ ਵੀ , ਜਿਵੇਂ ਕਿ ਕਈ ਮੁੱਦੇ ਜੰਤਕ ਹੋਣ ਕਰਕੇ ਧਰਮ ਵਿੱਚ ਫੁੱਟ ਹੋਰ ਵੱਧ ਰਹੀ ਹੈ, ਧਿਰਾਂ ਵਿੱਚ ਵਾਧਾ ਹੋ ਰਿਹਾ ਹੈ , ਅਲੱਗ ਅੱਲਗ ਸੋਚ ਦੇ ਬੰਦੇ ਸਾਮਹਣੇ ਆ ਰਹੇ ਹਨ।
ਜਿਥੇ ਨੱੈਟ ਦਾ ਕਰਕੇ ਆਮ ਮਨੁੱਖ ਤੱਕ ਗੁਰਬਾਣੀ ਗਿਆਨ ਪੁਹੰਚਿਆ ਹੈ ਲੋਕਾ ਨੂੰ ਗੁਰਮੱਤ ਅਨੁਸਾਰ ਚੰਗੇ ਮਾੜੇ ਦੀ ਸਮਝ ਆ ਰਹੀ ਹੈ ਜੋ ਕਿ ਚੰਗੀ ਗੱਲ ਹੈ, ਲੇਕਿਨ ਉਥੇ ਹੀ ਕਈ ਲੋਕ ਗੁਰਮੱਤ ਦੇ ਕਈ ਅਹਿਮ ਮੁਢਲੇ ਸਿਧਾਂਤਾਂ ਤੋ ਮੁਨੱਕਰ ਹੋ ਰਹੇ ਹਨ। ਇਨਹਾਂ ਵਿਚੋ ਕਈ ਬਹੱਤ ਹੀ ਖਤਰਨਾਕ ਦਾਅਵੇ ਕਰ ਰਹੇ ਹਨ ਜਿਵੇਂ ਕਿ , ਕੇਸ਼ਧਾਰੀ ਹੋਣਾ ਲ਼ਾਜਮੀ ਨਹੀ, ਨਸਿਆਂ ਦਾ ਸੇਵਨ ਵਰਜਤ ਨਹੀ। ਇਹ ਲੋਕ ਬਹੁਤ ਦਲੀਲਾਂ ਦਿੰਦੇ ਹਨ ਆਪਨੇ ਹੱਕ ਵਿੱਚ ਤੇ ਪੁੱਛਦੇ ਹਨ ਕਿ ਗੁਰਬਾਣੀ ਵਿਚ ਕਿਥੇ ਲਿਖਿਆ ਹੈ, ਜਦੋ ਇਹਨਾਂ ਨੂੰ ਹੁੱਕਮ ਮੰਨਣ ਵਾਲੇ ਸਾਬਤ ਸੂਰਤ ਰਹਿਣ ਵਾਲੇ ਗੁਰ ਸ਼ਬਦਾਂ ਦੇ ਰੂਹ ਬਹਰੂ ਕਰਾਓ ਤਾਂ ਵੀ ਇਹ ਸੱਮਝਣ ਵਾਸਤੇ ਤਿਆਰ ਨਹੀ ਹੁੰਦੇ। ਮੈ ਨੈੱਟ ਦੀ ਗੱਲ ਇਸ ਲਈ ਕਰ ਰਿਹਾਂ ਹਾਂ ਕਿਉਕਿ ਇਹੋ ਜਹੇ ਵੀਰਾਂ ਨੇ ਨੈੱਟ ਤੋ ਉਲਟੀ ਸਿੱਧੀ ਜਾਣਕਾਰੀ ਲੈ ਕਿ ਹੀ ਇਹ ਸੋਚ ਅਪਣਾਈ ਹੋਈ ਹੈ।
ਕੇਸ ਕੱਟਣ ਦੀ ਵਾਕਾਲਤ ਕਰਨ ਵਾਲੇ ਵੀਰਾਂ ਦੀ ਇੱਕ ਹੋਰ ਦਲੀਲ਼ ਕੱਲ ਸਾਹਮਣੇ ਆਈ , ਉੱਹ ਇਹ ਕੇ ਕੀ ਕੁਝ ਭਗਤ ਜਿਹਨਾਂ ਦੀ ਬਾਣੀ ਗੁਰੁ ਗੰਥ ਸਹਿਬ ਜੀ ਵਿੱਚ ਦਰਜ਼ ਹੈ ਉਹਨਾ ਦੇ ਕੇਸ ਕੱਟੇ ਹੋਏ ਸਨ ਜਿਵੇਂ ਕਿ ਭਗਤ ਸੈਣ ਜੀ, ਕਬੀਰ ਜੀ ਬਾਬ ਫਰੀਦ ਜੀ ਤੇ ਸਾਇਦ ਕੁੱਝ ਹੋਰ ਭਗਤਾਂ ਦੇ ਨਾਮ ਵੀ। ਇਹਨਾ ਵੀਰਾਂ ਨੂੰ ਇਹ ਦੱਸਣਾ ਜਰੂਰੀ ਹੈ ਕਿ ਗੁਰੁ ਸਹਿਬਨ ਨੇ ਜਿਸ ਭਗਤ ਦੀ ਬਾਣੀ ਗੁਰੁ ਗੰ੍ਰਥ ਸਹਿਬ ਜੀ ਵਿੱਚ ਦਰਜ ਕੀਤੀ ਹੈ ਉਹਨਾ ਦੀ ਬਾਣੀ ਦੀ ਤੇ ਉਹਨਾ ਦੇ ਜੀਵਨ ਵਾਰੇ ਕੋਖ ਕੀਤੀ ਹੈ। ਸਾਡੇ ਗੁਰੁ ਸਹਿਬਾਨ ਸਾਡੇ ਵਰਗੇ ਹੁਸਲੇ ਨਹੀ ਸਨ, ਜਿਵੇਂ ਕਿ ਅਸੀ ਗੁਰਦਾਸ ਮਾਨ ਦੇ ਚਾਰ ਚੰਗੇ ਗਾਣੇ ਸੁਣ ਕਿ ਉਸ ਨੂੰ ਬਾਬਾ ਕਹਿਣਾ ਸੁਰੂ ਕਰ ਦਿੱਤਾ ਹੈ , ਇਸੇ ਤਰਾਂ ਗੁਰੁ ਸਹਿਬਨ ਨੇ ਵੀ ਦੇਖਿਆ ਕਿ ਜਿਸ ਦੀ ਬਾਣੀ ਵਿੱਚ ਸਚਾਈ ਦੇਖੀ ਉਸ ਨੂੰ ਗੁਰੂ ਗੰ੍ਰਥ ਸਹਿਬ ਵਿੱਚ ਦਰਜ਼ ਕਰਕੇ ਸਤਿਗੁਰੂ ਦੀ ਇਲਾਹੀ ਬਾਣੀ ਦਾ ਹਿੱਸਾ ਬਣਾ ਦਿੱਤਾ। ਨਹੀ ਗੁਰੁ ਸਹਿਬਨ ਬੁਹੁਤ ਹੀ ਸੂਝਵਾਨ ਦੂਰ ਅੰਦੇਸ਼ੀ ਨਿਗ੍ਹਾ ਰੱਖਣ ਵਾਲੇ ਸੱਨ, ਉਹਨੇ ਨੇ ਬਾਣੀ ਰੱਚਤਾ ਦੀ ਕੇਵਲ ਬਾਣੀ ਨਹੀ ਦੇਖੀ ਰਚਨਹਾਰੇ ਦੇ ਜੀਵਣ ਵਾਰੇ ਵੀ ਕੋਖ ਕੀਤੀ ਤੱਦ ਹੀ ਉਹਨਾ ਦੀ ਬਾਣੀ ਗੁਰੁ ਗ੍ਰੰਥ ਸਹਿਬ ਵਿਚ ਦਰਜ਼ ਕੀਤੀ। ਗੁਰੁ ਸਹਿਬਨ ਭਲੀਭਾਂਤੀ ਜਾਣਦੇ ਸੱਨ ਕਿ ਇਹੋ ਜਿਹੇ ਸਵਾਲ ਭਵਿੱਖ ਵਿੱਚ ਉੱਠ ਸਕਦੇ ਹਨ।
ਇਸੇ ਦੀ ਇਕ ਮਿਸਾਲ ਵੀ ਹੈ ਉਹ ਇਸ ਤਰਾਂ ਕਿ, ਇੱਕ ਪੀਲੂ ਨਾਮ ਦਾ ਆਦਮੀ ਵੀ ਗੁਰੁ ਸਹਿਬ ਕੋਲ ਅਪਣੀਆਂ ਰਚਨਾਵਾਂ ਲੈ ਕਿ ਆਇਆ ਸੀ ਲੇਕਿਨ ਗੁਰੁ ਸਹਿਬ ਜੀ ਨੇ ਪੀਲੂ ਦੀ ਰਚਨਾ ਪ੍ਰਵਾਨ ਨਹੀ ਕੀਤੀ, ਪੀਲੂ ਦੀ ਰਚਨਾ ਵਿਚੋ ਇੱਕ ਬੰਦ ਇਸਤਰਾ ਹੈ।
"ਪੀਲੂ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੁ ਮੁਏ। ਓਨਾਂ ਚਿੱਕੜ ਪਾਵ ਨ ਬੋੜਿਆ ਨਾ ਆਲੂਦ ਭਏ। (ਭਾਵ, ਹੇ ਪੀਲੂ ਸਾਡੇ ਨਾਲੋਂ ਉਹ ਚੰਗੇ ਹਨ ਜਿਹੜੇ ਜੰਮਦਿਆਂ ਹੀ ਮਰ ਗਏ। ਉਨ੍ਹਾਂ ਸੰਸਾਰ ਰੂਪੀ ਚਿੱਕੜ ਵਿੱਚ ਪੈਰ ਨਹੀਂ ਡੋਬਿਆ ਤੇ ਨਾ ਹੀ ਉਹ ਵਿਸ਼ਿਆਂ ਦੀ ਮੈਲ ਨਾਲ ਮੈਲੇ ਹੋਏ।"
ਗੁਰੁ ਗ੍ਰੰਥ ਸਹਿਬ ਵਿੱਚ ਬਾਬਾ ਫਰੀਦ ਜੀ ਦਾ ਸ਼ਬਦ ਹੈ, ਜਿਸ ਦੇ ਭਾਵ ਵਿਚ ਤੇ ਪੀਲੂ ਦੇ ਭਾਵ ਵਿਚ ਕੋਈ ਵੀ ਅੰਤਰ ਨਜ਼ਰ ਨਹੀ ਆਉਂਦਾ। ਸ਼ਬਦ ਹੈ:
"ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ॥ ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ॥ (ਪੰਨਾ ੧੩੮੧) ਅਰਥ: ਹੇ ਫਰੀਦ! (ਆਖ-) (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ, ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ।"

ਇਸ ਲਈ ਐਸਾ ਕਹਿਣਾ ਕਿ ਗੁਰੁ ਗੰਥ ਸਹਿਬ ਦੀ ਬਾਣੀ ਕਰਤਾ ਭਗਤਾਂ ਦਾ ਜੀਵਨ ਗੁਰਮੱਤ ਦੇ ਮੁਢਲੇ ਅਸੂਲਾਂ ਤੋ ਸੱਖਣਾ ਸੀ ਮੱਨਮੱਤ ਹੈ, ਵੀਰਾਂ ਨੂੰ ਗੁਰੇਜ ਕਰਨਾ ਚਾਹੀਦਾ ਹੈ।ਕੇਸਾਧਾਰੀ ਹੋਣਾ ਨਾ ਹੋਣਾ ਕਿਸੇ ਦੀ ਆਪਣੀ ਮਰਜ਼ੀ ਹੈ, ਲੇਕਿਨ ਇਸ ਤਰਾਂ ਦੀਆਂ ਬੇਫਜ਼ੂਲ ਗੱਲਾਂ ਨਾ ਕਰਨ ਤਾਂ ਚੰਗਾਂ ਹੈ।
ਸੁੱਖਵਿੰਦਰਜੀਤ ਸਿੰਘ